- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰਗਟ ਸਿੰਘ ਕਿਸੇ ਧੜੇ ਨਾਲ ਸਬੰਧ ਨਹੀਂ ਰੱਖਦਾ। ਇਸ ਕਰਕੇ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਪਾਰਟੀ ਨੂੰ ਚੰਗੀ ਸੇਧ ਦੇ ਸਕੇਗਾ। ਹੈਰਾਨੀ ਤੇ ਪਰੇਸ਼ਾਨੀ ਇਸ ਗੱਲ ਦੀ ਹੈ ਕਿ ਹਾਲੇ ਮੁੱਖ ਮੰਤਰੀ ਦੀ ਕੁਰਸੀ ਖ਼ਾਲੀ ਹੀ ਨਹੀਂ, ਪ੍ਰੰਤੂ ਕਾਂਗਰਸੀ ਨੇਤਾ ਮੁੱਖ ਮੰਤਰੀ ਬਣਨ ਲਈ ਪਹਿਲਾਂ ਹੀ ਤਰਲੋਮੱਛੀ ਹੋ ਰਹੇ ਸਨ।

ਪਰਗਟ ਸਿੰਘ ਦੇ ਪ੍ਰਧਾਨ ਬਣਨ ਤੋਂ ਬਾਅਦ ਮਾਲਵੇ ਦੇ ਕੇਂਦਰ ਬਿੰਦੂ ਸੰਗਰੂਰ ਜ਼ਿਲ੍ਹੇ ਦੇ ਪਿੰਡ ਫੱਗੂਵਾਲ ਵਿਖੇ ਕਾਂਗਰਸ ਵੱਲੋਂ ਕੀਤੀ ਗਈ ਰੈਲੀ ਦੇ ਬਹੁਤ ਵੱਡੇ ਸਿਆਸੀ ਮਾਅਨੇ ਹਨ। ਪਰਗਟ ਸਿੰਘ ਦੀ ਪਹਿਲੀ ਹੀ ਰੈਲੀ ਵਿਚ ਸਰਬ ਭਾਰਤੀ ਕਾਂਗਰਸ ਦੇ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦਾ ਸ਼ਾਮਲ ਹੋਣਾ ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਲਈ ਮਾਣ ਵਾਲੀ ਗੱਲ ਹੈ।
ਇਸ ਰੈਲੀ ਵਿਚ ਕਾਂਗਰਸ ਦੇ ਪ੍ਰਮੁੱਖ ਨੇਤਾਵਾਂ ਦੀ ਇਕਜੁੱਟਤਾ ਨੇ ਵੀ ਸਹੀ ਸੰਕੇਤ ਦਿੱਤੇ ਹਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਦੀ ਕੁਰਸੀ ਦੇ ਚਾਹਵਾਨ ਨੇਤਾ ਆਪੋ-ਆਪਣੀ ਡਫਲੀ ਵਜਾਉਂਦੇ ਰਹਿੰਦੇ ਸਨ। ਇਸ ਰੈਲੀ ਵਿਚ ਚਰਨਜੀਤ ਸਿੰਘ ਚੰਨੀ, ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ 2027 ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਲੋਕਾਂ ਨੂੰ ਅਪੀਲ ਕੀਤੀ ਜਿਸ ਦਾ ਪਾਰਟੀ ਦੇ ਵਰਕਰਾਂ ’ਤੇ ਚੰਗਾ ਪ੍ਰਭਾਵ ਪਿਆ ਹੈ। ਪਰਗਟ ਸਿੰਘ ਦੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬਣਨ ਨਾਲ ਕਾਂਗਰਸੀਆਂ ਵਿਚ ਆਸ ਦੀ ਕਿਰਨ ਪੈਦਾ ਹੋ ਗਈ ਹੈ ਕਿਉਂਕਿ ਉਹ ਢੁੱਕਵੇਂ ਸਮੇਂ ’ਤੇ ਮੌਕੇ ਦੀ ਨਜ਼ਾਕਤ ਅਨੁਸਾਰ ਹੀ ਬਿਆਨਬਾਜ਼ੀ ਕਰਦਾ ਹੈ।
ਉਹ ਬਹੁਤੀ ਬਿਆਨਬਾਜ਼ੀ ਨਹੀਂ ਕਰਦਾ, ਸਗੋਂ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਿਚ ਯਕੀਨ ਰੱਖਦਾ ਹੈ। ਪਰਗਟ ਸਿੰਘ ਦੂਸ਼ਣਬਾਜ਼ੀ ਦੀ ਥਾਂ ਮੁੱਦਿਆਂ ’ਤੇ ਗੱਲ ਕਰਦਾ ਹੈ। ਇਸ ਸਮੇਂ ਪੰਜਾਬ ਦੇ ਸਿਆਸਤਦਾਨ ਸਿਰਫ਼ ਦੂਸ਼ਣਬਾਜ਼ੀ ’ਤੇ ਹੀ ਜ਼ੋਰ ਦਿੰਦੇ ਹਨ। ਪਰਗਟ ਸਿੰਘ ਬਿਆਨਬਾਜ਼ੀ ਕਰਨ ਲਈ ਬਿਆਨ ਨਹੀਂ ਦਿੰਦਾ। ਕਾਂਗਰਸ ਹਾਈ ਕਮਾਂਡ ਨੇ ਪਹਿਲੀ ਵਾਰ ਬੜੀ ਸਿਆਣਪ ਤੋਂ ਕੰਮ ਲਿਆ ਹੈ। ਉਸ ਦੇ ਪਰਗਟ ਸਿੰਘ ਨੂੰ ਪ੍ਰਧਾਨ ਬਣਾਉਣ ਦੇ ਫਾਰਮੂਲੇ ਨਾਲ ‘ਸੱਪ ਵੀ ਮਰ ਗਿਆ ਤੇ ਸੋਟੀ ਵੀ ਬਚ ਗਈ’ ਕਿਉਂਕਿ ਲੰਬੇ ਸਮੇਂ ਤੋਂ ਚੱਲ ਰਹੇ ਪੰਜਾਬ ਕਾਂਗਰਸ ਦੇ ਕਾਟੋ-ਕਲੇਸ਼ ਨੂੰ ਖ਼ਤਮ ਕਰਨ ਲਈ, ਮੁੱਖ ਮੰਤਰੀ ਦੀ ਕੁਰਸੀ ਦੇ ਚਾਹਵਾਨਾਂ ਨੂੰ ਅਣਡਿੱਠ ਕਰ ਕੇ ਇਕ ਬੇਦਾਗ ਅਤੇ ਨਿਰਵਿਵਾਦ ਸਪੋਰਟਸਮੈਨ ਤੋਂ ਸਿਆਸਤਦਾਨ ਬਣੇ ਪਰਗਟ ਸਿੰਘ ਨੂੰ ਪ੍ਰਧਾਨ ਬਣਾ ਕੇ ‘ਇਕ ਤੀਰ ਨਾਲ ਦੋ ਨਿਸ਼ਾਨੇ’ ਲਾ ਦਿੱਤੇ ਹਨ। ਭਾਵ ਦੋਵੇਂ ਧੜੇ ਚੁੱਪ ਕਰਾ ਦਿੱਤੇ ਗਏ ਹਨ।
ਪਰਗਟ ਸਿੰਘ ਕਿਸੇ ਧੜੇ ਨਾਲ ਸਬੰਧ ਨਹੀਂ ਰੱਖਦਾ। ਇਸ ਕਰਕੇ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਪਾਰਟੀ ਨੂੰ ਚੰਗੀ ਸੇਧ ਦੇ ਸਕੇਗਾ। ਹੈਰਾਨੀ ਤੇ ਪਰੇਸ਼ਾਨੀ ਇਸ ਗੱਲ ਦੀ ਹੈ ਕਿ ਹਾਲੇ ਮੁੱਖ ਮੰਤਰੀ ਦੀ ਕੁਰਸੀ ਖ਼ਾਲੀ ਹੀ ਨਹੀਂ, ਪ੍ਰੰਤੂ ਕਾਂਗਰਸੀ ਨੇਤਾ ਮੁੱਖ ਮੰਤਰੀ ਬਣਨ ਲਈ ਪਹਿਲਾਂ ਹੀ ਤਰਲੋਮੱਛੀ ਹੋ ਰਹੇ ਸਨ।
ਪਰਗਟ ਸਿੰਘ ਦੇ ਪ੍ਰਧਾਨ ਬਣਨ ਨਾਲ ਅਮਰਿੰਦਰ ਸਿੰਘ ਰਾਜਾ ਵੜਿੰਗ ਧੜਾ, ਇਸ ਗੱਲ ਤੋਂ ਖ਼ੁਸ਼ ਹੈ ਕਿ ਉਸ ਨੂੰ ਪ੍ਰਧਾਨਗੀ ਤੋਂ ਹਟਾਉਣ ਦੀ ਭੂਮਿਕਾ ਨਿਭਾਉਣ ਵਾਲੇ ਨੇਤਾ ਚਰਨਜੀਤ ਸਿੰਘ ਚੰਨੀ ਨੂੰ ਪ੍ਰਧਾਨ ਨਹੀਂ ਬਣਾਇਆ ਗਿਆ। ਚੰਨੀ ਦਾ ਧੜਾ ਇਸ ਲਈ ਸੰਤੁਸ਼ਟ ਹੋ ਗਿਆ ਕਿ ਉਹ ਵੜਿੰਗ ਨੂੰ ਪ੍ਰਧਾਨਗੀ ਤੋਂ ਲਾਹੁਣ ਵਿਚ ਸਫਲ ਹੋ ਗਏ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਵਰਕਰ ਜਿਹੜੇ ਪਾਰਟੀ ਦਾ ਧੁਰਾ ਹੁੰਦੇ ਹਨ, ਉਹ ਵੀ ਹੁਣ ਸੰਤੁਸ਼ਟ ਹੋਏ ਲੱਗਦੇ ਹਨ ਕਿਉਂਕਿ ਨਿੱਤ ਦੇ ਕਾਟੋ-ਕਲੇਸ਼ ਨਾਲ ਪੰਜਾਬ ਦੇ ਲੋਕਾਂ ਵਿਚ ਜਿਹੜਾ ਕਾਂਗਰਸੀਆਂ ਦੀ ਆਪਸੀ ਲੜਾਈ ਦਾ ਪ੍ਰਭਾਵ ਜਾ ਰਿਹਾ ਸੀ, ਉਹ ਖ਼ਤਮ ਹੋ ਗਿਆ ਹੈ, ਕਿਉਂਕਿ ਪ੍ਰਧਾਨ ਜਾਂ ਮੁੱਖ ਮੰਤਰੀ ਕੋਈ ਬਣ ਜਾਵੇ, ਜੇ ਝਗੜਾ ਰਹੇ ਤਾਂ ਪਾਰਟੀ ਦਾ ਕੇਡਰ ਮੁਸ਼ਕਲ ਸਥਿਤੀ ਵਿਚ ਆ ਜਾਂਦਾ ਹੈ ਕਿ ਉਹ ਕਿਸ ਧੜੇ ਨਾਲ ਜਾਵੇ।
ਪਰਗਟ ਸਿੰਘ ਸ਼ਾਂਤ ਸੁਭਾਅ ਤੇ ਸਬਰ-ਸੰਤੋਖ ਵਾਲੇ ਨੇਤਾ ਹਨ। ਉਹ ਤਾਂ ਪ੍ਰਧਾਨ ਬਣਨ ਦੀ ਦੌੜ ਵਿਚ ਹੀ ਸ਼ਾਮਲ ਨਹੀਂ ਸੀਨ। ਪਾਰਟੀ ਹਾਈ ਕਮਾਂਡ ਨੇ ਪਰਗਟ ਦੀ ਕਪਤਾਨੀ ਦੇ ਸਮੇਂ ਅਤੇ ਸਿਆਸਤ ਵਿਚ ਆਉਣ ਤੋਂ ਬਾਅਦ ਦੀ ਕਾਰਗੁਜ਼ਾਰੀ ਦਾ ਮੁੱਲ ਪਾਇਆ ਹੈ। ਸਪੋਰਟਸਮੈਨ ਹੋਣ ਕਰ ਕੇ ਉਹ ਨਾ ਤਾਂ ਆਪ ਅਨੁਸ਼ਾਸ਼ਨ ਭੰਗ ਕਰੇਗਾ ਅਤੇ ਨਾ ਹੀ ਕਿਸੇ ਨੂੰ ਅਨੁਸ਼ਾਸ਼ਨ ਭੰਗ ਕਰਨ ਦੀ ਆਗਿਆ ਦੇਵੇਗਾ। ਉਹ ਧੜੇਬੰਦੀ ਵਿਚ ਵਿਸ਼ਵਾਸ ਨਹੀਂ ਰੱਖਦਾ। ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ’ਤੇ ਇਲਜ਼ਾਮ ਲੱਗ ਰਹੇ ਸਨ ਕਿ ਉਹ ਜ਼ਮੀਨੀ ਹਕੀਕਤਾਂ ਨੂੰ ਅਣਡਿੱਠ ਕਰ ਕੇ ਰਾਜਾ ਵੜਿੰਗ ਦੀ ਤਰਫ਼ਦਾਰੀ ਕਰ ਰਿਹਾ ਸੀ। ਪੰਜਾਬ ਮਾਮਲਿਆਂ ਦਾ ਨਵਾਂ ਇੰਚਾਰਜ ਸਚਿਨ ਪਾਇਲਟ ਨੂੰ ਬਣਾਉਣਾ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੋਈ ਹੈ। ਸਰਬ ਭਾਰਤੀ ਕਾਂਗਰਸ ਪਾਰਟੀ ਜਦੋਂ ਕਿਸੇ ਰਾਜ ਦਾ ਪ੍ਰਧਾਨ ਬਣਾਉਂਦੀ ਹੈ ਤਾਂ ਉਹ ਕੋਈ ਅਜਿਹਾ ਫਾਰਮੂਲਾ ਤਿਆਰ ਕਰਦੀ ਹੈ, ਜਿਹੜਾ ਜਾਤ-ਬਰਾਦਰੀ ਦੀਆਂ ਵੋਟਾਂ ਨੂੰ ਮੁੱਖ ਰੱਖ ਕੇ ਬਣਾਇਆ ਜਾਂਦਾ ਹੈ। ਪਾਰਟੀ ਫ਼ੈਸਲੇ ਵੀ ਸਰਕਾਰਾਂ ਦੀ ਤਰ੍ਹਾਂ ਲਮਕਾ ਕੇ ਕਰਦੀ ਹੈ ਜਿਵੇਂ ਸਰਕਾਰੀ ਦਫ਼ਤਰਾਂ ਵਿਚ ਫਾਈਲ ਬਾਬੂਆਂ ਤੋਂ ਸ਼ੁਰੂ ਹੋ ਕੇ ਅਧਿਕਾਰੀਆਂ ਦੇ ਮੇਜ਼ਾਂ ’ਤੇ ਗੇੜੇ ਖਾਂਦੀ ਰਹਿੰਦੀ ਹੈ। ਕਾਂਗਰਸ ’ਚ ਵੀ ਫਾਈਲ ਇਸੇ ਤਰ੍ਹਾਂ ਇਕ ਨੇਤਾ ਕੋਲੋਂ ਦੂਜੇ ਕੋਲ ਘੁੰਮਦੀ ਰਹਿੰਦੀ ਹੈ। ਦੇਰੀ ਹੋਣ ਨਾਲ ਪਾਰਟੀ ਦਾ ਨੁਕਸਾਨ ਹੁੰਦਾ ਹੈ। ਪੰਜਾਬੀ ਦੀ ਇਕ ਕਹਾਵਤ ਹੈ ਕਿ ‘ਈਦ ਲੰਘੀ ਤੋਂ ਬਾਅਦ ਚੌਲ ਕੀ ਕਰਨੇ ਹੁੰਦੇ ਹਨ’। ਇਸ ਲਈ ਕੋਈ ਵੀ ਫ਼ੈਸਲਾ ਜੇ ਮੌਕੇ ਦੀ ਨਜ਼ਕਤ ਮੁਤਾਬਕ ਕੀਤਾ ਜਾਵੇ ਤਾਂ ਹੀ ਉਸ ਦੇ ਨਤੀਜੇ ਚੰਗੇ ਨਿਕਲਦੇ ਹਨ।
ਦੇਰੀ ਨਾਲ ਕੀਤੇ ਗਏ ਫ਼ੈਸਲੇ ’ਤੇ ਵੀ ਇਹ ਕਹਾਵਤ ਢੁੱਕਦੀ ਹੈ, ‘ਵੇਲੇ ਦੀ ਨਮਾਜ਼, ਕੁਵੇਲੇ ਦੀਆਂ ਟੱਕਰਾਂ’ ਭਾਵ ਸਹੀ ਸਮੇਂ ਦਾ ਫ਼ੈਸਲਾ ਹੀ ਠੀਕ ਹੁੰਦਾ ਹੈ। ਖ਼ਾਸ ਤੌਰ ’ਤੇ ਉਸ ਰਾਜ ਦਾ ਇੰਚਾਰਜ ਜਨਰਲ ਸਕੱਤਰ ਫਾਈਲ ਸ਼ੁਰੂ ਕਰਦਾ ਹੈ ਤੇ ਅਖ਼ੀਰ ਤੱਕ ਸੁਣੀ ਵੀ ਉਸੇ ਦੀ ਜਾਂਦੀ ਹੈ ਕਿਉਂਕਿ ਉਸ ਨੂੰ ਰਾਜ ਦੀ ਜ਼ਿੰਮੇਵਾਰੀ ਦਿੱਤੀ ਹੁੰਦੀ ਹੈ। ਜਿਹੜਾ ਨੇਤਾ ਪੰਜਾਬ ਵਿਚ ਜਨਰਲ ਸਕੱਤਰ ਦੀ ਚਾਪਲੂਸੀ ਜਾਂ ਕੋਈ ਹੋਰ ਢੰਗ ਵਰਤ ਕੇ ਸੁਪੋਰਟ ਲੈ ਲੈਂਦਾ ਹੈ, ਉਹੀ ਪ੍ਰਧਾਨ ਬਣਦਾ ਹੈ। ਇੰਚਾਰਜ ਜਨਰਲ ਸਕੱਤਰਾਂ ਦੀਆਂ ਚਾਰੇ ਉਂਗਲਾਂ ਘਿਉ ਵਿਚ ਹੁੰਦੀਆਂ ਹਨ, ਪਰ ਪਾਰਟੀ ਦਾ ਬੇੜਾ ਗ਼ਰਕ ਕਰ ਜਾਂਦੇ ਹਨ।
ਉਸ ਪ੍ਰਧਾਨ ਦੀ ਹਵਾ ਵੱਲ ਕੋਈ ਝਾਕ ਨਹੀਂ ਸਕਦਾ, ਜਿਸ ਨੂੰ ਇੰਚਾਰਜ ਜਨਰਲ ਸਕੱਤਰ ਦੀ ਹਮਾਇਤ ਹਾਸਲ ਹੁੰਦੀ ਹੈ। ਛੇਤੀ ਕੀਤਿਆਂ ਉਸ ਨੂੰ ਬਦਲਿਆ ਵੀ ਨਹੀਂ ਜਾ ਸਕਦਾ, ਜਿਵੇਂ ਪੰਜਾਬ ਵਿਚ ਪਾਰਟੀ ਦੇ ਨੇਤਾਵਾਂ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਲੰਬੇ ਸਮੇਂ ਤੋਂ ਬਦਲਣ ਦੀ ਮੰਗ ਕਰਨ ਦੇ ਬਾਵਜੂਦ ਫ਼ੈਸਲਾ ਬਹੁਤ ਦੇਰ ਨਾਲ ਅਇਆ ਹੈ।
‘ਘਰ ਆਈ ਜੰਨ ਵਿੰਨ੍ਹੋ ਕੁੜੀ ਦੇ ਕੰਨ’ ਵਾਲੀ ਕਹਾਵਤ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਨੂੰ ਵੀ ਚੋਣਾਂ ਤੋਂ ਤਿੰਨ ਮਹੀਨੇ ਪਹਿਲਾਂ ਹੀ ਬਦਲਿਆ ਸੀ। ਬਿਲਕੁਲ ਉਸੇ ਤਰ੍ਹਾਂ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਤਿੰਨ ਮਹੀਨੇ ਪਹਿਲਾਂ ਪਰਗਟ ਸਿੰਘ ਨੂੰ ਪ੍ਰਧਾਨ ਬਣਾਇਆ ਗਿਆ ਹੈ। ਕਾਂਗਰਸ ਦੇ ਨਵੇਂ-ਨਵੇਂ ਫਾਰਮੂਲੇ ਬਹੁਤੀ ਵਾਰ ਸਾਰਥਕ ਨਹੀਂ ਹੁੰਦੇ। ਭਾਵ ਉਸ ਦੇ ਨਤੀਜੇ ਵੋਟਾਂ ਦੇ ਨਤੀਜਿਆਂ ’ਤੇ ਕੋਈ ਅਸਰ ਨਹੀਂ ਪਾ ਸਕਦੇ। ਅਜਿਹੇ ਫਾਰਮੂਲੇ ਆਮ ਤੌਰ ’ਤੇ ਪਾਰਟੀ ਵਿਚ ਧੜੇਬੰਦੀ ਪੈਦਾ ਕਰ ਦਿੰਦੇ ਹਨ, ਪਰ ਇਸ ਵਾਰ ਪੰਜਾਬ ਵਿਚ 2027 ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਜਿਸ ਫਾਰਮੂਲੇ ਅਧੀਨ ਪਰਗਟ ਸਿੰਘ ਨੂੰ ਪ੍ਰਧਾਨ ਬਣਾਇਆ ਗਿਆ ਹੈ, ਇਹ ਪਹਿਲੇ ਫਾਰਮੂਲਿਆਂ ਤੋਂ ਬਿਲਕੁਲ ਵੱਖਰਾ ਲੱਗਦਾ ਹੈ।
-ਉਜਾਗਰ ਸਿੰਘ
-(ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ)।
-ਮੋਬਾਈਲ: 94178-13072