
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅੱਜ ਤਕਨਾਲੋਜੀ ਨੇ ਵੀ ਰੁਜ਼ਗਾਰ ਦੀ ਦੁਨੀਆ ਬਦਲ ਦਿੱਤੀ ਹੈ। ਨਵੀਆਂ ਤਕਨੀਕਾਂ ਨਵੇਂ ਕੰਮ ਪੈਦਾ ਕਰ ਰਹੀਆਂ ਹਨ ਅਤੇ ਕੁਝ ਪੁਰਾਣੇ ਕੰਮਾਂ ਦਾ ਰੂਪ ਬਦਲ ਰਹੀਆਂ ਹਨ। ਅਜਿਹੇ ਸਮੇਂ ਵਿਚ ਸਿੱਖਿਆ ਦਾ ਮਤਲਬ ਸਿਰਫ਼ ਡਿਗਰੀ ਹਾਸਲ ਕਰਨਾ ਨਹੀਂ ਰਹਿ ਸਕਦਾ। ਵਿਦਿਆਰਥੀਆਂ ਨੂੰ ਬਦਲਦੇ ਸਮੇਂ ਨਾਲ ਸਿੱਖਦੇ ਰਹਿਣ ਦੀ ਆਦਤ ਪਾਉਣੀ ਪਵੇਗੀ। ਇਸ ਲਈ ਸਿੱਖਿਆ ਨੂੰ ਖ਼ਰਚੇ ਵਜੋਂ ਨਹੀਂ, ਸਗੋਂ ਦੇਸ਼ ਦੇ ਭਵਿੱਖ ਵਿਚ ਕੀਤੇ ਨਿਵੇਸ਼ ਵਜੋਂ ਦੇਖਣਾ ਪਵੇਗਾ।

ਸਵੇਰੇ ਕਿਸੇ ਘਰ ਵਿਚ ਮੁੰਡਾ ਕਾਲਜ ਜਾਣ ਲਈ ਤਿਆਰ ਹੋ ਰਿਹਾ ਹੈ ਅਤੇ ਪਿਤਾ ਉਸ ਦੀ ਫੀਸ ਦਾ ਹਿਸਾਬ ਲਾ ਰਿਹਾ ਹੈ। ਕਿਸੇ ਹੋਰ ਘਰ ਵਿਚ ਮਾਂ ਕੋਚਿੰਗ ਦੀ ਅਗਲੀ ਕਿਸ਼ਤ ਬਾਰੇ ਸੋਚ ਰਹੀ ਹੈ। ਕਿਸੇ ਘਰ ਵਿਚ ਬੱਚਾ ਡਾਕਟਰ ਬਣਨ ਦਾ ਸੁਪਨਾ ਲੈ ਕੇ ਪ੍ਰਵੇਸ਼ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਹੈ ਅਤੇ ਕਿਸੇ ਹੋਰ ਘਰ ਵਿਚ ਡਿਗਰੀ ਧਾਰਕ ਨੌਜਵਾਨ ਨੌਕਰੀ ਦੇ ਇਸ਼ਤਿਹਾਰਾਂ ਵਿਚ ਆਪਣੀ ਯੋਗਤਾ ਲੱਭ ਰਿਹਾ ਹੈ। ਉਕਤ ਘਰਾਂ ਦੀ ਚਿੰਤਾ ਵੱਖੋ-ਵੱਖਰੀ ਦਿਖਾਈ ਦਿੰਦੀ ਹੈ ਪਰ ਜੜ੍ਹ ਇੱਕੋ ਹ-ਸਿੱਖਿਆ ’ਤੇ ਵਧਦਾ ਖ਼ਰਚਾ ਤੇ ਉਸ ਤੋਂ ਬਾਅਦ ਮਿਲਣ ਵਾਲੇ ਮੌਕਿਆਂ ਬਾਰੇ ਘਟਦਾ ਭਰੋਸਾ। ਕਦੇ ਮਾਪਿਆਂ ਲਈ ਬੱਚੇ ਨੂੰ ਪੜ੍ਹਾਉਣਾ ਭਵਿੱਖ ਸੁਰੱਖਿਅਤ ਕਰਨ ਦਾ ਸਭ ਤੋਂ ਭਰੋਸੇਮੰਦ ਤਰੀਕਾ ਮੰਨਿਆ ਜਾਂਦਾ ਸੀ। ਅੱਜ ਵੀ ਇਹ ਵਿਸ਼ਵਾਸ ਖ਼ਤਮ ਨਹੀਂ ਹੋਇਆ ਪਰ ਉਸ ਦੇ ਨਾਲ ਇਕ ਡਰ ਜ਼ਰੂਰ ਜੁੜ ਗਿਆ ਹੈ। ਬੱਚਾ ਪੜ੍ਹ ਤਾਂ ਜਾਵੇਗਾ ਪਰ ਕੀ ਉਸ ਨੂੰ ਆਪਣੀ ਪੜ੍ਹਾਈ ਅਨੁਸਾਰ ਕੰਮ ਮਿਲੇਗਾ? ਪਰਿਵਾਰ ਲੱਖਾਂ ਰੁਪਏ ਖ਼ਰਚ ਕਰੇਗਾ, ਕਰਜ਼ਾ ਲਵੇਗਾ, ਕੋਚਿੰਗ ਕਰਵਾਏਗਾ, ਹੋਸਟਲ ਦਾ ਖ਼ਰਚਾ ਚੁੱਕੇਗਾ ਪਰ ਕੀ ਇਸ ਸਾਰੀ ਮਿਹਨਤ ਦਾ ਅੰਤ ਇਕ ਅਜਿਹੇ ਮੌਕੇ ਵਿਚ ਹੋਵੇਗਾ ਜੋ ਉਸ ਨੌਜਵਾਨ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਕਰ ਸਕੇ? ਇਹ ਡਰ ਬੱਚੇ ਦੇ ਹੌਸਲੇ ਨੂੰ ਕਿਤੇ ਨਾ ਕਿਤੇ ਘੱਟ ਕਰਨ ਅੱਗੇ ਆ ਹੀ ਜਾਂਦਾ ਹੈ। ਇਹ ਸਵਾਲ ਹੁਣ ਸਿਰਫ਼ ਗ਼ਰੀਬ ਜਾਂ ਮੱਧ-ਵਰਗੀ ਪਰਿਵਾਰਾਂ ਦਾ ਨਹੀਂ ਰਿਹਾ। ਸਿੱਖਿਆ ਦਾ ਖ਼ਰਚਾ ਵਧਣ ਨਾਲ ਉਹ ਪਰਿਵਾਰ ਵੀ ਦਬਾਅ ਮਹਿਸੂਸ ਕਰ ਰਹੇ ਹਨ ਜੋ ਕਦੇ ਮੰਨਦੇ ਸਨ ਕਿ ਬੱਚੇ ਦੀ ਪੜ੍ਹਾਈ ਲਈ ਕਿਸੇ ਵੀ ਹੱਦ ਤੱਕ ਖ਼ਰਚ ਕੀਤਾ ਜਾ ਸਕਦਾ ਹੈ। ਸਕੂਲ ਦੀ ਫੀਸ ਤੋਂ ਸ਼ੁਰੂ ਹੋਣ ਵਾਲਾ ਇਹ ਸਫ਼ਰ ਕੋਚਿੰਗ, ਦਾਖ਼ਲਾ ਪ੍ਰੀਖਿਆਵਾਂ, ਨਿੱਜੀ ਕਾਲਜਾਂ ਦੀਆਂ ਫੀਸਾਂ, ਹੋਸਟਲ, ਕਿਤਾਬਾਂ ਅਤੇ ਹੋਰ ਖ਼ਰਚਿਆਂ ਤੱਕ ਪਹੁੰਚਦਾ ਹੈ। ਜਦੋਂ ਪੜ੍ਹਾਈ ਇਕ ਲੰਮਾ ਅਤੇ ਮਹਿੰਗਾ ਨਿਵੇਸ਼ ਬਣ ਜਾਵੇ ਅਤੇ ਇਸ ਤੋਂ ਬਾਅਦ ਰੁਜ਼ਗਾਰ ਦੀ ਕੋਈ ਨਿਸ਼ਚਿਤ ਰਾਹ ਨਜ਼ਰ ਨਾ ਆਵੇ, ਤਾਂ ਪਰਿਵਾਰ ਲਈ ਸਵਾਲ ਸਿਰਫ਼ ਪੈਸੇ ਦਾ ਨਹੀਂ ਰਹਿੰਦਾ, ਉਮੀਦ ਦਾ ਵੀ ਬਣ ਜਾਂਦਾ ਹੈ। ਇਹੀ ਕਾਰਨ ਹੈ ਕਿ ਅੱਜ ਦੇ ਜ਼ਮਾਨੇ ’ਚ ਬੱਚੇ ਪਲਾਨ ਕਰਨ ਤੋਂ ਪਹਿਲਾਂ ਮਾਪੇ ਵਾਰ-ਵਾਰ ਸੋਚਦੇ ਨੇ ਤੇ ਜ਼ਿਆਦਾਤਰ ਲੋਕ ਤਾਂ ਇਕ ਬੱਚੇ ਨੂੰ ਹੀ ਤਰਜੀਹ ਦੇਣ ਲੱਗ ਪਏ ਨੇ। ਉਹ ਪੇਰੈਂਟ ਬਣਨ ਤੋਂ ਪਹਿਲਾਂ ਹੀ ਸੋਚ ਲੈਂਦੇ ਨੇ ਕਿ ਇਕ ਬੱਚਾ ਕਿਉਂਕਿ ਮਹਿੰਗੀਆਂ ਪੜ੍ਹਾਈਆਂ ਦੇ ਖ਼ਰਚੇ ਕੱਢਣੇ ਮਾਪਿਆਂ ਲਈ ਮੁਸ਼ਕਲ ਹੋ ਜਾਂਦੇ ਹਨ।
ਮੈਡੀਕਲ ਸਿੱਖਿਆ ਇਸ ਦੌੜ ਦੀ ਇਕ ਵੱਡੀ ਮਿਸਾਲ ਹੈ। ਡਾਕਟਰ ਬਣਨ ਦਾ ਸੁਪਨਾ ਲੱਖਾਂ ਪਰਿਵਾਰਾਂ ਦੇ ਬੱਚਿਆਂ ਦੀਆਂ ਅੱਖਾਂ ਵਿਚ ਹੁੰਦਾ ਹੈ ਪਰ ਸੀਟਾਂ ਦੀ ਗਿਣਤੀ, ਪ੍ਰਵੇਸ਼ ਪ੍ਰੀਖਿਆ ਦਾ ਔਖਾ ਮੁਕਾਬਲਾ ਅਤੇ ਕੋਚਿੰਗ ਦੇ ਵਧਦੇ ਖ਼ਰਚੇ ਨੇ ਇਸ ਸੁਪਨੇ ਨੂੰ ਅਨੇਕ ਪਰਿਵਾਰਾਂ ਲਈ ਬਹੁਤ ਔਖਾ ਬਣਾ ਦਿੱਤਾ ਹੈ। ਨੀਟ ਵਰਗੀ ਪ੍ਰੀਖਿਆ ਵਿਚ ਇਕ-ਇਕ ਅੰਕ ਦੀ ਅਹਿਮੀਅਤ ਕਈ ਵਾਰ ਬੱਚਿਆਂ ਦੀ ਪੂਰੀ ਦਿਸ਼ਾ ਤੈਅ ਕਰ ਦਿੰਦੀ ਹੈ।
ਕੋਟਾ ਵਰਗੇ ਸ਼ਹਿਰਾਂ ਵਿਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਦੇ ਵਿਦਿਆਰਥੀਆਂ ’ਤੇ ਦਬਾਅ ਅਤੇ ਉੱਥੇ ਕਈ ਵਿਦਿਆਰਥੀਆਂ ਵੱਲੋਂ ਖ਼ੁਦਕੁਸ਼ੀਆਂ ਕਰਨ ਦੇ ਮਾਮਲਿਆਂ ਨੇ ਵੀ ਇਸ ਮੁੱਦੇ ਦੇ ਮਨੁੱਖੀ ਪੱਖ ਨੂੰ ਸਾਹਮਣੇ ਲਿਆਂਦਾ ਹੈ। ਇੱਥੇ ਸਨਸਨੀ ਪੈਦਾ ਕਰਨ ਦੀ ਲੋੜ ਨਹੀਂ, ਸਵਾਲ ਇਸ ਤੋਂ ਕਿਤੇ ਵੱਡਾ ਹੈ। ਜਦੋਂ ਕਿਸੇ ਬੱਚੇ ਦੇ ਸੁਪਨੇ ਨੂੰ ਪਰਿਵਾਰ ਦੀ ਇੱਜ਼ਤ, ਲੱਖਾਂ ਰੁਪਏ ਦੇ ਖ਼ਰਚੇ ਅਤੇ ਸਮਾਜ ਦੀਆਂ ਉਮੀਦਾਂ ਨਾਲ ਜੋੜ ਦਿੱਤਾ ਜਾਂਦਾ ਹੈ ਤਾਂ ਅਸਫਲਤਾ ਉਸ ਲਈ ਸਿਰਫ਼ ਇਕ ਪ੍ਰੀਖਿਆ ਦਾ ਨਤੀਜਾ ਨਹੀਂ ਰਹਿੰਦੀ। ਸਿੱਖਿਆ ਪ੍ਰਣਾਲੀ ਦੀ ਸਫਲਤਾ ਨੂੰ ਕਿੰਨੇ ਬੱਚਿਆਂ ਨੇ ਪ੍ਰੀਖਿਆ ਪਾਸ ਕੀਤੀ, ਇਸ ਨਾਲ ਨਹੀਂ ਮਾਪਿਆ ਜਾ ਸਕਦਾ। ਇਹ ਵੀ ਦੇਖਣਾ ਪਵੇਗਾ ਕਿ ਉਹ ਪ੍ਰਣਾਲੀ ਬੱਚਿਆਂ ਨੂੰ ਕਿੰਨਾ ਸੁਰੱਖਿਅਤ, ਸੰਤੁਲਿਤ ਅਤੇ ਭਵਿੱਖ ਲਈ ਤਿਆਰ ਕਰਦੀ ਹੈ। ਪਰ ਸਮੱਸਿਆ ਸਿਰਫ਼ ਪ੍ਰਵੇਸ਼ ਪ੍ਰੀਖਿਆਵਾਂ ਤੱਕ ਸੀਮਤ ਨਹੀਂ। ਇਕ ਹੋਰ ਵੱਡਾ ਸਵਾਲ ਡਿਗਰੀ ਤੋਂ ਬਾਅਦ ਖੜ੍ਹਾ ਹੁੰਦਾ ਹੈ। ਹਰ ਸਾਲ ਲੱਖਾਂ ਨੌਜਵਾਨ ਮੁੰਡੇ-ਕੁੜੀਆਂ ਡਿਗਰੀਆਂ ਲੈ ਕੇ ਨਿਕਲਦੇ ਹਨ। ਉਨ੍ਹਾਂ ਵਿੱਚੋਂ ਕਈ ਉੱਚ ਸਿੱਖਿਆ ਵੱਲ ਜਾਂਦੇ ਹਨ, ਕਈ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਦੇ ਹਨ ਅਤੇ ਕਈ ਨਿੱਜੀ ਖੇਤਰ ਵਿਚ ਨੌਕਰੀ ਲੱਭਦੇ ਹਨ। ਜਦੋਂ ਨੌਕਰੀ ਦੀ ਵਾਰੀ ਆਉਂਦੀ ਹੈ ਤਾਂ ਕਈ ਥਾਵਾਂ ’ਤੇ ਉਮੀਦਵਾਰਾਂ ਦੀ ਲੰਮੀ ਕਤਾਰ ਹੁੰਦੀ ਹੈ ਅਤੇ ਅਸਾਮੀਆਂ ਦੀ ਗਿਣਤੀ ਉਸ ਦੇ ਮੁਕਾਬਲੇ ਬਹੁਤ ਘੱਟ।
ਇੱਥੇ ਇਕ ਅਜੀਬ ਸੱਚ ਸਾਹਮਣੇ ਆਉਂਦਾ ਹੈ। ਇਕ ਪਾਸੇ ਨੌਜਵਾਨ ਕਹਿੰਦੇ ਹਨ ਕਿ ਉਨ੍ਹਾਂ ਨੂੰ ਨੌਕਰੀ ਨਹੀਂ ਮਿਲ ਰਹੀ ਅਤੇ ਦੂਜੇ ਪਾਸੇ ਉਦਯੋਗ ਕਹਿੰਦੇ ਹਨ ਕਿ ਉਨ੍ਹਾਂ ਨੂੰ ਲੋੜ ਅਨੁਸਾਰ ਹੁਨਰਮੰਦ ਲੋਕ ਨਹੀਂ ਮਿਲ ਰਹੇ। ਜੇ ਦੋਵੇਂ ਗੱਲਾਂ ਸਹੀ ਹਨ ਤਾਂ ਫਿਰ ਸਮੱਸਿਆ ਕਿੱਥੇ ਹੈ? ਜੇ ਕਿਸੇ ਨੌਜਵਾਨ ਤੋਂ ਨੌਕਰੀ ਲਈ ਤਜਰਬਾ ਮੰਗਿਆ ਜਾਂਦਾ ਹੈ ਤਾਂ ਉਸ ਨੂੰ ਤਜਰਬਾ ਹਾਸਲ ਕਰਨ ਦਾ ਮੌਕਾ ਕੌਣ ਦੇਵੇਗਾ। ਜੇ ਹਰ ਕੰਪਨੀ ਤਜਰਬੇਕਾਰ ਕਰਮਚਾਰੀ ਚਾਹੁੰਦੀ ਹੈ ਤਾਂ ਨਵੇਂ ਨੌਜਵਾਨ ਕੰਮ ਸਿੱਖਣਗੇ ਕਿੱਥੋਂ? ਅਸੀਂ ਬੱਚੇ ਨੂੰ ਸ਼ੁਰੂ ਤੋਂ ਹੀ ਕਹਿੰਦੇ ਹਾਂ, ਚੰਗੇ ਨੰਬਰ ਲੈ, ਚੰਗੀ ਡਿਗਰੀ ਲੈ ਅਤੇ ਚੰਗੀ ਨੌਕਰੀ ਲੱਭ। ਸਰਕਾਰੀ ਨੌਕਰੀ ਨੂੰ ਸਮਾਜਿਕ ਸੁਰੱਖਿਆ ਦਾ ਸਭ ਤੋਂ ਵੱਡਾ ਪ੍ਰਤੀਕ ਮੰਨਿਆ ਜਾਂਦਾ ਹੈ। ਨਤੀਜਾ ਇਹ ਹੈ ਕਿ ਲੱਖਾਂ ਨੌਜਵਾਨ ਕੁਝ ਗਿਣੀਆਂ-ਚੁਣੀਆਂ ਪ੍ਰੀਖਿਆਵਾਂ ਦੇ ਪਿੱਛੇ ਸਾਲਾਂ ਲਗਾ ਦਿੰਦੇ ਹਨ। ਅਸੀਂ ਅਕਸਰ ਬੱਚੇ ਦੀ ਯੋਗਤਾ ਤੋਂ ਪਹਿਲਾਂ ਸਮਾਜ ਦੀ ਪਸੰਦ ਦੇਖਦੇ ਹਾਂ। ਜਿਸ ਕੰਮ ਨੂੰ ਸਮਾਜ ਵੱਡਾ ਸਮਝਦਾ ਹੈ, ਬੱਚੇ ਨੂੰ ਉਸੇ ਵੱਲ ਧੱਕਿਆ ਜਾਂਦਾ ਹੈ। ਨਤੀਜਾ ਇਹ ਹੁੰਦਾ ਹੈ ਕਿ ਕਈ ਵਾਰ ਡਿਗਰੀ ਤਾਂ ਮਿਲ ਜਾਂਦੀ ਹੈ, ਪਰ ਉਸ ਡਿਗਰੀ ਨਾਲ ਜੁੜੀ ਰੁਚੀ ਅਤੇ ਯੋਗਤਾ ਪਿੱਛੇ ਰਹਿ ਜਾਂਦੀ ਹੈ। ਨੌਕਰੀਆਂ ਦੇ ਮੌਕੇ ਘਟਣ ਦਾ ਨਤੀਜਾ ਨੌਜਵਾਨਾਂ ਦੇ ਵਿਦੇਸ਼ ਵੱਲ ਵਧਦੇ ਰੁਝਾਨ ਵਜੋਂ ਨਿਕਲ ਰਿਹਾ ਹੈ। ਜਦੋਂ ਕੋਈ ਨੌਜਵਾਨ ਇਹ ਮਹਿਸੂਸ ਕਰਦਾ ਹੈ ਕਿ ਇੱਥੇ ਪੜ੍ਹਾਈ ਮਹਿੰਗੀ ਹੈ, ਮੁਕਾਬਲੇਬਾਜ਼ੀ ਬਹੁਤ ਹੈ ਅਤੇ ਪੜ੍ਹਾਈ ਤੋਂ ਬਾਅਦ ਵੀ ਮੌਕੇ ਘੱਟ ਹਨ, ਤਾਂ ਉਹ ਵਿਦੇਸ਼ ਵਿਚ ਸਿੱਖਿਆ ਅਤੇ ਰੁਜ਼ਗਾਰ ਦੇ ਮੌਕੇ ਲੱਭਣ ਬਾਰੇ ਸੋਚਦਾ ਹੈ। ਜੇ ਇਕ ਪੀੜ੍ਹੀ ਦਾ ਵੱਡਾ ਹਿੱਸਾ ਇਹ ਮੰਨਣ ਲੱਗੇ ਕਿ ਚੰਗੇਰੇ ਭਵਿੱਖ ਲਈ ਬਾਹਰ ਜਾਣਾ ਹੀ ਸਭ ਤੋਂ ਵਧੀਆ ਰਸਤਾ ਹੈ, ਤਾਂ ਇਹ ਸਾਡੇ ਲਈ ਸੋਚਣ-ਵਿਚਾਰਨ ਵਾਲੀ ਗੱਲ ਜ਼ਰੂਰ ਹੈ।
ਅੱਜ ਤਕਨਾਲੋਜੀ ਨੇ ਵੀ ਰੁਜ਼ਗਾਰ ਦੀ ਦੁਨੀਆ ਬਦਲ ਦਿੱਤੀ ਹੈ। ਨਵੀਆਂ ਤਕਨੀਕਾਂ ਨਵੇਂ ਕੰਮ ਪੈਦਾ ਕਰ ਰਹੀਆਂ ਹਨ ਅਤੇ ਕੁਝ ਪੁਰਾਣੇ ਕੰਮਾਂ ਦਾ ਰੂਪ ਬਦਲ ਰਹੀਆਂ ਹਨ। ਅਜਿਹੇ ਸਮੇਂ ਵਿਚ ਸਿੱਖਿਆ ਦਾ ਮਤਲਬ ਸਿਰਫ਼ ਡਿਗਰੀ ਹਾਸਲ ਕਰਨਾ ਨਹੀਂ ਰਹਿ ਸਕਦਾ। ਵਿਦਿਆਰਥੀਆਂ ਨੂੰ ਬਦਲਦੇ ਸਮੇਂ ਨਾਲ ਸਿੱਖਦੇ ਰਹਿਣ ਦੀ ਆਦਤ ਪਾਉਣੀ ਪਵੇਗੀ। ਇਸ ਲਈ ਸਿੱਖਿਆ ਨੂੰ ਖ਼ਰਚੇ ਵਜੋਂ ਨਹੀਂ, ਸਗੋਂ ਦੇਸ਼ ਦੇ ਭਵਿੱਖ ਵਿਚ ਕੀਤੇ ਨਿਵੇਸ਼ ਵਜੋਂ ਦੇਖਣਾ ਪਵੇਗਾ।
ਸਰਕਾਰ ਦੀ ਜ਼ਿੰਮੇਵਾਰੀ ਸਿੱਖਿਆ ਤੱਕ ਪਹੁੰਚ ਵਧਾਉਣ ਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਹੈ। ਵਿੱਦਿਅਕ ਸੰਸਥਾਵਾਂ ਦੀ ਜ਼ਿੰਮੇਵਾਰੀ ਪਾਠਕ੍ਰਮ ਨੂੰ ਸਮੇਂ ਦੇ ਹਾਣ ਦਾ ਬਣਵਾਉਣ ਦੀ ਹੈ। ਉਦਯੋਗਾਂ ਦੀ ਜ਼ਿੰਮੇਵਾਰੀ ਨੌਜਵਾਨਾਂ ਨੂੰ ਸਿੱਖਣ ਅਤੇ ਸ਼ੁਰੂਆਤ ਕਰਨ ਦੇ ਮੌਕੇ ਦੇਣ ਦੀ ਹੈ ਅਤੇ ਪਰਿਵਾਰਾਂ ਦੀ ਜ਼ਿੰਮੇਵਾਰੀ ਬੱਚੇ ਦੀ ਯੋਗਤਾ ਨੂੰ ਸਮਝਣ ਦੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਨੂੰ ਕਾਮਯਾਬੀ ਦੀ ਆਪਣੀ ਪਰਿਭਾਸ਼ਾ ਬਦਲਣੀ ਪਵੇਗੀ। ਹਰ ਬੱਚਾ ਡਾਕਟਰ, ਇੰਜੀਨੀਅਰ ਜਾਂ ਸਰਕਾਰੀ ਅਫ਼ਸਰ ਨਹੀਂ ਬਣ ਸਕਦਾ ਅਤੇ ਨਾ ਹੀ ਬਣਨਾ ਚਾਹੀਦਾ ਹੈ। ਦੇਸ਼ ਨੂੰ ਚੰਗੇ ਅਧਿਆਪਕ, ਵਿਗਿਆਨੀ, ਕਿਸਾਨ, ਉਦਯੋਗਪਤੀ, ਕਲਾਕਾਰ, ਤਕਨੀਕੀ ਮਾਹਿਰ ਤੇ ਅਜਿਹੇ ਨਾਗਰਿਕ ਵੀ ਚਾਹੀਦੇ ਹਨ ਜੋ ਆਪਣੇ ਕੰਮ ਨੂੰ ਪੂਰੀ ਇਮਾਨਦਾਰੀ ਨਾਲ ਕਰਨ। ਅੱਜ ਸਭ ਤੋਂ ਵੱਡਾ ਖ਼ਤਰਾ ਇਹ ਨਹੀਂ ਕਿ ਸਾਡੇ ਨੌਜਵਾਨ ਪੜ੍ਹ ਨਹੀਂ ਰਹੇ। ਉਹ ਪੜ੍ਹ ਰਹੇ ਹਨ। ਉਹ ਮਿਹਨਤ ਕਰ ਰਹੇ ਹਨ। ਉਹ ਮੁਕਾਬਲਾ ਕਰ ਰਹੇ ਪਰ ਸਵਾਲ ਇਹ ਹੈ ਕਿ ਇਸ ਦੌੜ ਦੇ ਅੰਤ ’ਤੇ ਉਨ੍ਹਾਂ ਲਈ ਕਿੰਨੇ ਦਰਵਾਜ਼ੇ ਖੁੱਲ੍ਹੇ ਹਨ? ਡਿਗਰੀ ਆਪਣੇ-ਆਪ ਵਿਚ ਮੰਜ਼ਿਲ ਨਹੀਂ। ਉਹ ਇਕ ਦਰਵਾਜ਼ਾ ਹੋਣੀ ਚਾਹੀਦੀ ਹੈ। ਸਿੱਖਿਆ ਦਾ ਅਸਲ ਮਕਸਦ ਇਹ ਨਹੀਂ ਕਿ ਬੱਚਾ ਇਮਤਿਹਾਨ ਪਾਸ ਕਰ ਲਵੇ। ਅਸਲ ਮਕਸਦ ਇਹ ਹੈ ਕਿ ਉਹ ਆਪਣੀ ਜ਼ਿੰਦਗੀ ਦਾ ਰਸਤਾ ਚੁਣ ਸਕੇ, ਆਪਣੇ ਪੈਰਾਂ ’ਤੇ ਖੜ੍ਹਾ ਹੋ ਸਕੇ ਅਤੇ ਆਪਣੀ ਮਿਹਨਤ ਨੂੰ ਮੌਕਿਆਂ ਵਿਚ ਬਦਲ ਸਕੇ।
-ਨੇਹਾ ਦੀਵਾਨ