ਸ਼ਾਨਦਾਰ SMAT ਫਾਰਮ ਦੇ ਬਾਵਜੂਦ ਸੂਰਿਆਕੁਮਾਰ ਯਾਦਵ ਟੀਮ ਇੰਡੀਆ ਦੀ ਚੋਣ ਯੋਜਨਾ ਤੋਂ ਬਾਹਰ, BCCI ਨੇ ਦੱਸੀ ਵਜ੍ਹਾ
BCCI ਦੇ ਇਕ ਸੂਤਰ ਨੇ ANI ਨੂੰ ਦੱਸਿਆ ਕਿ 'ਫਿਲਹਾਲ ਸੂਰਿਆ ਸਾਡੀਆਂ ਚੋਣ ਯੋਜਨਾਵਾਂ ਦਾ ਹਿੱਸਾ ਨਹੀਂ ਹਨ। ਅਸੀਂ ਤਾਂ ਵ੍ਹਾਈਟ-ਬਾਲ ਸੈੱਟਅੱਪ 'ਚ ਯਸ਼ਸਵੀ ਜਾਇਸਵਾਲ ਲਈ ਵੀ ਜਗ੍ਹਾ ਨਹੀਂ ਬਣਾ ਸਕੇ ਹਾਂ। ਸੂਤਰ ਨੇ ਘਰੇਲੂ ਕ੍ਰਿਕਟ 'ਚ ਸੂਰਿਆਕੁਮਾਰ ਦੀ ਸਖ਼ਤ ਮਿਹਨਤ ਅਤੇ ਹਾਲੀਆ ਪ੍ਰਦਰਸ਼ਨ ਨੂੰ ਸਵੀਕਾਰ ਕੀਤਾ, ਪਰ ਨਾਲ ਹੀ ਕਿਹਾ ਕਿ ਟੀਮ ਪ੍ਰਬੰਧਨ ਨੂੰ ਫਿਲਹਾਲ ਰਾਸ਼ਟਰੀ ਟੀਮ 'ਚ ਉਨ੍ਹਾਂ ਲਈ ਕੋਈ ਜਗ੍ਹਾ ਨਜ਼ਰ ਨਹੀਂ ਆ ਰਹੀ।
Publish Date: Sat, 21 Nov 2026 03:51 PM (IST)
Updated Date: Sat, 21 Nov 2026 03:56 PM (IST)
ਜੇਐੱਨਐੱਨ, ਨਵੀਂ ਦਿੱਲੀ : ਟੀ-20 ਵਿਸ਼ਵ ਕੱਪ ਜੇਤੂ ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਦਾ ਨਾਂ ਸਈਅਦ ਮੁਸ਼ਤਾਕ ਅਲੀ ਟਰਾਫੀ (SMAT) 2026-27 'ਚ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਫਿਲਹਾਲ ਰਾਸ਼ਟਰੀ ਚੋਣਕਾਰਾਂ ਦੀਆਂ ਯੋਜਨਾਵਾਂ 'ਚ ਸ਼ਾਮਲ ਨਹੀਂ ਹੈ। BCCI ਦੇ ਇਕ ਸੂਤਰ ਨੇ ਸੰਕੇਤ ਦਿੱਤਾ ਹੈ ਕਿ ਤਜਰਬੇਕਾਰ ਬੱਲੇਬਾਜ਼ ਲਈ ਭਾਰਤ ਦੇ ਮੌਜੂਦਾ ਵ੍ਹਾਈਟ-ਬਾਲ ਟੀਮ ਸੁਮੇਲ 'ਚ ਕੋਈ ਜਗ੍ਹਾ ਨਹੀਂ ਹੈ। ਇੱਥੋਂ ਤੱਕ ਕਿ ਨੌਜਵਾਨ ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਨੂੰ ਵੀ ਨਿਯਮਤ ਮੌਕੇ ਮਿਲਣ 'ਚ ਮੁਸ਼ਕਲ ਆ ਰਹੀ ਹੈ।
BCCI ਦੇ ਇਕ ਸੂਤਰ ਨੇ ANI ਨੂੰ ਦੱਸਿਆ, 'ਫਿਲਹਾਲ ਸੂਰਿਆ ਸਾਡੀਆਂ ਚੋਣ ਯੋਜਨਾਵਾਂ ਦਾ ਹਿੱਸਾ ਨਹੀਂ ਹਨ। ਅਸੀਂ ਤਾਂ ਵ੍ਹਾਈਟ-ਬਾਲ ਸੈੱਟਅੱਪ 'ਚ ਯਸ਼ਸਵੀ ਜਾਇਸਵਾਲ ਲਈ ਵੀ ਜਗ੍ਹਾ ਨਹੀਂ ਬਣਾ ਸਕੇ ਹਾਂ।' ਸੂਤਰ ਨੇ ਘਰੇਲੂ ਕ੍ਰਿਕਟ 'ਚ ਸੂਰਿਆਕੁਮਾਰ ਦੀ ਸਖ਼ਤ ਮਿਹਨਤ ਅਤੇ ਹਾਲੀਆ ਪ੍ਰਦਰਸ਼ਨ ਨੂੰ ਸਵੀਕਾਰ ਕੀਤਾ, ਪਰ ਨਾਲ ਹੀ ਕਿਹਾ ਕਿ ਟੀਮ ਪ੍ਰਬੰਧਨ ਨੂੰ ਫਿਲਹਾਲ ਰਾਸ਼ਟਰੀ ਟੀਮ 'ਚ ਉਨ੍ਹਾਂ ਲਈ ਕੋਈ ਜਗ੍ਹਾ ਨਜ਼ਰ ਨਹੀਂ ਆ ਰਹੀ।
BCCI ਦੇ ਸੂਤਰ ਨੇ ਦੱਸਿਆ, ਸੂਰਿਆਕੁਮਾਰ ਯਾਦਵ ਨੂੰ ਟੀਮ ਇੰਡੀਆ ਦੀਆਂ ਯੋਜਨਾਵਾਂ 'ਚ ਜਗ੍ਹਾ ਕਿਉਂ ਨਹੀਂ
ਭਾਰਤ ਨੂੰ 2026 ਟੀ-20 ਵਿਸ਼ਵ ਕੱਪ ਦਾ ਖ਼ਿਤਾਬ ਦਿਵਾਉਣ ਵਾਲੇ ਸੂਰਿਆਕੁਮਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਸਮਾਪਤ ਹੋਣ ਤੋਂ ਬਾਅਦ ਟੀ-20 ਕੌਮਾਂਤਰੀ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਸ਼੍ਰੇਅਸ ਅਈਅਰ ਨੂੰ ਭਾਰਤ ਦਾ ਨਵਾਂ ਕਪਤਾਨ ਨਿਯੁਕਤ ਕੀਤਾ ਗਿਆ। ਹਾਲੀਆ ਘਰੇਲੂ ਪ੍ਰਦਰਸ਼ਨ ਦੇ ਬਾਵਜੂਦ 35 ਸਾਲਾ ਸੂਰਿਆਕੁਮਾਰ ਲਈ ਰਾਸ਼ਟਰੀ ਟੀਮ 'ਚ ਵਾਪਸੀ ਦੀ ਰਾਹ ਮੁਸ਼ਕਲ ਨਜ਼ਰ ਆ ਰਹੀ ਹੈ। BCCI ਦੇ ਸੂਤਰ ਮੁਤਾਬਕ, ਭਾਰਤ ਦਾ ਮੌਜੂਦਾ ਟੀਮ ਸੁਮੇਲ ਅਤੇ ਟੀਮ 'ਚ ਜਗ੍ਹਾ ਲਈ ਸਖ਼ਤ ਮੁਕਾਬਲਾ ਉਨ੍ਹਾਂ ਦੀ ਚੋਣ 'ਚ ਰੁਕਾਵਟ ਬਣ ਰਿਹਾ ਹੈ।
ਸੂਤਰ ਨੇ ਅੱਗੇ ਕਿਹਾ, 'ਹਾਂ, ਉਹ (ਸੂਰਿਆ) ਸਖ਼ਤ ਮਿਹਨਤ ਕਰ ਰਹੇ ਹਨ ਅਤੇ ਲਿਸਟ-ਏ ਕ੍ਰਿਕਟ 'ਚ ਚੰਗਾ ਪ੍ਰਦਰਸ਼ਨ ਵੀ ਕਰ ਰਹੇ ਹਨ। ਹਾਲਾਂਕਿ, ਸਵਾਲ ਇਹ ਹੈ ਕਿ ਮੌਜੂਦਾ ਭਾਰਤੀ ਟੀਮ 'ਚ ਉਨ੍ਹਾਂ ਨੂੰ ਕਿੱਥੇ ਜਗ੍ਹਾ ਦਿੱਤੀ ਜਾ ਸਕਦੀ ਹੈ। ਫਿਲਹਾਲ ਉਨ੍ਹਾਂ ਲਈ ਕੋਈ ਜਗ੍ਹਾ ਉਪਲਬਧ ਨਹੀਂ ਹੈ। ਅਸੀਂ ਤਾਂ ਵ੍ਹਾਈਟ-ਬਾਲ ਕ੍ਰਿਕਟ 'ਚ ਯਸ਼ਸਵੀ ਜਾਇਸਵਾਲ ਵਰਗੇ ਨੌਜਵਾਨ ਖਿਡਾਰੀ ਲਈ ਵੀ ਜਗ੍ਹਾ ਨਹੀਂ ਕੱਢ ਸਕੇ ਹਾਂ। ਅਜਿਹੇ 'ਚ ਮੌਜੂਦਾ ਟੀਮ ਸੁਮੇਲ 'ਚ ਸੂਰਿਆ ਕਿੱਥੇ ਫਿੱਟ ਹੋਣਗੇ? ਮੌਜੂਦਾ ਹਾਲਾਤ ਨੂੰ ਦੇਖਦਿਆਂ ਅਸੀਂ ਉਨ੍ਹਾਂ ਨੂੰ ਟੀਮ 'ਚ ਸ਼ਾਮਲ ਕਰਨ ਬਾਰੇ ਵਿਚਾਰ ਨਹੀਂ ਕਰ ਰਹੇ ਹਾਂ।'
SMAT 2026-27 'ਚ ਸੂਰਿਆਕੁਮਾਰ ਯਾਦਵ ਦਾ ਤੂਫ਼ਾਨੀ ਪ੍ਰਦਰਸ਼ਨ
ਕੌਮਾਂਤਰੀ ਕ੍ਰਿਕਟ 'ਚ ਉਨ੍ਹਾਂ ਦਾ ਭਵਿੱਖ ਭਾਵੇਂ ਅਨਿਸ਼ਚਿਤ ਨਜ਼ਰ ਆ ਰਿਹਾ ਹੋਵੇ, ਪਰ ਸੂਰਿਆਕੁਮਾਰ ਸਈਅਦ ਮੁਸ਼ਤਾਕ ਅਲੀ ਟਰਾਫੀ 'ਚ ਮੁੰਬਈ ਵੱਲੋਂ ਸ਼ਾਨਦਾਰ ਫਾਰਮ 'ਚ ਹਨ। ਉਨ੍ਹਾਂ 14 ਨਵੰਬਰ ਨੂੰ ਹੈਦਰਾਬਾਦ ਖ਼ਿਲਾਫ਼ ਮਹਿਜ਼ 21 ਗੇਂਦਾਂ 'ਤੇ ਨਾਬਾਦ 60 ਦੌੜਾਂ ਬਣਾ ਕੇ ਆਪਣੇ ਅਭਿਆਨ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦੀ ਇਸ ਪਾਰੀ 'ਚ ਛੇ ਚੌਕੇ ਅਤੇ ਪੰਜ ਛੱਕੇ ਸ਼ਾਮਲ ਸਨ। ਇਸ ਦੌਰਾਨ ਉਨ੍ਹਾਂ ਦਾ ਸਟ੍ਰਾਈਕ ਰੇਟ 285.71 ਰਿਹਾ। ਉਨ੍ਹਾਂ ਸਿਰਫ਼ 15 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕਰ ਲਿਆ। ਸੂਰਿਆਕੁਮਾਰ ਦੀ ਇਸ ਤੂਫ਼ਾਨੀ ਪਾਰੀ ਦੀ ਬਦੌਲਤ ਮੁੰਬਈ ਨੇ 173 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਸੱਤ ਵਿਕਟਾਂ ਨਾਲ ਜਿੱਤ ਦਰਜ ਕੀਤੀ।