- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੁਨਿਆਦੀ ਢਾਂਚੇ ਦੇ ਨਿਰਮਾਣ ਵਿਚ ਵਰਤੀਆਂ ਜਾਣ ਵਾਲੀਆਂ ਭਾਰੀ ਮਸ਼ੀਨਾਂ ਦੇਸ਼ ਵਿਚ ਹੀ ਬਣਾਉਣ ਲਈ ਕੇਂਦਰੀ ਕੈਬਨਿਟ ਨੇ 11,000 ਕਰੋੜ ਰੁਪਏ ਦੀ ਉਤਸ਼ਾਹ ਵਧਾਊ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ। ਇਹ ਦੇਰ ਨਾਲ ਲਿਆ ਗਿਆ ਇਕ ਦਰੁਸਤ ਫ਼ੈਸਲਾ ਹੈ।

ਬੁਨਿਆਦੀ ਢਾਂਚੇ ਦੇ ਨਿਰਮਾਣ ਵਿਚ ਵਰਤੀਆਂ ਜਾਣ ਵਾਲੀਆਂ ਭਾਰੀ ਮਸ਼ੀਨਾਂ ਦੇਸ਼ ਵਿਚ ਹੀ ਬਣਾਉਣ ਲਈ ਕੇਂਦਰੀ ਕੈਬਨਿਟ ਨੇ 11,000 ਕਰੋੜ ਰੁਪਏ ਦੀ ਉਤਸ਼ਾਹ ਵਧਾਊ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ। ਇਹ ਦੇਰ ਨਾਲ ਲਿਆ ਗਿਆ ਇਕ ਦਰੁਸਤ ਫ਼ੈਸਲਾ ਹੈ। ਇਸ ਦੀ ਲੋੜ ਇਸ ਲਈ ਪਈ ਕਿਉਂਕਿ ਸਾਡੇ ਸਨਅਤਕਾਰ ਇਨਫਰਾ ਟੂਲਜ਼ ਆਖੀਆਂ ਜਾਣ ਵਾਲੀਆਂ ਮਸ਼ੀਨਾਂ ਦਾ ਖ਼ੁਦ ਨਿਰਮਾਣ ਕਰਨ ਲਈ ਅੱਗੇ ਨਹੀਂ ਆ ਰਹੇ ਸਨ। ਇਸ ਕਾਰਨ ਚੀਨ ਉੱਤੇ ਨਿਰਭਰਤਾ ਵਧ ਰਹੀ ਸੀ। ਚੀਨ ਇਸ ਦਾ ਲਾਹਾ ਲੈਂਦਿਆਂ ਕਦੇ ਮਸ਼ੀਨਾਂ ਅਤੇ ਕਦੇ ਉਨ੍ਹਾਂ ਦੇ ਪੁਰਜ਼ਿਆਂ ਦੀ ਬਰਾਮਦ ’ਤੇ ਰੋਕ ਲਾ ਦਿੰਦਾ ਸੀ ਜਾਂ ਸਪਲਾਈ ਵਿਚ ਬੇਲੋੜੀਆਂ ਰੁਕਾਵਟਾਂ ਪੈਦਾ ਕਰਦਾ ਸੀ। ਇਸ ਨੂੰ ਦੇਖਦੇ ਹੋਏ ਸਰਕਾਰ ਨੇ ਜੋ ਫ਼ੈਸਲਾ ਹੁਣ ਲਿਆ ਹੈ, ਉਹ ਪਹਿਲਾਂ ਹੀ ਲੈ ਲੈਣਾ ਚਾਹੀਦਾ ਸੀ।
ਜੇ ਸਾਡੇ ਉੱਦਮੀ ਸਮਾਂ ਰਹਿੰਦਿਆਂ ਇਨਫਰਾ ਟੂਲਜ਼ ਬਣਾਉਣ ਦੀ ਪਹਿਲ ਕਰਦੇ ਤਾਂ ਇਸ ਨਾਲ ਲਾਭ ਵੀ ਉਨ੍ਹਾਂ ਨੂੰ ਹੀ ਹੁੰਦਾ, ਕਿਉਂਕਿ ਇਨ੍ਹਾਂ ਟੂਲਜ਼ ਦੀ ਮੰਗ ਭਾਰਤ ਦੇ ਨਾਲ-ਨਾਲ ਹੋਰਨਾਂ ਦੇਸ਼ਾਂ ਵਿਚ ਵੀ ਵਧ ਰਹੀ ਹੈ। ਇਹ ਸਮਝਣਾ ਔਖਾ ਹੈ ਕਿ ਸਾਡੇ ਉਦਯੋਗਪਤੀਆਂ ਨੇ ਕਰੇਨਾਂ, ਬੁਲਡੋਜ਼ਰਾਂ, ਟਨਲ ਬੋਰਿੰਗ ਮਸ਼ੀਨਾਂ ਅਤੇ ਹੋਰ ਨਿਰਮਾਣ ਸਾਜ਼ੋ-ਸਾਮਾਨ ਦੇ ਨਾਲ-ਨਾਲ ਉੱਚੀਆਂ ਇਮਾਰਤਾਂ ਵਿਚ ਲੱਗਣ ਵਾਲੀਆਂ ਲਿਫਟਾਂ ਅਤੇ ਅੱਗ ਬੁਝਾਊ ਪ੍ਰਣਾਲੀਆਂ ਬਣਾਉਣ ਦੀ ਲੋੜ ਕਿਉਂ ਨਹੀਂ ਮਹਿਸੂਸ ਕੀਤੀ? ਕੀ ਉਹ ਇਸ ਗੱਲ ਤੋਂ ਅਣਜਾਣ ਹਨ ਕਿ ਮੈਟਰੋ, ਬੰਦਰਗਾਹਾਂ, ਰਾਜਮਾਰਗਾਂ, ਰੇਲਵੇ ਅਤੇ ਰਿਹਾਇਸ਼ ਆਦਿ ਨਾਲ ਜੁੜੇ ਵਧਦੇ ਪ੍ਰੋਜੈਕਟਾਂ ’ਚ ਭਾਰੀ ਮਸ਼ੀਨਾਂ ਦੇ ਨਾਲ-ਨਾਲ ਬਿਜਲੀ ਟ੍ਰਾਂਸਮਿਸ਼ਨ ਨਾਲ ਜੁੜੇ ਉਪਕਰਨਾਂ ਦੀ ਮੰਗ ਵੀ ਵਧ ਰਹੀ ਹੈ?
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਰਕਾਰ ਨੂੰ ਉਦਯੋਗ ਜਗਤ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਕੇ ਕੰਮ ਅੱਗੇ ਵਧਾਉਣ ਦਾ ਫ਼ੈਸਲਾ ਖ਼ੁਦ ਕਰਨਾ ਪਿਆ ਹੋਵੇ। ਇਸ ਤੋਂ ਪਹਿਲਾਂ ਵੀ ਸਰਕਾਰ ਨੂੰ ‘ਮੇਕ ਇਨ ਇੰਡੀਆ’ ਵਰਗੀ ਪਹਿਲ ਜ਼ਰੀਏ ਉੱਦਮੀਆਂ ਨੂੰ ਉਹ ਸਭ ਸਾਮਾਨ ਦੇਸ਼ ਵਿਚ ਹੀ ਬਣਾਉਣ ਲਈ ਉਤਸ਼ਾਹਤ ਕਰਨਾ ਪਿਆ ਜਿਸ ਲਈ ਉਹ ਚੀਨ ’ਤੇ ਨਿਰਭਰ ਸਨ। ਇਹ ਠੀਕ ਨਹੀਂ ਕਿ ਸਵਦੇਸ਼ੀ ਦੇ ਸਹਾਰੇ ਆਤਮ-ਨਿਰਭਰ ਬਣਨ ਦੀ ਜ਼ਰੂਰਤ ਵਾਰ-ਵਾਰ ਦੱਸੇ ਜਾਣ ਤੋਂ ਬਾਅਦ ਵੀ ਸਾਡੇ ਸਨਅਤਕਾਰ ਆਪਣੇ ਉਤਪਾਦਾਂ ਲਈ ਕੱਚਾ ਮਾਲ, ਮਸ਼ੀਨਾਂ ਅਤੇ ਪੁਰਜ਼ੇ ਚੀਨ ਤੋਂ ਮੰਗਵਾਉਣਾ ਹੀ ਸੌਖਾ ਸਮਝਦੇ ਹਨ।
ਸਰਕਾਰ ਦਾ ਕੰਮ ਉਦਯੋਗ ਜਗਤ ਨੂੰ ਮਾਫ਼ਕ ਮੌਕੇ ਅਤੇ ਮਾਹੌਲ ਉਪਲਬਧ ਕਰਵਾਉਣਾ ਹੁੰਦਾ ਹੈ ਪਰ ਸਾਡੇ ਦੇਸ਼ ਵਿਚ ਸਰਕਾਰ ਨੂੰ ਉੱਦਮੀਆਂ ਨੂੰ ਇਹ ਵੀ ਦੱਸਣਾ ਪੈਂਦਾ ਹੈ ਕਿ ਉਨ੍ਹਾਂ ਨੂੰ ਕਿਹੜੀਆਂ ਵਸਤਾਂ ਦੇ ਨਿਰਮਾਣ ਨੂੰ ਤਰਜੀਹ ਦੇਣੀ ਚਾਹੀਦੀ ਹੈ ਅਤੇ ਅੰਤਰਰਾਸ਼ਟਰੀ ਮੁਕਾਬਲੇਬਾਜ਼ੀ ਵਿਚ ਕਿਉਂ ਉਤਰਨਾ ਚਾਹੀਦਾ ਹੈ? ਇਹ ਇਕ ਬੁਝਾਰਤ ਹੀ ਹੈ ਕਿ ਸਾਡੇ ਉੱਦਮੀ ਨਿਰਮਾਣ ਦੇ ਮਾਮਲੇ ਵਿਚ ਚੀਨ ਤੋਂ ਕੋਈ ਸਬਕ ਸਿੱਖਣ ਦੀ ਬਜਾਏ ਉਸ ਉੱਤੇ ਆਪਣੀ ਨਿਰਭਰਤਾ ਕਿਉਂ ਕਾਇਮ ਰੱਖ ਰਹੇ ਹਨ? ਇਸ ਪ੍ਰਸ਼ਨ ਦਾ ਵੀ ਉੱਤਰ ਨਹੀਂ ਮਿਲਿਆ ਹੈ ਕਿ ਉਹ ਖੋਜ ਤੇ ਵਿਕਾਸ ਅਤੇ ਨਵੀਆਂ ਕਾਢਾਂ ਨੂੰ ਤਰਜੀਹ ਦੇਣ ਲਈ ਤਤਪਰ ਕਿਉਂ ਨਹੀਂ ਦਿਸ ਰਹੇ ਹਨ? ਜੇ ਉਹ ਘਰੇਲੂ ਬਾਜ਼ਾਰ ਨਾਲ ਹੀ ਸੰਤੁਸ਼ਟ ਰਹਿੰਦੇ ਹਨ ਤਾਂ ਨਾ ਤਾਂ ਭਾਰਤ ਨੂੰ ਵਿਕਸਤ ਦੇਸ਼ ਬਣਾਉਣ ਦੇ ਟੀਚੇ ਵਿਚ ਮਦਦਗਾਰ ਬਣ ਸਕਣਗੇ ਅਤੇ ਨਾ ਹੀ ਕੌਮਾਂਤਰੀ ਬਾਜ਼ਾਰਾਂ ਵਿਚ ਆਪਣੀ ਛਾਪ ਛੱਡਣ ਦੇ ਸਮਰੱਥ ਹੋ ਸਕਦੇ ਹਨ।