ਅਮਰੀਕਾ ਨੇ ਤੇਲ ਲਈ ਆਪਣੀ ਅਥਾਹ ਭੁੱਖ ਨੂੰ ਸ਼ਾਂਤ ਕਰਨ ਲਈ ਇਰਾਕ, ਲੀਬੀਆ ਅਤੇ ਵੈਨੇਜ਼ੁਏਲਾ ਨੂੰ ਤਬਾਹ ਕਰ ਦਿੱਤਾ ਸੀ ਤੇ ਹੁਣ ਈਰਾਨ ਨਾਲ ਵੀ ਅਜਿਹਾ ਹੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਤੇਲ ਭੰਡਾਰਾਂ ’ਤੇ ਕਬਜ਼ਾ ਕਰਨ ਲਈ ਸੱਦਾਮ ਹੁਸੈਨ ਅਤੇ ਕਰਨਲ ਗੱਦਾਫੀ ਦਾ ਕਤਲ ਕਰ ਦਿੱਤਾ ਤੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਅਗਵਾ ਕਰ ਲਿਆ ਹੈ।

-ਬਲਰਾਜ ਸਿੰਘ ਸਿੱਧੂ
ਅਮਰੀਕਾ ਨੇ ਤੇਲ ਲਈ ਆਪਣੀ ਅਥਾਹ ਭੁੱਖ ਨੂੰ ਸ਼ਾਂਤ ਕਰਨ ਲਈ ਇਰਾਕ, ਲੀਬੀਆ ਅਤੇ ਵੈਨੇਜ਼ੁਏਲਾ ਨੂੰ ਤਬਾਹ ਕਰ ਦਿੱਤਾ ਸੀ ਤੇ ਹੁਣ ਈਰਾਨ ਨਾਲ ਵੀ ਅਜਿਹਾ ਹੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਤੇਲ ਭੰਡਾਰਾਂ ’ਤੇ ਕਬਜ਼ਾ ਕਰਨ ਲਈ ਸੱਦਾਮ ਹੁਸੈਨ ਅਤੇ ਕਰਨਲ ਗੱਦਾਫੀ ਦਾ ਕਤਲ ਕਰ ਦਿੱਤਾ ਤੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਅਗਵਾ ਕਰ ਲਿਆ ਹੈ। ਤੇਲ ਕਾਰਨ ਅਰਬ ਦੇਸ਼ਾਂ ਨਾਲ ਇਸ ਦਾ ਟਕਰਾਅ ਸੰਨ 1973 ’ਚ ਸ਼ੁਰੂ ਹੋਇਆ ਸੀ ਜੋ ਹੁਣ ਗੂੜ੍ਹੇ ਸਹਿਯੋਗ ਵਿਚ ਬਦਲ ਗਿਆ ਹੈ। ਛੇ ਅਕਤੂਬਰ 1973 ਨੂੰ ਸੀਰੀਆ ਅਤੇ ਮਿਸਰ ਦੀਆਂ ਸਾਂਝੀਆਂ ਫ਼ੌਜਾਂ ਨੇ ਇਜ਼ਰਾਈਲ ’ਤੇ ਹਮਲਾ ਕਰ ਦਿੱਤਾ ਸੀ ਤੇ ਬਾਕੀ ਅਰਬ ਦੇਸ਼ਾਂ ਨੇ ਉਨ੍ਹਾਂ ਨੂੰ ਆਰਥਿਕ ਅਤੇ ਕੂਟਨੀਤਕ ਸਹਿਯੋਗ ਦਿੱਤਾ ਸੀ। ਸੰਨ 1967 ਦੀ ਅਰਬ ਇਜ਼ਰਾਈਲ ਜੰਗ ਸਮੇਂ ਇਜ਼ਰਾਈਲ ਨੇ ਇਨ੍ਹਾਂ ਦੇਸ਼ਾਂ ਦੇ ਕਈ ਹਿੱਸਿਆਂ ’ਤੇ ਕਬਜ਼ਾ ਕਰ ਲਿਆ ਸੀ ਤੇ ਇਹ ਦੇਸ਼ ਆਪਣਾ ਇਲਾਕਾ ਵਾਪਸ ਚਾਹੁੰਦੇ ਸਨ। ਜੰਗ ਦੀ ਸ਼ੁਰੂਆਤ ਵਿਚ ਅਰਬ ਦੇਸ਼ਾਂ ਦਾ ਹੱਥ ਉੱਪਰ ਰਿਹਾ ਤੇ ਰਾਜਧਾਨੀ ਤਲ ਅਵੀਵ ’ਤੇ ਕਬਜ਼ੇ ਦਾ ਖ਼ਤਰਾ ਮੰਡਰਾਉਣ ਲੱਗ ਪਿਆ।
ਇਜ਼ਰਾਈਲ ਨੇ ਅਮਰੀਕਾ ਕੋਲੋਂ ਮਦਦ ਮੰਗੀ ਤੇ ਕੁਝ ਹੀ ਦਿਨਾਂ ਵਿਚ ਭਾਰੀ ਸੈਨਿਕ ਮਦਦ ਇਜ਼ਰਾਈਲ ਪਹੁੰਚ ਗਈ ਤੇ ਜੰਗ ਦਾ ਪਾਸਾ ਪਲਟ ਗਿਆ। ਅਰਬ ਦੇਸ਼ਾਂ ਨੂੰ ਭਾਵੇਂ ਮੂੰਹ ਦੀ ਖਾਣੀ ਪਈ ਪਰ ਉਨ੍ਹਾਂ ਨੇ ਹਾਰ ਨਾ ਮੰਨੀ। ਉਨ੍ਹਾਂ ਨੇ ਦੁਨੀਆ ਨੂੰ ਪਹਿਲੀ ਵਾਰ ਇਹ ਪ੍ਰਤੱਖ ਕਰ ਦਿੱਤਾ ਕਿ ਚਾਹੇ ਉਨ੍ਹਾਂ ਕੋਲ ਸੈਨਿਕ ਸ਼ਕਤੀ ਘੱਟ ਹੈ ਪਰ ਉਨ੍ਹਾਂ ਕੋਲ ਤੇਲ ਦੀ ਅਥਾਹ ਤਾਕਤ ਹੈ। ਦਸੰਬਰ 1973 ਨੂੰ ਸਾਊਦੀ ਅਰਬ ਦੀ ਅਗਵਾਈ ਹੇਠ ਤੇਲ ਪੈਦਾ ਕਰਨ ਵਾਲੇ ਸਾਰੇ ਅਰਬ ਦੇਸ਼ਾਂ ਨੇ ਅਮਰੀਕਾ ਅਤੇ ਇਜ਼ਰਾਈਲ ਦੀ ਮਦਦ ਕਰਨ ਵਾਲੇ ਯੂਰਪੀ ਦੇਸ਼ਾਂ ਤੇ ਅਮਰੀਕਾ ਨੂੰ ਤੇਲ ਦੀ ਸਪਲਾਈ ਠੱਪ ਕਰ ਦਿੱਤੀ। ਇਸ ਨਾਲ ਹਾਹਾਕਾਰ ਮਚ ਗਈ ਤੇ ਕੁਝ ਹੀ ਦਿਨਾਂ ਵਿਚ ਤੇਲ ਦੀ ਕੀਮਤ 350% ਵਧ ਗਈ। ਅਮਰੀਕੀ ਰਾਸ਼ਟਰਪਤੀ ਰਿਚਰਡ ਨਿਕਸਨ ਨੇ ਸਾਊਦੀ ਬਾਦਸ਼ਾਹ ਫੈਸਲ-ਬਿਨ-ਅਬਦੁਲ-ਅਜ਼ੀਜ਼-ਸਾਊਦ ਨੂੰ ਦਬਕਾ ਮਾਰਿਆ ਕਿ ਜੇ ਸਪਲਾਈ ਬਹਾਲ ਨਾ ਹੋਈ ਤਾਂ ਉਹ ਸਾਊਦੀ ਅਰਬ ਦੇ ਸਾਰੇ ਤੇਲ ਟਿਕਾਣੇ ਤਬਾਹ ਕਰ ਦੇਵੇਗਾ। ਬਾਦਸ਼ਾਹ ਨੇ ਅੱਗੋਂ ਜਵਾਬ ਦਿੱਤਾ ਕਿ ਸਾਡੀ ਕੌਮ ਸਦੀਆਂ ਤੋਂ ਸਿਰਫ਼ ਖਜ਼ੂਰਾਂ ਅਤੇ ਪਾਣੀ ਦੇ ਸਿਰ ’ਤੇ ਰੇਗਿਸਤਾਨ ਵਿਚ ਜਿਉਂਦੀ ਰਹੀ ਹੈ ਤੇ ਹੁਣ ਵੀ ਰਹਿ ਲਵਾਂਗੇ ਪਰ ਤੁਸੀਂ ਤੇਲ ਤੋਂ ਬਗ਼ੈਰ ਇਕ ਦਿਨ ਵੀ ਨਹੀਂ ਰਹਿ ਸਕਦੇ। ਇਸ ਪਾਬੰਦੀ ਨਾਲ ਅਮਰੀਕਾ ਦੇ ਪੈਟਰੋਲ ਪੰਪਾਂ ’ਤੇ ਲੰਬੀਆਂ ਲਈਨਾਂ ਲੱਗ ਗਈਆਂ, ਮਹਿੰਗਾਈ ਅਸਮਾਨ ਛੂਹਣ ਲੱਗ ਪਈ ਤੇ ਅਖ਼ੀਰ ਅਮਰੀਕਾ ਨੂੰ ਝੁਕਣਾ ਪਿਆ। ਇਸ ਪਾਬੰਦੀ ਦਾ ਭਾਰਤ ’ਤੇ ਵੀ ਜਬਰਦਸਤ ਅਸਰ ਪਿਆ ਸੀ। ਹਾਲਾਂਕਿ ਭਾਰਤ ਦਾ ਇਸ ਜੰਗ ਨਾਲ ਕੋਈ ਲੈਣਾ-ਦੇਣਾ ਨਹੀਂ ਸੀ ਪਰ ਮਹਿੰਗਾਈ ਇੰਨੀ ਵਧ ਗਈ ਕਿ ਸਾਰੇ ਦੇਸ਼ ਵਿਚ ਇੰਦਰਾ ਗਾਂਧੀ ਸਰਕਾਰ ਦਾ ਵਿਰੋਧ ਹੋਣ ਲੱਗ ਪਿਆ। ਤੇਲ ਵਿਚ ਇੰਨੀ ਤਾਕਤ ਹੈ ਕਿ 5000 ਕਿੱਲੋਮੀਟਰ ਦੂਰ ਹੋਣ ਵਾਲੀ ਜੰਗ ਕਰ ਕੇ ਇੰਦਰਾ ਗਾਂਧੀ ਨੂੰ ਐਮਰਜੈਂਸੀ ਲਗਾਉਣੀ ਪੈ ਗਈ। ਫਲਸਰੂਪ, ਮਾਰਚ 1977 ਵਾਲੀਆਂ ਚੋਣਾਂ ਵਿਚ ਕਾਂਗਰਸ ਨੂੰ ਲੱਕ ਤੋੜਵੀਂ ਹਾਰ ਹੋਈ ਤੇ ਜਨਤਾ ਪਾਰਟੀ ਸੱਤਾ ਵਿਚ ਆ ਗਈ। ਅੱਜ 50 ਸਾਲ ਬਾਅਦ ਦੁਬਾਰਾ ਹਾਲਾਤ ਉਹੋ ਜਿਹੇ ਹੀ ਬਣਦੇ ਨਜ਼ਰ ਆ ਰਹੇ ਹਨ। ਅਮਰੀਕਾ ਤੇ ਇਜ਼ਰਾਈਲ ਵੱਲੋਂ ਈਰਾਨ ’ਤੇ ਕੀਤੇ ਨਾਜਾਇਜ਼ ਹਮਲੇ ਕਾਰਨ ਜੰਗ ਚੌਥੇ ਹਫ਼ਤੇ ਵਿਚ ਪਹੁੰਚ ਗਈ ਹੈ ਤੇ ਈਰਾਨ ਜਬਰਦਸਤ ਤਰੀਕੇ ਨਾਲ ਤੇਲ ਨੂੰ ਆਪਣੇ ਸਭ ਤੋਂ ਵੱਡੇ ਹਥਿਆਰ ਵਜੋਂ ਵਰਤ ਰਿਹਾ ਹੈ। ਈਰਾਨ ਵੱਲੋਂ ਲਗਾਤਾਰ ਖਾੜੀ ਦੇਸ਼ਾਂ ਦੇ ਤੇਲ ਭੰਡਾਰਾਂ ਅਤੇ ਰਿਫਾਈਨਰੀਆਂ ’ਤੇ ਹਮਲੇ ਕੀਤੇ ਜਾ ਰਹੇ ਹਨ। ਹੋਰਮੁਜ਼ ਜਲ ਡਮਰੂ ਨੂੰ ਲਗਪਗ ਬੰਦ ਕਰ ਦਿੱਤਾ ਗਿਆ ਹੈ ਤੇ ਉੱਥੇ ਲਗਪਗ 150 ਤੇਲ ਟੈਂਕਰ ਫਸੇ ਹੋਏ ਹਨ। ਸਾਊਦੀ ਅਰਬ ਅਤੇ ਕਤਰ ਸਮੇਤ ਕਈ ਦੇਸ਼ਾਂ ਨੇ ਤੇਲ ਤੇ ਗੈਸ ਦਾ ਉਤਪਾਦਨ ਬੰਦ ਕਰ ਦਿੱਤਾ ਹੈ।
ਇਸ ਸਭ ਨਾਲ ਦੁਨੀਆ ਭਰ ਵਿਚ ਤੇਲ ਦੀਆਂ ਕੀਮਤਾਂ 40 ਤੋਂ 50% ਤੱਕ ਵਧ ਗਈਆਂ ਹਨ। ਇਸ ਜੰਗ ਨੇ ਸਾਬਿਤ ਕਰ ਦਿੱਤਾ ਹੈ ਕਿ ਦੁਨੀਆ ਦੀ ਆਰਥਿਕਤਾ ਸਿਰਫ਼ ਤੇਲ ਕਾਰਨ ਹੀ ਚੱਲ ਰਹੀ ਹੈ। ਕੀ ਖ਼ਾਸੀਅਤ ਹੈ ਤੇਲ ਵਿਚ ਕਿ ਇਸ ਤੋਂ ਬਿਨਾਂ ਦੁਨੀਆ ਦਾ ਚੱਲਣਾ ਨਾਮੁਮਕਿਨ ਹੋ ਗਿਆ ਹੈ? ਏਆਈ ਅਤੇ ਇਲੈਟ੍ਰਿਕ ਵਾਹਨ ਹੋਣ ਦੇ ਬਾਵਜੂਦ ਕਿਉਂ ਦੁਨੀਆ ਤੇਲ ਦੀ ਖ਼ਾਤਰ ਲੜਨ-ਮਰਨ ਲਈ ਤਿਆਰ ਹੈ? ਕਈ ਹੋਰ ਦੇਸ਼ਾਂ ਜਿਵੇਂ ਅਮਰੀਕਾ, ਰੂਸ, ਲੀਬੀਆ ਅਤੇ ਵੈਨੇਜ਼ੁਏਲਾ ਆਦਿ ਕੋਲ ਤੇਲ ਦੇ ਭੰਡਾਰ ਹਨ ਤਾਂ ਅਮਰੀਕਾ ਕਿਉਂ ਖਾੜੀ ਦੇਸ਼ਾਂ ਦੇ ਪਿੱਛੇ ਪਿਆ ਹੋਇਆ ਹੈ? ਇਸ ਦਾ ਕਾਰਨ ਇਹ ਹੈ ਕਿ ਖਾੜੀ ਦੇਸ਼ਾਂ ਦਾ ਤੇਲ ਸਭ ਤੋਂ ਵੱਧ ਰਿਫਾਈਨਰੀ ਫਰੈਂਡਲੀ ਹੈ। ਅਮਰੀਕਾ ਸਮੇਤ ਦੁਨੀਆ ਭਰ ਦੀਆਂ 90% ਰਿਫਾਇਨਰੀਆਂ ਇਸ ਤੇਲ ਨੂੰ ਸੋਧਣ ਲਈ ਹੀ ਬਣਾਈਆਂ ਗਈਆਂ ਹਨ। ਆਧੁਨਿਕ ਤੇਲ ਯੁੱਗ ਦੀ ਸ਼ੁਰੂਆਤ 1859 ਵਿਚ ਹੋਈ ਸੀ ਜਦੋਂ ਅਮਰੀਕਾ ਦੇ ਪੈਨਸੈਲਵੇਨੀਆ ਪ੍ਰਾਂਤ ਵਿਚ ਇਸ ਦੀ ਖੋਜ ਹੋਈ ਸੀ। ਉਸ ਸਮੇਂ ਤੱਕ ਉਦਯੋਗਿਕ ਕ੍ਰਾਂਤੀ ਹੋ ਚੁੱਕੀ ਸੀ ਤੇ ਇੰਜਣ ਕੋਲੇ ਨਾਲ ਚੱਲਦੇ ਸਨ ਪਰ ਤੇਲ ਦੀ ਖੋਜ ਤੋਂ ਕੁਝ ਸਾਲਾਂ ਅੰਦਰ ਹੀ ਡੀਜ਼ਲ ਅਤੇ ਪੈਟਰੋਲ ਇੰਜਣ ਬਣ ਗਏ ਜਿਸ ਕਾਰਨ ਤੇਲ ਦੀ ਮੰਗ ਇਕਦਮ ਵਧ ਗਈ। ਤੇਲ ਇੰਡਸਟਰੀ ਤੇ ਟਰਾਂਸਪੋਰਟ ਦੀ ਰੀੜ੍ਹ ਦੀ ਹੱਡੀ ਬਣ ਗਿਆ ਹੈ।
ਅਮਰੀਕਾ ਨੂੰ ਤੇਲ ਦੀ ਆਮਦਨ ਨਾਲ ਧਨਾਢ ਬਣਦੇ ਵੇਖ ਇੰਗਲੈਂਡ, ਫਰਾਂਸ ਅਤੇ ਰੂਸ ਆਦਿ ਨੇ ਵੀ ਤੇਲ ਦੀ ਖੋਜ ਸ਼ੁਰੂ ਕਰ ਦਿੱਤੀ। ਇੰਗਲੈਂਡ ਨੂੰ ਪਹਿਲੀ ਸਫਲਤਾ ਈਰਾਨ ਵਿਚ ਮਜਲਸੇ ਸੁਲੇਮਾਨ ਦੇ ਸਥਾਨ ’ਤੇ 1908 ਵਿਚ ਮਿਲੀ। ਇਸ ਤੋਂ ਬਾਅਦ ਸਮੇਂ-ਸਮੇਂ ’ਤੇ ਖਾੜੀ ਦੇਸ਼ਾਂ, ਸਾਊਦੀ ਅਰਬ ਅਤੇ ਰੂਸ (ਉਸ ਵੇਲੇ ਸੋਵੀਅਤ ਸੰਘ) ਵਿਚ ਵੀ ਤੇਲ ਦੀਆਂ ਵੱਡੀਆਂ ਖੋਜਾਂ ਹੋਈਆਂ। ਪਹਿਲੀ ਅਤੇ ਦੂਸਰੀ ਸੰਸਾਰ ਜੰਗ ਵਿਚ ਜਰਮਨੀ ਦੀ ਹਾਰ ਦਾ ਇਕ ਵੱਡਾ ਕਾਰਨ ਵੀ ਤੇਲ ਹੀ ਸੀ। ਇੰਗਲੈਂਡ, ਫਰਾਂਸ, ਅਮਰੀਕਾ ਅਤੇ ਰੂਸ ਕੋਲ ਆਪਣੇ ਤੇਲ ਭੰਡਾਰ ਸਨ ਜਦਕਿ ਜਰਮਨੀ, ਇਟਲੀ ਅਤੇ ਜਾਪਾਨ ਤੇਲ ਲਈ ਦੂਸਰੇ ਦੇਸ਼ਾਂ ’ਤੇ ਨਿਰਭਰ ਸਨ। ਇਨ੍ਹਾਂ ਸੰਸਾਰ ਜੰਗਾਂ ਨੇ ਦੁਨੀਆ ਭਰ ਨੂੰ ਤੇਲ ਦੀ ਅਹਿਮੀਅਤ ਸਮਝਾ ਦਿੱਤੀ। ਅਮਰੀਕਾ ਅਤੇ ਯੂਰਪ ਦੀਆਂ ਵੱਡੀਆਂ ਕੰਪਨੀਆਂ ਨੇ ਅਰਬ ਦੇਸ਼ਾਂ ਦੇ ਤੇਲ ਦੀ ਲੁੱਟ ਮਚਾ ਦਿੱਤੀ। ਇਹ ਇਨ੍ਹਾਂ ਦੇਸ਼ਾਂ ਨੂੰ ਆਮਦਨ ਦਾ ਇਕ ਛੋਟਾ ਜਿਹਾ ਹਿੱਸਾ ਦੇ ਕੇ ਸਾਰੀ ਕਮਾਈ ਖ਼ੁਦ ਕਰਦੀਆਂ ਸਨ। ਸਭ ਤੋਂ ਪਹਿਲਾਂ ਈਰਾਨ ਨੇ ਇਸ ਲੁੱਟ-ਖਸੁੱਟ ਨੂੰ ਸਮਝਿਆ ਤੇ ਪ੍ਰਧਾਨ ਮੰਤਰੀ ਮੁਹੰਮਦ ਮੁਸਾਦੇ ਨੇ 1953 ਵਿਚ ਇੰਗਲੈਂਡ ਦੀ ਸਭ ਤੋਂ ਵੱਡੀ ਤੇਲ ਕੰਪਨੀ ਐਂਗਲੋ ਪਰਸ਼ੀਅਨ ਕੰਪਨੀ ਦਾ ਕੌਮੀਕਰਨ ਕਰ ਦਿੱਤਾ। ਇਸ ਤੋਂ ਗੁੱਸੇ ਵਿਚ ਆ ਕੇ ਅਮਰੀਕਾ ਅਤੇ ਇੰਗਲੈਂਡ ਨੇ ਉਸ ਦਾ ਰਾਜ ਪਲਟਾ ਕਰਵਾ ਦਿੱਤਾ ਤੇ ਸ਼ਾਹ ਮੁਹੰਮਦ ਰਜ਼ਾ ਪਹਿਲਵੀ ਨੂੰ ਗੱਦੀ ’ਤੇ ਬਿਠਾ ਦਿੱਤਾ। ਇਸ ਨਾਲ ਈਰਾਨ ਦਾ ਤੇਲ ਦੁਬਾਰਾ ਪੱਛਮੀ ਦੇਸ਼ਾਂ ਦੇ ਹੱਥ ਲੱਗ ਗਿਆ। ਹੌਲੀ-ਹੌਲੀ ਅਰਬ ਦੇਸ਼ਾਂ ਵਿਚ ਜਾਗਰਿਤੀ ਆ ਗਈ ਤੇ ਉਨ੍ਹਾਂ ਨੇ ਤੇਲ ਦਾ ਕੰਟਰੋਲ ਆਪਣੇ ਹੱਥਾਂ ਵਿਚ ਲੈ ਲਿਆ। ਉਨ੍ਹਾਂ ਨੇ ਆਪਣੀ ਇਕ ਜਥੇਬੰਦੀ ਓਪੇਕ ਵੀ ਬਣਾ ਲਈ ਜੋ ਤੇਲ ਦੀਆਂ ਕੀਮਤਾਂ ਤੈਅ ਕਰਨ ਲੱਗ ਪਈ ਪਰ ਅਮਰੀਕਾ ਨੇ ਵੀ 1973 ਦਾ ਸਬਕ ਭੁੱਲਿਆ ਨਹੀਂ ਸੀ। ਉਹ ਤੇਲ ਦੇ ਪਿੱਛੇ ਪੈ ਗਿਆ ਤੇ ਜਿੱਥੋਂ ਵੀ ਤੇਲ ਲੱਭਦਾ, ਕਬਜ਼ਾ ਕਰਦਾ ਗਿਆ। ਅਮਰੀਕਾ ਭਾਵੇਂ ਤੇਲ ਦੇ ਮਾਮਲੇ ਵਿਚ ਸਵੈ ਨਿਰਭਰ ਹੈ ਪਰ ਫਿਰ ਵੀ ਇਰਾਕ ਅਤੇ ਲੀਬੀਆ ਦੇ ਤੇਲ ’ਤੇ ਕਬਜ਼ਾ ਕਰ ਲਿਆ ਤੇ ਈਰਾਨ ਨਾਲ ਮੌਜੂਦਾ ਬੇਲੋੜੀ ਜੰਗ ਛੇੜ ਲਈ ਜਿਸ ਦਾ ਕਾਰਨ ਰੋਜ਼ਮੱਰ੍ਹਾ ਦੀ ਜ਼ਿੰਦਗੀ ਵਿਚ ਤੇਲ ਦੀ ਅਹਿਮੀਅਤ ਹੈ। ਤੇਲ ਦੁਨੀਆ ਦੇ ਹਰ ਦੇਸ਼ ਵਿਚ ਨਹੀਂ ਮਿਲਦਾ ਪਰ ਸਭ ਨੂੰ ਇਸ ਦੀ ਜ਼ਰੂਰਤ ਹੈ। ਸੰਸਾਰ ਦੀ ਸਾਰੀ ਹੈਵੀ ਟਰਾਂਸਪੋਰਟ ਤੇਲ ’ਤੇ ਚੱਲਦੀ ਹੈ। ਸਮੁੰਦਰੀ ਜਹਾਜ਼, ਕੰਟੇਨਰ ਕੈਰੀਅਰ ਤੇ ਹਵਾਈ ਯਾਤਰਾ ਇਸ ਤੋਂ ਬਿਨਾਂ ਸੰਭਵ ਨਹੀਂ ਹੈ। ਇਸ ਤੋਂ ਇਲਾਵਾ ਪਲਾਸਟਿਕ ਤੇ ਰਬੜ ਅੱਜ ਸੰਸਾਰ ਦੀ ਸਭ ਤੋਂ ਵੱਡੀ ਜ਼ਰੂਰਤ ਬਣ ਚੁੱਕੀ ਹੈ। ਲਗਪਗ ਹਰ ਯੰਤਰ ਵਿਚ ਪਲਾਸਟਿਕ ਵਰਤੀ ਜਾਂਦੀ ਹੈ ਜੋ 100% ਤੇਲ ਤੋਂ ਬਣਦੀ ਹੈ। ਵਾਸ਼ਿੰਗ ਮਸ਼ੀਨਾਂ, ਕੰਪਿਊਟਰ, ਮੋਬਾਈਲ ਫੋਨ, ਕੁਰਸੀਆਂ-ਮੇਜ਼, ਟੀਵੀ, ਟਾਇਰ ਅਤੇ ਟਿਊਬਾਂ ਆਦਿ ਹਰ ਚੀਜ਼ ਵਿਚ ਪਲਾਸਟਿਕ ਤੇ ਰਬੜ ਦੀ ਵਰਤੋਂ ਕੀਤੀ ਜਾਂਦੀ ਹੈ। ਵਿਸ਼ਵ ਦੇ ਤੇਲ ਦਾ 15% ਸਿਰਫ਼ ਪਲਾਸਟਿਕ ਅਤੇ ਰਬੜ ਬਣਾਉਣ ਵਿਚ ਹੀ ਵਰਤਿਆ ਜਾਂਦਾ ਹੈ। ਜੇ ਸੰਸਾਰ ਦੇ 20% ਆਵਾਜਾਈ ਦੇ ਸਾਧਨ ਬਿਜਲਈ ਵੀ ਹੋ ਜਾਣ ਤਾਂ ਵੀ ਤੇਲ ਦੀ ਖਪਤ ’ਤੇ ਕੋਈ ਫ਼ਰਕ ਪੈਣ ਵਾਲਾ ਨਹੀਂ ਹੈ। ਪਾਣੀ ਤੋਂ ਬਾਅਦ ਇਨਸਾਨ ਦੀ ਸਭ ਤੋਂ ਵੱਡੀ ਜ਼ਰੂਰਤ ਭੋਜਨ ਹੈ ਜੋ ਤੇਲ ਤੋਂ ਬਗੈਰ ਅਸੰਭਵ ਹੈ। ਤੇਲ ਤੋਂ ਬਣਨ ਵਾਲੀਆਂ ਖਾਦਾਂ ਨਾ ਹੋਣ ਤਾਂ ਸੰਸਾਰ ਦੀ ਅਨਾਜ ਉਪਜ 75% ਤੱਕ ਘਟ ਸਕਦੀ ਹੈ। ਨਾਈਟ੍ਰੋਜਨ ਸਮੇਤ 99% ਖਾਦਾਂ ਤੇਲ ਤੋਂ ਬਣਦੀਆਂ ਹਨ। ਇਸ ਤੋਂ ਇਲਾਵਾ ਤੇਲ ਤੋਂ ਹੋਰ ਵੀ ਲੱਖਾਂ ਚੀਜ਼ਾਂ ਦਾ ਉਤਪਾਦਨ ਹੁੰਦਾ ਹੈ। ਅਮਰੀਕਾ ਬਹੁਤ ਪਹਿਲਾਂ ਸਮਝ ਗਿਆ ਸੀ ਕਿ ਜੇ ਸੰਸਾਰ ’ਤੇ ਦਬਦਬਾ ਬਣਾਉਣਾ ਹੈ ਤਾਂ ਸਭ ਤੋਂ ਪਹਿਲਾਂ ਤੇਲ ’ਤੇ ਕਬਜ਼ਾ ਕਰਨਾ ਪਵੇਗਾ। ਇਸ ਕਾਰਨ ਹੀ ਉਹ ਹੁਣ ਈਰਾਨ ਨਾਲ ਜੰਗ ਛੇੜੀ ਬੈਠਾ ਹੈ।
-(ਲੇਖਕ ਸਾਬਕਾ ਏਆਈਜੀ ਹੈ)।
-ਮੋਬਾਈਲ : 95011-00062