ਵਿਰਾਟ ਕੋਹਲੀ-ਰੋਹਿਤ ਸ਼ਰਮਾ ਨਹੀਂ, ਇਸ ਭਾਰਤੀ ਬੱਲੇਬਾਜ਼ ਤੋਂ ਪਰੇਸ਼ਾਨ ਸਨ ਪੈਟ ਕਮਿੰਸ; ਬੋਲੇ- 'ਉਸ ਨੂੰ ਆਊਟ ਕਰਨਾ ਵਾਕਈ ਮੁਸ਼ਕਲ ਸੀ'
ਪੈਟ ਕਮਿੰਸ ਨੇ ਇਸ ਮਾਮਲੇ 'ਚ ਭਾਰਤ ਦੇ ਸਾਬਕਾ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਦਾ ਨਾਮ ਲਿਆ ਹੈ। ਵਿਰਾਟ, ਰੋਹਿਤ ਅਤੇ ਪੁਜਾਰਾ ਤਿੰਨੋਂ ਹੀ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿ ਚੁੱਕੇ ਹਨ। ਪੁਜਾਰਾ ਨੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈ ਲਿਆ ਹੈ, ਜਦਕਿ ਰੋਹਿਤ ਅਤੇ ਵਿਰਾਟ ਸਿਰਫ਼ ਵਨਡੇ ਕ੍ਰਿਕਟ ਖੇਡਦੇ ਹਨ।
Publish Date: Sat, 19 Sep 2026 01:35 PM (IST)
Updated Date: Sat, 19 Sep 2026 01:37 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ: ਆਸਟ੍ਰੇਲੀਆ ਦੀ ਟੈਸਟ ਟੀਮ ਦੇ ਕਪਤਾਨ ਪੈਟ ਕਮਿੰਸ ਨੂੰ ਮੌਜੂਦਾ ਸਮੇਂ ਦੇ ਮਹਾਨ ਗੇਂਦਬਾਜ਼ਾਂ ਵਿੱਚ ਗਿਣਿਆ ਜਾਂਦਾ ਹੈ। ਉਹ ਚੰਗੇ ਤੋਂ ਚੰਗੇ ਬੱਲੇਬਾਜ਼ ਨੂੰ ਪਰੇਸ਼ਾਨ ਕਰਨ ਦੀ ਸਮਰੱਥਾ ਰੱਖਦੇ ਹਨ, ਪਰ ਇੱਕ ਬੱਲੇਬਾਜ਼ ਅਜਿਹਾ ਵੀ ਰਿਹਾ ਹੈ, ਜਿਸ ਦੇ ਸਾਹਮਣੇ ਕਮਿੰਸ ਵੀ ਬੇਵੱਸ ਨਜ਼ਰ ਆਉਂਦੇ ਸਨ। ਕਮਿੰਸ ਮੁਤਾਬਕ, ਉਹ ਬੱਲੇਬਾਜ਼ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਮੌਕਾ ਨਹੀਂ ਦਿੰਦਾ ਸੀ ਅਤੇ ਲਗਾਤਾਰ ਪਰੇਸ਼ਾਨ ਕਰਦਾ ਸੀ। ਇਹ ਬੱਲੇਬਾਜ਼ ਭਾਰਤ ਦਾ ਹੈ, ਪਰ ਨਾ ਤਾਂ ਵਿਰਾਟ ਕੋਹਲੀ ਹਨ ਅਤੇ ਨਾ ਹੀ ਰੋਹਿਤ ਸ਼ਰਮਾ।
ਕਮਿੰਸ ਨੇ ਇਸ ਮਾਮਲੇ 'ਚ ਭਾਰਤ ਦੇ ਸਾਬਕਾ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਦਾ ਨਾਮ ਲਿਆ ਹੈ। ਵਿਰਾਟ, ਰੋਹਿਤ ਅਤੇ ਪੁਜਾਰਾ ਤਿੰਨੋਂ ਹੀ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿ ਚੁੱਕੇ ਹਨ। ਪੁਜਾਰਾ ਨੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈ ਲਿਆ ਹੈ, ਜਦਕਿ ਰੋਹਿਤ ਅਤੇ ਵਿਰਾਟ ਸਿਰਫ਼ ਵਨਡੇ ਕ੍ਰਿਕਟ ਖੇਡਦੇ ਹਨ।
ਪੁਜਾਰਾ ਨੇ ਕੀਤਾ ਸੀ ਪੈਟ ਕਮਿੰਸ ਨੂੰ ਪਰੇਸ਼ਾਨ
ਕਮਿੰਸ ਤੋਂ ਜਦੋਂ ਉਨ੍ਹਾਂ ਵੱਲੋਂ ਸਾਹਮਣਾ ਕੀਤੇ ਗਏ ਹਰ ਦੇਸ਼ ਦੇ ਸਭ ਤੋਂ ਮੁਸ਼ਕਲ ਬੱਲੇਬਾਜ਼ ਬਾਰੇ ਪੁੱਛਿਆ ਗਿਆ ਤਾਂ ਭਾਰਤ ਦਾ ਨਾਮ ਆਉਣ 'ਤੇ ਉਨ੍ਹਾਂ ਨੇ ਪੁਜਾਰਾ ਨੂੰ ਯਾਦ ਕੀਤਾ। ਪ੍ਰਾਈਮ ਵੀਡੀਓ ਸਪੋਰਟ ਵੱਲੋਂ ਸਾਂਝੀ ਕੀਤੀ ਗਈ ਵੀਡੀਓ 'ਚ ਕਮਿੰਸ ਨੇ ਕਿਹਾ, "ਭਾਰਤ ਵੱਲੋਂ ਮੈਂ ਪੁਜਾਰਾ ਦਾ ਨਾਮ ਲਵਾਂਗਾ। ਉਨ੍ਹਾਂ ਨੂੰ ਆਊਟ ਕਰਨਾ ਵਾਕਈ ਮੁਸ਼ਕਲ ਹੁੰਦਾ ਸੀ। ਇਹ ਇਸ ਤਰ੍ਹਾਂ ਸੀ ਜਿਵੇਂ ਹਜ਼ਾਰਾਂ ਪੇਪਰ ਕੱਟ ਨਾਲ ਤੁਹਾਡੀ ਮੌਤ ਹੋ ਰਹੀ ਹੋਵੇ। ਉਹ ਚਾਹੁੰਦੇ ਤਾਂ 100 ਖਾਲੀ ਗੇਂਦਾਂ ਵੀ ਖੇਡ ਸਕਦੇ ਸਨ। ਉਹ ਤੁਹਾਨੂੰ ਕੋਈ ਮੌਕਾ ਨਹੀਂ ਦਿੰਦੇ ਸਨ।"
ਆਸਟ੍ਰੇਲੀਆ ਖ਼ਿਲਾਫ਼ ਪੁਜਾਰਾ ਰਹੇ ਸਨ ਹੀਰੋ
ਭਾਰਤ ਨੇ ਆਸਟ੍ਰੇਲੀਆ 'ਚ ਲਗਾਤਾਰ ਦੋ ਟੈਸਟ ਸੀਰੀਜ਼ ਜਿੱਤੀਆਂ ਹਨ ਅਤੇ ਚੇਤੇਸ਼ਵਰ ਪੁਜਾਰਾ ਨੇ ਦੋਵਾਂ ਸੀਰੀਜ਼ 'ਚ ਅਹਿਮ ਭੂਮਿਕਾ ਨਿਭਾਈ ਸੀ। ਵਿਰਾਟ ਕੋਹਲੀ ਦੀ ਕਪਤਾਨੀ 'ਚ ਭਾਰਤ ਨੇ ਸਭ ਤੋਂ ਪਹਿਲਾਂ 2018-19 'ਚ ਆਸਟ੍ਰੇਲੀਆ 'ਚ ਟੈਸਟ ਸੀਰੀਜ਼ ਜਿੱਤੀ ਸੀ। ਇਸ ਸੀਰੀਜ਼ 'ਚ ਪੁਜਾਰਾ ਦੀ ਬੱਲੇਬਾਜ਼ੀ ਨੇ ਆਸਟ੍ਰੇਲੀਆਈ ਗੇਂਦਬਾਜ਼ਾਂ ਨੂੰ ਖਾਸਾ ਪਰੇਸ਼ਾਨ ਕੀਤਾ ਸੀ।
ਇਸ ਤੋਂ ਬਾਅਦ 2020-21 'ਚ ਵੀ ਭਾਰਤ ਨੇ ਆਸਟ੍ਰੇਲੀਆ 'ਚ ਟੈਸਟ ਸੀਰੀਜ਼ 'ਤੇ ਕਬਜ਼ਾ ਕੀਤਾ। ਇਸ ਵਾਰ ਵੀ ਪੁਜਾਰਾ ਟੀਮ ਦੀ ਮਜ਼ਬੂਤ ਢਾਲ ਬਣੇ। ਉਨ੍ਹਾਂ ਨੇ ਆਪਣੇ ਸਰੀਰ 'ਤੇ ਕਈ ਗੇਂਦਾਂ ਖਾਧੀਆਂ, ਪਰ ਟੀਮ ਨੂੰ ਮੁਸ਼ਕਲ ਹਾਲਾਤ 'ਚੋਂ ਬਾਹਰ ਕੱਢਣ 'ਚ ਅਹਿਮ ਯੋਗਦਾਨ ਦਿੱਤਾ।