
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮੋਹਾਲੀ ਦੇ ਆਈ.ਐਸ. ਬਿੰਦਰਾ ਸਟੇਡੀਅਮ ਵਿੱਚ ਮੈਨਕਾਈਂਡ ਫਾਰਮਾ ਸ਼ੇਰ-ਏ-ਪੰਜਾਬ ਟੀ20 ਲੀਗ 2026, ਪੰਜਾਬ ਕਿੰਗਜ਼ ਦੀ ਪਾਵਰਡ ਬਾਈ ਦੇ ਉਦਘਾਟਨੀ ਮੈਚ ਵਿੱਚ ਮੋਹਾਲੀ ਕਿੰਗਜ਼ ਨੇ ਟਾਸ ਜਿੱਤ ਕੇ ਅੰਮ੍ਰਿਤਸਰ ਸੂਰਮਾ ਨੂੰ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਦਿੱਤਾ। ਇਹ ਟੂਰਨਾਮੈਂਟ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਵੱਲੋਂ ਕਰਵਾਇਆ ਜਾ ਰਿਹਾ ਹੈ ਅਤੇ ਸਰਵੋਟੈਕ ਸਪੋਰਟਸ ਐਂਡ ਐਂਟਰਟੇਨਮੈਂਟ ਵੱਲੋਂ ਵਿਸ਼ੇਸ਼ ਤੌਰ ’ਤੇ ਪ੍ਰਬੰਧਿਤ ਕੀਤਾ ਗਿਆ ਹੈ, ਜਦਕਿ ਡੀਐਨਏ ਤਕਨੀਕੀ ਪਾਰਟਨਰ ਹੈ।

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਮੋਹਾਲੀ: ਅਨਮੋਲਪ੍ਰੀਤ ਸਿੰਘ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਮੋਹਾਲੀ ਕਿੰਗਜ਼ ਨੇ 259 ਦੌੜਾਂ ਦੇ ਵਿਸ਼ਾਲ ਟੀਚੇ ਦਾ ਪਿੱਛਾ ਕਰਦਿਆਂ ਰੋਮਾਂਚਕ ਮੁਕਾਬਲੇ ਵਿੱਚ ਪੰਜ ਵਿਕਟਾਂ ਨਾਲ ਜਿੱਤ ਦਰਜ ਕੀਤੀ। ਮੋਹਾਲੀ ਨੇ ਇਹ ਟੀਚਾ ਤਿੰਨ ਗੇਂਦਾਂ ਬਾਕੀ ਰਹਿੰਦਿਆਂ ਹਾਸਲ ਕਰ ਲਿਆ।
ਮੋਹਾਲੀ ਦੇ ਆਈ.ਐਸ. ਬਿੰਦਰਾ ਸਟੇਡੀਅਮ ਵਿੱਚ ਮੈਨਕਾਈਂਡ ਫਾਰਮਾ ਸ਼ੇਰ-ਏ-ਪੰਜਾਬ ਟੀ20 ਲੀਗ 2026, ਪੰਜਾਬ ਕਿੰਗਜ਼ ਦੀ ਪਾਵਰਡ ਬਾਈ ਦੇ ਉਦਘਾਟਨੀ ਮੈਚ ਵਿੱਚ ਮੋਹਾਲੀ ਕਿੰਗਜ਼ ਨੇ ਟਾਸ ਜਿੱਤ ਕੇ ਅੰਮ੍ਰਿਤਸਰ ਸੂਰਮਾ ਨੂੰ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਦਿੱਤਾ। ਇਹ ਟੂਰਨਾਮੈਂਟ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਵੱਲੋਂ ਕਰਵਾਇਆ ਜਾ ਰਿਹਾ ਹੈ ਅਤੇ ਸਰਵੋਟੈਕ ਸਪੋਰਟਸ ਐਂਡ ਐਂਟਰਟੇਨਮੈਂਟ ਵੱਲੋਂ ਵਿਸ਼ੇਸ਼ ਤੌਰ ’ਤੇ ਪ੍ਰਬੰਧਿਤ ਕੀਤਾ ਗਿਆ ਹੈ, ਜਦਕਿ ਡੀਐਨਏ ਤਕਨੀਕੀ ਪਾਰਟਨਰ ਹੈ।
ਅਭਿਸ਼ੇਕ ਸ਼ਰਮਾ ਦੀ ਅਗਵਾਈ ਵਾਲੀ ਅੰਮ੍ਰਿਤਸਰ ਸੂਰਮਿਆਂ ਦੀ ਟੀਮ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 258 ਦੌੜਾਂ ਬਣਾਈਆਂ। ਸ਼ੁਰੂ ਤੋਂ ਹੀ ਟੀਮ ਦੇ ਬੱਲੇਬਾਜ਼ਾਂ ਨੇ ਜ਼ਬਰਦਸਤ ਪਾਵਰ-ਹਿਟਿੰਗ ਦਾ ਪ੍ਰਦਰਸ਼ਨ ਕੀਤਾ।
ਅਭਿਸ਼ੇਕ ਅਤੇ ਸਲਾਮੀ ਬੱਲੇਬਾਜ਼ ਸਹਿਜ ਧਵਨ ਨੇ ਮੋਹਾਲੀ ਦੇ ਗੇਂਦਬਾਜ਼ਾਂ ’ਤੇ ਸ਼ੁਰੂ ਤੋਂ ਹੀ ਹਮਲਾ ਕਰ ਦਿੱਤਾ ਅਤੇ ਸਿਰਫ਼ 5.1 ਓਵਰਾਂ ਵਿੱਚ 100 ਦੌੜਾਂ ਦੀ ਸਾਂਝੇਦਾਰੀ ਕਰ ਲਈ। ਦੋਵਾਂ ਨੇ ਲਗਾਤਾਰ ਚੌਕੇ-ਛੱਕੇ ਲਗਾ ਕੇ ਪਾਵਰਪਲੇਅ ਵਿੱਚ ਅੰਮ੍ਰਿਤਸਰ ਨੂੰ ਪੂਰੀ ਤਰ੍ਹਾਂ ਮਜ਼ਬੂਤ ਸਥਿਤੀ ਵਿੱਚ ਪਹੁੰਚਾ ਦਿੱਤਾ।
ਧਵਨ 18 ਗੇਂਦਾਂ ’ਤੇ ਤੇਜ਼ਤਰਾਰ 45 ਦੌੜਾਂ ਬਣਾ ਕੇ ਆਊਟ ਹੋ ਗਏ, ਪਰ ਅਭਿਸ਼ੇਕ ਨੇ ਆਪਣਾ ਹਮਲਾ ਜਾਰੀ ਰੱਖਿਆ। ਕਪਤਾਨ ਨੇ ਸਿਰਫ਼ 26 ਗੇਂਦਾਂ ’ਤੇ 77 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ, ਜਿਸ ਵਿੱਚ ਛੇ ਚੌਕੇ ਅਤੇ ਸੱਤ ਛੱਕੇ ਸ਼ਾਮਲ ਸਨ।
ਇਸ ਤੋਂ ਬਾਅਦ ਨਮਨ ਧੀਰ ਨੇ ਮੋਰਚਾ ਸੰਭਾਲਿਆ ਅਤੇ ਤੇਜ਼ ਰਫ਼ਤਾਰ ਨਾਲ ਸਕੋਰ ਨੂੰ ਅੱਗੇ ਵਧਾਇਆ। ਧੀਰ ਨੇ 22 ਗੇਂਦਾਂ ’ਤੇ 47 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਅਤੇ ਮੋਹਾਲੀ ਦੇ ਗੇਂਦਬਾਜ਼ਾਂ ’ਤੇ ਦਬਾਅ ਬਣਾਈ ਰੱਖਿਆ।
ਰਾਹੁਲ ਕੁਮਾਰ ਨੇ ਵੀ ਰਫ਼ਤਾਰ ਨੂੰ ਬਰਕਰਾਰ ਰੱਖਿਆ ਅਤੇ ਅਭੈ ਚੌਧਰੀ ਨਾਲ ਮਿਲ ਕੇ ਸਿਰਫ਼ ਦੋ ਓਵਰਾਂ ਵਿੱਚ 23 ਦੌੜਾਂ ਜੋੜੀਆਂ। ਰਾਹੁਲ 13 ਗੇਂਦਾਂ ’ਤੇ 23 ਦੌੜਾਂ ਬਣਾ ਕੇ ਤੇਜਪ੍ਰੀਤ ਸਿੰਘ ਦੀ ਗੇਂਦ ’ਤੇ ਆਊਟ ਹੋਏ।
ਮੋਹਾਲੀ ਕਿੰਗਜ਼ ਵੱਲੋਂ ਤੇਜਪ੍ਰੀਤ ਸਿੰਘ ਸਭ ਤੋਂ ਸਫਲ ਗੇਂਦਬਾਜ਼ ਰਹੇ। ਉਨ੍ਹਾਂ ਨੇ ਚਾਰ ਓਵਰਾਂ ਵਿੱਚ 38 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ।
ਅੰਮ੍ਰਿਤਸਰ ਸੂਰਮਿਆਂ ਨੇ ਵੱਡਾ ਸਕੋਰ ਖੜ੍ਹਾ ਕਰਕੇ ਮੋਹਾਲੀ ਸਾਹਮਣੇ 259 ਦੌੜਾਂ ਦਾ ਵੱਡਾ ਟੀਚਾ ਰੱਖ ਦਿੱਤਾ।
ਟੀਚੇ ਦਾ ਪਿੱਛਾ ਕਰਨ ਉਤਰੀ ਮੋਹਾਲੀ ਕਿੰਗਜ਼ ਦੀ ਸ਼ੁਰੂਆਤ ਮੁਸ਼ਕਲ ਰਹੀ। ਅੰਮ੍ਰਿਤਸਰ ਦੇ ਕਪਤਾਨ ਅਭਿਸ਼ੇਕ ਸ਼ਰਮਾ ਨੇ ਪਹਿਲੇ ਹੀ ਓਵਰ ਵਿੱਚ ਮਨਪ੍ਰੀਤ ਜੌਹਲ ਨੂੰ ਸਿਰਫ਼ ਦੋ ਗੇਂਦਾਂ ’ਤੇ ਬਿਨਾਂ ਖਾਤਾ ਖੋਲ੍ਹੇ ਆਊਟ ਕਰ ਦਿੱਤਾ।
ਹਾਲਾਂਕਿ ਗੁਰਮੇਹਰ ਸਰਾਂ ਅਤੇ ਅਨਮੋਲਪ੍ਰੀਤ ਸਿੰਘ ਨੇ ਤੁਰੰਤ ਪਾਰੀ ਨੂੰ ਸੰਭਾਲ ਲਿਆ ਅਤੇ ਦੋਵਾਂ ਨੇ 62 ਦੌੜਾਂ ਦੀ ਤੇਜ਼ਤਰਾਰ ਸਾਂਝੇਦਾਰੀ ਕੀਤੀ। ਸਰਾਂ ਨੇ 12 ਗੇਂਦਾਂ ’ਤੇ 26 ਦੌੜਾਂ ਦੀ ਹਮਲਾਵਰ ਪਾਰੀ ਖੇਡੀ, ਪਰ ਉਹ ਆਊਟ ਹੋ ਗਏ।
ਇਸ ਤੋਂ ਬਾਅਦ ਮੋਹਾਲੀ ਨੂੰ ਇੱਕ ਹੋਰ ਝਟਕਾ ਲੱਗਾ ਜਦੋਂ ਆਰੀਅਨ ਭਾਟੀਆ ਸਿਰਫ਼ ਦੋ ਗੇਂਦਾਂ ’ਤੇ ਬਿਨਾਂ ਖਾਤਾ ਖੋਲ੍ਹੇ ਪੈਵੇਲੀਅਨ ਪਰਤ ਗਏ।
ਦਬਾਅ ਵਧਣ ਦੇ ਬਾਵਜੂਦ ਅਨਮੋਲਪ੍ਰੀਤ ਸਿੰਘ ਅਤੇ ਕਪਤਾਨ ਰਮਨਦੀਪ ਸਿੰਘ ਨੇ ਜ਼ਿੰਮੇਵਾਰੀ ਸੰਭਾਲੀ। ਦੋਵਾਂ ਨੇ ਚੌਥੀ ਵਿਕਟ ਲਈ ਸ਼ਾਨਦਾਰ 151 ਦੌੜਾਂ ਦੀ ਸਾਂਝੇਦਾਰੀ ਕਰਕੇ ਮੈਚ ਦਾ ਰੁਖ ਪੂਰੀ ਤਰ੍ਹਾਂ ਬਦਲ ਦਿੱਤਾ।
ਅਨਮੋਲਪ੍ਰੀਤ ਸਿੰਘ ਮੋਹਾਲੀ ਦੀ ਜਿੱਤ ਦੇ ਹੀਰੋ ਰਹੇ। ਉਨ੍ਹਾਂ ਨੇ ਸਿਰਫ਼ 51 ਗੇਂਦਾਂ ’ਤੇ ਧਮਾਕੇਦਾਰ 133 ਦੌੜਾਂ ਬਣਾਈਆਂ ਅਤੇ ਆਪਣੀ ਟੀਮ ਨੂੰ ਟੀਚੇ ਦੇ ਬਹੁਤ ਨੇੜੇ ਪਹੁੰਚਾ ਦਿੱਤਾ।
ਇਸ ਤੋਂ ਬਾਅਦ ਰਮਨਦੀਪ ਨੇ ਚੇਜ਼ ਦੀ ਕਮਾਨ ਸੰਭਾਲੀ। ਹਰਪ੍ਰੀਤ ਨੇ ਵੀ ਸਿਰਫ਼ 8 ਗੇਂਦਾਂ ’ਤੇ ਤੇਜ਼ 23 ਦੌੜਾਂ ਬਣਾਕੇ ਮੋਹਾਲੀ ਦੀ ਜਿੱਤ ਆਸਾਨ ਕਰ ਦਿੱਤੀ। ਇਸ ਨਾਲ ਆਖ਼ਰੀ ਦੋ ਓਵਰਾਂ ਵਿੱਚ ਮੋਹਾਲੀ ਨੂੰ ਸਿਰਫ਼ 9 ਦੌੜਾਂ ਦੀ ਲੋੜ ਰਹਿ ਗਈ।
ਹਰਪ੍ਰੀਤ ਬਰਾੜ ਨੂੰ ਨਮਨ ਧੀਰ ਨੇ ਆਪਣੀ ਹੀ ਗੇਂਦ ’ਤੇ ਸ਼ਾਨਦਾਰ ਕੈਚ ਲੈ ਕੇ ਆਊਟ ਕੀਤਾ, ਪਰ ਉਦੋਂ ਤੱਕ ਮੋਹਾਲੀ ਦੀ ਜਿੱਤ ਲਗਭਗ ਤੈਅ ਹੋ ਚੁੱਕੀ ਸੀ।
ਰਮਨਦੀਪ ਨੇ ਆਪਣਾ ਸੰਜਮ ਕਾਇਮ ਰੱਖਿਆ ਅਤੇ ਆਖ਼ਰੀ ਓਵਰ ਵਿੱਚ ਟੀਮ ਨੂੰ ਜਿੱਤ ਦਿਵਾ ਦਿੱਤੀ। ਉਹ 40 ਗੇਂਦਾਂ ’ਤੇ ਸ਼ਾਨਦਾਰ 69 ਦੌੜਾਂ ਬਣਾ ਕੇ ਨਾਬਾਦ ਰਹੇ। ਮੋਹਾਲੀ ਕਿੰਗਜ਼ ਨੇ ਤਿੰਨ ਗੇਂਦਾਂ ਬਾਕੀ ਰਹਿੰਦਿਆਂ ਪੰਜ ਵਿਕਟਾਂ ਨਾਲ ਰੋਮਾਂਚਕ ਜਿੱਤ ਦਰਜ ਕੀਤੀ।
ਆਪਣੀ ਸ਼ਾਨਦਾਰ ਪਾਰੀ ਬਾਰੇ ਗੱਲ ਕਰਦਿਆਂ ਅਨਮੋਲਪ੍ਰੀਤ ਸਿੰਘ ਨੇ ਕਿਹਾ, “ਸਥਿਤੀ ਇਹ ਸੀ ਕਿ ਸਾਨੂੰ ਵੱਡੇ ਟੀਚੇ ਦਾ ਪਿੱਛਾ ਕਰਨਾ ਸੀ, ਇਸ ਲਈ ਮੈਂ ਆਪਣੇ ਸ਼ਾਟਾਂ ’ਤੇ ਭਰੋਸਾ ਕਰ ਰਿਹਾ ਸੀ। ਮੈਂ ਰਮਨਦੀਪ ਨਾਲ ਗੱਲ ਕਰ ਰਿਹਾ ਸੀ ਅਤੇ ਉਸਨੂੰ ਦੱਸ ਰਿਹਾ ਸੀ ਕਿ ਇਹ ਅਜਿਹੀ ਵਿਕਟ ਹੈ ਜਿੱਥੇ ਇੱਕ ਵਾਰ ਸੈੱਟ ਹੋ ਜਾਣ ਤੋਂ ਬਾਅਦ ਅੱਗੇ ਤੱਕ ਬੱਲੇਬਾਜ਼ੀ ਕਰਨੀ ਅਤੇ ਵੱਡਾ ਸਕੋਰ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਸੀਂ ਗੱਲ ਕਰ ਰਹੇ ਸੀ ਕਿ ਹਰ ਓਵਰ ਵਿੱਚ ਇੱਕ-ਦੋ ਬਾਊਂਡਰੀਆਂ ਲਗਾ ਕੇ ਅੱਗੇ ਵਧਣਾ ਹੈ। ਸਾਡੀ ਯੋਜਨਾ ਸੀ ਕਿ ਅੰਤ ਤੱਕ ਟਿਕੇ ਰਹਿਣਾ ਹੈ ਅਤੇ ਮੈਚ ਨੂੰ ਅੰਤ ਤੱਕ ਲੈ ਕੇ ਜਾਣਾ ਹੈ।”
ਉਨ੍ਹਾਂ ਅੱਗੇ ਕਿਹਾ, “ਸਾਨੂੰ ਪਤਾ ਸੀ ਕਿ ਸਥਿਤੀ ਚੁਣੌਤੀਪੂਰਨ ਹੈ। ਸਾਨੂੰ ਲਗਭਗ 12 ਜਾਂ 13 ਦੌੜਾਂ ਪ੍ਰਤੀ ਓਵਰ ਦੀ ਲੋੜ ਸੀ, ਇਸ ਲਈ ਹਰ ਓਵਰ ਵਿੱਚ ਦੋ ਬਾਊਂਡਰੀਆਂ ਲੱਭਣੀਆਂ ਜ਼ਰੂਰੀ ਸਨ। ਅਸੀਂ ਲਗਾਤਾਰ ਇਸ ਗੱਲ ’ਤੇ ਚਰਚਾ ਕਰ ਰਹੇ ਸੀ ਕਿ ਸਥਿਤੀ ਨੂੰ ਕਿਵੇਂ ਖੇਡਣਾ ਹੈ। ਜੇ ਮੈਂ ਬਾਊਂਡਰੀ ਲਗਾਉਂਦਾ ਸੀ ਤਾਂ ਰਮਨਦੀਪ ਇੱਕ-ਦੋ ਦੌੜਾਂ ਲੈਣ ਦੀ ਕੋਸ਼ਿਸ਼ ਕਰਦਾ ਸੀ ਅਤੇ ਜੇ ਉਹ ਬਾਊਂਡਰੀ ਲਗਾਉਂਦਾ ਸੀ ਤਾਂ ਮੈਂ ਵੀ ਇਹੀ ਕਰਦਾ ਸੀ। ਸਾਡੀ ਕੋਸ਼ਿਸ਼ ਸੀ ਕਿ ਗੇਂਦਬਾਜ਼ਾਂ ’ਤੇ ਦਬਾਅ ਬਣਾਈ ਰੱਖੀਏ ਅਤੇ ਨਾਲ ਹੀ ਸਾਂਝੇਦਾਰੀ ਨੂੰ ਵੀ ਜਾਰੀ ਰੱਖੀਏ।”