ਕਿੱਥੇ ਗਾਇਬ ਹੋ ਗਏ ਮੁਹੰਮਦ ਸਿਰਾਜ, ਸਿਲੈਕਟਰਾਂ ਨੂੰ ਨਹੀਂ ਆ ਰਹੇ ਨਜ਼ਰ? ਸੋਸ਼ਲ ਮੀਡੀਆ 'ਤੇ ਛਿੜੀ ਬਹਿਸ
ਬੀ.ਸੀ.ਸੀ.ਆਈ. (BCCI) ਦੀ ਸੀਨੀਅਰ ਸਿਲੈਕਸ਼ਨ ਕਮੇਟੀ ਨੇ ਜਦੋਂ ਐਤਵਾਰ ਨੂੰ ਇੰਗਲੈਂਡ ਦੌਰੇ 'ਤੇ ਖੇਡੀ ਜਾਣ ਵਾਲੀ ਵਨਡੇ (ODI) ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ ਕੀਤਾ ਤਾਂ ਕਈ ਨਾਵਾਂ 'ਤੇ ਚਰਚਾ ਹੋਈ ਪਰ ਇਸ ਦੌਰਾਨ ਇੱਕ ਨਾਂ ਸਭ ਤੋਂ ਵੱਧ ਯਾਦ ਕੀਤਾ ਗਿਆ, ਜਿਸ ਨੂੰ ਸਿਲੈਕਸ਼ਨ ਕਮੇਟੀ ਵੀ ਵਨਡੇ ਫਾਰਮੈਟ ਵਿੱਚ ਭੁੱਲ ਚੁੱਕੀ ਜਾਪਦੀ ਹੈ—ਉਹ ਨਾਂ ਹੈ ਮੁਹੰਮਦ ਸਿਰਾਜ।
Publish Date: Mon, 22 Jun 2026 01:00 PM (IST)
Updated Date: Mon, 22 Jun 2026 01:02 PM (IST)

ਸਪੋਰਟਸ ਡੈਸਕ, ਨਵੀਂ ਦਿੱਲੀ। ਬੀ.ਸੀ.ਸੀ.ਆਈ. (BCCI) ਦੀ ਸੀਨੀਅਰ ਸਿਲੈਕਸ਼ਨ ਕਮੇਟੀ ਨੇ ਜਦੋਂ ਐਤਵਾਰ ਨੂੰ ਇੰਗਲੈਂਡ ਦੌਰੇ 'ਤੇ ਖੇਡੀ ਜਾਣ ਵਾਲੀ ਵਨਡੇ (ODI) ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ ਕੀਤਾ ਤਾਂ ਕਈ ਨਾਵਾਂ 'ਤੇ ਚਰਚਾ ਹੋਈ ਪਰ ਇਸ ਦੌਰਾਨ ਇੱਕ ਨਾਂ ਸਭ ਤੋਂ ਵੱਧ ਯਾਦ ਕੀਤਾ ਗਿਆ, ਜਿਸ ਨੂੰ ਸਿਲੈਕਸ਼ਨ ਕਮੇਟੀ ਵੀ ਵਨਡੇ ਫਾਰਮੈਟ ਵਿੱਚ ਭੁੱਲ ਚੁੱਕੀ ਜਾਪਦੀ ਹੈ—ਉਹ ਨਾਂ ਹੈ ਮੁਹੰਮਦ ਸਿਰਾਜ।
ਆਪਣੀ ਸ਼ਾਨਦਾਰ ਲਾਈਨ-ਲੈਂਥ, ਕਦੇ ਹਾਰ ਨਾ ਮੰਨਣ ਵਾਲੇ ਜਜ਼ਬੇ ਅਤੇ ਬਿਨਾਂ ਥੱਕੇ ਟੀਮ ਲਈ ਜਾਨ ਦੀ ਬਾਜ਼ੀ ਲਗਾਉਣ ਵਾਲਾ ਇਹ ਗੇਂਦਬਾਜ਼ ਵਨਡੇ ਟੀਮ ਵਿੱਚੋਂ ਗਾਇਬ ਦਿਖਾਈ ਦੇ ਰਿਹਾ ਹੈ। ਸਿਰਾਜ ਦਾ ਨਾਂ ਟੀਮ ਵਿੱਚ ਨਾ ਦੇਖ ਕੇ ਸੋਸ਼ਲ ਮੀਡੀਆ 'ਤੇ ਬਹਿਸ ਸ਼ੁਰੂ ਹੋ ਗਈ ਹੈ ਅਤੇ ਲੋਕ ਉਨ੍ਹਾਂ ਨੂੰ ਯਾਦ ਕਰਨ ਲੱਗੇ ਹਨ।
ਕੀ ਹੈ ਵਜ੍ਹਾ?
ਪ੍ਰਸ਼ੰਸਕਾਂ ਦੇ ਮਨਾਂ ਵਿੱਚ ਸਵਾਲ ਹੈ ਕਿ ਇੰਨੇ ਸ਼ਾਨਦਾਰ ਗੇਂਦਬਾਜ਼ ਨੂੰ ਵਨਡੇ ਸੀਰੀਜ਼ ਲਈ ਕਿਉਂ ਨਹੀਂ ਚੁਣਿਆ ਗਿਆ? ਭਾਰਤੀ ਟੀਮ ਇੰਗਲੈਂਡ ਦੌਰੇ 'ਤੇ ਸਿਰਫ਼ ਵਨਡੇ ਹੀ ਨਹੀਂ, ਸਗੋਂ ਟੀ-20 ਸੀਰੀਜ਼ ਵੀ ਖੇਡੇਗੀ। ਇੰਗਲੈਂਡ ਤੋਂ ਪਹਿਲਾਂ ਭਾਰਤ ਨੇ ਆਇਰਲੈਂਡ ਖ਼ਿਲਾਫ਼ ਦੋ ਟੀ-20 ਮੈਚਾਂ ਦੀ ਸੀਰੀਜ਼ ਖੇਡਣੀ ਹੈ। ਇਸ ਸੀਰੀਜ਼ ਲਈ ਵੀ ਸਿਰਾਜ ਨੂੰ ਨਹੀਂ ਚੁਣਿਆ ਗਿਆ। ਹਾਲਾਂਕਿ, ਇਸ ਦੇ ਪਿੱਛੇ ਬੀਸੀਸੀਆਈ ਨੇ ਦੱਸਿਆ ਸੀ ਕਿ ਸਿਰਾਜ ਨੂੰ 'ਵਰਕਲੋਡ ਮੈਨੇਜਮੈਂਟ' ਦੇ ਤਹਿਤ ਬਾਹਰ ਰੱਖਿਆ ਗਿਆ ਹੈ।
9 ਜੂਨ ਨੂੰ ਬੀ.ਸੀ.ਸੀ.ਆਈ. ਨੇ ਟੀ-20 ਟੀਮ ਦਾ ਐਲਾਨ ਕਰਦਿਆਂ ਜੋ ਬਿਆਨ ਜਾਰੀ ਕੀਤਾ ਸੀ, ਉਸ ਵਿੱਚ ਲਿਖਿਆ ਸੀ ਕਿ ਸਿਰਾਜ ਨੇ ਆਇਰਲੈਂਡ ਅਤੇ ਇੰਗਲੈਂਡ ਖ਼ਿਲਾਫ਼ ਖੇਡੀ ਜਾਣ ਵਾਲੀ ਟੀ-20 ਸੀਰੀਜ਼ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਬਿਆਨ ਵਿੱਚ ਇਹ ਵੀ ਲਿਖਿਆ ਸੀ ਕਿ ਬੀਸੀਸੀਆਈ ਦੀ ਮੈਡੀਕਲ ਟੀਮ ਨਾਲ ਗੱਲਬਾਤ ਕਰਨ ਤੋਂ ਬਾਅਦ ਸਿਰਾਜ ਨੂੰ ਵਰਕਲੋਡ ਮੈਨੇਜਮੈਂਟ ਪ੍ਰੋਗਰਾਮ ਤਹਿਤ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ।
ਨਹੀਂ ਦੱਸਿਆ ਕਾਰਨ
ਅਫ਼ਗਾਨਿਸਤਾਨ ਖ਼ਿਲਾਫ਼ ਵਨਡੇ ਸੀਰੀਜ਼ ਵਿੱਚ ਵੀ ਸਿਰਾਜ ਦਾ ਨਾਂ ਨਹੀਂ ਸੀ। ਹੁਣ ਇੰਗਲੈਂਡ ਖ਼ਿਲਾਫ਼ ਵੀ ਉਨ੍ਹਾਂ ਦਾ ਨਾਂ ਨਾ ਦੇਖ ਕੇ ਹਰ ਕੋਈ ਹੈਰਾਨ ਹੈ। ਬੀਸੀਸੀਆਈ ਨੇ ਜਿਸ ਤਰ੍ਹਾਂ ਟੀ-20 ਟੀਮ ਦਾ ਐਲਾਨ ਕਰਦੇ ਸਮੇਂ ਸਿਰਾਜ ਦੇ ਬਾਹਰ ਹੋਣ ਦਾ ਕਾਰਨ ਦੱਸਿਆ ਸੀ, ਉਸ ਤਰ੍ਹਾਂ ਵਨਡੇ ਟੀਮ ਦਾ ਐਲਾਨ ਕਰਦੇ ਸਮੇਂ ਨਹੀਂ ਦੱਸਿਆ। ਇਸ ਨਾਲ ਇਹ ਸਾਫ਼ ਨਹੀਂ ਹੋ ਸਕਿਆ ਹੈ ਕਿ ਸਿਰਾਜ ਨੂੰ ਵਨਡੇ ਸੀਰੀਜ਼ ਵਿੱਚ ਵੀ ਵਰਕਲੋਡ ਕਰਕੇ ਆਰਾਮ ਦਿੱਤਾ ਗਿਆ ਹੈ ਜਾਂ ਫਿਰ ਉਨ੍ਹਾਂ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ।
ਇਸੇ ਕਾਰਨ ਸੋਸ਼ਲ ਮੀਡੀਆ 'ਤੇ ਸਿਰਾਜ ਨੂੰ ਲੈ ਕੇ ਸਵਾਲ ਪੁੱਛੇ ਜਾ ਰਹੇ ਹਨ ਕਿ ਉਹ ਟੀਮ ਵਿੱਚ ਕਿਉਂ ਨਹੀਂ ਹਨ? ਸਿਲੈਕਸ਼ਨ ਕਮੇਟੀ 'ਤੇ ਵੀ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਦੇ ਦੋਸ਼ ਲੱਗ ਰਹੇ ਹਨ।