IPL ਨਿਲਾਮੀ ਤੋਂ ਪਹਿਲਾਂ ਮਿਚੇਲ ਸਟਾਰਕ ਨੇ ਵਧਾਈ ਦਿੱਲੀ ਕੈਪੀਟਲਜ਼ ਦੀ ਚਿੰਤਾ, ਅਗਲੇ ਸੀਜ਼ਨ 'ਚ ਖੇਡਣ 'ਤੇ ਸਸਪੈਂਸ
ਮੈਕਡੋਨਲਡ ਨੇ ਕਿਹਾ ਕਿ ਦੇਸ਼ ਅਤੇ ਫ੍ਰੈਂਚਾਈਜ਼ੀ ਵਿਚਾਲੇ ਕਿਸ ਨੂੰ ਤਰਜੀਹ ਦਿੱਤੀ ਜਾਵੇ, ਇਸ ਬਹਿਸ ਦੌਰਾਨ ਤੇਜ਼ ਗੇਂਦਬਾਜ਼ਾਂ ਨੂੰ ਲੋੜੀਂਦਾ ਆਰਾਮ ਦੇਣ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ, 'ਦੇਸ਼ ਅਤੇ ਫ੍ਰੈਂਚਾਈਜ਼ੀ ਵਿਚਾਲੇ ਬਹਿਸ ਦੌਰਾਨ ਸਾਡੇ ਲਈ ਇਹ ਜ਼ਰੂਰੀ ਹੈ ਕਿ ਅਸੀਂ ਆਪਣੇ ਤੇਜ਼ ਗੇਂਦਬਾਜ਼ਾਂ ਨੂੰ ਸਰੀਰ ਨੂੰ ਮੁੜ ਤਰੋਤਾਜ਼ਾ ਕਰਨ ਦਾ ਮੌਕਾ ਦੇਈਏ, ਤਾਂ ਜੋ ਉਹ ਪੂਰੀ ਤਰ੍ਹਾਂ ਫਿੱਟ ਰਹਿਣ ਅਤੇ ਅਹਿਮ ਮੌਕਿਆਂ ਲਈ ਤਿਆਰ ਹੋ ਸਕਣ।'
Publish Date: Fri, 16 Oct 2026 10:15 AM (IST)
Updated Date: Fri, 16 Oct 2026 10:17 AM (IST)
ਸਪੋਰਟਸ ਡੈਸਕ, ਨਵੀਂ ਦਿੱਲੀ: ਆਸਟ੍ਰੇਲੀਆ ਦੇ ਦਿੱਗਜ ਗੇਂਦਬਾਜ਼ ਮਿਚੇਲ ਸਟਾਰਕ ਨੇ ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਅਗਲੇ ਸੀਜ਼ਨ ਨੂੰ ਲੈ ਕੇ ਅਜਿਹੀ ਗੱਲ ਕਹੀ ਹੈ, ਜਿਸ ਨੇ ਦਿੱਲੀ ਕੈਪੀਟਲਜ਼ ਦੀ ਚਿੰਤਾ ਵਧਾ ਦਿੱਤੀ ਹੈ। ਦਿੱਲੀ ਨੇ ਖੱਬੇ ਹੱਥ ਦੇ ਇਸ ਸਟਾਰ ਗੇਂਦਬਾਜ਼ ਨੂੰ 11.75 ਕਰੋੜ ਰੁਪਏ 'ਚ ਖ਼ਰੀਦਿਆ ਸੀ। ਉਹ ਸੱਟ ਕਾਰਨ ਪਿਛਲੇ ਸੀਜ਼ਨ 'ਚ ਸਿਰਫ਼ ਛੇ ਮੈਚਾਂ 'ਚ ਹੀ ਹਿੱਸਾ ਲੈ ਸਕੇ ਸਨ।
ਕ੍ਰਿਕਟ ਆਸਟ੍ਰੇਲੀਆ ਦਾ ਸ਼ਡਿਊਲ ਕਾਫ਼ੀ ਰੁਝੇਵਿਆਂ ਭਰਿਆ ਹੈ ਅਤੇ ਇਸੇ ਕਾਰਨ ਸਟਾਰਕ ਦਾ IPL 'ਚ ਖੇਡਣਾ ਮੁਸ਼ਕਲ ਦਿਖਾਈ ਦੇ ਰਿਹਾ ਹੈ। ਹਾਲਾਂਕਿ, ਅਜੇ ਤੱਕ ਇਸ ਬਾਰੇ ਕੁਝ ਵੀ ਪੱਕੇ ਤੌਰ 'ਤੇ ਨਹੀਂ ਕਿਹਾ ਜਾ ਸਕਦਾ, ਪਰ ਸਟਾਰਕ ਅਤੇ ਆਸਟ੍ਰੇਲੀਆਈ ਕੋਚ ਦੇ ਬਿਆਨਾਂ ਨੇ ਦਿੱਲੀ ਕੈਪੀਟਲਜ਼ ਦੀ ਚਿੰਤਾ ਜ਼ਰੂਰ ਵਧਾ ਦਿੱਤੀ ਹੈ।
IPL 'ਚ ਖੇਡਣ ਨੂੰ ਲੈ ਕੇ ਆ ਸਕਦੀ ਹੈ ਮੁਸ਼ਕਲ
ਅਗਲੇ ਸਾਲ ਹੋਣ ਵਾਲੇ IPL ਦਾ ਸ਼ਡਿਊਲ ਆਸਟ੍ਰੇਲੀਆ ਦੇ ਰੁਝੇਵਿਆਂ ਭਰੇ ਕ੍ਰਿਕਟ ਪ੍ਰੋਗਰਾਮ ਨਾਲ ਟਕਰਾ ਸਕਦਾ ਹੈ। ਇਸ 'ਚ ਇੰਗਲੈਂਡ ਵਿਰੁੱਧ ਹੋਣ ਵਾਲਾ ਇਤਿਹਾਸਕ 150ਵਾਂ ਵਰ੍ਹੇਗੰਢ ਟੈਸਟ ਮੈਚ ਵੀ ਸ਼ਾਮਲ ਹੈ। ਅਜਿਹੇ 'ਚ ਕਈ ਆਸਟ੍ਰੇਲੀਆਈ ਖਿਡਾਰੀਆਂ ਦੇ IPL 'ਚ ਖੇਡਣ ਨੂੰ ਲੈ ਕੇ ਸ਼ੰਕੇ ਬਣੇ ਹੋਏ ਹਨ।
ਐਨਡੀਟੀਵੀ ਦੀ ਰਿਪੋਰਟ 'ਚ ਸਟਾਰਕ ਦੇ ਹਵਾਲੇ ਨਾਲ ਕਿਹਾ ਗਿਆ ਹੈ, "ਮੇਰੀ ਕੁਝ ਗੱਲਬਾਤ ਹੋਈ ਹੈ, ਪਰ ਅਜੇ ਤੱਕ ਕੁਝ ਵੀ ਤੈਅ ਨਹੀਂ ਹੋਇਆ ਹੈ।"
ਉੱਥੇ ਹੀ ਆਸਟ੍ਰੇਲੀਆ ਦੇ ਕੋਚ ਐਂਡਰਿਊ ਮੈਕਡੋਨਲਡ ਨੇ ਕਿਹਾ ਹੈ ਕਿ ਰਾਸ਼ਟਰੀ ਟੀਮ ਅਤੇ ਫ੍ਰੈਂਚਾਈਜ਼ੀ ਕ੍ਰਿਕਟ ਵਿਚਾਲੇ ਸੰਤੁਲਨ ਬਣਾਈ ਰੱਖਣ 'ਤੇ ਜ਼ੋਰ ਦੇਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ IPL ਇਕ ਵੱਡਾ ਟੀ-20 ਟੂਰਨਾਮੈਂਟ ਹੈ, ਜੋ ਖਿਡਾਰੀਆਂ ਦੇ ਵਿਕਾਸ 'ਚ ਮਦਦਗਾਰ ਸਾਬਤ ਹੁੰਦਾ ਹੈ।
ਉਨ੍ਹਾਂ ਨੇ ਕ੍ਰਿਕਇੰਫੋ ਨਾਲ ਗੱਲਬਾਤ ਕਰਦਿਆਂ ਕਿਹਾ, "ਮੈਨੂੰ ਪਤਾ ਹੈ ਕਿ ਲੋਕ IPL ਬਾਰੇ ਗੱਲ ਕਰਨਗੇ। IPL ਸਾਡੇ ਕਈ ਖਿਡਾਰੀਆਂ ਦੀ ਮੈਨੇਜਮੈਂਟ ਯੋਜਨਾ ਦਾ ਹਿੱਸਾ ਹੈ। ਸਾਡੇ ਸਰਵੋਤਮ ਖਿਡਾਰੀਆਂ ਨੂੰ ਸਭ ਤੋਂ ਵਧੀਆ ਲੀਗਾਂ 'ਚ ਖੇਡਣ ਦੇਣ ਦੇ ਆਪਣੇ ਫ਼ਾਇਦੇ ਹਨ।"
ਖਿਡਾਰੀਆਂ ਨੂੰ ਆਰਾਮ ਲਈ ਸਮਾਂ ਦੇਣਾ ਵੀ ਜ਼ਰੂਰੀ