- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਜ ਦਾ ਯੁੱਗ ਤਕਨਾਲੋਜੀ ਦਾ ਹੈ। ਜਿਸ ਤਰ੍ਹਾਂ ਪਹਿਲਾਂ ਬਿਜਲੀ ਅਤੇ ਕੰਪਿਊਟਰ ਨੇ ਦੁਨੀਆ ਬਦਲ ਦਿੱਤੀ ਸੀ, ਉਸੇ ਤਰ੍ਹਾਂ ਅੱਜ ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ ਏਆਈ ਸਾਡੇ ਜੀਵਨ ਦਾ ਹਿੱਸਾ ਬਣ ਗਈ ਹੈ। ਸਕੂਲ ਤੋਂ ਲੈ ਕੇ ਹਸਪਤਾਲ, ਬੈਂਕ ਤੋਂ ਲੈ ਕੇ ਖੇਤੀ ਤੱਕ ਹਰ ਜਗ੍ਹਾ ਇਸ ਦੀ ਵਰਤੋਂ ਹੋ ਰਹੀ ਹੈ। ਇਸ ਲਈ ਸਵਾਲ ਉੱਠਦਾ ਹੈ ਕਿ ਕੀ ਏਆਈ ਸਾਡਾ ਰੁਜ਼ਗਾਰ ਖਾ ਜਾਵੇਗੀ ਜਾਂ ਇਹ ਸਾਡੇ ਲਈ ਨਵੇਂ ਮੌਕੇ ਲੈ ਕੇ ਆਵੇਗੀ।

ਅੱਜ ਦਾ ਯੁੱਗ ਤਕਨਾਲੋਜੀ ਦਾ ਹੈ। ਜਿਸ ਤਰ੍ਹਾਂ ਪਹਿਲਾਂ ਬਿਜਲੀ ਅਤੇ ਕੰਪਿਊਟਰ ਨੇ ਦੁਨੀਆ ਬਦਲ ਦਿੱਤੀ ਸੀ, ਉਸੇ ਤਰ੍ਹਾਂ ਅੱਜ ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ ਏਆਈ ਸਾਡੇ ਜੀਵਨ ਦਾ ਹਿੱਸਾ ਬਣ ਗਈ ਹੈ। ਸਕੂਲ ਤੋਂ ਲੈ ਕੇ ਹਸਪਤਾਲ, ਬੈਂਕ ਤੋਂ ਲੈ ਕੇ ਖੇਤੀ ਤੱਕ ਹਰ ਜਗ੍ਹਾ ਇਸ ਦੀ ਵਰਤੋਂ ਹੋ ਰਹੀ ਹੈ। ਇਸ ਲਈ ਸਵਾਲ ਉੱਠਦਾ ਹੈ ਕਿ ਕੀ ਏਆਈ ਸਾਡਾ ਰੁਜ਼ਗਾਰ ਖਾ ਜਾਵੇਗੀ ਜਾਂ ਇਹ ਸਾਡੇ ਲਈ ਨਵੇਂ ਮੌਕੇ ਲੈ ਕੇ ਆਵੇਗੀ। ਸੱਚ ਇਹ ਹੈ ਕਿ ਏਆਈ ਕਈ ਤਰ੍ਹਾਂ ਦੇ ਕੰਮ ਬਹੁਤ ਤੇਜ਼ੀ ਨਾਲ ਕਰ ਸਕਦੀ ਹੈ। ਡਾਟਾ ਐਂਟਰੀ, ਕਾਲ ਸੈਂਟਰ, ਬੈਂਕਿੰਗ, ਖ਼ਬਰਾਂ ਲਿਖਣਾ ਅਤੇ ਇੱਥੋਂ ਤੱਕ ਕਿ ਡਿਜ਼ਾਈਨਿੰਗ ਵਰਗੇ ਕੰਮਾਂ ਵਿਚ ਵੀ ਇਸ ਦੀ ਮਦਦ ਲਈ ਜਾਣ ਲੱਗੀ ਹੈ। ਇਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਡਰ ਹੈ ਕਿ ਉਨ੍ਹਾਂ ਦੀ ਨੌਕਰੀ ਖ਼ਤਰੇ ਵਿਚ ਪੈ ਜਾਵੇਗੀ। ਖ਼ਾਸ ਕਰਕੇ ਉਹ ਨੌਕਰੀਆਂ ਜਿੱਥੇ ਰੋਜ਼ਾਨਾ ਇੱਕੋ ਜਿਹਾ ਕੰਮ ਹੁੰਦਾ ਹੈ, ਉੱਥੇ ਏਆਈ ਮਨੁੱਖਾਂ ਦੀ ਜਗ੍ਹਾ ਲੈ ਸਕਦੀ ਹੈ।
ਦੂਜੇ ਪਾਸੇ ਇਤਿਹਾਸ ਗਵਾਹ ਹੈ ਕਿ ਹਰ ਨਵੀਂ ਤਕਨਾਲੋਜੀ ਦੇ ਨਾਲ ਪੁਰਾਣੀਆਂ ਨੌਕਰੀਆਂ ਖ਼ਤਮ ਹੁੰਦੀਆਂ ਹਨ ਪਰ ਨਵੀਆਂ ਨੌਕਰੀਆਂ ਵੀ ਪੈਦਾ ਹੁੰਦੀਆਂ ਹਨ। ਜਦੋਂ ਕੰਪਿਊਟਰ ਆਇਆ ਸੀ ਤਾਂ ਲੋਕਾਂ ਨੂੰ ਲੱਗਿਆ ਸੀ ਕਿ ਬਹੁਤ ਸਾਰੇ ਕਲਰਕ ਬੇਰੁਜ਼ਗਾਰ ਹੋ ਜਾਣਗੇ ਪਰ ਬਾਅਦ ਵਿਚ ਕੰਪਿਊਟਰ ਇੰਜੀਨੀਅਰ, ਡਾਟਾ ਐਨਾਲਿਸਟ ਅਤੇ ਸਾਫਟਵੇਅਰ ਨਾਲ ਜੁੜੇ ਲੱਖਾਂ ਨਵੇਂ ਰੁਜ਼ਗਾਰ ਬਣੇ। ਏਆਈ ਦੇ ਨਾਲ ਵੀ ਅਜਿਹਾ ਹੀ ਹੋਣ ਵਾਲਾ ਹੈ। ਏਆਈ ਇੰਜੀਨੀਅਰ, ਪ੍ਰੋਂਪਟ ਇੰਜੀਨੀਅਰ, ਏਆਈ ਟ੍ਰੇਨਰ, ਡਾਟਾ ਸਾਇੰਟਿਸਟ, ਸਾਈਬਰ ਸਕਿਉਰਿਟੀ ਐਕਸਪਰਟ ਅਤੇ ਏਆਈ ਨਾਲ ਜੁੜੇ ਕੰਟੈਂਟ ਕ੍ਰੀਏਟਰ ਵਰਗੇ ਨਵੇਂ ਖੇਤਰ ਤੇਜ਼ੀ ਨਾਲ ਵਧ ਰਹੇ ਹਨ। ਏਆਈ ਮਨੁੱਖ ਦੀ ਦੁਸ਼ਮਣ ਨਹੀਂ, ਸਗੋਂ ਸਾਥੀ ਬਣ ਸਕਦੀ ਹੈ। ਡਾਕਟਰ ਏਆਈ ਦੀ ਮਦਦ ਨਾਲ ਜਲਦੀ ਬਿਮਾਰੀ ਦਾ ਪਤਾ ਲਗਾ ਸਕਦਾ ਹੈ। ਅਧਿਆਪਕ ਇਸ ਸਹਾਰੇ ਬੱਚਿਆਂ ਲਈ ਆਸਾਨ ਸਮੱਗਰੀ ਬਣਾ ਸਕਦਾ ਹੈ। ਕਿਸਾਨ ਮੌਸਮ ਅਤੇ ਫ਼ਸਲ ਬਾਰੇ ਸਹੀ ਜਾਣਕਾਰੀ ਲੈ ਸਕਦਾ ਹੈ। ਛੋਟੇ ਕਾਰੋਬਾਰੀ ਏਆਈ ਨਾਲ ਘੱਟ ਖ਼ਰਚੇ ਵਿਚ ਵੱਡਾ ਕੰਮ ਕਰ ਸਕਦੇ ਹਨ। ਇਸ ਦਾ ਮਤਲਬ ਇਹ ਹੈ ਕਿ ਜੋ ਲੋਕ ਏਆਈ ਨੂੰ ਸਿੱਖ ਕੇ ਆਪਣੇ ਕੰਮ ਵਿਚ ਵਰਤਣਗੇ, ਉਹ ਦੂਜਿਆਂ ਨਾਲੋਂ ਅੱਗੇ ਨਿਕਲ ਜਾਣਗੇ।
ਹਾਲਾਂਕਿ ਇਸ ਦੇ ਲਈ ਸਾਨੂੰ ਆਪਣੇ-ਆਪ ਨੂੰ ਬਦਲਣਾ ਪਵੇਗਾ। ਸਿਰਫ਼ ਡਿਗਰੀ ਨਾਲ ਹੁਣ ਕੰਮ ਨਹੀਂ ਚੱਲੇਗਾ। ਹੁਣ ਸਕਿੱਲ ਸਭ ਤੋਂ ਜ਼ਰੂਰੀ ਹੈ। ਸਕੂਲਾਂ ਅਤੇ ਕਾਲਜਾਂ ਵਿਚ ਏਆਈ, ਕੋਡਿੰਗ, ਡਿਜੀਟਲ ਮਾਰਕੀਟਿੰਗ ਤੇ ਪ੍ਰੋਬਲਮ ਸੋਲਵਿੰਗ ਵਰਗੇ ਵਿਸ਼ੇ ਸ਼ਾਮਲ ਕਰਨੇ ਪੈਣਗੇ। ਸਰਕਾਰ ਨੂੰ ਵੀ ਨੌਜਵਾਨਾਂ ਲਈ ਮੁਫ਼ਤ ਸਿਖਲਾਈ ਕੇਂਦਰ ਖੋਲ੍ਹਣੇ ਪੈਣਗੇ ਤਾਂ ਜੋ ਪਿੰਡਾਂ ਦੇ ਬੱਚੇ ਵੀ ਇਸ ਦੌੜ ਵਿਚ ਪਿੱਛੇ ਨਾ ਰਹਿ ਜਾਣ।
ਉਕਤ ਦਾ ਨਿਚੋੜ ਇਹ ਹੈ ਕਿ ਏਆਈ ਰੁਜ਼ਗਾਰ ਖ਼ਤਮ ਨਹੀਂ ਕਰੇਗੀ, ਸਗੋਂ ਰੁਜ਼ਗਾਰ ਦਾ ਰੂਪ ਬਦਲ ਦੇਵੇਗੀ। ਜੋ ਲੋਕ ਨਵੀਂ ਤਕਨਾਲੋਜੀ ਤੋਂ ਡਰ ਕੇ ਪਿੱਛੇ ਹਟ ਜਾਣਗੇ, ਉਨ੍ਹਾਂ ਲਈ ਮੁਸ਼ਕਲ ਹੋਵੇਗੀ। ਪਰ ਜੋ ਲੋਕ ਇਸ ਨੂੰ ਸਿੱਖ ਕੇ ਅਪਣਾਉਣਗੇ, ਉਨ੍ਹਾਂ ਲਈ ਇਹ ਸੁਨਹਿਰੀ ਮੌਕਾ ਹੈ। ਆਉਣ ਵਾਲਾ ਸਮਾਂ ਉਨ੍ਹਾਂ ਦਾ ਹੈ ਜੋ ਏਆਈ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲਣਗੇ। ਇਸ ਲਈ ਡਰਨ ਦੀ ਨਹੀਂ, ਸਗੋਂ ਸਿੱਖਣ ਅਤੇ ਅੱਗੇ ਵਧਣ ਦੀ ਲੋੜ ਹੈ।
-ਗੌਰਵ ਮੁੰਜਾਲ।
-ਮੋਬਾਈਲ : 97808-88878