- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਕਰਕੇ ਹੀ ਉਸ ਦੀਆਂ ਕਵਿਤਾਵਾਂ ਜਲਸਿਆਂ, ਜਲੂਸਾਂ ਅਤੇ ਅੰਦੋਲਨਾਂ ਵਿਚ ਪ੍ਰਭਾਵਸ਼ਾਲੀ ਅਸਰ ਪਾ ਜਾਂਦੀਆਂ ਸਨ। ਉਸ ਨੇ ਆਪਣੀ ਕਲਮ ਦਾ ਕੇਂਦਰ ਬਿੰਦੂ ਗ਼ਰੀਬਾਂ, ਮਜ਼ਦੂਰਾਂ ਅਤੇ ਦੱਬੇ-ਕੁਚਲੇ ਲੋਕਾਂ ਨੂੰ ਬਣਾਇਆ। ਸੰਨ 1947 ਵਿਚ ਦੇਸ਼ ਦੀ ਵੰਡ ਸਮੇਂ ਪੰਜਾਬ ਭਾਵੇਂ ਵੰਡਿਆ ਗਿਆ ਪਰ ਪੰਜਾਬੀ ਦਾ ਚੜ੍ਹਦੇ ਅਤੇ ਲਹਿੰਦੇ ਦੋਹਾਂ ਪੰਜਾਬਾਂ ਵਿਚ ਬੋਲਬਾਲਾ ਬਰਕਰਾਰ ਰਿਹਾ ਹੈ।

ਪੰਜਾਬੀ ਸਾਹਿਤ ਦੇ ਵਿਹੜੇ ਵਿਚ ਕੁਝ ਅਜਿਹੇ ਕਵੀ ਹੋਏ ਹਨ, ਜਿਨ੍ਹਾਂ ਨੇ ਸਿਰਫ਼ ਕਵਿਤਾ ਹੀ ਨਹੀਂ ਲਿਖੀ, ਸਗੋਂ ਆਪਣੇ ਸਮੇਂ ਦੀ ਹਰ ਧੜਕਣ ਨੂੰ ਸ਼ਬਦ ਦਿੱਤੇ ਹਨ। ਉਸਤਾਦ ਦਾਮਨ ਉਨ੍ਹਾਂ ਵਿੱਚੋਂ ਇਕ ਸੀ ਜਿਸ ਦੀ ਕਲਮ ਨੇ ਆਮ ਲੋਕਾਂ ਦੇ ਦੁੱਖਾਂ, ਸੁਪਨਿਆਂ, ਹੱਕਾਂ ਅਤੇ ਹਾਕਮਾਂ ਦੀਆਂ ਵਧੀਕੀਆਂ ਨੂੰ ਆਪਣੀਆਂ ਕਵਿਤਾਵਾਂ ਰਾਹੀਂ ਆਵਾਜ਼ ਦਿੱਤੀ ਸੀ। ਇਸ ਸਾਧਾਰਨ ਕਵੀ ਅੰਦਰ ਸ਼ਬਦਾਂ ਦੀ ਅਜਿਹੀ ਦੁਨੀਆ ਵਸਦੀ ਸੀ ਜਿਸ ਨੇ ਉਸ ਨੂੰ ਲੋਕ ਕਵੀ ਬਣਾ ਦਿੱਤਾ। ਉਹ ਪੰਜਾਬੀ ਨੂੰ ਸਿਰਫ਼ ਬੋਲੀ ਹੀ ਨਹੀਂ ਸਗੋਂ ਪੰਜਾਬ ਦੀ ਪਛਾਣ ਅਤੇ ਲੋਕ ਜੀਵਨ ਦੀ ਰੂਹ ਸਮਝਦੇ ਸਨ। ਦਾਮਨ ਦੀ ਸ਼ਾਇਰੀ ਵਿਚ ਵਿਅੰਗ, ਲੋਕਾਂ ਦਾ ਦਰਦ, ਮੁਹੱਬਤ ਅਤੇ ਬਗ਼ਾਵਤ ਵੀ ਹੈ। ਉਹ ਬੇਬਾਕ ਸ਼ਾਇਰ ਸੀ।
ਇਸ ਕਰਕੇ ਹੀ ਉਸ ਦੀਆਂ ਕਵਿਤਾਵਾਂ ਜਲਸਿਆਂ, ਜਲੂਸਾਂ ਅਤੇ ਅੰਦੋਲਨਾਂ ਵਿਚ ਪ੍ਰਭਾਵਸ਼ਾਲੀ ਅਸਰ ਪਾ ਜਾਂਦੀਆਂ ਸਨ। ਉਸ ਨੇ ਆਪਣੀ ਕਲਮ ਦਾ ਕੇਂਦਰ ਬਿੰਦੂ ਗ਼ਰੀਬਾਂ, ਮਜ਼ਦੂਰਾਂ ਅਤੇ ਦੱਬੇ-ਕੁਚਲੇ ਲੋਕਾਂ ਨੂੰ ਬਣਾਇਆ। ਸੰਨ 1947 ਵਿਚ ਦੇਸ਼ ਦੀ ਵੰਡ ਸਮੇਂ ਪੰਜਾਬ ਭਾਵੇਂ ਵੰਡਿਆ ਗਿਆ ਪਰ ਪੰਜਾਬੀ ਦਾ ਚੜ੍ਹਦੇ ਅਤੇ ਲਹਿੰਦੇ ਦੋਹਾਂ ਪੰਜਾਬਾਂ ਵਿਚ ਬੋਲਬਾਲਾ ਬਰਕਰਾਰ ਰਿਹਾ ਹੈ। ਕੁਝ ਪੰਜਾਬੀ ਵਿਦਵਾਨ ਸ਼ੰਕੇ ਖੜ੍ਹੇ ਕਰ ਰਹੇ ਹਨ ਕਿ ਪੰਜਾਬੀ ਬੋਲੀ ਅਗਲੇ 50 ਸਾਲਾਂ ਵਿਚ ਖ਼ਤਮ ਹੋ ਜਾਵੇਗੀ। ਉਹ ਬੋਲੀ ਕਦੇ ਵੀ ਖ਼ਤਮ ਨਹੀਂ ਹੋ ਸਕਦੀ, ਜਿਹੜੀ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜੀ ਹੋਈ ਹੋਵੇ। ਉਸਤਾਦ ਦਾਮਨ, ਜਿਨ੍ਹਾਂ ਦਾ ਨਾਂ ਚਿਰਾਗ ਦੀਨ ਸੀ, ਉਨ੍ਹਾਂ ਨੇ ਆਪਣੇ ਨਾਂ ਨੂੰ ਪੰਜਾਬੀ ਦਾ ਝੰਡਾਬਰਦਾਰ ਬਣਨ ਦਾ ਮਾਣ ਦਿੱਤਾ। ਉਸਤਾਦ ਦਾਮਨ ਨੂੰ ਪੰਜਾਬੀ ਬੋਲੀ ਨਾਲ ਅਥਾਹ ਪਿਆਰ ਅਤੇ ਸਤਿਕਾਰ ਸੀ।
ਪੰਜਾਬੀ ਭਾਵੇਂ ਦੋ ਖਿੱਤਿਆਂ ਵਿਚ ਵੰਡੇ ਜਾ ਚੁੱਕੇ ਸਨ, ਪਰ ਉਨ੍ਹਾਂ ਦੀਆਂ ਭਾਵਨਾਵਾਂ ਆਪਣੀ ਮਾਤਭੂਮੀ ਲਈ ਭਟਕ ਰਹੀਆਂ ਸਨ। ਲਹਿੰਦੇ ਪੰਜਾਬ ਦੇ ਲੋਕ ਕਵੀਆਂ ਵਿੱਚੋਂ ਚਿਰਾਗ ਦੀਨ ਦਾਮਨ ਭਾਰਤ ਵਿਚ ਹੋਣ ਵਾਲੇ ਕਵੀ ਦਰਬਾਰਾਂ ਦਾ ਸ਼ਿੰਗਾਰ ਬਣਦਾ ਰਿਹਾ। ਦੇਸ਼ ਦੀ ਵੰਡ ਸਬੰਧੀ ਉਸ ਨੇ ਬੜੀਆਂ ਹੀ ਦਿਲ ਨੂੰ ਕੁਰੇਦਣ ਤੇ ਟੁੰਬਣ ਵਾਲੀਆਂ ਕਵਿਤਾਵਾਂ ਲਿਖੀਆਂ ਹਨ। ਜਦੋਂ ਵਾਰ-ਵਾਰ ਉਸ ਉੱਪਰ ਦਬਾਅ ਪਾਇਆ ਗਿਆ ਕਿ ਮੁਸਲਮਾਨ ਹੋਣ ਅਤੇ ਪਾਕਿਸਤਾਨ ਵਿਚ ਰਹਿਣ ਕਾਰਨ ਉਸ ਨੂੰ ਪੰਜਾਬੀ ਦੀ ਥਾਂ ਉਰਦੂ ਵਿਚ ਆਪਣੀਆਂ ਨਜ਼ਮਾਂ ਲਿਖਣੀਆਂ ਚਾਹੀਦੀਆਂ ਹਨ ਤਾਂ ਉਸ ਨੇ ਕਵਿਤਾ ਵਿਚ ਹੀ ਉਨ੍ਹਾਂ ਨੂੰ ਜਵਾਬ ਦਿੰਦਿਆਂ ਲਿਖਿਆ :
ਉਰਦੂ ਦਾ ਮੈਂ ਦੋਖੀ ਨਾਹੀਂ ਤੇ ਦੁਸ਼ਮਣ ਨਾਹੀਂ ਅੰਗਰੇਜ਼ੀ ਦਾ, ਪੁੱਛਦੇ ਹੋ ਮੇਰੇ ਦਿਲ ਦੀ ਬੋਲੀ, ਹਾਂ ਜੀ ਹਾਂ ਪੰਜਾਬੀ ਏ। ਮੈਨੂੰ ਕਈਆਂ ਨੇ ਆਖਿਆ ਕਈ ਵਾਰ, ਤੂੰ ਲੈਣਾ ਪੰਜਾਬੀ ਦਾ ਨਾਂ ਛੱਡਦੇ। ਗੋਦੀ ਜਿਹਦੀ ਵਿਚ ਪਲ ਕੇ ਜਵਾਨ ਹੋਇਆਂ, ਉਹ ਮਾਂ ਛੱਡਦੇ ਤੇ ਗਰਾਂ ਛੱਡਦੇ। ਜੇ ਪੰਜਾਬੀ-ਪੰਜਾਬੀ ਈ ਕੂਕਣਾ ਏ, ਜਿੱਥੇ ਖਲੋਤਾ ਏਂ ਥਾਂ ਛੱਡਦੇ। ਮੈਨੂੰ ਇੰਜ ਲੱਗਦੈ ਲੋਕੀ ਆਖਦੇ ਨੇ, ਤੂੰ ਪੁੱਤਰਾ ਆਪਣੀ ਮਾਂ ਛੱਡਦੇ।
ਉਸਤਾਦ ਦਾਮਨ ਨੇ ਸਾਰੀ ਉਮਰ ਅਣਖ ਨਾਲ ਸ਼ਾਇਰੀ ਕੀਤੀ। ਸਰਕਾਰਾਂ ਦੇ ਦਮਨ ਦਾ ਸ਼ਿਕਾਰ ਵੀ ਹੋਇਆ। ਇਨਕਲਾਬੀ ਕਵਿਤਾ ਸਮਾਜਿਕ ਬੁਰਾਈਆਂ ਅਤੇ ਆਮ ਜਨਤਾ ’ਤੇ ਸਰਕਾਰ ਵੱਲੋਂ ਕੀਤੀਆਂ ਜਾਂਦੀਆਂ ਧੱਕੇਸ਼ਾਹੀ ਦੀਆਂ ਕਾਰਵਾਈਆਂ ਵਿਰੁੱਧ ਲਿਖਣ ਕਰ ਕੇ ਉਸ ’ਤੇ ਕਈ ਕੇਸ ਦਰਜ ਕਰ ਕੇ ਜੇਲ੍ਹ ਵਿਚ ਬੰਦ ਰੱਖਿਆ ਗਿਆ ਪਰ ਉਸ ਨੇ ਸਰਕਾਰਾਂ ਨਾਲ ਆਡ੍ਹਾ ਲਾਈ ਰੱਖਿਆ। ਉਸਤਾਦ ਦਾਮਨ ਜਿਊਂਦੇ-ਜੀਅ ਗ਼ਰੀਬੀ ਕਾਰਨ ਆਪਣੀਆਂ ਕਵਿਤਾਵਾਂ ਦੀ ਕੋਈ ਵੀ ਪੁਸਤਕ ਪ੍ਰਕਾਸ਼ਤ ਨਹੀਂ ਕਰਵਾ ਸਕਿਆ।
ਉਸ ਦੀ ਮੌਤ ਤੋਂ ਬਾਅਦ ਉਸ ਦੀਆਂ ਕਵਿਤਾਵਾਂ ਦਾ ਕਾਵਿ ਸੰਗ੍ਰਹਿ ‘ਦਾਮਨ ਦੇ ਮੋਤੀ’ ਪਾਕਿਸਤਾਨ ਦੇ ਲੋਕਾਂ ਨੇ ਗੁਰਮੁਖੀ ਵਿਚ ਪ੍ਰਕਾਸ਼ਤ ਨਹੀਂ ਕੀਤਾ, ਸਗੋਂ ਉਰਦੂ ਵਿਚ ਪ੍ਰਕਾਸ਼ਤ ਕਰ ਕੇ ਉਸ ਨੂੰ ਉਰਦੂ ਦਾ ਸ਼ਾਇਰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ। ਉਸਤਾਦ ਦਾਮਨ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਆਪਣੀਆਂ ਇਨਕਲਾਬੀ ਕਵਿਤਾਵਾਂ ਕਾਰਨ ਜੇਲ੍ਹ ਵਿਚ ਹੀ ਬੀਤਿਆ। ਦਾਮਨ ਦੀਆਂ ਕਵਿਤਾਵਾਂ ਕ੍ਰਾਂਤੀਕਾਰੀ ਅਤੇ ਧਾਰਮਿਕ ਜਨੂੰਨੀਆਂ ਵਿਰੁੱਧ ਹੋਣ ਕਾਰਨ ਉਸ ਦੇ ਘਰ ਨੂੰ ਅੱਗ ਲਗਾ ਕੇ ਸਾੜ ਦਿੱਤਾ ਤਾਂ ਉਸ ਨੇ ਇਕ ਕਵਿਤਾ ਵਿਚ ਲਿਖਿਆ: ਕਿਸੇ ਤੀਲ੍ਹੀ ਐਸੀ ਲਗਾਈ ਏ, ਥਾਂ-ਥਾਂ ’ਤੇ ਅੱਗ ਮਚਾਈ ਏ। ਪਈ ਸੜਦੀ ਲੋਕਾਈ ਏ, ਤੇ ਪੈਂਦੀ ਹਾਲ ਦੁਹਾਈ ਏ।
ਆਜ਼ਾਦੀ ਤੋਂ ਬਾਅਦ ਇਕ ਵਾਰ ਉਸਤਾਦ ਦਾਮਨ ਨੇ ਲਾਲ ਕਿਲ੍ਹਾ ਦਿੱਲੀ ਵਿਖੇ ਹੋਏ ਇਕ ਕਵੀ ਦਰਬਾਰ ਵਿਚ ਆਪਣੀ ਕਵਿਤਾ ਪੜ੍ਹ ਕੇ ਉੱਥੇ ਹਾਜ਼ਰ ਭਾਰਤ ਦੇ ਪ੍ਰਧਾਨ ਮੰਤਰੀ ਪੰਡਤ ਜਵਾਹਰਲਾਲ ਨਹਿਰੂ ਨੂੰ ਰੁਆ ਦਿੱਤਾ ਸੀ। ਉਸ ਦੀ ਕਵਿਤਾ ਦੇ ਬੋਲ ਹਨ: ਭਾਵੇਂ ਮੂੰਹੋਂ ਨਾ ਕਹੀਏ ਪਰ ਵਿੱਚੋਂ ਵਿੱਚੀਂ, ਖੋਏ ਤੁਸੀਂ ਵੀ ਓ ਤੇ ਖੋਏ ਅਸੀਂ ਵੀ ਆਂ। ਇਹਨਾਂ ਆਜ਼ਾਦੀਆਂ ਹੱਥੋਂ ਬਰਬਾਦ ਹੋਏ, ਤੁਸੀਂ ਵੀ ਓ, ਹੋਏ ਅਸੀਂ ਵੀ ਆਂ।
ਪੰਡਤ ਨਹਿਰੂ ਨੇ ਉਸਤਾਦ ਦਾਮਨ ਨੂੰ ਉੱਠ ਕੇ ਕਲਾਵੇ ਵਿਚ ਲੈ ਲਿਆ ਅਤੇ ਉਸ ਨੂੰ ਭਾਰਤ ਦੀ ਨਾਗਰਿਕਤਾ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਉਸਤਾਦ ਦਾਮਨ ਨੇ ਕਿਹਾ ਕਿ ਉਹ ਰਹੇਗਾ ਤਾਂ ਪਾਕਿਸਤਾਨ ਵਿਚ ਹੀ, ਭਾਵੇਂ ਜੇਲ੍ਹ ਵਿਚ ਹੀ ਰਹਿਣਾ ਪਵੇ। ਉਸਤਾਦ ਦਾਮਨ ਅੱਜ ਭਾਵੇਂ ਸਾਡੇ ਵਿਚਕਾਰ ਸਰੀਰਕ ਰੂਪ ਵਿਚ ਨਹੀਂ ਹਨ ਪਰ ਉਨ੍ਹਾਂ ਦੀ ਕਲਮ ਦੀ ਕਰਾਮਾਤ ਅਜੇ ਵੀ ਜਿਊਂਦੀ ਹੈ। ਤਿੰਨ ਸਤੰਬਰ ਨੂੰ ਉਨ੍ਹਾਂ ਦੇ ਜਨਮ ਦਿਵਸ ’ਤੇ ਯਾਦ ਕਰਨਾ ਕੇਵਲ ਇਕ ਮਹਾਨ ਕਵੀ ਨੂੰ ਸ਼ਰਧਾਂਜਲੀ ਦੇਣਾ ਨਹੀਂ, ਸਗੋਂ ਪੰਜਾਬੀ ਬੋਲੀ, ਹੱਕ ਸੱਚ, ਇਨਸਾਫ਼ ਅਤੇ ਲੋਕ ਹਿੱਤਾਂ ਪ੍ਰਤੀ ਆਪਣੀ ਵਚਨਬੱਧਤਾ ਨੂੰ ਮੁੜ ਤਾਜ਼ਾ ਕਰਨਾ ਹੈ।
-ਉਜਾਗਰ ਸਿੰਘ
-(ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ)।
-ਮੋਬਾਈਲ : 94178-13072