- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀਸੀਬੀ ਦੇ ਮੁਖੀ ਮੋਹਸਿਨ ਨਕਵੀ ਪਾਕਿਸਤਾਨ ਦੇ ਗ੍ਰਹਿ ਮੰਤਰੀ ਵੀ ਹਨ ਤੇ ਐੱਨਸੀਸੀਆਈਏ ਉਨ੍ਹਾਂ ਦੇ ਮੰਤਰਾਲੇ ਦੇ ਅਧੀਨ ਕੰਮ ਕਰਦੀ ਹੈ। ਪੀਸੀਬੀ ਦੇ ਇਕ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਐੱਨਸੀਸੀਆਈਏ ਡ੍ਰੈਸਿੰਗ ਰੂਮ ਤੋਂ ਕਥਿਤ ਜਾਣਕਾਰੀ ਲੀਕ ਹੋਣ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਲਾਹੌਰ (ਪੀਟੀਆਈ) : ਡ੍ਰੈਸਿੰਗ ਰੂਮ ਦੀ ਕਥਿਤ ਜਾਣਕਾਰੀ ਲੀਕ ਹੋਣ ਦੇ ਮਾਮਲੇ ’ਚ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੀ ਸ਼ਿਕਾਇਤ ’ਤੇ ਪਾਕਿਸਤਾਨ ਦੀ ਰਾਸ਼ਟਰੀ ਸਾਈਬਰ ਅਪਰਾਧ ਜਾਂਚ ਏਜੰਸੀ (ਐੱਨਸੀਸੀਆਈਏ) ਨੇ ਟੀਮ ਦੇ ਖਿਡਾਰੀਆਂ ਮੁਹੰਮਦ ਰਿਜ਼ਵਾਨ ਤੇ ਇਮਾਮ-ਉਲ-ਹਕ ਤੋਂ ਕਰੀਬ ਚਾਰ ਘੰਟਿਆਂ ਤੱਕ ਪੁੱਛਗਿੱਛ ਕੀਤੀ। ਇਹ ਘਟਨਾਕ੍ਰਮ ਇੰਗਲੈਂਡ ਦੇ ਮੌਜੂਦਾ ਟੈਸਟ ਦੌਰੇ ’ਤੇ ਪਾਕਿਸਤਾਨ ਦੇ ਬੇਹੱਦ ਖ਼ਰਾਬ ਪ੍ਰਦਰਸ਼ਨ ਵਿਚਾਲੇ ਹੋਇਆ ਹੈ। ਅਨੁਸ਼ਾਸਨ ਸਬੰਧੀ ਮਾਮਲਿਆਂ ਕਾਰਨ ਰਿਜ਼ਵਾਨ ਤੇ ਇਮਾਮ ਸਮੇਤ ਸੱਤ ਖਿਡਾਰੀਆਂ ਤੇ ਸਹਿਯੋਗੀ ਸਟਾਫ ਦੇ ਦੋ ਮੈਂਬਰਾਂ ਤੋਂ ਦੌਰੇ ’ਤੇ ਵਾਪਸ ਭੇਜ ਦਿੱਤਾ ਗਿਆ ਹੈ। ਦੋਵੇਂ ਖਿਡਾਰੀ ਹਾਲੇ ਜਾਂਚ ਦੇ ਘੇਰੇ ’ਚ ਹਨ, ਇਸ ਲਈ ਸ਼ਨਿਚਰਵਾਰ ਤੋਂ ਸ਼ੁਰੂ ਹੋਣ ਵਾਲੇ ਦੇਸ਼ ਦੇ ਮੁੱਖ ਘਰੇਲੂ ਪਹਿਲੇ ਵਰਗ ਦੇ ਟੂਰਨਾਮੈਂਟ ’ਚ ਹਿੱਸਾ ਨਹੀਂ ਲੈ ਪਾਉਣਗੇ।
ਇਸ ਵਿਲੱਖਣ ਘਟਨਾਕ੍ਰਮ ਤੋਂ ਬਾਅਦ ਪਾਕਿਸਤਾਨ ਦੇ ਸੁਰੱਖਿਆ ਮੈਨੇਜਮੈਂਟ ਨੇ ਦੋਵੇਂ ਤਜਰਬੇਕਾਰ ਖਿਡਾਰੀਆਂ ਦੇ ਮੋਬਾਈਲ ਪਹਿਲਾਂ ਹੀ ਐੱਨਸੀਸੀਆਈਏ ਨੂੰ ਸੌਂਪ ਦਿੱਤੇ ਹਨ। ਪੀਸੀਬੀ ਦੇ ਮੁਖੀ ਮੋਹਸਿਨ ਨਕਵੀ ਪਾਕਿਸਤਾਨ ਦੇ ਗ੍ਰਹਿ ਮੰਤਰੀ ਵੀ ਹਨ ਤੇ ਐੱਨਸੀਸੀਆਈਏ ਉਨ੍ਹਾਂ ਦੇ ਮੰਤਰਾਲੇ ਦੇ ਅਧੀਨ ਕੰਮ ਕਰਦੀ ਹੈ। ਪੀਸੀਬੀ ਦੇ ਇਕ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਐੱਨਸੀਸੀਆਈਏ ਡ੍ਰੈਸਿੰਗ ਰੂਮ ਤੋਂ ਕਥਿਤ ਜਾਣਕਾਰੀ ਲੀਕ ਹੋਣ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਲਾਂਕਿ, ਉਨ੍ਹਾਂ ਕਿਹਾ ਕਿ ਇਹ ਪ੍ਰਕਿਰਿਆ ਹਾਲੇ ਜਾਰੀ ਹੈ ਤੇ ਇਸ ਮਾਮਲੇ ’ਚ ਫਿਲਹਾਲ ਕੋਈ ਹੋਰ ਟਿੱਪਣੀ ਨਹੀਂ ਕੀਤੀ ਜਾਵੇਗੀ।
ਇਹ ਪਹਿਲੀ ਵਾਰ ਹੈ ਜਦੋਂ ਪੀਸੀਬੀ ਨੇ ਰਾਸ਼ਟਰੀ ਟੀਮ ਦੇ ਖਿਡਾਰੀਆਂ ਦੇ ਖ਼ਿਲਾਫ਼ ਕਿਸੇ ਸਾਈਬਰ ਏਜੰਸੀ ’ਚ ਸ਼ਿਕਾਇਤ ਦਰਜ ਕਰਵਾਈ ਹੈ। ਰਿਜ਼ਵਾਨ ਤੇ ਇਮਾਮ ਦੋਵਾਂ ਨੇ ਐੱਨਸੀਸੀਆਈਏ ਦੇ ਸਵਾਲਾਂ ਦੇ ਲਿਖਤੀ ਜਵਾਬ ਦੇਣ ਲਈ ਹੋਰ ਸਮਾਂ ਮੰਗਿਆ ਹੈ। ਪੀਸੀਬੀ ਪਹਿਲਾਂ ਹੀ ਐਲਾਨ ਕਰ ਚੁੱਕਾ ਹੈ ਕਿ ਉਸਨੇ ਅਨੁਸ਼ਾਸਨ ਤੇ ਆਚਰਣ ਨਾਲ ਸਬੰਧਤ ਮੀਡੀਆ ਰਿਪੋਰਟਾਂ ਤੋਂ ਬਾਅਦ ਅਨੁਸ਼ਾਸਨੀ ਜਾਂਚ ਸ਼ੁਰੂ ਕੀਤੀ ਹੈ, ਜਿਸਦੀ ਫਿਲਹਾਲ ਅੰਦਰੂਨੀ ਪੱਧਰ ’ਤੇ ਸਮੀਖੀਆ ਕੀਤੀ ਜਾ ਰਹੀ ਹੈ। ਇਕ ਸੂਤਰ ਅਨੁਸਾਰ, ਦੋਵਾਂ ਖਿਡਾਰੀਆਂ ਨੇ ਕਥਿਤ ਤੌਰ ’ਤੇ ਐੱਨਸੀਸੀਆਈਏ ਨੂੰ ਆਪਣੇ ਮੋਬਾਈਲ ਯੰਤਰਾਂ ਦੀ ਫੋਰੈਂਸਿਕ ਜਾਂਚ ਕਰਵਾਉਣ ਦੀ ਇਜਾਜ਼ਤ ਦੇਣ ਦੀ ਗੱਲ ਕਹੀ ਹੈ।