- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਜ਼ਨ ਦਾ ਆਪਣਾ ਪਹਿਲਾ ਮੈਚ ਖੇਡ ਰਹੇ ਸ਼ੁਭਮਨ ਗਿੱਲ ਨੇ ਪਾਰੀ ਦੀ ਸ਼ੁਰੂਆਤ ਕਰਦਿਆਂ ਮਹਿਜ਼ 21 ਗੇਂਦਾਂ ਵਿੱਚ 40 ਦੌੜਾਂ ਦੀ ਤਾਬੜਤੋੜ ਪਾਰੀ ਖੇਡੀ। ਉਨ੍ਹਾਂ ਨੇ ਸੱਤ ਚੌਕੇ ਅਤੇ ਇੱਕ ਛੱਕਾ ਲਗਾ ਕੇ ਫ਼ਾਜ਼ਿਲਕਾ ਨੂੰ ਤੇਜ਼ ਸ਼ੁਰੂਆਤ ਦਿਵਾਈ ਅਤੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ।

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਮੁਹਾਲੀ: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਦੀ ਸ਼ੇਰ-ਏ-ਪੰਜਾਬ ਟੀ-20 ਲੀਗ 2026 ਵਿੱਚ ਉਡੀਕ ਪੂਰੀ ਹੋਈ ਅਤੇ ਐਤਵਾਰ ਸ਼ਾਮ ਦੇ ਮੁਕਾਬਲੇ ਵਿੱਚ ਰੋਮਾਂਚ ਭਰ ਗਿਆ। ਫ਼ਾਜ਼ਿਲਕਾ ਫਾਲਕਨਜ਼ ਨੇ ਮੈਚ ਦੀ ਆਖ਼ਰੀ ਗੇਂਦ ਤੱਕ ਚੱਲੇ ਸਖ਼ਤ ਮੁਕਾਬਲੇ ਵਿੱਚ ਅਰਸ਼ਦੀਪ ਸਿੰਘ ਦੀ ਅਗਵਾਈ ਵਾਲੀ ਲੁਧਿਆਣਾ ਲਾਇਨਜ਼ ਨੂੰ ਇੱਕ ਦੌੜ ਨਾਲ ਹਰਾ ਦਿੱਤਾ।
ਸੀਜ਼ਨ ਦਾ ਆਪਣਾ ਪਹਿਲਾ ਮੈਚ ਖੇਡ ਰਹੇ ਸ਼ੁਭਮਨ ਗਿੱਲ ਨੇ ਪਾਰੀ ਦੀ ਸ਼ੁਰੂਆਤ ਕਰਦਿਆਂ ਮਹਿਜ਼ 21 ਗੇਂਦਾਂ ਵਿੱਚ 40 ਦੌੜਾਂ ਦੀ ਤਾਬੜਤੋੜ ਪਾਰੀ ਖੇਡੀ। ਉਨ੍ਹਾਂ ਨੇ ਸੱਤ ਚੌਕੇ ਅਤੇ ਇੱਕ ਛੱਕਾ ਲਗਾ ਕੇ ਫ਼ਾਜ਼ਿਲਕਾ ਨੂੰ ਤੇਜ਼ ਸ਼ੁਰੂਆਤ ਦਿਵਾਈ ਅਤੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ।
ਲੁਧਿਆਣਾ ਲਾਇਨਜ਼ ਵੱਲੋਂ ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੀ ਕਪਤਾਨੀ ਕਰਕੇ ਮੁਕਾਬਲੇ ਵਿੱਚ ਸ਼ੁਰੂ ਤੋਂ ਹੀ ਸਟਾਰ ਖਿਡਾਰੀਆਂ ਦੀ ਮੌਜੂਦਗੀ ਰਹੀ। ਟਾਸ ਜਿੱਤ ਕੇ ਅਰਸ਼ਦੀਪ ਸਿੰਘ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ, ਪਰ ਗਿੱਲ ਨੇ ਸ਼ੁਰੂ ਤੋਂ ਹੀ ਹਮਲਾਵਰ ਰੁਖ ਅਪਣਾਉਂਦਿਆਂ ਫ਼ਾਜ਼ਿਲਕਾ ਨੂੰ ਮਜ਼ਬੂਤ ਆਧਾਰ ਦਿੱਤਾ।
ਹਾਲਾਂਕਿ, ਲੁਧਿਆਣਾ ਦੇ ਗੇਂਦਬਾਜ਼ ਕਾਰਤਿਕ ਚੱਢਾ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਫ਼ਾਜ਼ਿਲਕਾ ਦੀ ਰਫ਼ਤਾਰ ‘ਤੇ ਰੋਕ ਲਾਈ। ਉਨ੍ਹਾਂ ਨੇ ਸ਼ੁਭਮਨ ਗਿੱਲ ਦਾ ਮਹੱਤਵਪੂਰਨ ਵਿਕਟ ਹਾਸਲ ਕੀਤਾ ਅਤੇ ਚਾਰ ਓਵਰਾਂ ਵਿੱਚ 9 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ।
ਗਿੱਲ ਦੇ ਆਊਟ ਹੋਣ ਤੋਂ ਬਾਅਦ ਪ੍ਰੇਰਿਤ ਦੱਤਾ ਨੇ 23 ਗੇਂਦਾਂ ਵਿੱਚ 36 ਦੌੜਾਂ ਅਤੇ ਜੈਵੀਰ ਭਿੰਡਰ ਸਿੰਘ ਨੇ 18 ਗੇਂਦਾਂ ਵਿੱਚ 21 ਦੌੜਾਂ ਬਣਾ ਕੇ ਟੀਮ ਨੂੰ ਸੰਭਾਲਿਆ। ਫ਼ਾਜ਼ਿਲਕਾ ਫਾਲਕਨਜ਼ ਨੇ ਨਿਰਧਾਰਤ 20 ਓਵਰਾਂ ਵਿੱਚ 170/9 ਦੌੜਾਂ ਦਾ ਸਕੋਰ ਖੜ੍ਹਾ ਕੀਤਾ।
171 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਲੁਧਿਆਣਾ ਲਾਇਨਜ਼ ਦੀ ਸ਼ੁਰੂਆਤ ਦਬਾਅ ਹੇਠ ਰਹੀ। ਕਾਰਤੀਕ ਸ਼ਰਮਾ ਨੇ 29 ਗੇਂਦਾਂ ਵਿੱਚ 32 ਦੌੜਾਂ ਬਣਾ ਕੇ ਪਾਰੀ ਨੂੰ ਸਥਿਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਫ਼ਾਜ਼ਿਲਕਾ ਦੇ ਗੇਂਦਬਾਜ਼ਾਂ ਨੇ ਨਿਯਮਤ ਅੰਤਰਾਲ ‘ਤੇ ਵਿਕਟਾਂ ਹਾਸਲ ਕਰਦਿਆਂ ਲੁਧਿਆਣਾ ਦੀ ਰਫ਼ਤਾਰ ‘ਤੇ ਕਾਬੂ ਰੱਖਿਆ।
ਮੁਕਾਬਲਾ ਫ਼ਾਜ਼ਿਲਕਾ ਦੇ ਹੱਕ ਵਿੱਚ ਜਾਂਦਾ ਦਿਖਾਈ ਦੇ ਰਿਹਾ ਸੀ ਕਿ ਕ੍ਰਿਸ਼ ਭਗਤ ਅਤੇ ਮਾਧਵ ਪਠਾਨੀਆ ਨੇ ਸ਼ਾਨਦਾਰ ਵਾਪਸੀ ਕਰਦਿਆਂ ਮੈਚ ਦਾ ਰੁਖ ਬਦਲ ਦਿੱਤਾ। ਦੋਵਾਂ ਨੇ ਮਹਿਜ਼ 29 ਗੇਂਦਾਂ ਵਿੱਚ ਨਾਬਾਦ 61 ਦੌੜਾਂ ਦੀ ਸਾਂਝੇਦਾਰੀ ਕਰਕੇ ਫ਼ਾਜ਼ਿਲਕਾ ਦੇ ਗੇਂਦਬਾਜ਼ਾਂ ‘ਤੇ ਦਬਾਅ ਬਣਾ ਦਿੱਤਾ।
ਮਾਧਵ ਪਠਾਨੀਆ ਨੇ ਵਿਸ਼ੇਸ਼ ਤੌਰ ‘ਤੇ ਹਮਲਾਵਰ ਬੱਲੇਬਾਜ਼ੀ ਕਰਦਿਆਂ 16 ਗੇਂਦਾਂ ਵਿੱਚ ਨਾਬਾਦ 37 ਦੌੜਾਂ ਬਣਾਈਆਂ, ਜਦਕਿ ਕ੍ਰਿਸ਼ ਭਗਤ 23 ਗੇਂਦਾਂ ਵਿੱਚ ਨਾਬਾਦ 28 ਦੌੜਾਂ ਬਣਾ ਕੇ ਲੁਧਿਆਣਾ ਦੀਆਂ ਉਮੀਦਾਂ ਨੂੰ ਆਖ਼ਰੀ ਓਵਰ ਤੱਕ ਕਾਇਮ ਰੱਖਿਆ।
ਆਖ਼ਰੀ ਓਵਰ ਵਿੱਚ ਲੁਧਿਆਣਾ ਨੂੰ ਜਿੱਤ ਲਈ 19 ਦੌੜਾਂ ਦੀ ਲੋੜ ਸੀ। ਮੁਕਾਬਲਾ ਆਖ਼ਰੀ ਗੇਂਦ ਤੱਕ ਪਹੁੰਚ ਗਿਆ ਅਤੇ ਆਖ਼ਰੀ ਗੇਂਦ ‘ਤੇ ਜਿੱਤ ਲਈ ਛੇ ਦੌੜਾਂ ਦੀ ਲੋੜ ਸੀ। ਪਠਾਨੀਆ ਸਿਰਫ਼ ਚੌਕਾ ਹੀ ਲਗਾ ਸਕੇ, ਜਿਸ ਨਾਲ ਲੁਧਿਆਣਾ ਲਾਇਨਜ਼ ਇੱਕ ਦੌੜ ਨਾਲ ਜਿੱਤ ਤੋਂ ਵਾਂਝੀ ਰਹਿ ਗਈ।
ਇਸ ਤਰ੍ਹਾਂ ਫ਼ਾਜ਼ਿਲਕਾ ਫਾਲਕਨਜ਼ ਨੇ ਇੱਕ ਦੌੜ ਨਾਲ ਰੋਮਾਂਚਕ ਜਿੱਤ ਦਰਜ ਕਰਦਿਆਂ ਮੈਚ ਆਪਣੇ ਨਾਮ ਕੀਤਾ।
ਸ਼ਾਨਦਾਰ ਬੱਲੇਬਾਜ਼ੀ ਅਤੇ ਸੀਜ਼ਨ ਦੇ ਪਹਿਲੇ ਹੀ ਮੈਚ ਵਿੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਲਈ ਸ਼ੁਭਮਨ ਗਿੱਲ ਨੂੰ ‘ਪਲੇਅਰ ਆਫ਼ ਦ ਮੈਚ’ ਚੁਣਿਆ ਗਿਆ।
ਸ਼ੁਭਮਨ ਗਿੱਲ ਦੀ ਲੀਗ ਵਿੱਚ ਆਮਦ ਨੂੰ ਲੈ ਕੇ ਦਰਸ਼ਕਾਂ ਵਿੱਚ ਭਾਰੀ ਉਤਸ਼ਾਹ ਸੀ। ਉਨ੍ਹਾਂ ਦੀ 21 ਗੇਂਦਾਂ ਵਿੱਚ 40 ਦੌੜਾਂ ਦੀ ਧਮਾਕੇਦਾਰ ਪਾਰੀ ਨੇ ਇਸ ਉਡੀਕੇ ਜਾ ਰਹੇ ਮੁਕਾਬਲੇ ਨੂੰ ਹੋਰ ਵੀ ਰੋਮਾਂਚਕ ਬਣਾ ਦਿੱਤਾ ਅਤੇ ਫ਼ਾਜ਼ਿਲਕਾ ਫਾਲਕਨਜ਼ ਨੇ ਲੁਧਿਆਣਾ ਲਾਇਨਜ਼ ਦੀ ਆਖ਼ਰੀ ਪਲਾਂ ਦੀ ਜ਼ਬਰਦਸਤ ਵਾਪਸੀ ਦੇ ਬਾਵਜੂਦ ਜਿੱਤ ਦਰਜ਼ ਕੀਤੀ।