- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੁਝ ਕੁ ਸਾਲ ਪਹਿਲਾਂ ਪੀਐੱਮ ਨਰਿੰਦਰ ਮੋਦੀ ਨੇ ਇਕ ਵੈਬੀਨਾਰ ਵਿਚ ਆਖਿਆ ਸੀ ਕਿ ਆਜ਼ਾਦੀ ਦੇ ਇੰਨੇ ਵਰ੍ਹੇ ਬੀਤਣ ਤੋਂ ਬਾਅਦ ਵੀ ਸ਼ਹਿਰਾਂ ਦਾ ਚੰਗੀ ਤਰ੍ਹਾਂ ਵਿਕਾਸ ਨਹੀਂ ਹੋ ਸਕਿਆ ਹੈ। ਕਰੋੜਾਂ ਰੁਪਏ ਖ਼ਰਚਣ ਦੇ ਬਾਵਜੂਦ ਅੱਜ ਸ਼ਹਿਰ ਅਨੇਕ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਹਰ ਮੌਨਸੂਨ ’ਚ ਲੋਕ ਬਰਸਾਤ ਸਬੰਧੀ ਸਮੱਸਿਆਵਾਂ ਨਾਲ ਜੂਝਦੇ ਹਨ। ਅੱਜ ਦੇਸ਼ ਦੇ ਹਰ ਛੋਟੇ-ਵੱਡੇ ਸ਼ਹਿਰ ਪਾਣੀ ਭਰਨ ਦੀ ਸਮੱਸਿਆ ਨਾਲ ਜੂਝ ਰਹੇ ਹਨ।

ਕੁਝ ਕੁ ਸਾਲ ਪਹਿਲਾਂ ਪੀਐੱਮ ਨਰਿੰਦਰ ਮੋਦੀ ਨੇ ਇਕ ਵੈਬੀਨਾਰ ਵਿਚ ਆਖਿਆ ਸੀ ਕਿ ਆਜ਼ਾਦੀ ਦੇ ਇੰਨੇ ਵਰ੍ਹੇ ਬੀਤਣ ਤੋਂ ਬਾਅਦ ਵੀ ਸ਼ਹਿਰਾਂ ਦਾ ਚੰਗੀ ਤਰ੍ਹਾਂ ਵਿਕਾਸ ਨਹੀਂ ਹੋ ਸਕਿਆ ਹੈ। ਕਰੋੜਾਂ ਰੁਪਏ ਖ਼ਰਚਣ ਦੇ ਬਾਵਜੂਦ ਅੱਜ ਸ਼ਹਿਰ ਅਨੇਕ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਹਰ ਮੌਨਸੂਨ ’ਚ ਲੋਕ ਬਰਸਾਤ ਸਬੰਧੀ ਸਮੱਸਿਆਵਾਂ ਨਾਲ ਜੂਝਦੇ ਹਨ। ਅੱਜ ਦੇਸ਼ ਦੇ ਹਰ ਛੋਟੇ-ਵੱਡੇ ਸ਼ਹਿਰ ਪਾਣੀ ਭਰਨ ਦੀ ਸਮੱਸਿਆ ਨਾਲ ਜੂਝ ਰਹੇ ਹਨ। ਹੁਣ ਵੀ ਬਾਰਿਸ਼ ਕਈ ਥਾਵਾਂ ’ਤੇ ਆਫ਼ਤ ਬਣ ਕੇ ਆਈ ਹੈ। ਕਈ ਥਾਵਾਂ ’ਤੇ ਪਾਣੀ ਭਰਨ ਨਾਲ ਹਾਦਸੇ ਹੁੰਦੇ ਹਨ, ਟ੍ਰੈਫਿਕ ਜਾਮ ਹੋ ਜਾਂਦੀ ਹੈ। ਸੜਕਾਂ ਟੁੱਟ ਜਾਂਦੀਆਂ ਹਨ। ਖੁੱਲ੍ਹੇ ਮੈਨਹੋਲਾਂ ਵਿਚ ਵੀ ਕਈ ਲੋਕ ਜਾ ਡਿੱਗਦੇ ਹਨ। ਨਦੀਆਂ-ਨਾਲਿਆਂ ਦੀ ਚੰਗੀ ਤਰ੍ਹਾਂ ਸਾਫ਼-ਸਫ਼ਾਈ ਤੱਕ ਨਹੀਂ ਹੋਈ। ਬਿਜਲੀ ਦੇ ਖੰਭਿਆਂ ਵਿਚ ਕਰੰਟ ਆਉਣ ਕਾਰਨ ਕਈ ਅਣਸੁਖਾਵੀਆਂ ਘਟਨਾਵਾਂ ਵਾਪਰੀਆਂ ਹਨ। ਕਈ ਪਹਾੜੀ ਖੇਤਰਾਂ ਵਿਚ ਬੱਦਲ ਫਟਣ ਦੀਆਂ ਖ਼ਬਰਾਂ ਰਹੀਆਂ ਹਨ। ਜਦੋਂ ਹੋਰ ਲਗਾਤਾਰ ਬਾਰਿਸ਼ ਹੋਣੀ ਹੈ ਤਾਂ ਹਾਲਾਤ ਬੇਕਾਬੂ ਹੋ ਸਕਦੇ ਹਨ। ਸਾਡੇ ਮੁਲਕ ਵਿਚ ਯੋਜਨਾਬੱਧ ਤਰੀਕੇ ਨਾਲ ਵਿਕਾਸ ਨੂੰ ਤਰਜੀਹ ਨਹੀਂ ਦਿੱਤੀ ਗਈ। ਕਈ ਸ਼ਹਿਰਾਂ ਵਿਚ ਕੂੜੇ-ਕਰਕਟ ਦੇ ਢੇਰ ਲੱਗੇ ਹੋਏ ਹਨ। ਕੋਈ ਵਿਰਲਾ ਹੀ ਸ਼ਹਿਰ ਹੋਣਾ ਜਿਸ ਵਿਚ ਸੀਵਰੇਜ ਤੇ ਪੀਣ ਵਾਲੇ ਪਾਣੀ ਦੀ ਸਪਲਾਈ ਵਧੀਆ ਹੋਵੇ। ਵੱਡੇ-ਵੱਡੇ ਪ੍ਰਾਪਰਟੀ ਡੀਲਰਾਂ ਨੇ ਸਿਆਸੀ ਲੋਕਾਂ ਨਾਲ ਮਿਲ ਕੇ ਅਣ-ਅਧਿਕਾਰਤ ਕਾਲੋਨੀਆਂ ਕੱਟ ਦਿੱਤੀਆਂ ਹਨ ਪਰ ਉਹ ਅਨੇਕ ਸਮੱਸਿਆਵਾਂ ਨਾਲ ਘਿਰੀਆਂ ਹੋਈਆਂ ਹਨ। ਨਾ ਤਾਂ ਉੱਥੇ ਪੀਣ ਵਾਲੇ ਪਾਣੀ ਦੀ ਚੰਗੀ ਤਰ੍ਹਾਂ ਸਪਲਾਈ ਹੈ,ਤੇ ਨਾ ਹੀ ਸੀਵਰੇਜ ਦਾ ਕੋਈ ਢੁੱਕਵਾਂ ਪ੍ਰਬੰਧ ਹੈ। ਸੀਵਰ ਓਵਰਫਲੋ ਹੋ ਕੇ ਗਲੀਆਂ ਵਿਚ ਜਾ ਰਿਹਾ ਹੈ। ਪਿੱਛੇ ਜਿਹੇ ਇੰਦੌਰ ਸ਼ਹਿਰ ਵਿਚ ਸੀਵਰੇਜ ਦਾ ਗੰਦਾ ਜਲ ਪੀਣ ਵਾਲੇ ਪਾਣੀ ਦੀ ਸਪਲਾਈ ਲਾਈਨ ’ਚ ਮਿਲਣ ਕਾਰਨ ਕਈ ਜਾਨਾਂ ਗਈਆਂ ਸਨ। ਹਾਲਾਂਕਿ ਸਫ਼ਾਈ ਪੱਖੋਂ ਇੰਦੌਰ ਕਈ ਸਾਲਾਂ ਤੋਂ ਮੁਲਕ ਵਿਚ ਪਹਿਲੇ ਨੰਬਰ ’ਤੇ ਰਿਹਾ ਹੈ। ਜੇ ਓਥੇ ਅਜਿਹੇ ਨਾਕਸ ਪ੍ਰਬੰਧ ਹਨ ਤਾਂ ਹੋਰ ਸ਼ਹਿਰਾਂ ਦੀ ਹਾਲਤ ਦਾ ਅੰਦਾਜ਼ਾ ਤਾਂ ਤੁਸੀਂ ਭਲੀਭਾਂਤ ਲਗਾ ਸਕਦੇ ਹੋ। ਲੋਕ ਟੁੱਟੀਆਂ ਸੜਕਾਂ ਤੇ ਚਿੱਕੜ ਵਾਲੀਆਂ ਗਲੀਆਂ ਵਿੱਚੋਂ ਲੰਘਣ ਲਈ ਮਜਬੂਰ ਹਨ। ਨਗਰ ਪੰਚਾਇਤਾਂ, ਨਗਰ ਕੌਂਸਲਾਂ ਤੇ ਨਗਰ ਨਿਗਮ ਸਥਾਨਕ ਸਰਕਾਰਾਂ ਮਹਿਕਮੇ ਦੇ ਅਧੀਨ ਆਉਂਦੀਆਂ ਹਨ ਪਰ ਇਹ ਹਾਲੇ ਤੱਕ ਵੀ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੀਆਂ। ਸ਼ਹਿਰਾਂ ਦਾ ਵਿਕਾਸ ਕਰਨਾ ਸੂਬਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਪਰ ਉਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀਆਂ ਹਨ। ਭ੍ਰਿਸ਼ਟਾਚਾਰ ਵੀ ਬਹੁਤ ਗੰਭੀਰ ਮੁੱਦਾ ਹੈ। ਵਿਕਸਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਵਧੀਆ ਸ਼ਹਿਰੀ ਬੁਨਿਆਦੀ ਢਾਂਚਾ ਹੋਣਾ ਜ਼ਰੂਰੀ ਹੈ। ਵਧੀਆ ਸ਼ਹਿਰੀਕਰਨ ਲਈ ਸਰਕਾਰਾਂ ਤੇ ਲੋਕਲ ਬਾਡੀਜ਼ ਅਦਾਰਿਆਂ ਨੂੰ ਮਾਹਿਰਾਂ ਦੀ ਰਾਇ ਲੈਣੀ ਚਾਹੀਦੀ ਹੈ। ਲੋਕਲ ਬਾਡੀਜ਼ ਦੇ ਅਧਿਕਾਰੀਆਂ ਤੇ ਨੁਮਾਇੰਦਿਆਂ ਨੂੰ ਜਵਾਬਦੇਹ ਬਣਾਉਣਾ ਚਾਹੀਦਾ ਹੈ। ਯੋਜਨਾਬੱਧ ਵਿਕਾਸ ਸਹਾਰੇ ਹੀ ਵਿਕਸਤ ਭਾਰਤ ਦੇ ਟੀਚੇ ਨੂੰ ਹਾਸਲ ਕੀਤਾ ਜਾ ਸਕਦਾ ਹੈ।
-ਸੰਜੀਵ ਸਿੰਘ ਸੈਣੀ, ਮੋਹਾਲੀ।
-ਮੋਬਾਈਲ : 78899-66168