ਇਮਰਾਨ ਖ਼ਾਨ ਲਈ ਅੱਗੇ ਆਏ 7 ਆਸਟ੍ਰੇਲਿਆਈ ਕਪਤਾਨ, ਵਿਦੇਸ਼ ਮੰਤਰੀ ਨੂੰ ਚਿੱਠੀ ਲਿਖ ਕੇ ਕੀਤੀ ਇਹ ਖ਼ਾਸ ਅਪੀਲ
ਇਮਰਾਨ ਖ਼ਾਨ ਇਸ ਸਮੇਂ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ 'ਚ ਬੰਦ ਹਨ। ਉਨ੍ਹਾਂ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਹਨ। ਹਾਲ ਹੀ 'ਚ ਇਮਰਾਨ ਦੇ ਪੁੱਤਰਾਂ ਨੇ ਵੀ ਸਕਾਈ ਸਪੋਰਟਸ ਨੂੰ ਇੰਟਰਵਿਊ ਦਿੱਤਾ ਸੀ ਅਤੇ ਦੱਸਿਆ ਸੀ ਕਿ ਉਨ੍ਹਾਂ ਨੂੰ ਜੇਲ੍ਹ 'ਚ ਮਾਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ।
Publish Date: Tue, 15 Sep 2026 04:14 PM (IST)
Updated Date: Tue, 15 Sep 2026 04:18 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਦੇਸ਼ ਨੂੰ ਪਹਿਲਾ ਵਨਡੇ ਵਿਸ਼ਵ ਕੱਪ ਦਿਵਾਉਣ ਵਾਲੇ ਇਮਰਾਨ ਖ਼ਾਨ ਇਸ ਸਮੇਂ ਜੇਲ੍ਹ 'ਚ ਹਨ। ਕਈ ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਦੀ ਸਿਹਤ ਖ਼ਰਾਬ ਹੈ। ਪੂਰੇ ਕ੍ਰਿਕਟ ਜਗਤ 'ਚ ਉਨ੍ਹਾਂ ਨੂੰ ਬਚਾਉਣ ਲਈ ਮੁਹਿੰਮ ਚੱਲ ਰਹੀ ਹੈ। ਇਸੇ ਕੜੀ 'ਚ ਆਸਟ੍ਰੇਲੀਆ ਦੇ ਸੱਤ ਕਪਤਾਨਾਂ ਨੇ ਇਮਰਾਨ ਖ਼ਾਨ ਨੂੰ ਬਚਾਉਣ ਲਈ ਚਿੱਠੀ ਲਿਖੀ ਹੈ ਜਿਸ 'ਚ ਗ੍ਰੇਗ ਚੈਪਲ ਵੀ ਸ਼ਾਮਲ ਹਨ। ਇਨ੍ਹਾਂ ਸਾਰਿਆਂ ਨੇ ਆਪਣੀ ਸਰਕਾਰ ਦੀ ਵਿਦੇਸ਼ ਮੰਤਰੀ ਪੈਨੀ ਵੋਂਗ ਨੂੰ ਚਿੱਠੀ ਲਿਖ ਕੇ ਕਿਹਾ ਕਿ ਉਹ ਇਸ ਮਾਮਲੇ 'ਚ ਦਖ਼ਲ ਦੇਣ ਤੇ ਇਮਰਾਨ ਖ਼ਾਨ ਨੂੰ ਬਚਾਉਣ ਦੀ ਕੋਸ਼ਿਸ਼ ਕਰਨ। ਇਨ੍ਹਾਂ ਸਾਰਿਆਂ ਨੇ ਜੇਲ੍ਹ 'ਚ ਇਮਰਾਨ ਦੀ ਖ਼ਰਾਬ ਸਿਹਤ 'ਤੇ ਚਿੰਤਾ ਜ਼ਾਹਰ ਕੀਤੀ ਹੈ।
ਚੈਪਲ ਕਰਨਾ ਚਾਹੁੰਦੇ ਹਨ ਮੁਲਾਕਾਤ
ਆਸਟ੍ਰੇਲੀਆ ਦੇ ਸਾਬਕਾ ਕਪਤਾਨ ਅਤੇ ਭਾਰਤੀ ਟੀਮ ਦੇ ਕੋਚ ਰਹਿ ਚੁੱਕੇ ਗ੍ਰੇਗ ਚੈਪਲ ਨੇ ਵੋਂਗ ਨਾਲ ਮੁਲਾਕਾਤ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਉਨ੍ਹਾਂ ਤੋਂ ਇਲਾਵਾ ਐਲਨ ਬਾਰਡਰ, ਇਆਨ ਚੈਪਲ, ਕਿਮ ਹਿਊਜ਼, ਮਾਰਕ ਟੇਲਰ, ਸਟੀਵ ਵਾਅ ਅਤੇ ਮਹਿਲਾ ਟੀਮ ਦੀ ਕਪਤਾਨ ਰਹਿ ਚੁੱਕੀ ਬੇਲਿੰਡਾ ਕਲਾਰਕ ਨੇ ਇਮਰਾਨ ਨੂੰ ਬਚਾਉਣ ਦੀ ਅਪੀਲ ਕੀਤੀ ਹੈ।
ਚਿੱਠੀ 'ਚ ਉਨ੍ਹਾਂ ਲਿਖਿਆ ਹੈ, 'ਚੈਪਲ ਨੇ ਇਮਰਾਨ ਖ਼ਾਨ ਨੂੰ ਆਖ਼ਰੀ ਵਾਰ ਸਾਲ 2022 'ਚ ਇਸਲਾਮਾਬਾਦ 'ਚ ਦੇਖਿਆ ਸੀ ਅਤੇ ਉਸ ਸਮੇਂ ਇਮਰਾਨ ਖ਼ਾਨ ਪ੍ਰਧਾਨ ਮੰਤਰੀ ਸਨ। ਉਸ ਵੇਲੇ ਉਹ ਤੰਦਰੁਸਤ ਅਤੇ ਫਿੱਟ ਸਨ। ਇਸ ਸਮੇਂ ਜੋ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ, ਉਨ੍ਹਾਂ 'ਤੇ ਵਿਸ਼ਵਾਸ ਕਰਨਾ ਮੁਸ਼ਕਲ ਹੈ, ਇਸ ਲਈ ਅੱਜ ਅਸੀਂ ਚਿੱਠੀ ਲਿਖ ਰਹੇ ਹਾਂ। ਕਿਸੇ ਡਿਪਲੋਮੈਟ ਜਾਂ ਸਿਆਸੀ ਆਗੂ ਵਜੋਂ ਨਹੀਂ, ਸਗੋਂ ਸਾਬਕਾ ਆਸਟ੍ਰੇਲੀਆਈ ਕਪਤਾਨਾਂ ਵਜੋਂ ਸਾਨੂੰ ਲੱਗਾ ਕਿ ਸਾਨੂੰ ਆਪਣੀ ਆਵਾਜ਼ ਉਠਾਉਣੀ ਚਾਹੀਦੀ ਹੈ।'
ਮੌਤ ਦਾ ਹੈ ਡਰ
ਚੈਪਲ ਨੇ ਖ਼ਦਸ਼ਾ ਜ਼ਾਹਰ ਕੀਤਾ ਹੈ ਕਿ ਇਮਰਾਨ ਦੀ ਜੇਲ੍ਹ 'ਚ ਮੌਤ ਹੋ ਸਕਦੀ ਹੈ। ਚੈਪਲ ਨੇ ਹਿੰਦੁਸਤਾਨ ਟਾਈਮਜ਼ ਡਿਜੀਟਲ ਨਾਲ ਗੱਲਬਾਤ ਕਰਦਿਆਂ ਕਿਹਾ, 'ਸਾਨੂੰ ਇਸ ਗੱਲ ਦੀ ਚਿੰਤਾ ਹੈ ਕਿ ਉਹ ਜੇਲ੍ਹ 'ਚ ਮਰ ਸਕਦੇ ਹਨ।' ਇਮਰਾਨ ਖ਼ਾਨ ਇਸ ਸਮੇਂ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ 'ਚ ਬੰਦ ਹਨ। ਉਨ੍ਹਾਂ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਹਨ। ਹਾਲ ਹੀ 'ਚ ਇਮਰਾਨ ਦੇ ਪੁੱਤਰਾਂ ਨੇ ਵੀ ਸਕਾਈ ਸਪੋਰਟਸ ਨੂੰ ਇੰਟਰਵਿਊ ਦਿੱਤਾ ਸੀ ਅਤੇ ਦੱਸਿਆ ਸੀ ਕਿ ਉਨ੍ਹਾਂ ਨੂੰ ਜੇਲ੍ਹ 'ਚ ਮਾਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ।