
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸੁਤੰਤਰਤਾ ਸੱਭਿਅਕ ਮਨੁੱਖੀ ਸਮਾਜ ਦੀ ਸਭ ਤੋਂ ਉੱਤਮ ਕਾਢ ਹੈ ਜੋ ਮਨੁੱਖ ਨੂੰ ਆਪਣੇ ਚੁਣੇ ਹੋਏ ਟੀਚਿਆਂ ਨੂੰ ਹਾਸਲ ਕਰਨ ਦੇ ਸਮਰੱਥ ਬਣਾਉਂਦੀ ਹੈ। ਅੱਜ ਵਿਕਾਸ, ਪ੍ਰਗਤੀ ਅਤੇ ਉੱਨਤੀ ਦੇ ਰਾਹ ’ਤੇ ਚੱਲਣ ਲਈ ਸੁਤੰਤਰਤਾ ਨੂੰ ਸਭ ਤੋਂ ਤਾਕਤਵਰ ਹਥਿਆਰ ਮੰਨਿਆ ਜਾਂਦਾ ਹੈ। ਸੁਤੰਤਰਤਾ ਸਮਰੱਥ ਬਣਾਉਂਦੀ ਹੈ, ਇਹੋ ਸੋਚ ਕੇ ਗੁਲਾਮੀ ਦੀਆਂ ਬੇੜੀਆਂ ਤੋੜਨ ਲਈ ਦੁਨੀਆ ਭਰ ਵਿਚ ਅਨੇਕ ਸੰਗਰਾਮ ਹੁੰਦੇ ਆ ਰਹੇ ਹਨ।

-ਗਿਰੀਸ਼ਵਰ ਮਿਸ਼ਰ
ਸੁਤੰਤਰਤਾ ਦੇ ਫ਼ਲ ਉਸ ਨਾਲ ਜੁੜੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੇ ਨਾਲ ਹੀ ਮਿਲ ਸਕਦੇ ਹਨ।
----------------
ਸੁਤੰਤਰਤਾ ਸੱਭਿਅਕ ਮਨੁੱਖੀ ਸਮਾਜ ਦੀ ਸਭ ਤੋਂ ਉੱਤਮ ਕਾਢ ਹੈ ਜੋ ਮਨੁੱਖ ਨੂੰ ਆਪਣੇ ਚੁਣੇ ਹੋਏ ਟੀਚਿਆਂ ਨੂੰ ਹਾਸਲ ਕਰਨ ਦੇ ਸਮਰੱਥ ਬਣਾਉਂਦੀ ਹੈ। ਅੱਜ ਵਿਕਾਸ, ਪ੍ਰਗਤੀ ਅਤੇ ਉੱਨਤੀ ਦੇ ਰਾਹ ’ਤੇ ਚੱਲਣ ਲਈ ਸੁਤੰਤਰਤਾ ਨੂੰ ਸਭ ਤੋਂ ਤਾਕਤਵਰ ਹਥਿਆਰ ਮੰਨਿਆ ਜਾਂਦਾ ਹੈ। ਸੁਤੰਤਰਤਾ ਸਮਰੱਥ ਬਣਾਉਂਦੀ ਹੈ, ਇਹੋ ਸੋਚ ਕੇ ਗੁਲਾਮੀ ਦੀਆਂ ਬੇੜੀਆਂ ਤੋੜਨ ਲਈ ਦੁਨੀਆ ਭਰ ਵਿਚ ਅਨੇਕ ਸੰਗਰਾਮ ਹੁੰਦੇ ਆ ਰਹੇ ਹਨ। ਦਰਅਸਲ, ਸਾਰੇ ਜੀਵ ਉਸ ਕੁਦਰਤੀ ਹਾਲਤ ਵਿਚ ਹੀ ਜਿਉਣਾ ਚਾਹੁੰਦੇ ਹਨ, ਜਿਸ ਵਿਚ ਮੁਕਤ ਹੋ ਕੇ ਖ਼ੁਦ ਦੀਆਂ ਸ਼ਰਤਾਂ ’ਤੇ ਵਿਚਰਿਆ ਜਾ ਸਕੇ। ਗੁਲਾਮੀ ਵਿਚ ਰਹਿੰਦੇ ਹੋਏ ਸਾਨੂੰ ਖ਼ੁਦ ਆਪਣੇ ਰਾਹ ਚੁਣਨ ਦੀ ਖੁੱਲ੍ਹ ਨਹੀਂ ਹੁੰਦੀ, ਇਸ ਲਈ ਇਹ ਪਸੰਦ ਨਹੀਂ ਕੀਤੀ ਜਾਂਦੀ ਹੈ। ਇਹ ਜ਼ਰੂਰ ਹੈ ਕਿ ਸੁਤੰਤਰਤਾ ਸਿਰਫ਼ ਭੋਗ ਨਹੀਂ ਹੈ, ਕਿਉਂਕਿ ਭੋਗ ਦੇ ਰੂਪ ਵਿਚ ਉਹ ਦੂਜਿਆਂ ਦੇ ਸ਼ੋਸ਼ਣ ਦਾ ਜ਼ਰੀਆ ਬਣ ਜਾਵੇਗੀ। ਸੁਤੰਤਰਤਾ ਦੇਸ਼ ਨਾਲ ਜੁੜਨ ਦੀ ਬਿਰਤੀ ਹੈ। ਭਾਰਤ ਨੂੰ ਬਸਤੀ ਬਣਾਉਣ ਤੋਂ ਬਾਅਦ ਅੰਗਰੇਜ਼ਾਂ ਨੇ ਭਾਰਤੀ ਸਮਾਜ ਦੇ ਜਿਉਣ ਅਤੇ ਸੋਚਣ ਦੇ ਵਿਕਲਪਾਂ ਨੂੰ ਸਿਲਸਿਲੇਵਾਰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਆਪਣੇ ਸੌੜੇ ਸਵਾਰਥ ਦੇ ਦ੍ਰਿੜ ਸੰਕਲਪ ਦੇ ਨਾਲ ਨਾ ਸਿਰਫ਼ ਭਾਰਤ ਦਾ ਆਰਥਿਕ ਸ਼ੋਸ਼ਣ ਕੀਤਾ, ਸਗੋਂ ਸਾਡੇ ਲਈ ਬਦਲ ਵੀ ਤੈਅ ਕੀਤੇ ਅਤੇ ਆਪਣੀ ਸੋਚ ਸਾਡੇ ਉੱਤੇ ਲੱਦਦੇ ਗਏ। ਉਨ੍ਹਾਂ ਨੇ ਹਜ਼ਾਰਾਂ ਸਾਲਾਂ ਦੀ ਗਿਆਨ-ਵਿਗਿਆਨ ਅਤੇ ਸੰਸਕ੍ਰਿਤੀ ਦੀ ਅਨਮੋਲ ਵਿਰਾਸਤ ਨੂੰ ਝੁਠਲਾਉਂਦੇ ਹੋਏ ਭਾਰਤ ਨੂੰ ਇਕ ਅਸੱਭਿਅਕ ਦੇਸ਼ ਐਲਾਨ ਦਿੱਤਾ ਅਤੇ ਬਿਨਾਂ ਮੰਗੇ ਇੱਥੇ ਦੇ ਸਮਾਜ ਨੂੰ ਸੱਭਿਅਕ ਬਣਾਉਣ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ। ਅੰਗਰੇਜ਼ ਇਕ ਪੂਰੇ ਪੈਕੇਜ ਦੇ ਨਾਲ ਇਕ ਪੂਰੀ ਸੱਭਿਅਤਾ ਨੂੰ ਖ਼ਤਮ ਕਰਨ ਦੀ ਮੁਹਿੰਮ ’ਤੇ ਸਨ ਜੋ ਕਈ ਅਰਥਾਂ ਵਿਚ ਉਨ੍ਹਾਂ ਨਾਲੋਂ ਜ਼ਿਆਦਾ ਖ਼ੁਸ਼ਹਾਲ ਸੀ। ਇਹ ਖ਼ੁਸ਼ਹਾਲੀ ਵਿਦੇਸ਼ੀਆਂ ਲਈ ਪਹਿਲਾਂ ਵੀ ਖਿੱਚ ਦਾ ਕਾਰਨ ਬਣ ਚੁੱਕੀ ਸੀ। ਅੰਗਰੇਜ਼ਾਂ ਨੇ ਆਪਣੀ ਯੋਜਨਾ ਤਹਿਤ ਸਿੱਖਿਆ ਅਤੇ ਸੰਸਕ੍ਰਿਤੀ ਵਿਚ ਬਦਲਾਅ ਲਿਆਉਣ ਦੇ ਕਾਰਜ ਨੂੰ ਬਹੁਤ ਗਿਣੇ-ਮਿੱਥੇ ਢੰਗ ਨਾਲ ਲਾਗੂ ਕੀਤਾ ਅਤੇ ਉਨ੍ਹਾਂ ਨੂੰ ਸਫਲਤਾ ਵੀ ਮਿਲੀ। ਅੰਗਰੇਜ਼ਾਂ ਨੇ ਸਿੱਖਿਆ ਦਾ ਜੋ ਰੂਪ, ਵਿਸ਼ਾ-ਵਸਤੂ ਅਤੇ ਪੱਧਤੀ ਨਿਰਧਾਰਤ ਕੀਤੀ, ਉਹ ਉਨ੍ਹਾਂ ਦੀ ਆਪਣੀ ਸੀ ਅਤੇ ਇਹ ਸੁਭਾਵਕ ਹੀ ਸੀ ਕਿ ਉਸ ਵਿਚ ਭਾਰਤੀ ਗਿਆਨ-ਪਰੰਪਰਾਵਾਂ ਨੂੰ ਜਗ੍ਹਾ ਨਾ ਮਿਲੇ।
ਉਸ ਦਾ ਨਤੀਜਾ ਇਹ ਨਿਕਲਿਆ ਕਿ ਸਮਾਂ ਬੀਤਣ ਨਾਲ ਭਾਰਤੀ ਚਿੰਤਨ ਤੋਂ ਲੋਕਾਂ ਦਾ ਭਰੋਸਾ ਉੱਠਦਾ ਚਲਿਆ ਗਿਆ ਅਤੇ ਇਹ ਲੁਪਤ ਹੁੰਦੀ ਗਈ। ਉਸ ਦਾ ਨਤੀਜਾ ਸਾਡੇ ਸਾਹਮਣੇ ਹੈ-ਭਾਰਤ ਆਪਣੇ ਮੌਲਿਕ ਅਰਥ ਵਿਚ ਅੱਜ ਦੇ ਅਨੇਕ ਭਾਰਤੀਆਂ ਲਈ ਅਜਨਬੀ ਜਿਹਾ ਬਣਦਾ ਜਾ ਰਿਹਾ ਹੈ। ਬਹੁਤ ਸਾਰੇ ਪੜ੍ਹੇ-ਲਿਖੇ ਲੋਕਾਂ ਨੂੰ ਕਿਸੇ ਇਕੱਲੀ ਭਾਰਤੀ ਦ੍ਰਿਸ਼ਟੀ ਬਾਰੇ ਸ਼ੱਕ ਜਿਹਾ ਹੋ ਚੱਲਿਆ ਹੈ। ਭਾਰਤ, ਭਾਰਤੀਅਤਾ ਅਤੇ ਭਾਰਤ-ਭਾਵ ਹੁਣ ਵਿਵਾਦ ਦਾ ਪ੍ਰਸ਼ਨ ਬਣ ਗਏ ਹਨ। ਭਾਸ਼ਾ, ਪਹਿਰਾਵਾ ਅਤੇ ਭਾਵ ਸਾਰਿਆਂ ਦੀ ਦ੍ਰਿਸ਼ਟੀ ਨਾਲ ਆਧੁਨਿਕ ਭਾਰਤੀ ਆਪਣੇ-ਆਪ ਨੂੰ ਅੰਗਰੇਜ਼ਾਂ ਦੇ ਸਮਾਨ ਰੱਖਣਾ ਚਾਹੁੰਦਾ ਹੈ। ਅਜਿਹੇ ਵਿਚ ਭਾਰਤੀ ਭਾਸ਼ਾਵਾਂ ਅਤੇ ਇੱਥੋਂ ਦੀ ਆਪਣੀ ਗਿਆਨ-ਪਰੰਪਰਾ ਭਾਰਤ ਦੀ ਆਧੁਨਿਕ ਸਿੱਖਿਆ ਦੀ ਰਸਮੀ ਪ੍ਰਣਾਲੀ ਲਈ ਅੱਜ ਵੀ ਗ਼ੈਰ-ਉਪਯੋਗੀ ਹੀ ਹਨ। ਉਸ ਨੂੰ ਅਪਣਾਉਣ ਵਿਚ ਡਰ ਲੱਗਦਾ ਹੈ। ਉਹ ਇਸ ਤਰ੍ਹਾਂ ਬਾਹਰ ਧੱਕ ਦਿੱਤੀ ਗਈ ਹੈ ਕਿ ਉਸ ਪ੍ਰਤੀ ਭਾਰਤੀ ਜਨ-ਸਮਾਜ ਦਾ ਭਰੋਸਾ ਅਜੇ ਤੱਕ ਬਣ ਨਹੀਂ ਸਕਿਆ। ਉਹ ਉਸ ਨੂੰ ਪ੍ਰਸੰਗਿਕ ਨਹੀਂ ਮੰਨਦੀ। ਉਹ ਇਸ ਲਈ ਪੂਜਨੀਕ ਹੈ ਜਾਂ ਹੋ ਸਕਦੀ ਹੈ, ਪਰ ਉਸ ਦਾ ਸਹੀ ਸਥਾਨ ਅਜਾਇਬਘਰ ਤਾਂ ਹੋ ਸਕਦਾ ਹੈ, ਰੋਜ਼ਮੱਰਾ ਦੇ ਜੀਵਨ ਵਿਚ ਹਰਗਿਜ਼ ਨਹੀਂ। ਹਕੀਕਤ ਇਹੋ ਹੈ ਕਿ ਬਸਤੀਵਾਦੀ ਸੋਚ ਦੀ ਬੇੜੀਆਂ ਤੋਂ ਮੁਕਤ ਹੋ ਕੇ ਹੀ ਹਕੀਕੀ ਸਵਰਾਜ ਮਿਲ ਸਕੇਗਾ।
15 ਅਗਸਤ, 1947 ਦੇ ਦਿਨ ਭਾਰਤ ਅੰਗਰੇਜ਼ਾਂ ਦੇ ਚੁੰਗਲ ਤੋਂ ਆਜ਼ਾਦ ਹੋਇਆ। ਇਹ ਇਕ ਪੀੜਾਦਾਇਕ ਸੁੱਖ ਦਾ ਪਲ ਸੀ। ਭਾਰਤ ਵਾਸੀਆਂ ਨੂੰ ਇਸ ਸੁਤੰਤਰਤਾ ਦੀ ਕੀਮਤ ਅਖੰਡ ਭਾਰਤ ਦੇ ਵਿਭਾਜਨ ਅਤੇ ਭਿਆਨਕ ਖ਼ੂਨ-ਖ਼ਰਾਬੇ ਦੇ ਰੂਪ ਵਿਚ ਚੁਕਾਉਣੀ ਪਈ ਸੀ। ਪਾਕਿਸਤਾਨ ਬਣਨ ਵਿਚ ਲੱਖਾਂ ਭਾਰਤੀਆਂ ਨੂੰ ਉਜਾੜੇ ਦੀ ਮਾਰ ਸਹਿਣੀ ਪਈ ਅਤੇ ਜਾਨ-ਮਾਲ ਦੀ ਭਾਰੀ ਹਾਨੀ ਹੋਈ। ਇਸ ਇਤਿਹਾਸਕ ਘਟਨਾ ਨੂੰ ਵਾਪਰਿਆਂ ਹੁਣ ਅੱਸੀ ਸਾਲ ਹੋਣ ਨੂੰ ਹਨ ਪਰ ਇਸ ਦੇ ਜ਼ਖ਼ਮ ਅਜੇ ਵੀ ਪੂਰੀ ਤਰ੍ਹਾਂ ਭਰੇ ਨਹੀਂ ਹਨ।
ਆਜ਼ਾਦ ਭਾਰਤ ਦੀ ਹੁਣ ਤੱਕ ਦੀ ਯਾਤਰਾ ਪੂਰੀ ਤਰ੍ਹਾਂ ਨਿਰਵਿਘਨ ਨਹੀਂ ਰਹੀ ਹੈ ਪਰ ਕਈ ਉਪਲਬਧੀਆਂ ਗੌਰਵਮਈ ਰਹੀਆਂ ਹਨ। ਅਨਾਜ ਦੀ ਉਪਲਬਧਤਾ, ਰੱਖਿਆ ਸਬੰਧੀ ਤਿਆਰੀ, ਖੇਤੀ, ਸਿਹਤ, ਸਿੱਖਿਆ, ਆਵਾਜਾਈ, ਡਿਜੀਟਲ ਲੈਣ-ਦੇਣ ਦੀ ਵਿਵਸਥਾ ਆਦਿ ਅਨੇਕ ਖੇਤਰਾਂ ਵਿਚ ਭਾਰਤ ਨੇ ਜ਼ਿਕਰਯੋਗ ਤਰੱਕੀ ਕੀਤੀ ਹੈ। ਅੱਤ ਦੀ ਗ਼ਰੀਬੀ ਵਾਲੀ ਸਥਿਤੀ ਘਟੀ ਹੈ, ਪਰ ਜਨਸੰਖਿਆ ਵਿਚ ਵਾਧੇ ਨੂੰ ਦੇਖਦੇ ਹੋਏ ਸਰੋਤ ਘੱਟ ਪੈ ਰਹੇ ਹਨ ਅਤੇ ਸਰੋਤਾਂ ਦੇ ਇਸਤੇਮਾਲ ਵਿਚ ਭ੍ਰਿਸ਼ਟਾਚਾਰ ਵਧਦਾ ਜਾ ਰਿਹਾ ਹੈ। ਵੱਡੀ ਗਿਣਤੀ ਵਿਚ ਝੂਠੇ-ਸੱਚੇ ਮੁਕੱਦਮੇ ਆਪਸੀ ਮਤਭੇਦ, ਧੋਖਾਧੜੀ ਅਤੇ ਅਣਉੱਚਿਤ ਲਾਭ ਹਾਸਲ ਕਰਨ ਦੀ ਪ੍ਰਵਿਰਤੀ ਨੂੰ ਵੀ ਦਰਸਾਉਂਦੇ ਹਨ। ਰਾਜਨੀਤੀ ਦੇ ਖੇਤਰ ਵਿਚ ਨੈਤਿਕ ਆਚਰਣ ਦੇ ਨਜ਼ਰੀਏ ਨਾਲ ਦੁਰਬਲਤਾ ਵਧ ਰਹੀ ਹੈ। ਨੇਤਾ ਆਪਣੀ ਸਹੂਲਤ ਨੂੰ ਯਕੀਨੀ ਬਣਾਉਣ ਵਿਚ ਇਹ ਭੁੱਲ ਜਾਂਦੇ ਹਨ ਕਿ ਅਗਵਾਈ ਕਰਨਾ ਗਹਿਰੇ ਜ਼ਿੰਮੇਵਾਰੀ ਬੋਧ ਦੀ ਉਮੀਦ ਕਰਦਾ ਹੈ। ਇਹ ਚਿੰਤਾਜਨਕ ਹੈ ਕਿ ਆਰਥਿਕ ਸਥਿਤੀ ਵਿਚ ਸੁਧਾਰ ਦੇ ਨਾਲ-ਨਾਲ ਖ਼ਾਹਿਸ਼ਾਂ ਵੀ ਵਧੀਆਂ ਹਨ ਅਤੇ ਕਦਾਚਾਰ ਦੇ ਮਾਮਲੇ ਵੀ। ਨੌਜਵਾਨਾਂ ਨਾਲ ਭਰਪੂਰ ਦੇਸ਼ ਹੋਣ ਦੇ ਨਾਤੇ, ਜਿਸ ਦੀ ਜ਼ਿਆਦਾਤਰ ਆਬਾਦੀ 35 ਸਾਲ ਦੀ ਉਮਰ ਤੋਂ ਹੇਠਾਂ ਹੈ, ਇਹ ਜ਼ਰੂਰੀ ਹੈ ਕਿ ਨੌਜਵਾਨ ਵਰਗ ਨੂੰ ਚੰਗੀ ਸਿੱਖਿਆ ਅਤੇ ਰੁਜ਼ਗਾਰ ਦੇ ਮੌਕੇ ਮਿਲਣ। ਇਸ ਲਈ ਸਿੱਖਿਆ ਦੀ ਸੰਸਕ੍ਰਿਤੀ ਵਿਚ ਸੁਧਾਰ ਹੋਣਾ ਚਾਹੀਦਾ ਹੈ ਅਤੇ ਸਿੱਖਿਆ ਲਈ ਜ਼ਰੂਰੀ ਸਰੋਤ ਮੁਹੱਈਆ ਕਰਵਾਏ ਜਾਣੇ ਚਾਹੀਦੇ ਹਨ। ਜੈੱਨ-ਜੀ ਅਤੇ ਜੈੱਨ-ਅਲਫਾ ਦੇ ਪ੍ਰਦਰਸ਼ਨ ਅਤੇ ਗੁੱਸੇ ਦੇ ਸੁਨੇਹੇ ਨੂੰ ਗੰਭੀਰਤਾ ਨਾਲ ਲੈਣ ਦੀ ਜ਼ਰੂਰਤ ਹੈ। ਅੱਜ ਵਿਅਕਤੀਵਾਦ ਅਤੇ ਭੌਤਿਕ ਸੁੱਖ ਜੁਟਾਉਣ ਦੀ ਦੌੜ ਵਿਚ ਸਭ ਨੂੰ ਇਕੱਲੀ ਆਪਣੇ-ਆਪ ਦੀ ਚਿੰਤਾ ਹੈ। ਨਿੱਜੀ ਆਜ਼ਾਦੀਆਂ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਦੇਸ਼ ਬਾਰੇ ਸੋਚਣ ਦਾ ਕੰਮ, ਯਾਨੀ ਜੋੜਨ-ਜੁੜਨ ਦਾ ਯਤਨ ਪੱਛੜ ਰਿਹਾ ਹੈ, ਜਦਕਿ ਪਰਸਪਰ ਸਬੰਧਤਾ ਹੀ ਜੀਵਨ ਦਾ ਰਹੱਸ ਹੈ। ਅੱਜ ਅਸੀਂ ਖਿੰਡਦੇ-ਪੁੰਡਦੇ ਜਾ ਰਹੇ ਹਾਂ, ਕਿਉਂਕਿ ਅਸੀਂ ਸਿਰਫ਼ ਆਪਣੇ ਸਵਾਰਥ ਵਿਚ ਹੀ ਨਿਵੇਸ਼ ਕਰ ਰਹੇ ਹਾਂ। ਸੁਤੰਤਰਤਾ ਕਦੇ ਵੀ ਨਿਰਪੇਖ ਨਹੀਂ ਹੋ ਸਕਦੀ। ਆਪਣੇ ਤੱਕ ਹੀ ਸੀਮਤ ਹੋ ਜਾਣ ਦੀ ਬਿਰਤੀ ਮੁਕਤੀਦਾਇਕ ਨਹੀਂ ਹੋ ਸਕਦੀ, ਸਗੋਂ ਵਿਨਾਸ਼ਕਾਰੀ ਹੀ ਹੋਵੇਗੀ। ਅਸੀਂ ਇਹ ਭੁੱਲ ਰਹੇ ਹਾਂ ਕਿ ਜਿਸ ਸੁਤੰਤਰਤਾ ਦਾ ਅਸੀਂ ਭੋਗ ਕਰ ਰਹੇ ਹਾਂ, ਉਸ ਲਈ ਅਸੀਂ ਦੇਸ਼ ਅਤੇ ਸਮਾਜ ਦੇ ਰਿਣੀ ਹਾਂ। ਇਸ ਰਿਣ ਦੀ ਪ੍ਰਵਾਨਗੀ ਹੋਵੇ ਤਾਂ ਜੀਵਨ ਦੇ ਵੱਖ-ਵੱਖ ਪੱਧਰਾਂ ’ਤੇ ਆਪਸੀ ਸਬੰਧਤਾ ਦਾ ਅਨੁਭਵ ਹੋਵੇਗਾ। ਸੁਤੰਤਰਤਾ ਦੀਆਂ ਵਿਧੀਆਂ-ਮਨਾਹੀਆਂ ਨੂੰ ਅਸੀਂ ਭੁੱਲਦੇ ਜਾ ਰਹੇ ਹਾਂ। ਸੁਤੰਤਰਤਾ ਦਾ ਫ਼ਲ ਉਸ ਨਾਲ ਜੁੜੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੇ ਨਾਲ ਹੀ ਮਿਲ ਪਾਉਂਦਾ ਹੈ। ਦੇਸ਼ ਦੇ ਭਲੇ ਵਾਲੇ ਭਾਵ ਅਤੇ ਸਭ ਦੀ ਚਿੰਤਾ ਕਰਦੇ ਹੋਏ ਯਾਨੀ ਲੋਕ-ਸੰਗ੍ਰਹਿ ਵਿਚ ਹੀ ਸੁਤੰਤਰਤਾ ਹੈ। ਸੁਤੰਤਰਤਾ ਭੋਗ ਨਹੀਂ, ਸਗੋਂ ਕਰਮ-ਯੋਗ ਲਈ ਤੀਬਰ ਯੋਗਦਾਨ ਦਾ ਸੱਦਾ ਹੈ।
-(ਲੇਖਕ ਸਿੱਖਿਆ ਸ਼ਾਸਤਰੀ ਹਨ)।
-response@jagran.com