ਕ੍ਰਿਕਟ ਜਗਤ 'ਚ ਸੋਗ ਦੀ ਲਹਿਰ, ਧਾਕੜ ਖਿਡਾਰੀ ਦੀ ਜਨਮਦਿਨ ਵਾਲੇ ਦਿਨ ਹੀ ਹੋਈ ਮੌਤ; ਮੰਗੇਤਰ ਦੀ ਮੌਤ ਦੀ ਖ਼ਬਰ ਤੋਂ ਬਾਅਦ ਬੱਲਾ ਫੜ ਕੇ ਜਿੱਤਿਆ ਸੀ ਦਿਲ
ਨਿਊਜ਼ੀਲੈਂਡ ਕ੍ਰਿਕਟ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਬੌਬ ਬਲੇਅਰ ਦਾ ਇੰਗਲੈਂਡ 'ਚ ਉਨ੍ਹਾਂ ਦੇ 94ਵੇਂ ਜਨਮਦਿਨ ਵਾਲੇ ਦਿਨ ਦੇਹਾਂਤ ਹੋ ਗਿਆ ਹੈ। ਬਲੇਅਰ ਸਿਰਫ਼ ਰਿਕਾਰਡ ਬਣਾਉਣ ਵਾਲੇ ਕ੍ਰਿਕਟਰ ਨਹੀਂ ਸਨ, ਬਲਕਿ ਉਹ ਆਪਣੇ ਜਜ਼ਬੇ, ਹੌਸਲੇ ਅਤੇ ਖੇਡ ਭਾਵਨਾ ਦੀ ਇੱਕ ਮਿਸਾਲ ਸਨ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਦੀ ਪੁਸ਼ਟੀ ਨਿਊਜ਼ੀਲੈਂਡ ਕ੍ਰਿਕਟ ਬੋਰਡ ਨੇ ਡੂੰਘੇ ਦੁੱਖ ਨਾਲ ਕੀਤੀ। ਇੰਨਾ ਹੀ ਨਹੀਂ, ਬਲੇਅਰ ਨੂੰ ਸ਼ਰਧਾਂਜਲੀ ਦੇਣ ਲਈ ਕੀਵੀ ਟੀਮ ਇੰਗਲੈਂਡ ਖ਼ਿਲਾਫ਼ ਨੌਟਿੰਘਮ ਟੈਸਟ ਦੇ ਪਹਿਲੇ ਦਿਨ ਬਾਂਹ 'ਤੇ ਕਾਲੀ ਪੱਟੀ ਬੰਨ੍ਹ ਕੇ ਮੈਦਾਨ 'ਚ ਉੱਤਰੇਗੀ।
Publish Date: Wed, 24 Jun 2026 01:02 PM (IST)
Updated Date: Wed, 24 Jun 2026 01:03 PM (IST)

ਸਪੋਰਟਸ ਡੈਸਕ, ਨਵੀਂ ਦਿੱਲੀ : ਨਿਊਜ਼ੀਲੈਂਡ ਕ੍ਰਿਕਟ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਬੌਬ ਬਲੇਅਰ ਦਾ ਇੰਗਲੈਂਡ 'ਚ ਉਨ੍ਹਾਂ ਦੇ 94ਵੇਂ ਜਨਮਦਿਨ ਵਾਲੇ ਦਿਨ ਦੇਹਾਂਤ ਹੋ ਗਿਆ ਹੈ। ਬਲੇਅਰ ਸਿਰਫ਼ ਰਿਕਾਰਡ ਬਣਾਉਣ ਵਾਲੇ ਕ੍ਰਿਕਟਰ ਨਹੀਂ ਸਨ, ਬਲਕਿ ਉਹ ਆਪਣੇ ਜਜ਼ਬੇ, ਹੌਸਲੇ ਅਤੇ ਖੇਡ ਭਾਵਨਾ ਦੀ ਇੱਕ ਮਿਸਾਲ ਸਨ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਦੀ ਪੁਸ਼ਟੀ ਨਿਊਜ਼ੀਲੈਂਡ ਕ੍ਰਿਕਟ ਬੋਰਡ ਨੇ ਡੂੰਘੇ ਦੁੱਖ ਨਾਲ ਕੀਤੀ। ਇੰਨਾ ਹੀ ਨਹੀਂ, ਬਲੇਅਰ ਨੂੰ ਸ਼ਰਧਾਂਜਲੀ ਦੇਣ ਲਈ ਕੀਵੀ ਟੀਮ ਇੰਗਲੈਂਡ ਖ਼ਿਲਾਫ਼ ਨੌਟਿੰਘਮ ਟੈਸਟ ਦੇ ਪਹਿਲੇ ਦਿਨ ਬਾਂਹ 'ਤੇ ਕਾਲੀ ਪੱਟੀ ਬੰਨ੍ਹ ਕੇ ਮੈਦਾਨ 'ਚ ਉੱਤਰੇਗੀ।
1952 ਤੋਂ 1964 ਤੱਕ ਨਿਊਜ਼ੀਲੈਂਡ ਲਈ 19 ਟੈਸਟ ਖੇਡਣ ਵਾਲੇ ਬਲੇਅਰ ਨੇ 43 ਵਿਕਟਾਂ ਆਪਣੇ ਨਾਮ ਕੀਤੀਆਂ। ਘਰੇਲੂ ਕ੍ਰਿਕਟ 'ਚ 59 ਫਸਟ ਕਲਾਸ ਮੈਚਾਂ 'ਚ ਉਨ੍ਹਾਂ ਨੇ 330 ਵਿਕਟਾਂ ਹਾਸਲ ਕੀਤੀਆਂ। 1956-57 ਦੇ ਸੀਜ਼ਨ ਦੌਰਾਨ ਸਿਰਫ਼ 9 ਦੀ ਔਸਤ ਨਾਲ 46 ਵਿਕਟਾਂ, ਅਤੇ ਦੋ ਵਾਰ ਇੱਕ ਪਾਰੀ 'ਚ 9-9 ਵਿਕਟਾਂ ਲੈਣ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਉਨ੍ਹਾਂ ਨੇ ਖੂਬ ਸੁਰਖੀਆਂ ਬਟੋਰੀਆਂ ਸਨ।
ਉਹ ਕਾਲੀ ਰਾਤ ਜਿਸ ਨੇ ਜ਼ਿੰਦਗੀ ਬਦਲ ਦਿੱਤੀ
ਸ਼ਾਨਦਾਰ ਪ੍ਰਦਰਸ਼ਨ ਦੇ ਵਿਚਕਾਰ, ਬਲੇਅਰ ਨੂੰ ਸਭ ਤੋਂ ਵੱਧ 1953 'ਚ ਦੱਖਣੀ ਅਫਰੀਕਾ ਦੌਰੇ ਦੇ ਦੂਜੇ ਟੈਸਟ ਲਈ ਯਾਦ ਕੀਤਾ ਜਾਂਦਾ ਹੈ। ਦੂਜੇ ਟੈਸਟ ਦੇ ਦੂਜੇ ਦਿਨ ਦੀ ਸਵੇਰ 21 ਸਾਲਾ ਬਲੇਅਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਸੀ। ਕ੍ਰਿਸਮਸ ਮੌਕੇ ਹੋਏ 'ਟਾਂਗੀਵਾਈ ਰੇਲ ਹਾਦਸੇ' 'ਚ ਉਨ੍ਹਾਂ ਦੀ ਮੰਗੇਤਰ ਨੈਰਿਸਾ ਲਵ ਸਮੇਤ 151 ਲੋਕਾਂ ਦੀ ਜਾਨ ਚਲੀ ਗਈ ਸੀ।
ਮੰਗੇਤਰ ਦੀ ਮੌਤ ਦੀ ਖ਼ਬਰ ਤੋਂ ਬਾਅਦ ਵੀ ਮੈਦਾਨ 'ਚ ਉੱਤਰੇ ਸਨ ਬਲੇਅਰ
ਹੋਟਲ ਦੇ ਕਮਰੇ 'ਚ ਸੋਗ 'ਚ ਡੁੱਬੇ ਬਲੇਅਰ ਨੇ ਮੰਗੇਤਰ ਦੀ ਮੌਤ ਦੀ ਖ਼ਬਰ ਤੋਂ ਬਾਅਦ ਵੀ ਟੀਮ ਦਾ ਸਾਥ ਨਹੀਂ ਛੱਡਿਆ, ਬਲਕਿ ਜਦੋਂ ਟੀਮ ਆਖਰੀ ਵਿਕਟ ਲਈ ਸੰਘਰਸ਼ ਕਰ ਰਹੀ ਸੀ ਤਾਂ ਇਹ ਨੌਜਵਾਨ ਖਿਡਾਰੀ ਪੈਡ ਬੰਨ੍ਹ ਕੇ ਮੈਦਾਨ 'ਚ ਆ ਗਿਆ।
ਐਲਿਸ ਪਾਰਕ 'ਚ ਬੈਠੇ 23 ਹਜ਼ਾਰ ਦਰਸ਼ਕ ਦੰਗ ਰਹਿ ਗਏ। ਦੂਜੇ ਪਾਸੇ ਬਰਟ ਸਟਕਲਿਫ ਸਨ, ਜੋ ਖੁਦ ਜ਼ਖਮੀ ਹੋ ਕੇ ਹਸਪਤਾਲ ਤੋਂ ਪਰਤੇ ਸਨ। ਦੋਵਾਂ ਨੇ ਮਿਲ ਕੇ ਆਖਰੀ ਵਿਕਟ ਲਈ 33 ਦੌੜਾਂ ਜੋੜੀਆਂ। ਉਸੇ ਦੌਰਾਨ ਇੱਕ ਓਵਰ 'ਚ ਵਿਸ਼ਵ ਰਿਕਾਰਡ 25 ਦੌੜਾਂ ਵੀ ਬਣੀਆਂ। ਜਦੋਂ ਬਲੇਅਰ ਆਊਟ ਹੋ ਕੇ ਪਰਤੇ ਤਾਂ ਪੂਰਾ ਸਟੇਡੀਅਮ ਖੜ੍ਹਾ ਹੋ ਕੇ ਤਾਲੀਆਂ ਵਜਾ ਰਿਹਾ ਸੀ। ਇਹ ਕ੍ਰਿਕਟ ਇਤਿਹਾਸ ਦੇ ਸਭ ਤੋਂ ਭਾਵੁਕ ਪਲਾਂ 'ਚੋਂ ਇੱਕ ਬਣ ਗਿਆ।
ਬਲੇਅਰ ਦੀ ਯਾਦ 'ਚ ‘ਟਾਂਗੀਵਾਈ ਸ਼ੀਲਡ’ ਰੱਖਿਆ ਗਿਆ ਨਾਮ
ਉਸ ਹਾਦਸੇ ਅਤੇ ਬਲੇਅਰ ਦੇ ਜਜ਼ਬੇ ਨੇ ਦੋਵਾਂ ਦੇਸ਼ਾਂ ਦਾ ਧਿਆਨ ਇੰਨਾ ਖਿੱਚਿਆ ਕਿ 2024 'ਚ ਨਿਊਜ਼ੀਲੈਂਡ-ਦੱਖਣੀ ਅਫਰੀਕਾ ਟੈਸਟ ਸੀਰੀਜ਼ ਦਾ ਨਾਮ ‘ਟਾਂਗੀਵਾਈ ਸ਼ੀਲਡ’ ਰੱਖਿਆ ਗਿਆ। ਇਹ ਟਰਾਫੀ ਨਿਊਜ਼ੀਲੈਂਡ ਦੀ ਰਵਾਇਤੀ ਲੱਕੜ ਅਤੇ ਟਾਂਗੀਵਾਈ ਦੇ ਖਾਸ ਪੱਥਰ ਤੋਂ ਬਣੀ ਹੈ।
ਦੱਸ ਦੇਈਏ ਕਿ 1953 ਦੇ ਦੌਰੇ ਤੋਂ ਬਾਅਦ ਵੀ ਬਲੇਅਰ ਨੇ ਕਰੀਬ ਇੱਕ ਦਹਾਕੇ ਤੱਕ ਨਿਊਜ਼ੀਲੈਂਡ ਦੀ ਨੁਮਾਇੰਦਗੀ ਕੀਤੀ। ਉਨ੍ਹਾਂ ਨੇ ਆਪਣਾ ਆਖਰੀ ਟੈਸਟ 1964 'ਚ ਦੱਖਣੀ ਅਫਰੀਕਾ ਖ਼ਿਲਾਫ਼ ਖੇਡਿਆ, ਜਿਸ 'ਚ 7 ਵਿਕਟਾਂ ਲੈ ਕੇ ਕਰੀਅਰ ਦਾ ਸਰਵੋਤਮ ਪ੍ਰਦਰਸ਼ਨ ਕੀਤਾ। ਕ੍ਰਿਕਟ ਪ੍ਰਤੀ ਉਨ੍ਹਾਂ ਦੀ ਦੀਵਾਨਗੀ ਕਦੇ ਘੱਟ ਨਹੀਂ ਹੋਈ। ਉਨ੍ਹਾਂ ਨੇ 60 ਸਾਲ ਦੀ ਉਮਰ ਤੋਂ ਬਾਅਦ ਵੀ ਕ੍ਰਿਕਟ ਖੇਡਣਾ ਜਾਰੀ ਰੱਖਿਆ ਅਤੇ 40 ਤੋਂ ਵੱਧ ਸੀਜ਼ਨਾਂ ਤੱਕ ਉਹ ਮੈਦਾਨ ਨਾਲ ਜੁੜੇ ਰਹੇ। ਖੇਡ ਤੋਂ ਸੰਨਿਆਸ ਲੈਣ ਤੋਂ ਬਾਅਦ ਉਨ੍ਹਾਂ ਨੇ ਇੰਗਲੈਂਡ, ਦੱਖਣੀ ਅਫਰੀਕਾ, ਜ਼ਿੰਬਾਬਵੇ, ਉੱਤਰੀ ਆਇਰਲੈਂਡ ਅਤੇ ਆਸਟਰੇਲੀਆ 'ਚ ਕੋਚਿੰਗ ਵੀ ਦਿੱਤੀ।