- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਰ ਸਾਲ 18 ਜੁਲਾਈ ਨੂੰ ਦੁਨੀਆ ਭਰ ਵਿਚ ਨੈਲਸਨ ਮੰਡੇਲਾ ਇੰਟਰਨੈਸ਼ਨਲ ਡੇ ਮਨਾਇਆ ਜਾਂਦਾ ਹੈ। ਇਹ ਦਿਨ ਸਿਰਫ਼ ਇਕ ਮਹਾਨ ਨੇਤਾ ਦੀ ਯਾਦ ਵਿਚ ਨਹੀਂ ਮਨਾਇਆ ਜਾਂਦਾ, ਸਗੋਂ ਉਨ੍ਹਾਂ ਆਦਰਸ਼ਾਂ ਨੂੰ ਸਮਰਪਿਤ ਹੈ ਜਿਨ੍ਹਾਂ ਲਈ ਨੈਲਸਨ ਮੰਡੇਲਾ ਨੇ ਆਪਣਾ ਸਾਰਾ ਜੀਵਨ ਅਰਪਿਤ ਕਰ ਦਿੱਤਾ। ਇਹ ਦਿਨ ਮਨੁੱਖੀ ਅਧਿਕਾਰਾਂ, ਨਿਆਂ, ਸਮਾਨਤਾ, ਸਹਿਣਸ਼ੀਲਤਾ, ਅਮਨ ਅਤੇ ਭਰਾਤਰੀ ਭਾਵ ਦਾ ਪ੍ਰਤੀਕ ਹੈ।

ਹਰ ਸਾਲ 18 ਜੁਲਾਈ ਨੂੰ ਦੁਨੀਆ ਭਰ ਵਿਚ ਨੈਲਸਨ ਮੰਡੇਲਾ ਇੰਟਰਨੈਸ਼ਨਲ ਡੇ ਮਨਾਇਆ ਜਾਂਦਾ ਹੈ। ਇਹ ਦਿਨ ਸਿਰਫ਼ ਇਕ ਮਹਾਨ ਨੇਤਾ ਦੀ ਯਾਦ ਵਿਚ ਨਹੀਂ ਮਨਾਇਆ ਜਾਂਦਾ, ਸਗੋਂ ਉਨ੍ਹਾਂ ਆਦਰਸ਼ਾਂ ਨੂੰ ਸਮਰਪਿਤ ਹੈ ਜਿਨ੍ਹਾਂ ਲਈ ਨੈਲਸਨ ਮੰਡੇਲਾ ਨੇ ਆਪਣਾ ਸਾਰਾ ਜੀਵਨ ਅਰਪਿਤ ਕਰ ਦਿੱਤਾ। ਇਹ ਦਿਨ ਮਨੁੱਖੀ ਅਧਿਕਾਰਾਂ, ਨਿਆਂ, ਸਮਾਨਤਾ, ਸਹਿਣਸ਼ੀਲਤਾ, ਅਮਨ ਅਤੇ ਭਰਾਤਰੀ ਭਾਵ ਦਾ ਪ੍ਰਤੀਕ ਹੈ। ਅੱਜ ਦੇ ਸਮੇਂ ਵਿਚ ਜਦੋਂ ਸੰਸਾਰ ਅਜੇ ਵੀ ਵੱਖ-ਵੱਖ ਕਿਸਮ ਦੇ ਭੇਦਭਾਵਾਂ, ਅਸਮਾਨਤਾ ਅਤੇ ਹਿੰਸਾ ਨਾਲ ਜੂਝ ਰਿਹਾ ਹੈ, ਮੰਡੇਲਾ ਦੀ ਯਾਦ ਹੋਰ ਵੀ ਅਰਥਪੂਰਨ ਹੋ ਜਾਂਦੀ ਹੈ।
ਨੈਲਸਨ ਰੋਲੀਹਲਾਹਲਾ ਮੰਡੇਲਾ ਦਾ ਜਨਮ 18 ਜੁਲਾਈ 1918 ਨੂੰ ਦੱਖਣੀ ਅਫ਼ਰੀਕਾ ਵਿਚ ਹੋਇਆ ਸੀ। ਉਹ ਇਕ ਐਸੇ ਯੁੱਗ ਵਿਚ ਪਲੇ ਜਿੱਥੇ ਰੰਗ ਅਤੇ ਜਾਤੀ ਦੇ ਆਧਾਰ ’ਤੇ ਲੋਕਾਂ ਨਾਲ ਅਨਿਆਂ ਤੇ ਭੇਦਭਾਵ ਕੀਤਾ ਜਾਂਦਾ ਸੀ। ਉਸ ਸਮੇਂ ਦੱਖਣੀ ਅਫ਼ਰੀਕਾ ਵਿਚ ਨਸਲੀ ਵਿਤਕਰਾ ਨਾਮਕ ਪ੍ਰਣਾਲੀ ਚੱਲਦੀ ਸੀ ਜਿਸ ਅਧੀਨ ਸਿਆਹਫਾਮ ਲੋਕਾਂ ਨੂੰ ਬਹੁਤ ਸਾਰੇ ਹੱਕਾਂ ਤੋਂ ਵਾਂਝਾ ਰੱਖਿਆ ਜਾਂਦਾ ਸੀ। ਮੰਡੇਲਾ ਨੇ ਇਸ ਅਨਿਆਂ ਵਾਲੀ ਪ੍ਰਥਾ ਨੂੰ ਸਵੀਕਾਰ ਨਹੀਂ ਕੀਤਾ ਤੇ ਜੀਵਨ ਭਰ ਇਸ ਵਿਰੁੱਧ ਸੰਘਰਸ਼ ਕੀਤਾ। ਮੰਡੇਲਾ ਨੇ ਆਪਣੀ ਪੜ੍ਹਾਈ ਤੋਂ ਬਾਅਦ ਕਾਨੂੰਨੀ ਅਤੇ ਸਮਾਜਿਕ ਮੰਚਾਂ ’ਤੇ ਨਸਲਭੇਦ ਵਿਰੁੱਧ ਆਵਾਜ਼ ਬੁਲੰਦ ਕਰਨੀ ਸ਼ੁਰੂ ਕੀਤੀ। ਉਨ੍ਹਾਂ ਨੇ ਅਫ਼ਰੀਕਨ ਨੈਸ਼ਨਲ ਕਾਂਗਰਸ ਨਾਲ ਜੁੜ ਕੇ ਲੋਕਾਂ ਦੇ ਹੱਕਾਂ ਦੀ ਲੜਾਈ ਵਿਚ ਸਰਗਰਮ ਭੂਮਿਕਾ ਨਿਭਾਈ। ਸਮੇਂ ਦੇ ਨਾਲ ਉਹ ਅਜਿਹੇ ਨੇਤਾ ਬਣੇ ਜਿਨ੍ਹਾਂ ਨੂੰ ਸਿਰਫ਼ ਆਪਣੇ ਦੇਸ਼ ਵਿਚ ਹੀ ਨਹੀਂ, ਸਗੋਂ ਵਿਸ਼ਵ ਪੱਧਰ ’ਤੇ ਸਨਮਾਨ ਮਿਲਿਆ। ਉਨ੍ਹਾਂ ਦੀ ਅਗਵਾਈ ਸ਼ੈਲੀ ਵਿਚ ਹਿੰਮਤ, ਸੱਚਾਈ, ਧੀਰਜ ਅਤੇ ਲੋਕਾਂ ਲਈ ਸਮਰਪਣ ਸਭ ਤੋਂ ਵੱਡੀਆਂ ਖ਼ਾਸੀਅਤਾਂ ਸਨ। ਉਨ੍ਹਾਂ ਨੂੰ ਆਪਣੀ ਇਸ ਲੜਾਈ ਦੀ ਭਾਰੀ ਕੀਮਤ ਵੀ ਤਾਰਨੀ ਪਈ। ਸਤਾਈ ਸਾਲਾਂ ਤੱਕ ਉਨ੍ਹਾਂ ਨੂੰ ਜੇਲ੍ਹ ’ਚ ਰੱਖਿਆ ਗਿਆ। ਇਹ ਕੈਦ ਕਿਸੇ ਵੀ ਮਨੁੱਖ ਦੇ ਮਨ ਨੂੰ ਤੋੜ ਸਕਦੀ ਸੀ ਪਰ ਮੰਡੇਲਾ ਨੇ ਹਾਰ ਨਹੀਂ ਮੰਨੀ। ਉਨ੍ਹਾਂ ਦੀ ਸਭ ਤੋਂ ਵੱਡੀ ਮਹਾਨਤਾ ਇਹ ਸੀ ਕਿ ਇੰਨੇ ਲੰਬੇ ਕਠਿਨ ਸਮੇਂ ਤੋਂ ਬਾਅਦ ਵੀ ਉਨ੍ਹਾਂ ਨੇ ਨਫ਼ਰਤ, ਬਦਲੇ ਜਾਂ ਕੜਵਾਹਟ ਦਾ ਰਸਤਾ ਨਹੀਂ ਚੁਣਿਆ। ਉਹ ਮਾਫ਼ੀ, ਮਿਲਾਪ ਅਤੇ ਸਮਾਜਿਕ ਏਕਤਾ ਦੇ ਹਾਮੀ ਬਣੇ ਰਹੇ। ਇਹੀ ਕਾਰਨ ਹੈ ਕਿ ਉਹ ਸਿਰਫ਼ ਦੱਖਣੀ ਅਫ਼ਰੀਕਾ ਦੇ ਨੇਤਾ ਨਹੀਂ ਰਹੇ, ਸਗੋਂ ਵਿਸ਼ਵ ਪੱਧਰ ’ਤੇ ਸ਼ਾਂਤੀ ਦੇ ਦੂਤ ਅਤੇ ਮਨੁੱਖਤਾ ਦੇ ਪ੍ਰਤੀਕ ਵਜੋਂ ਜਾਣੇ ਜਾਂਦੇ ਹਨ। 1994 ਵਿਚ ਮੰਡੇਲਾ ਦੱਖਣੀ ਅਫ਼ਰੀਕਾ ਦੇ ਪਹਿਲੇ ਸਿਆਹਫਾਮ ਰਾਸ਼ਟਰਪਤੀ ਬਣੇ। ਉਨ੍ਹਾਂ ਨੇ ਰਾਜਨੀਤਕ ਸੱਤਾ ਨੂੰ ਲੋਕਾਂ ਦੀ ਸੇਵਾ ਦਾ ਸਾਧਨ ਬਣਾਇਆ। ਉਨ੍ਹਾਂ ਦਾ ਰਵੱਈਆ ਸਦਾ ਨਿਮਰ, ਸੰਤੁਲਿਤ ਅਤੇ ਲੋਕਹਿੱਤਕਾਰੀ ਰਿਹਾ। ਇਹੀ ਕਾਰਨ ਹੈ ਕਿ ਉਹ ਨਾ ਸਿਰਫ਼ ਦੱਖਣੀ ਅਫ਼ਰੀਕਾ, ਸਗੋਂ ਸੰਸਾਰ ਭਰ ਦੇ ਲੋਕਾਂ ਲਈ ਆਦਰਸ਼ ਬਣੇ।
ਨੈਲਸਨ ਮੰਡੇਲਾ ਨੂੰ ਆਪਣੇ ਜੀਵਨ ਦੌਰਾਨ ਅਤੇ ਬਾਅਦ ਵਿਚ ਅਨੇਕ ਅੰਤਰਰਾਸ਼ਟਰੀ ਸਨਮਾਨਾਂ ਅਤੇ ਇਨਾਮਾਂ ਨਾਲ ਨਿਵਾਜਿਆ ਗਿਆ। ਉਨ੍ਹਾਂ ਨੂੰ ਨੋਬਲ ਸ਼ਾਂਤੀ ਪੁਰਸਕਾਰ 1993 ’ਚ ਮਿਲਿਆ ਜੋ ਉਨ੍ਹਾਂ ਦੀ ਸ਼ਾਂਤੀ, ਮਿਲਾਪ ਅਤੇ ਲੋਕਤੰਤਰ ਲਈ ਦਿੱਤੀਆਂ ਬੇਮਿਸਾਲ ਸੇਵਾਵਾਂ ਦਾ ਵੱਡਾ ਸਨਮਾਨ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਦੱਖਣੀ ਅਫ਼ਰੀਕਾ ਦਾ ਸਭ ਤੋਂ ਉੱਚਾ ਸਨਮਾਨ ਆਰਡਰ ਆਫ ਮੈਂਡੀ ਫਾਰ ਬਰੇਵਰੀ ਅਤੇ ਭਾਰਤ ਦਾ ਸਭ ਤੋਂ ਉੱਚਾ ਨਾਗਰਿਕ ਸਨਮਾਨ ਭਾਰਤ ਰਤਨ (1990) ਵੀ ਦਿੱਤਾ ਗਿਆ। ਉਨ੍ਹਾਂ ਨੂੰ ਹੋਰ ਵੀ ਕਈ ਰਾਸ਼ਟਰੀ ਅਤੇ ਵਿਦੇਸ਼ੀ ਸਨਮਾਨ ਮਿਲੇ, ਜਿਨ੍ਹਾਂ ਵਿਚ ਪ੍ਰੈਜ਼ੀਡੈਂਸ਼ੀਅਲ ਮੈਡਲ ਆਫ ਫ੍ਰੀਡਮ, ਆਰਡਰ ਆਫ ਲੈਨਿਨ, ਅਤੇ ਕਈ ਯੂਨੀਵਰਸਿਟੀਆਂ ਵੱਲੋਂ ਮਾਣ-ਸਨਮਾਨ ਸ਼ਾਮਲ ਸਨ। ਇਹ ਸਾਰੇ ਐਵਾਰਡ ਉਨ੍ਹਾਂ ਦੀ ਵਿਸ਼ਵ-ਪੱਧਰੀ ਮਹਾਨਤਾ ਦਾ ਪ੍ਰਮਾਣ ਹਨ।
ਸੰਯੁਕਤ ਰਾਸ਼ਟਰ ਨੇ 2009 ਵਿਚ ਨੈਲਸਨ ਮੰਡੇਲਾ ਦੇ ਜਨਮ ਦਿਨ ਨੂੰ ਨੈਲਸਨ ਮੰਡੇਲਾ ਇੰਟਰਨੈਸ਼ਨਲ ਡੇ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ। ਇਸ ਦਿਨ ਦਾ ਉਦੇਸ਼ ਦੁਨੀਆ ਭਰ ਦੇ ਲੋਕਾਂ ਨੂੰ ਇਹ ਯਾਦ ਦਿਵਾਉਣਾ ਹੈ ਕਿ ਹਰ ਵਿਅਕਤੀ ਆਪਣੇ ਛੋਟੇ ਜਿਹੇ ਯਤਨ ਨਾਲ ਸਮਾਜ ਵਿਚ ਚੰਗਾ ਬਦਲਾਅ ਲਿਆ ਸਕਦਾ ਹੈ। ਮੰਡੇਲਾ ਨੇ ਆਪਣੇ ਜੀਵਨ ਰਾਹੀਂ ਸਾਨੂੰ ਸਿਖਾਇਆ ਕਿ ਸਮਾਜ ਸੇਵਾ ਸਿਰਫ਼ ਵੱਡੀਆਂ ਸੰਸਥਾਵਾਂ ਜਾਂ ਨੇਤਾਵਾਂ ਦਾ ਕੰਮ ਨਹੀਂ, ਸਗੋਂ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ। ਕੋਈ ਇਕ ਵਿਅਕਤੀ ਭੁੱਖੇ ਨੂੰ ਭੋਜਨ ਦੇ ਕੇ, ਕਿਸੇ ਦੀ ਮਦਦ ਕਰ ਕੇ, ਅਣਗੌਲਿਆਂ ਲਈ ਆਵਾਜ਼ ਬਣ ਕੇ ਜਾਂ ਸੱਚਾਈ ਦਾ ਸਾਥ ਦੇ ਕੇ ਸਮਾਜ ਵਿਚ ਮਹੱਤਵਪੂਰਨ ਯੋਗਦਾਨ ਪਾ ਸਕਦਾ ਹੈ। ਮੰਡੇਲਾ ਦੀ ਵਿਰਾਸਤ ਅੱਜ ਵੀ ਦੁਨੀਆ ਨੂੰ ਰਸਤਾ ਦਿਖਾਉਂਦੀ ਹੈ। ਉਹ ਸਾਨੂੰ ਸਿਖਾਉਂਦੇ ਹਨ ਕਿ ਨਫ਼ਰਤ ਨੂੰ ਨਫ਼ਰਤ ਨਾਲ ਨਹੀਂ, ਸਗੋਂ ਸਮਝ ਨਾਲ ਖ਼ਤਮ ਕੀਤਾ ਜਾ ਸਕਦਾ ਹੈ। ਉਹ ਇਹ ਵੀ ਸਿਖਾਉਂਦੇ ਹਨ ਕਿ ਵੱਡੇ ਬਦਲਾਅ ਲਈ ਪਹਿਲਾਂ ਮਨੁੱਖ ਅੰਦਰ ਹਿੰਮਤ, ਆਸ ਅਤੇ ਧੀਰਜ ਹੋਣੇ ਚਾਹੀਦੇ ਹਨ। ਜਿੱਥੇ ਲੋਕ ਅਕਸਰ ਛੋਟੀਆਂ-ਮੋਟੀਆਂ ਅੜਚਨਾਂ ਤੋਂ ਹਾਰ ਮੰਨ ਲੈਂਦੇ ਹਨ, ਉੱਥੇ ਹੀ ਮੰਡੇਲਾ ਦੀ ਜ਼ਿੰਦਗੀ ਇਹ ਦੱਸਦੀ ਹੈ ਕਿ ਮੁਸ਼ਕਲਾਂ ਵਿਚ ਵੀ ਅਟੱਲ ਰਹਿਣਾ ਸੱਚੀ ਮਹਾਨਤਾ ਹੈ। ਅੱਜ ਜਦੋਂ ਵਿਸ਼ਵ ਭਰ ਵਿਚ ਸਮਾਜਿਕ ਨਿਆਂ, ਮਨੁੱਖੀ ਹੱਕਾਂ ਅਤੇ ਬਰਾਬਰੀ ਦੀਆਂ ਗੱਲਾਂ ਹੋ ਰਹੀਆਂ ਹਨ, ਉਦੋਂ ਮੰਡੇਲਾ ਦਾ ਸੁਨੇਹਾ ਹੋਰ ਵੀ ਜ਼ਿਆਦਾ ਮਜ਼ਬੂਤੀ ਨਾਲ ਉੱਭਰਦਾ ਹੈ। ਉਨ੍ਹਾਂ ਨੇ ਆਪਣੇ ਜੀਵਨ ਰਾਹੀਂ ਸਾਬਿਤ ਕਰ ਦਿੱਤਾ ਕਿ ਸੱਚੀ ਅਗਵਾਈ ਸ਼ਕਤੀ ਲੋਕਾਂ ਨੂੰ ਜੋੜਨ ਵਿਚ ਹੁੰਦੀ ਹੈ, ਵੰਡਣ ਵਿਚ ਨਹੀਂ। ਉਹ ਇਕ ਅਜਿਹੇ ਨੇਤਾ ਸਨ ਜਿਨ੍ਹਾਂ ਨੇ ਸੱਤਾ ਨੂੰ ਸੇਵਾ ਬਣਾਇਆ ਅਤੇ ਸੇਵਾ ਨੂੰ ਆਦਰਸ਼।
-ਸੁਖਜੀਤ ਸਿੰਘ ਚਹਿਲ, ਮਾਨਸਾ।
-ਮੋਬਾਈਲ : 98154-04611