ਇਸ ਦੇ ਬਹੁਤ ਆਸਾਰ ਹਨ ਕਿ ਹੁਣ ਤੱਕ ਆਪਣੀ ਮਨਮਾਨੀ ਕਰਦੇ ਆ ਰਹੇ ਟਰੰਪ ਨੂੰ ਇਸ ਵਾਰ ਆਪਣੇ ਹੰਕਾਰ ਦੀ ਕੀਮਤ ਤਾਰਨੀ ਪਵੇਗੀ। ਪੱਛਮੀ ਏਸ਼ੀਆ ਦਾ ਸੰਕਟ ਜਿਸ ਤਰ੍ਹਾਂ ਡੂੰਘਾ ਹੁੰਦਾ ਜਾ ਰਿਹਾ ਹੈ ਅਤੇ ਟਰੰਪ ਇਸ ਸੰਕਟ ਅੱਗੇ ਜਿਸ ਤਰ੍ਹਾਂ ਲਾਚਾਰ-ਬੇਸਹਾਰਾ ਦਿਖਾਈ ਦੇ ਰਹੇ ਹਨ, ਉਸ ਕਾਰਨ ਉਨ੍ਹਾਂ ਦੀ ਜੱਗ ਹਸਾਈ ਤਾਂ ਹੋ ਹੀ ਰਹੀ ਹੈ, ਅਮਰੀਕਾ ਦੇ ਵੱਕਾਰ ਨੂੰ ਵੀ ਢਾਹ ਲੱਗ ਰਹੀ ਹੈ।

ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਕਾਰ ਯੁੱਧ ਸ਼ੁਰੂ ਹੋਏ ਨੂੰ ਇਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਪਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਖ਼ੁਦ ਨੂੰ ਸ਼ਾਂਤੀ ਦਾ ਮਸੀਹਾ ਦੱਸੇ ਜਾਣ ਤੋਂ ਬਾਅਦ ਵੀ ਪੂਰੀ ਦੁਨੀਆ ਨੂੰ ਪ੍ਰਭਾਵਿਤ ਕਰਨ ਵਾਲਾ ਇਹ ਖ਼ਤਰਨਾਕ ਫ਼ੌਜੀ ਸੰਘਰਸ਼ ਖ਼ਤਮ ਹੋਣ ਦੀ ਬਜਾਏ ਹੋਰ ਲੰਬਾ ਖਿੱਚਦਾ ਦਿਖਾਈ ਦੇ ਰਿਹਾ ਹੈ। ਇਸ ਦਾ ਸਬੂਤ ਹੈ ਅਮਰੀਕਾ ਵੱਲੋਂ ਈਰਾਨ ਦੇ ਪਰਮਾਣੂ ਕੇਂਦਰ ਨੂੰ ਨਿਸ਼ਾਨਾ ਬਣਾਉਣਾ।
ਈਰਾਨ ਦੇ ਇਸਫਹਾਨ ਸਥਿਤ ਪਰਮਾਣੂ ਕੇਂਦਰ ’ਤੇ ਅਮਰੀਕਾ ਨੇ ਇਕ ਅਜਿਹੇ ਸਮੇਂ ਬੰਕਰ ਬਸਟਰ ਬੰਬ ਸੁੱਟਿਆ ਜਦੋਂ ਟਰੰਪ ਈਰਾਨੀ ਨੇਤਾਵਾਂ ਨਾਲ ਸ਼ਾਂਤੀ ਪ੍ਰਸਤਾਵ ’ਤੇ ਕਥਿਤ ਤੌਰ ’ਤੇ ਗੱਲਬਾਤ ਵੀ ਕਰ ਰਹੇ ਹਨ। ਜਾਂ ਤਾਂ ਉਹ ਝੂਠ ਬੋਲ ਰਹੇ ਹਨ ਜਾਂ ਈਰਾਨ ਦੇ ਨਾਲ-ਨਾਲ ਪੱਛਮੀ ਏਸ਼ੀਆ ਦੇ ਦੇਸ਼ਾਂ ਅਤੇ ਸੰਸਾਰ ਨਾਲ ਵੀ ਧੋਖਾ ਕਰ ਰਹੇ ਹਨ। ਪੱਛਮੀ ਏਸ਼ੀਆ ਦੇ ਸੰਕਟ ਦਾ ਹੱਲ ਕਰਨ ਦੇ ਮਾਮਲੇ ਵਿਚ ਉਨ੍ਹਾਂ ਦਾ ਇਰਾਦਾ ਜੋ ਵੀ ਹੋਵੇ, ਉਹ ਬਿਲਕੁਲ ਵੀ ਭਰੋਸੇਯੋਗ ਨਹੀਂ ਰਹਿ ਗਏ ਹਨ। ਇਸੇ ਕਾਰਨ ਅਮਰੀਕਾ ਵਿਚ ਤਾਂ ਉਨ੍ਹਾਂ ਦਾ ਵਿਰੋਧ ਵਧਦਾ ਹੀ ਜਾ ਰਿਹਾ ਹੈ, ਉਨ੍ਹਾਂ ਦੇ ਮਿੱਤਰ ਦੇਸ਼ ਅਤੇ ਇੱਥੋਂ ਤੱਕ ਕਿ ਨਾਟੋ ਮੁਲਕ ਵੀ ਈਰਾਨ ਖ਼ਿਲਾਫ਼ ਜੰਗ ਵਿਚ ਉਨ੍ਹਾਂ ਨੂੰ ਸਹਿਯੋਗ ਦੇਣ ਲਈ ਤਿਆਰ ਨਹੀਂ ਹਨ। ਹੁਣ ਇਹ ਵੀ ਸਾਫ਼ ਦਿਖਾਈ ਦੇ ਰਿਹਾ ਹੈ ਕਿ ਟਰੰਪ ਨੇ ਬਿਨਾਂ ਸੋਚੇ-ਸਮਝੇ ਇਜ਼ਰਾਈਲ ਨਾਲ ਮਿਲ ਕੇ ਈਰਾਨ ’ਤੇ ਹਮਲਾ ਕਰ ਕੇ ਅਮਰੀਕਾ ਅਤੇ ਯੂਰਪ ਸਮੇਤ ਪੂਰੇ ਸੰਸਾਰ ਨੂੰ ਸੰਕਟ ਵਿਚ ਪਾ ਦਿੱਤਾ ਹੈ।
ਇਸ ਦੇ ਬਹੁਤ ਆਸਾਰ ਹਨ ਕਿ ਹੁਣ ਤੱਕ ਆਪਣੀ ਮਨਮਾਨੀ ਕਰਦੇ ਆ ਰਹੇ ਟਰੰਪ ਨੂੰ ਇਸ ਵਾਰ ਆਪਣੇ ਹੰਕਾਰ ਦੀ ਕੀਮਤ ਤਾਰਨੀ ਪਵੇਗੀ। ਪੱਛਮੀ ਏਸ਼ੀਆ ਦਾ ਸੰਕਟ ਜਿਸ ਤਰ੍ਹਾਂ ਡੂੰਘਾ ਹੁੰਦਾ ਜਾ ਰਿਹਾ ਹੈ ਅਤੇ ਟਰੰਪ ਇਸ ਸੰਕਟ ਅੱਗੇ ਜਿਸ ਤਰ੍ਹਾਂ ਲਾਚਾਰ-ਬੇਸਹਾਰਾ ਦਿਖਾਈ ਦੇ ਰਹੇ ਹਨ, ਉਸ ਕਾਰਨ ਉਨ੍ਹਾਂ ਦੀ ਜੱਗ ਹਸਾਈ ਤਾਂ ਹੋ ਹੀ ਰਹੀ ਹੈ, ਅਮਰੀਕਾ ਦੇ ਵੱਕਾਰ ਨੂੰ ਵੀ ਢਾਹ ਲੱਗ ਰਹੀ ਹੈ। ਇਹ ਸਹੀ ਸਮਾਂ ਹੈ ਕਿ ਅਮਰੀਕਾ ਦੇ ਨੀਤੀ-ਘਾੜੇ ਅਤੇ ਨਾਲ ਹੀ ਉੱਥੋਂ ਦੀ ਜਨਤਾ ਇਸ ’ਤੇ ਵਿਚਾਰ ਕਰੇ ਕਿ ਉਨ੍ਹਾਂ ਨੇ ਟਰੰਪ ਵਰਗੇ ਅਸਥਿਰ ਪ੍ਰਵਿਰਤੀ ਦੇ ਵਿਅਕਤੀ ਨੂੰ ਰਾਸ਼ਟਰਪਤੀ ਚੁਣ ਕੇ ਕੀ ਹਾਸਲ ਕੀਤਾ? ਇਸ ਵਿਚ ਕੋਈ ਸ਼ੱਕ ਨਹੀਂ ਕਿ ਅਮਰੀਕਾ ਦੇ ਨਾਲ-ਨਾਲ ਇਜ਼ਰਾਈਲ ਦੀ ਰਣਨੀਤੀ ਵੀ ਸਵਾਲਾਂ ਦੇ ਘੇਰੇ ਵਿਚ ਹੈ ਪਰ ਇਸ ਦੇ ਨਾਲ ਹੀ ਈਰਾਨ ਦੇ ਰਵੱਈਏ ਨੂੰ ਵੀ ਸਹੀ ਨਹੀਂ ਕਿਹਾ ਜਾ ਸਕਦਾ।
ਈਰਾਨ ਇਕ ਤਰ੍ਹਾਂ ਨਾਲ ਇਹੀ ਦਿਖਾ ਰਿਹਾ ਹੈ ਕਿ ਅਮਰੀਕਾ ਅਤੇ ਇਜ਼ਰਾਈਲ ਦਾ ਸਾਹਮਣਾ ਕਰਨ ਲਈ ਉਸ ਨੂੰ ਆਪਣੀ ਬਰਬਾਦੀ ਦੀ ਪਰਵਾਹ ਨਹੀਂ ਹੈ ਅਤੇ ਉਸ ਦੀ ਤਰਜੀਹ ਊਰਜਾ ਸੰਕਟ ਨੂੰ ਸਿਖਰ ’ਤੇ ਲੈ ਕੇ ਜਾਣਾ ਅਤੇ ਆਪਣੇ ਗੁਆਂਢੀ ਦੇਸ਼ਾਂ ਦੇ ਨੱਕ ਵਿਚ ਦਮ ਕਰਨਾ ਹੈ। ਸ਼ਾਇਦ ਉਸ ਦੀ ਇਸੇ ਨੀਤੀ ਕਾਰਨ ਖਾੜੀ ਦੇ ਦੇਸ਼ ਨੁਕਸਾਨ ਉਠਾਉਣ ਦੇ ਬਾਵਜੂਦ ਇਹ ਚਾਹੁੰਦੇ ਹਨ ਕਿ ਈਰਾਨ ਕਿਸੇ ਤਰ੍ਹਾਂ ਪਸਤ ਹੋ ਜਾਵੇ।
ਇਸ ਤੋਂ ਵੀ ਵੱਡੀ ਵਿਡੰਬਣਾ ਇਹ ਹੈ ਕਿ ਸੰਸਾਰ ਦੇ ਪ੍ਰਮੁੱਖ ਦੇਸ਼ ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਕਾਰ ਜਾਰੀ ਫ਼ੌਜੀ ਸੰਘਰਸ਼ ਨੂੰ ਰੋਕਣ ਲਈ ਗੰਭੀਰਤਾ ਨਾਲ ਕੋਈ ਠੋਸ ਪਹਿਲ ਕਰਦੇ ਦਿਖਾਈ ਨਹੀਂ ਦੇ ਰਹੇ ਹਨ। ਹੁਣ ਜਦੋਂ ਸਾਰੇ ਦੇਸ਼ ਪ੍ਰਭਾਵਹੀਣ ਦਿਖਾਈ ਦੇ ਰਹੇ ਹਨ, ਤਾਂ ਫਿਰ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਕਿਤਿਓਂ ਕੋਈ ਇਹ ਆਵਾਜ਼ ਜ਼ੋਰਦਾਰ ਤਰੀਕੇ ਨਾਲ ਉੱਠੇ ਕਿ ਮਨੁੱਖਤਾ ਦੇ ਹਿੱਤ ਵਿਚ ਇਸ ਯੁੱਧ ਦਾ ਖ਼ਾਤਮਾ ਕੀਤਾ ਜਾਵੇ। ਚੰਗਾ ਹੋਵੇਗਾ ਕਿ ਅਜਿਹੀ ਆਵਾਜ਼ ਬੁਲੰਦ ਕਰਨ ਦਾ ਕੰਮ ਭਾਰਤ ਕਰੇ।