IND W vs PAK W Head to Head: ਟੱਕਰ ’ਚ ਕੋਈ ਨਹੀਂ ਹੈ, ਹਰਮਨਪ੍ਰੀਤ ਕੌਰ ਦੀ ਟੀਮ ਦੀ ਜਿੱਤ ਪੱਕੀ! ਜਾਣੋ ਕੀ ਕਹਿੰਦੇ ਹਨ ਅੰਕੜੇ
ਆਈ.ਸੀ.ਸੀ. ਮਹਿਲਾ ਟੀ-20 ਵਰਲਡ ਕੱਪ ਦਾ ਮੰਚ ਤਿਆਰ ਹੈ। ਟੀਮ ਇੰਡੀਆ ਐਤਵਾਰ ਨੂੰ ਆਪਣਾ ਪਹਿਲਾ ਮੈਚ ਖੇਡੇਗੀ ਅਤੇ ਇਹ ਮੈਚ ਹੋਵੇਗਾ ਰਵਾਇਤੀ ਵਿਰੋਧੀ ਪਾਕਿਸਤਾਨ ਨਾਲ। ਇਨ੍ਹਾਂ ਦੋਵਾਂ ਦੇਸ਼ਾਂ ਦਾ ਮੈਚ ਕਿਸੇ ਵੀ ਫਾਰਮੈਟ ਵਿੱਚ ਹੋਵੇ, ਰੋਮਾਂਚ ਸਿਰ ਚੜ੍ਹ ਕੇ ਬੋਲਦਾ ਹੈ, ਕਿਉਂਕਿ ਹਾਰ ਦੋਵੇਂ ਹੀ ਟੀਮਾਂ ਬਰਦਾਸ਼ਤ ਨਹੀਂ ਕਰ ਸਕਦੀਆਂ।
Publish Date: Sat, 13 Jun 2026 03:44 PM (IST)
Updated Date: Sat, 13 Jun 2026 03:45 PM (IST)

ਸਪੋਰਟਸ ਡੈਸਕ, ਨਵੀਂ ਦਿੱਲੀ। ਆਈ.ਸੀ.ਸੀ. ਮਹਿਲਾ ਟੀ-20 ਵਰਲਡ ਕੱਪ ਦਾ ਮੰਚ ਤਿਆਰ ਹੈ। ਟੀਮ ਇੰਡੀਆ ਐਤਵਾਰ ਨੂੰ ਆਪਣਾ ਪਹਿਲਾ ਮੈਚ ਖੇਡੇਗੀ ਅਤੇ ਇਹ ਮੈਚ ਹੋਵੇਗਾ ਰਵਾਇਤੀ ਵਿਰੋਧੀ ਪਾਕਿਸਤਾਨ ਨਾਲ। ਇਨ੍ਹਾਂ ਦੋਵਾਂ ਦੇਸ਼ਾਂ ਦਾ ਮੈਚ ਕਿਸੇ ਵੀ ਫਾਰਮੈਟ ਵਿੱਚ ਹੋਵੇ, ਰੋਮਾਂਚ ਸਿਰ ਚੜ੍ਹ ਕੇ ਬੋਲਦਾ ਹੈ, ਕਿਉਂਕਿ ਹਾਰ ਦੋਵੇਂ ਹੀ ਟੀਮਾਂ ਬਰਦਾਸ਼ਤ ਨਹੀਂ ਕਰ ਸਕਦੀਆਂ।
ਹਰਮਨਪ੍ਰੀਤ ਕੌਰ ਦੀ ਕਪਤਾਨੀ ਵਾਲੀ ਭਾਰਤੀ ਕ੍ਰਿਕਟ ਟੀਮ ਵਨਡੇ ਜੇਤੂ ਵਜੋਂ ਇਸ ਟੂਰਨਾਮੈਂਟ ਵਿੱਚ ਗਈ ਹੈ ਅਤੇ ਹੁਣ ਉਸ ਦੀ ਕੋਸ਼ਿਸ਼ ਟੀ-20 ਦਾ ਖ਼ਿਤਾਬ ਵੀ ਆਪਣੇ ਨਾਂ ਕਰਨ 'ਤੇ ਹੈ। ਹਾਲਾਂਕਿ, ਪਹਿਲੇ ਮੈਚ ਵਿੱਚ ਪਾਕਿਸਤਾਨ ਦੀ ਚੁਣੌਤੀ ਉਸ ਦੇ ਲਈ ਆਸਾਨ ਨਹੀਂ ਹੋਵੇਗੀ। ਇਸ ਮੈਚ ਦਾ ਦਬਾਅ ਕਾਫ਼ੀ ਵੱਖਰਾ ਹੁੰਦਾ ਹੈ ਅਤੇ ਇਸੇ ਕਾਰਨ ਇਸ ਨੂੰ ਹਾਈ-ਵੋਲਟੇਜ ਮੈਚ ਕਿਹਾ ਜਾਂਦਾ ਹੈ।
ਕੀ ਕਹਿੰਦੇ ਹਨ ਅੰਕੜੇ
ਦੋਵਾਂ ਟੀਮਾਂ ਵਿਚਾਲੇ ਹੁਣ ਤੱਕ ਟੀ-20 ਵਿੱਚ ਕੁੱਲ 16 ਮੈਚ ਖੇਡੇ ਗਏ ਹਨ। ਇਨ੍ਹਾਂ ਵਿੱਚੋਂ ਭਾਰਤ ਨੇ 13 ਮੈਚਾਂ ਵਿੱਚ ਜਿੱਤ ਹਾਸਲ ਕੀਤੀ ਹੈ, ਜਦਕਿ ਦੋ ਮੈਚਾਂ ਵਿੱਚ ਪਾਕਿਸਤਾਨ ਨੇ ਬਾਜ਼ੀ ਮਾਰੀ ਹੈ। ਹਾਲਾਂਕਿ, ਪਾਕਿਸਤਾਨ ਦੀਆਂ ਇਹ ਦੋਵੇਂ ਜਿੱਤਾਂ ਉਸ ਨੂੰ ਟੀ-20 ਵਰਲਡ ਕੱਪ ਵਿੱਚ ਹੀ ਮਿਲੀਆਂ ਹਨ। ਇਸ ਟੂਰਨਾਮੈਂਟ ਵਿੱਚ ਭਾਰਤੀ ਟੀਮ ਛੇ ਵਾਰ ਪਾਕਿਸਤਾਨ ਨਾਲ ਭਿੜੀ ਹੈ, ਜਿਸ ਵਿੱਚੋਂ ਚਾਰ ਵਿੱਚ ਉਸ ਨੂੰ ਜਿੱਤ ਨਸੀਬ ਹੋਈ ਹੈ।
ਅੰਕੜਿਆਂ ਵਿੱਚ ਤਾਂ ਟੀਮ ਇੰਡੀਆ ਦਾ ਪਲੜਾ ਭਾਰੀ ਹੈ ਪਰ ਕ੍ਰਿਕਟ ਅੰਕੜਿਆਂ ਦਾ ਖੇਡ ਨਹੀਂ ਹੈ। ਖ਼ਾਸ ਕਰਕੇ ਭਾਰਤ ਅਤੇ ਪਾਕਿਸਤਾਨ ਦਾ ਮੈਚ, ਜਿੱਥੇ ਦੋਵਾਂ ਟੀਮਾਂ ਦਾ ਸਭ ਕੁਝ ਦਾਅ 'ਤੇ ਲੱਗਿਆ ਹੁੰਦਾ ਹੈ।
ਇਨ੍ਹਾਂ ਖਿਡਾਰੀਆਂ 'ਤੇ ਰਹਿਣਗੀਆਂ ਨਜ਼ਰਾਂ
ਭਾਰਤ ਨੂੰ ਜਿੱਤ ਚਾਹੀਦੀ ਹੈ ਤਾਂ ਇਸ ਦੇ ਲਈ ਉਸ ਦੀ ਦਮਦਾਰ ਬੱਲੇਬਾਜ਼ੀ ਦਾ ਚੱਲਣਾ ਕਾਫ਼ੀ ਜ਼ਰੂਰੀ ਹੈ। ਟੀਮ ਦੀ ਕਮਾਨ ਸੰਭਾਲ ਰਹੀ ਹਰਮਨਪ੍ਰੀਤ ਕੌਰ ਦਾ ਬੱਲਾ ਚੱਲਣਾ ਬੇਹੱਦ ਅਹਿਮ ਹੈ। ਸਮ੍ਰਿਤੀ ਮੰਧਾਨਾ ਅਤੇ ਸ਼ੇਫਾਲੀ ਵਰਮਾ ਦੀ ਜੋੜੀ ਨੇ ਜੇਕਰ ਪੈਰ ਜਮਾ ਲਏ, ਤਾਂ ਪਾਕਿਸਤਾਨ ਦੇ ਗੇਂਦਬਾਜ਼ਾਂ ਦੀ ਲਾਈਨ-ਲੈਂਥ ਵਿਗੜਨੀ ਤੈਅ ਹੈ। ਖ਼ਾਸ ਕਰਕੇ ਜੇਕਰ ਸ਼ੇਫਾਲੀ ਦਾ ਬੱਲਾ ਚੱਲ ਗਿਆ ਤਾਂ ਤੂਫ਼ਾਨ ਆਉਣਾ ਪੱਕਾ ਹੈ, ਕਿਉਂਕਿ ਉਹ ਤੂਫ਼ਾਨੀ ਅੰਦਾਜ਼ ਵਿੱਚ ਦੌੜਾਂ ਬਣਾਉਣ ਲਈ ਜਾਣੀ ਜਾਂਦੀ ਹੈ।