- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਸਨੇ ਭਾਰਤ ਦੇ ਖਿਡਾਰੀਆਂ ਬਾਰੇ ਆਪਣੀ ਪੁਰਾਣੀ ਜਾਣਕਾਰੀ ਨੂੰ ਕੋਈ ਵੱਡਾ ਰਣਨੀਤਕ ਫਾਇਦਾ ਮੰਨਣ ਤੋਂ ਇਨਕਾਰ ਕੀਤਾ। ਕਰਸਟਨ ਨੇ ਦੱਸਿਆ ਕਿ ਅਸੀਂ ਭਾਰਤ ਦੇ ਹਰ ਬੱਲੇਬਾਜ਼ ਅਤੇ ਗੇਂਦਬਾਜ਼ ਵਿਰੁੱਧ ਯੋਜਨਾਵਾਂ ਤਿਆਰ ਕੀਤੀਆਂ ਹਨ।

ਨਿਤਿਨ ਨਾਗਰ, ਜਾਗਰਣ, ਨਵੀਂ ਦਿੱਲੀ : ਭਾਰਤ ਦੇ ਸਾਬਕਾ ਕੋਚ ਅਤੇ ਸ੍ਰੀਲੰਕਾ ਟੀਮ ਦੇ ਮੌਜੂਦਾ ਕੋਚ ਗੈਰੀ ਕਰਸਟਨ ਨੇ ਭਾਰਤ ਦੇ ਖ਼ਿਲਾਫ਼ ਸ਼ਨਿੱਚਰਵਾਰ ਤੋਂ ਸ਼ੁਰੂ ਹੋ ਰਹੀ ਦੋ ਟੈਸਟ ਮੈਚਾਂ ਦੀ ਸੀਰੀਜ਼ ਤੋਂ ਪਹਿਲਾਂ ਆਪਣੀ ਰਣਨੀਤੀ ਸਾਫ ਕਰ ਦਿੱਤੀ ਹੈ। ਕਰਸਟਨ ਦਾ ਮੰਨਣਾ ਹੈ ਕਿ ਸ੍ਰੀਲੰਕਾ ਦਾ ਧਿਆਨ ਭਾਰਤੀ ਟੀਮ ਦੀਆਂ ਕਮਜ਼ੋਰੀਆਂ ਦੀ ਭਾਲ ਕਰਨ ਤੋਂ ਵੱਧ ਆਪਣੀ ਤਾਕਤ ਅਤੇ ਰਣਨੀਤੀ ਨੂੰ ਸਹੀ ਢੰਗ ਨਾਲ ਮੈਦਾਨ 'ਤੇ ਲਿਆਉਣ 'ਤੇ ਹੋਣਾ ਚਾਹੀਦਾ ਹੈ। ਉਸਨੇ ਭਾਰਤ ਦੇ ਖਿਡਾਰੀਆਂ ਬਾਰੇ ਆਪਣੀ ਪੁਰਾਣੀ ਜਾਣਕਾਰੀ ਨੂੰ ਕੋਈ ਵੱਡਾ ਰਣਨੀਤਕ ਫਾਇਦਾ ਮੰਨਣ ਤੋਂ ਇਨਕਾਰ ਕੀਤਾ। ਕਰਸਟਨ ਨੇ ਦੱਸਿਆ ਕਿ ਅਸੀਂ ਭਾਰਤ ਦੇ ਹਰ ਬੱਲੇਬਾਜ਼ ਅਤੇ ਗੇਂਦਬਾਜ਼ ਵਿਰੁੱਧ ਯੋਜਨਾਵਾਂ ਤਿਆਰ ਕੀਤੀਆਂ ਹਨ।
ਕਰਸਟਨ ਨੇ ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦੇ ਯੁੱਗ ਵਿਚ ਕਿਸੇ ਵੀ ਖਿਡਾਰੀ ਦੇ ਪ੍ਰਦਰਸ਼ਨ ਨਾਲ ਜੁੜੀ ਕਾਫੀ ਜਾਣਕਾਰੀ ਆਸਾਨੀ ਨਾਲ ਉਪਲੱਬਧ ਹੈ। ਭਾਰਤ ਦੇ ਕਿਸੇ ਵੀ ਖਿਡਾਰੀ ਦੀ ਪਿਛਲੇ 10 ਸਾਲਾਂ ਦੀ ਹਰ ਗੇਂਦ ਦੇਖੀ ਜਾ ਸਕਦੀ ਹੈ ਅਤੇ ਭਾਰਤੀ ਟੀਮ ਵੀ ਸ੍ਰੀਲੰਕਾਈ ਖਿਡਾਰੀਆਂ ਬਾਰੇ ਐਸੀ ਹੀ ਜਾਣਕਾਰੀ ਰੱਖਦੀ ਹੈ। ਇਸ ਲਈ ਅਸਲੀ ਫਰਕ ਇਸ ਗੱਲ 'ਤੇ ਪੈਣਾ ਹੈ ਕਿ ਮੈਚ ਦੌਰਾਨ ਖਿਡਾਰੀ ਆਪਣੀ ਰਣਨੀਤੀ ਨੂੰ ਕਿਸ ਤਰ੍ਹਾਂ ਲਾਗੂ ਕਰਦੇ ਹਨ। ਭਾਰਤ ਦੇ ਅਭਿਆਸ ਮੈਚ ਨੂੰ ਨੇੜਿਓਂ ਦੇਖਣ ਦੇ ਬਾਵਜੂਦ, ਕਰਸਟਨ ਨੇ ਭਾਰਤੀ ਟੀਮ ਦਾ ਮੁਲਾਂਕਣ ਕਰਨ ਤੋਂ ਪਰਹੇਜ਼ ਕੀਤਾ। ਉਸਨੇ ਕਿਹਾ ਕਿ ਉਸਦਾ ਪੂਰਾ ਧਿਆਨ ਸ੍ਰੀਲੰਕਾ ਟੀਮ 'ਤੇ ਹੈ। ਭਾਰਤ ਨੂੰ ਬਹੁਤ ਹੀ ਸਫਲ ਅਤੇ ਡੂੰਘਾਈ ਵਾਲੀ ਟੀਮ ਦੱਸਦਿਆਂ ਕਿਹਾ ਕਿ ਸ੍ਰੀਲੰਕਾ ਉਸ ਦੀ ਤਾਕਤ ਨਾਲ ਪੂਰੀ ਤਰ੍ਹਾਂ ਵਾਕਫ ਹੈ ਤੇ ਉਸੇ ਮੁਤਾਬਕ ਤਿਆਰੀ ਕਰ ਰਿਹਾ ਹੈ।
ਭਾਰਤ ਦੇ ਬੱਲੇਬਾਜ਼ਾਂ ਦੇ ਸਪਿਨ ਖ਼ਿਲਾਫ਼ ਹਾਲ ਹੀ ਦੇ ਪ੍ਰਦਰਸ਼ਨ ਬਾਰੇ ਕਰਸਟਨ ਨੇ ਕਿਸੇ ਖਾਸ ਕਮਜ਼ੋਰੀ 'ਤੇ ਟਿੱਪਣੀ ਕਰਨ ਤੋਂ ਇਨਕਾਰ ਕੀਤਾ। ਉਸਨੇ ਕਿਹਾ ਕਿ ਉਸਦਾ ਕੰਮ ਇਹ ਨਿਰਧਾਰਿਤ ਕਰਨਾ ਹੈ ਕਿ ਸ੍ਰੀਲੰਕਾ ਆਪਣੀਆਂ ਸਮਰੱਥਾਵਾਂ ਦਾ ਕਿਸ ਤਰ੍ਹਾਂ ਇਸਤੇਮਾਲ ਕਰ ਸਕਦਾ ਹੈ। ਟੀਮ ਨੇ ਭਾਰਤ ਦੀਆਂ ਸੰਭਾਵੀ ਕਮਜ਼ੋਰੀਆਂ ਨੂੰ ਸਮਝਣ ਲਈ ਪੂਰਾ ਹੋਮਵਰਕ ਕੀਤਾ ਹੈ, ਪਰ ਮੈਚ ਦੀਆਂ ਹਾਲਤਾਂ ਮੁਤਾਬਕ ਰਣਨੀਤੀ ਬਦਲਣ ਲਈ ਵੀ ਤਿਆਰ ਰਹਿਣਾ ਹੋਵੇਗਾ। ਕਰਸਟਨ ਨੇ ਦੱਸਿਆ ਕਿ ਸ੍ਰੀਲੰਕਾ ਨੇ ਭਾਰਤ ਦੇ ਹਰ ਬੱਲੇਬਾਜ਼ ਤੇ ਗੇਂਦਬਾਜ਼ ਵਿਰੁੱਧ ਏ, ਬੀ ਤੇ ਸੀ ਯੋਜਨਾਵਾਂ ਤਿਆਰ ਕੀਤੀਆਂ ਹਨ। ਹਾਲਾਂਕਿ, ਉਸਦਾ ਮੰਨਣਾ ਹੈ ਕਿ ਟੈਸਟ ਮੈਚ ਵਿਚ ਹਾਲਤਾਂ ਲਗਾਤਾਰ ਬਦਲਦੀਆਂ ਹਨ ਅਤੇ ਇਸ ਲਈ ਯੋਜਨਾਵਾਂ ਨੂੰ ਸਹੀ ਸਮੇਂ 'ਤੇ ਲਾਗੂ ਕਰਨਾ ਸਭ ਤੋਂ ਮਹੱਤਵਪੂਰਨ ਹੋਵੇਗਾ। ਉਸਨੇ ਕਿਹਾ ਕਿ ਸ੍ਰੀਲੰਕਾ ਸਿਰਫ ਸਪਿਨ 'ਤੇ ਨਿਰਭਰ ਨਹੀਂ ਰਹੇਗਾ ਤੇ ਤੇਜ਼ ਗੇਂਦਬਾਜ਼ੀ ਸਮੇਤ ਆਪਣੀਆਂ ਸਾਰੀਆਂ ਸਮਰੱਥਾਵਾਂ ਦਾ ਇਸਤੇਮਾਲ ਕਰੇਗਾ।
ਕਿਸੇ ਇਕ ਖਿਡਾਰੀ ਦੇ ਆਲੇ-ਦੁਆਲੇ ਨਹੀਂ ਹੋਵੇਗੀ ਰਣਨੀਤੀ : ਕਰਸਟਨ ਨੇ ਸ੍ਰੀਲੰਕਾ ਦੇ ਸਪਿਨਰ ਪ੍ਰਭਾਤ ਜੈਸੂਰਿਆ ਨੂੰ ਭਰੋਸੇਯੋਗ ਗੇਂਦਬਾਜ਼ ਦੱਸਿਆ ਅਤੇ ਘਰੇਲੂ ਹਾਲਤਾਂ ਵਿਚ ਉਸਦੇ ਸ਼ਾਨਦਾਰ ਰਿਕਾਰਡ ਦੀ ਪ੍ਰਸ਼ੰਸਾ ਕੀਤੀ। ਹਾਲਾਂਕਿ, ਉਸਨੇ ਸਾਫ ਕੀਤਾ ਕਿ ਸ੍ਰੀਲੰਕਾ ਦੀ ਗੇਂਦਬਾਜ਼ੀ ਰਣਨੀਤੀ ਕਿਸੇ ਇਕ ਖਿਡਾਰੀ ਦੇ ਆਲੇ-ਦੁਆਲੇ ਨਹੀਂ ਹੋਵੇਗੀ। ਉਸ ਮੁਤਾਬਕ ਟੀਮ ਦੇ ਹਰ ਗੇਂਦਬਾਜ਼ ਦਾ ਯੋਗਦਾਨ ਮਹੱਤਵਪੂਰਨ ਹੈ।
ਗੌਤਮ ਨੇ ਖ਼ੁਦ ਨੂੰ ਸਾਬਤ ਕੀਤਾ : ਗੌਤਮ ਗੰਭੀਰ ਦੀ ਕੋਚਿੰਗ ਦੀ ਸ਼ਲਾਘਾ ਕਰਦਿਆਂ ਗੈਰੀ ਕਰਸਟਨ ਨੇ ਕਿਹਾ ਕਿ ਉਸਦਾ ਰਿਕਾਰਡ ਖ਼ੁਦ ਉਸਦੀ ਸਮਰੱਥਾ ਦੀ ਗਵਾਹੀ ਭਰਦਾ ਹੈ। ਕਰਸਟਨ ਨੇ ਗੰਭੀਰ ਨੂੰ ਸ਼ਾਨਦਾਰ ਕੋਚ ਦੱਸਿਆ ਅਤੇ ਵਿਸ਼ਵ ਕੱਪ, ਚੈਂਪੀਅਨਸ ਟਰਾਫੀ ਅਤੇ ਆਈਪੀਐਲ ਵਿਚ ਉਸਦੀ ਸਫਲਤਾ ਦਾ ਜ਼ਿਕਰ ਕੀਤਾ। ਕਰਸਟਨ ਨੇ ਕਿਹਾ ਕਿ ਜਦੋਂ ਗੰਭੀਰ ਖਿਡਾਰੀ ਸੀ ਤਾਂ ਉਸ ਨਾਲ ਕੰਮ ਕਰਨਾ ਉਸ ਨੂੰ ਬਹੁਤ ਪਸੰਦ ਸੀ। ਉਸਨੇ ਗੰਭੀਰ ਨੂੰ ਬਹੁਤ ਸਮਝਦਾਰ ਕ੍ਰਿਕਟਰ ਦੱਸਿਆ ਤੇ ਕਿਹਾ ਕਿ ਉਸ ਨੂੰ ਉਸ ਸਮੇਂ ਹੀ ਅੰਦਾਜ਼ਾ ਸੀ ਕਿ ਗੰਭੀਰ ਅੱਗੇ ਚੱਲ ਕੇ ਸਫਲ ਕੋਚ ਬਣ ਸਕਦਾ ਹੈ। ਉਸ ਮੁਤਾਬਕ ਖਿਡਾਰੀ ਤੋਂ ਕੋਚ ਤੱਕ ਦੇ ਸਫਰ ਵਿਚ ਗੰਭੀਰ ਨੇ ਖ਼ੁਦ ਨੂੰ ਸਾਬਤ ਕੀਤਾ ਹੈ।
ਡਬਲਯੂਟੀਸੀ ਲਈ ਇਹ ਸੀਰੀਜ਼ ਮਹੱਤਵਪੂਰਨ : ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਦੇ ਹਿਸਾਬ ਨਾਲ ਭਾਰਤ ਦੇ ਖ਼ਿਲਾਫ਼ ਇਹ ਸੀਰੀਜ਼ ਬਹੁਤ ਮਹੱਤਵਪੂਰਨ ਦੱਸਦਿਆਂ ਕਰਸਟਨ ਨੇ ਕਿਹਾ ਕਿ ਸ੍ਰੀਲੰਕਾ ਨੂੰ ਲੰਬੇ ਡਬਲਯੂਟੀਸੀ ਚੱਕਰ ਵਿਚ ਘਰੇਲੂ ਮੈਦਾਨ 'ਤੇ ਸਫਲ ਹੋਣਾ ਹੋਵੇਗਾ। ਕਿਹਾ ਕਿ ਟੈਸਟ ਮੈਚ ਇਕ ਸੈਸ਼ਨ ਵਿਚ ਜਿੱਤਿਆ ਜਾਂ ਹਾਰਿਆ ਜਾ ਸਕਦਾ ਹੈ ਤੇ ਦੋ ਮੈਚਾਂ ਦੀ ਸੀਰੀਜ਼ ਵੀ ਇਕ ਸੈਸ਼ਨ ਵਿਚ ਹੱਥੋਂ ਨਿਕਲ ਸਕਦੀ ਹੈ। ਇਸ ਲਈ ਪੂਰੇ ਮੈਚ ਵਿਚ ਇਕਾਗਰਤਾ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ। ਕਰਸਟਨ ਨੇ ਕਿਹਾ ਕਿ ਸ੍ਰੀਲੰਕਾ ਦਾ ਧਿਆਨ ਸਿਰਫ ਅੰਕਾਂ ਦੀ ਸੂਚੀ 'ਤੇ ਨਹੀਂ ਹੈ। ਟੀਮ ਇਹ ਨਿਰਧਾਰਿਤ ਕਰਨਾ ਚਾਹੁੰਦੀ ਹੈ ਕਿ ਉਹ ਕਿਸ ਤਰ੍ਹਾਂ ਦਾ ਕ੍ਰਿਕਟ ਖੇਡਣਾ ਚਾਹੁੰਦੀ ਹੈ ਤੇ ਉਸੇ ਸ਼ੈਲੀ ਨੂੰ ਲਗਾਤਾਰ ਮੈਦਾਨ 'ਤੇ ਲਾਗੂ ਕਰਨਾ ਉਸਦਾ ਟੀਚਾ ਹੈ।