ਨਿਊਜ਼ੀਲੈਂਡ ਟੀਮ 'ਚ ਸ਼ਾਮਲ ਹੋਇਆ 6 ਫੁੱਟ 6 ਇੰਚ ਲੰਬਾ ਗੇਂਦਬਾਜ਼, ਆਸਟ੍ਰੇਲੀਆ ਦੇ ਬੱਲੇਬਾਜ਼ਾਂ ਲਈ ਬਣੇਗਾ ਮੁਸੀਬਤ; ਟੈਸਟ ਸੀਰੀਜ਼ ਲਈ ਕੀਵੀ ਟੀਮ ਦਾ ਐਲਾਨ
ਨਿਊਜ਼ੀਲੈਂਡ ਨੇ ਇਸ ਸੀਰੀਜ਼ ਲਈ ਸੱਤ ਤੇਜ਼ ਗੇਂਦਬਾਜ਼ਾਂ ਨੂੰ ਚੁਣਿਆ ਹੈ। ਵਿਲ ਓ'ਰੌਰਕੇ ਦੀ ਟੀਮ 'ਚ ਵਾਪਸੀ ਹੋਈ ਹੈ। ਉੱਥੇ ਹੀ ਮਾਈਕਲ ਰਾਏ ਨੂੰ ਵੀ ਮੁੜ ਟੀਮ 'ਚ ਬੁਲਾਇਆ ਗਿਆ ਹੈ। ਮਾਈਕਲ ਹੀ ਉਹ ਛੇ ਫੁੱਟ ਛੇ ਇੰਚ ਲੰਬੇ ਗੇਂਦਬਾਜ਼ ਹਨ। ਉਹ ਨਿਊਜ਼ੀਲੈਂਡ ਲਈ ਟੈਸਟ ਡੈਬਿਊ ਕਰ ਚੁੱਕੇ ਹਨ।
Publish Date: Sat, 28 Nov 2026 09:44 AM (IST)
Updated Date: Sat, 28 Nov 2026 09:46 AM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਨਿਊਜ਼ੀਲੈਂਡ ਕ੍ਰਿਕਟ ਬੋਰਡ ਨੇ ਆਸਟ੍ਰੇਲੀਆ ਖ਼ਿਲਾਫ਼ ਖੇਡੀ ਜਾਣ ਵਾਲੀ ਚਾਰ ਮੈਚਾਂ ਦੀ ਟੈਸਟ ਸੀਰੀਜ਼ ਲਈ ਟੀਮ ਦਾ ਐਲਾਨ ਕਰ ਦਿੱਤਾ ਹੈ। ਚੋਣਕਾਰਾਂ ਨੇ ਇਸ ਸੀਰੀਜ਼ ਲਈ ਛੇ ਫੁੱਟ ਛੇ ਇੰਚ ਲੰਬੇ ਗੇਂਦਬਾਜ਼ ਨੂੰ ਚੁਣਿਆ ਹੈ। ਇਸ ਤੋਂ ਇਲਾਵਾ ਇਕ ਹੋਰ ਗੇਂਦਬਾਜ਼ ਦੀ ਵੀ ਟੀਮ 'ਚ ਵਾਪਸੀ ਹੋਈ ਹੈ।
ਨਿਊਜ਼ੀਲੈਂਡ ਨੇ ਇਸ ਸੀਰੀਜ਼ ਲਈ ਸੱਤ ਤੇਜ਼ ਗੇਂਦਬਾਜ਼ਾਂ ਨੂੰ ਚੁਣਿਆ ਹੈ। ਵਿਲ ਓ'ਰੌਰਕੇ ਦੀ ਟੀਮ 'ਚ ਵਾਪਸੀ ਹੋਈ ਹੈ। ਉੱਥੇ ਹੀ ਮਾਈਕਲ ਰਾਏ ਨੂੰ ਵੀ ਮੁੜ ਟੀਮ 'ਚ ਬੁਲਾਇਆ ਗਿਆ ਹੈ। ਮਾਈਕਲ ਹੀ ਉਹ ਛੇ ਫੁੱਟ ਛੇ ਇੰਚ ਲੰਬੇ ਗੇਂਦਬਾਜ਼ ਹਨ। ਉਹ ਨਿਊਜ਼ੀਲੈਂਡ ਲਈ ਟੈਸਟ ਡੈਬਿਊ ਕਰ ਚੁੱਕੇ ਹਨ।
ਭਾਰਤ ਖ਼ਿਲਾਫ਼ ਦਿੱਤਾ ਗਿਆ ਸੀ ਆਰਾਮ
ਵਿਲ ਨੂੰ ਭਾਰਤ ਖ਼ਿਲਾਫ਼ ਖੇਡੀ ਜਾ ਰਹੀ ਟੈਸਟ ਸੀਰੀਜ਼ ਤੋਂ ਆਰਾਮ ਦਿੱਤਾ ਗਿਆ ਸੀ। ਉਹ ਵਨਡੇ ਅਤੇ ਟੀ-20 ਟੀਮ ਦਾ ਵੀ ਹਿੱਸਾ ਨਹੀਂ ਸਨ। ਉਨ੍ਹਾਂ ਨੇ ਆਖ਼ਰੀ ਵਾਰ ਇੰਗਲੈਂਡ 'ਚ ਟੈਸਟ ਸੀਰੀਜ਼ ਖੇਡੀ ਸੀ। ਹੁਣ ਤੱਕ ਉਨ੍ਹਾਂ ਨੇ 14 ਟੈਸਟ ਮੈਚਾਂ 'ਚ 49 ਵਿਕਟਾਂ ਲਈਆਂ ਹਨ, ਜਿਨ੍ਹਾਂ 'ਚ ਦੋ ਵਾਰ ਪੰਜ ਵਿਕਟਾਂ ਲੈਣ ਦਾ ਕਾਰਨਾਮਾ ਵੀ ਸ਼ਾਮਲ ਹੈ।
ਉੱਥੇ ਹੀ, ਮਾਈਕਲ ਨੇ ਪਿਛਲੀ ਗਰਮੀਆਂ 'ਚ ਵੈਲਿੰਗਟਨ ਵਿਖੇ ਵੈਸਟਇੰਡੀਜ਼ ਖ਼ਿਲਾਫ਼ ਆਪਣਾ ਪਹਿਲਾ ਟੈਸਟ ਮੈਚ ਖੇਡਿਆ ਸੀ। ਫਰਸਟ ਕਲਾਸ ਕ੍ਰਿਕਟ 'ਚ ਉਨ੍ਹਾਂ ਦੇ ਨਾਂ 238 ਵਿਕਟਾਂ ਹਨ। ਉਨ੍ਹਾਂ ਨੇ ਨਿਊਜ਼ੀਲੈਂਡ ਲਈ ਹੁਣ ਤੱਕ ਦੋ ਟੈਸਟ ਮੈਚ ਖੇਡੇ ਹਨ ਅਤੇ ਅੱਠ ਵਿਕਟਾਂ ਹਾਸਲ ਕੀਤੀਆਂ ਹਨ।
ਪਿਛਲੇ ਸਾਲ ਅਗਸਤ 'ਚ ਜ਼ਿੰਬਾਬਵੇ ਖ਼ਿਲਾਫ਼ ਟੈਸਟ ਡੈਬਿਊ ਕਰਨ ਵਾਲੇ ਮੈਟ ਫਿਸ਼ਰ ਨੂੰ ਵੀ ਟੀਮ 'ਚ ਚੁਣਿਆ ਗਿਆ ਹੈ। ਉਹ ਭਾਰਤ ਖ਼ਿਲਾਫ਼ ਤਿੰਨਾਂ ਸੀਰੀਜ਼ਾਂ 'ਚ ਟੀਮ ਦਾ ਹਿੱਸਾ ਹਨ। ਉਹ ਬਲੇਅਰ ਟਿਕਨਰ ਦੀ ਜਗ੍ਹਾ ਦੂਜੇ ਟੈਸਟ ਮੈਚ 'ਚ ਟੀਮ 'ਚ ਸ਼ਾਮਲ ਹੋਏ ਸਨ।
ਸੈਂਟਨਰ ਨੂੰ ਨਹੀਂ ਮਿਲੀ ਜਗ੍ਹਾ
ਸੱਟ ਕਾਰਨ ਭਾਰਤ ਖ਼ਿਲਾਫ਼ ਟੈਸਟ ਸੀਰੀਜ਼ ਤੋਂ ਬਾਹਰ ਹੋਏ ਖੱਬੇ ਹੱਥ ਦੇ ਸਪਿਨਰ ਮਿਚੇਲ ਸੈਂਟਨਰ ਅਤੇ ਬਲੇਅਰ ਟਿਕਨਰ ਨੂੰ ਟੀਮ 'ਚ ਜਗ੍ਹਾ ਨਹੀਂ ਮਿਲੀ ਹੈ। ਇਹ ਦੋਵੇਂ ਇਸ ਸਮੇਂ ਆਪਣੀ ਸੱਟ ਤੋਂ ਉਭਰਨ 'ਤੇ ਧਿਆਨ ਦੇ ਰਹੇ ਹਨ ਅਤੇ ਰਿਹੈਬ 'ਚ ਹਨ। ਫਿੱਟ ਹੋਣ ਤੋਂ ਬਾਅਦ ਇਹ ਦੋਵੇਂ ਟੀਮ ਨਾਲ ਜੁੜ ਸਕਦੇ ਹਨ।
ਨਿਊਜ਼ੀਲੈਂਡ ਦੀ ਟੀਮ
ਟਾਮ ਲੈਥਮ (ਕਪਤਾਨ), ਟਾਮ ਬਲੰਡਲ (ਵਿਕਟਕੀਪਰ), ਡੇਵੋਨ ਕਾਨਵੇ, ਜੈਕਬ ਡਫੀ, ਮੈਟ ਫਿਸ਼ਰ, ਡੀਨ ਫੌਕਸਕ੍ਰਾਫਟ, ਮੈਟ ਹੈਨਰੀ, ਕਾਇਲ ਜੈਮੀਸਨ, ਡੈਰਿਲ ਮਿਚੇਲ, ਹੈਨਰੀ ਨਿਕੋਲਸ, ਵਿਲ ਓ'ਰੌਰਕੇ, ਗਲੇਨ ਫਿਲਿਪਸ, ਮਾਈਕਲ ਰਾਏ, ਰਚਿਨ ਰਵਿੰਦਰਾ, ਨਾਥਨ ਸਮਿੱਥ ਅਤੇ ਵਿਲ ਯੰਗ।