- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ‘ਗ਼ੈਰ-ਵਿਦਿਅਕ ਬੋਝ’ ਦਾ ਸਭ ਤੋਂ ਮਾੜਾ ਅਸਰ ਬੱਚਿਆਂ ਦੀ ਪੜ੍ਹਾਈ ਅਤੇ ਭਵਿੱਖ ’ਤੇ ਪੈ ਰਿਹਾ ਹੈ। ਅੱਜ ਇਕ ਸਰਕਾਰੀ ਅਧਿਆਪਕ ਨੂੰ ਦਰਜਨਾਂ ਅਜਿਹੇ ਕੰਮ ਕਰਨੇ ਪੈਂਦੇ ਹਨ, ਜਿਨ੍ਹਾਂ ਦਾ ਪੜ੍ਹਾਈ ਨਾਲ ਕੋਈ ਸਿੱਧਾ ਸੰਬੰਧ ਨਹੀਂ ਹੈ। ਲੋਕ ਸਭਾ, ਵਿਧਾਨ ਸਭਾ, ਪੰਚਾਇਤ ਚੋਣਾਂ, ਨਗਰ ਕੌਂਸਲ ਚੋਣਾਂ ਦੇ ਕੰਮ ਵੀ ਇਨ੍ਹਾਂ ਤੋਂ ਲਏ ਜਾ ਰਹੇ ਹਨ। ਇਹ ਕੰਮ ਤਕਰੀਬਨ ਸਾਰਾ ਸਾਲ ਚੱਲਦੇ ਹਨ।
ਅਧਿਆਪਕ ਨੂੰ ਸਮਾਜ ਦਾ ਨਿਰਮਾਤਾ ਕਿਹਾ ਜਾਂਦਾ ਹੈ। ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੇ ਸ਼ਬਦਾਂ ’ਚ ‘ਇਕ ਚੰਗਾ ਅਧਿਆਪਕ ਉਹ ਹੈ ਜੋ ਵਿਦਿਆਰਥੀ ਦੇ ਅੰਦਰ ਦੀ ਚੰਗਿਆੜੀ ਨੂੰ ਜਗਾਉਂਦਾ ਹੈ।’ ਇਕ ਅਧਿਆਪਕ ਦਾ ਮੁੱਖ ਕਾਰਜ ਬੱਚੇ ਨੂੰ ਗਿਆਨ ਦੇਣਾ, ਉਸਦੀ ਸ਼ਖਸੀਅਤ ਘੜਨਾ ਤੇ ਉਸਨੂੰ ਇਕ ਜ਼ਿੰਮੇਵਾਰ ਨਾਗਰਿਕ ਬਣਾਉਣਾ ਹੈ। ਕਲਾਸਰੂਮ ਹੀ ਉਸਦਾ ਕਰਮ-ਖੇਤਰ ਹੁੰਦਾ ਹੈ ਅਤੇ ਸਿੱਖਿਅਤ ਬੱਚੇ ਉਸ ਵੱਲੋਂ ਕੀਤੀ ਕੌਮ ਪ੍ਰਤੀ ਅਸਲ ਡਿਊਟੀ ਹੁੰਦੇ ਹਨ ਪਰ ਅੱਜ ਦੇ ਆਧੁਨਿਕ ਯੁੱਗ ’ਚ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਹਾਲਤ ਇਹ ਬਣ ਗਈ ਹੈ ਕਿ ਉਹ ‘ਸਭ ਕੁਝ’ ਹਨ, ਸਿਵਾਏ ਅਧਿਆਪਕ ਦੇ। ਚੋਣ ਡਿਊਟੀ ਤੋਂ ਲੈ ਕੇ ਮਰਦਮਸ਼ੁਮਾਰੀ ਤੱਕ, ਮਿਡ-ਡੇ-ਮੀਲ ਦੇ ਹਿਸਾਬ-ਕਿਤਾਬ ਤੋਂ ਲੈ ਕੇ ਬੈਂਕ ਖਾਤੇ ਖੁੱਲ੍ਹਵਾਉਣ ਤੱਕ, ਅਧਿਆਪਕ ਨੂੰ ਹਰ ਕੰਮ ਲਈ ਵਰਤਿਆ ਜਾ ਰਿਹਾ ਹੈ।
ਇਸ ‘ਗ਼ੈਰ-ਵਿਦਿਅਕ ਬੋਝ’ ਦਾ ਸਭ ਤੋਂ ਮਾੜਾ ਅਸਰ ਬੱਚਿਆਂ ਦੀ ਪੜ੍ਹਾਈ ਅਤੇ ਭਵਿੱਖ ’ਤੇ ਪੈ ਰਿਹਾ ਹੈ। ਅੱਜ ਇਕ ਸਰਕਾਰੀ ਅਧਿਆਪਕ ਨੂੰ ਦਰਜਨਾਂ ਅਜਿਹੇ ਕੰਮ ਕਰਨੇ ਪੈਂਦੇ ਹਨ, ਜਿਨ੍ਹਾਂ ਦਾ ਪੜ੍ਹਾਈ ਨਾਲ ਕੋਈ ਸਿੱਧਾ ਸੰਬੰਧ ਨਹੀਂ ਹੈ। ਲੋਕ ਸਭਾ, ਵਿਧਾਨ ਸਭਾ, ਪੰਚਾਇਤ ਚੋਣਾਂ, ਨਗਰ ਕੌਂਸਲ ਚੋਣਾਂ ਦੇ ਕੰਮ ਵੀ ਇਨ੍ਹਾਂ ਤੋਂ ਲਏ ਜਾ ਰਹੇ ਹਨ। ਇਹ ਕੰਮ ਤਕਰੀਬਨ ਸਾਰਾ ਸਾਲ ਚੱਲਦੇ ਹਨ। ਸਰਕਾਰੀ ਸਕੂਲਾਂ ’ਚ ਪਹਿਲਾਂ ਹੀ ਅਧਿਆਪਕਾਂ ਦੀ ਘਾਟ ਹੈ। ਜਦੋਂ ਅਧਿਆਪਕ ਚੋਣ ਜਾਂ ਜਨਗਣਨਾ ਡਿਊਟੀ ’ਤੇ ਚਲਾ ਜਾਂਦਾ ਹੈ, ਤਾਂ ਕਲਾਸਾਂ ਖਾਲੀ ਰਹਿ ਜਾਂਦੀਆਂ ਹਨ। ਪੰਜਾਬ ਦੇ ਕਈ ਪ੍ਰਾਇਮਰੀ/ਮਿਡਲ ਸਕੂਲਾਂ ’ਚ ਸਿਰਫ਼ 1 ਜਾਂ 2 ਅਧਿਆਪਕ ਹਨ। ਜੇਕਰ ਇਕ ਡਿਊਟੀ ’ਤੇ ਚਲਾ ਜਾਵੇ ਤਾਂ ਤਿੰਨ ਜਾਂ ਪੰਜ ਜਮਾਤਾਂ ਇਕੱਠੀਆਂ ਬਿਠਾ ਕੇ ‘ਮਲਟੀਗ੍ਰੇਡ ਟੀਚਿੰਗ’ ਦੇ ਨਾਮ ’ਤੇ ਖਾਨਾਪੂਰਤੀ ਕੀਤੀ ਜਾਂਦੀ ਹੈ।
ਸਾਲ ’ਚੋਂ 40-50 ਦਿਨ ਤਾਂ ਸਿਰਫ਼ ਗ਼ੈ-ਵਿਦਿਅਕ ਕੰਮਾਂ ’ਚ ਹੀ ਲੰਘ ਜਾਂਦੇ ਹਨ। ਸਿਲੇਬਸ ਅਧੂਰਾ ਰਹਿੰਦਾ ਹੈ। ਬੱਚੇ ਨੂੰ ਅਧਿਆਪਕ ਦੀ ਲੋੜ ਸਿਰਫ਼ ਕਿਤਾਬੀ ਗਿਆਨ ਲਈ ਨਹੀਂ, ਸਗੋਂ ਭਾਵਨਾਤਮਕ ਸਹਾਰੇ ਲਈ ਵੀ ਹੁੰਦੀ ਹੈ। ਜਦੋਂ ਅਧਿਆਪਕ ਹੀ ਸਕੂਲ ’ਚ ਨਹੀਂ ਹੋਵੇਗਾ ਜਾਂ ਆ ਕੇ ਵੀ ਫਾਈਲਾਂ ’ਚ ਉਲਝਿਆ ਰਹੇਗਾ, ਤਾਂ ਬੱਚਾ ਆਪਣੀ ਸਮੱਸਿਆ ਕਿਸ ਨਾਲ ਸਾਂਝੀ ਕਰੇਗਾ?
ਇਸ ਦੇ ਹੱਲ ਲਈ ਇਹ ਜ਼ਰੂਰੀ ਹੈ ਕਿ ਹਰ ਸਕੂਲ ’ਚ ਮਿਡ-ਡੇ-ਮੀਲ, ਦਾਖ਼ਲਾ ਅਤੇ ਡਾਟਾ ਐਂਟਰੀ ਲਈ ਵੱਖਰਾ ਕਲਰਕ ਜਾਂ ਮੈਨੇਜਰ ਭਰਤੀ ਕੀਤਾ ਜਾਵੇ। ਯਾਦ ਰੱਖੋ, ਇੱਟਾਂ ਨਾਲ ਸਕੂਲ ਦੀ ਇਮਾਰਤ ਬਣਦੀ ਹੈ ਪਰ ਅਧਿਆਪਕ ਨਾਲ ਕੌਮ ਬਣਦੀ ਹੈ। ਇਕ ਦੀਵੇ ਨੂੰ ਰੋਸ਼ਨੀ ਦੇਣ ਦੀ ਥਾਂ ਅੱਗ ਲਗਾਉਣ ਵਾਲੀ ਚੰਗਿਆੜੀ ਬਣਨ ਤੋਂ ਰੋਕਿਆ ਜਾਣਾ ਜ਼ਰੂਰੀ ਹੈ, ਤਾਂ ਜੋ ਚੰਗੇਰੇ ਭਵਿੱਖ ਲਈ ਇਕ ਸੋਹਣੇ ਅਤੇ ਸਾਫ਼-ਸੁਥਰੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।
ਰੁਪਿੰਦਰ ਕੌਰ
ਸ.ਸਿੱਖਿਆ ਅਧਿਆਪਕ, 9417160190