'ਮੈਂ ਵਾਪਸ ਆਊਂਗਾ', ਟੈਸਟ ਟੀਮ 'ਚੋਂ ਬਾਹਰ ਕੀਤੇ ਜਾਣ ਤੋਂ ਬਾਅਦ ਮਾਰਨਸ ਲਾਬੁਸ਼ੇਨ ਦਾ ਪਹਿਲਾ ਰਿਐਕਸ਼ਨ ਆਇਆ ਸਾਹਮਣੇ
ਲਾਬੁਸ਼ੇਨ ਦਾ ਮੰਨਣਾ ਹੈ ਕਿ ਘਰੇਲੂ ਕ੍ਰਿਕਟ ਖੇਡ ਕੇ ਉਹ ਆਪਣੀ ਪੁਰਾਣੀ ਲੈਅ ਹਾਸਲ ਕਰਨਗੇ ਅਤੇ ਟੀਮ 'ਚ ਵਾਪਸੀ ਦੀ ਕੋਸ਼ਿਸ਼ ਕਰਨਗੇ। ਲਾਬੁਸ਼ੇਨ ਪਿਛਲੇ ਤਿੰਨ ਸਾਲਾਂ ਤੋਂ ਖ਼ਰਾਬ ਫਾਰਮ ਨਾਲ ਜੂਝ ਰਹੇ ਹਨ। ਉਹ ਜੁਲਾਈ 2023 ਤੋਂ ਬਾਅਦ ਟੈਸਟ ਕ੍ਰਿਕਟ 'ਚ ਸੈਂਕੜਾ ਨਹੀਂ ਲਗਾ ਸਕੇ ਹਨ।
Publish Date: Tue, 10 Nov 2026 04:52 PM (IST)
Updated Date: Tue, 10 Nov 2026 04:55 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਮਾਰਨਸ ਲਾਬੁਸ਼ੇਨ ਦਾ ਪਿਛਲੇ ਕੁਝ ਸਮੇਂ ਤੋਂ ਪ੍ਰਦਰਸ਼ਨ ਬੇਹੱਦ ਨਿਰਾਸ਼ਾਜਨਕ ਰਿਹਾ ਹੈ ਜਿਸ ਦਾ ਖ਼ਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਪਿਆ ਹੈ। ਨਿਊਜ਼ੀਲੈਂਡ ਖ਼ਿਲਾਫ਼ ਹੋਣ ਵਾਲੀ ਟੈਸਟ ਸੀਰੀਜ਼ ਲਈ ਉਨ੍ਹਾਂ ਨੂੰ ਆਸਟ੍ਰੇਲਿਆਈ ਟੀਮ 'ਚੋਂ ਬਾਹਰ ਕਰ ਦਿੱਤਾ ਗਿਆ ਹੈ। ਹਾਲਾਂਕਿ, ਟੀਮ 'ਚੋਂ ਬਾਹਰ ਕੀਤੇ ਜਾਣ ਤੋਂ ਬਾਅਦ ਵੀ ਲਾਬੁਸ਼ੇਨ ਦੇ ਆਤਮਵਿਸ਼ਵਾਸ 'ਚ ਕੋਈ ਕਮੀ ਨਹੀਂ ਆਈ ਹੈ।
ਲਾਬੁਸ਼ੇਨ ਦਾ ਮੰਨਣਾ ਹੈ ਕਿ ਘਰੇਲੂ ਕ੍ਰਿਕਟ ਖੇਡ ਕੇ ਉਹ ਆਪਣੀ ਪੁਰਾਣੀ ਲੈਅ ਹਾਸਲ ਕਰਨਗੇ ਅਤੇ ਟੀਮ 'ਚ ਵਾਪਸੀ ਦੀ ਕੋਸ਼ਿਸ਼ ਕਰਨਗੇ। ਲਾਬੁਸ਼ੇਨ ਪਿਛਲੇ ਤਿੰਨ ਸਾਲਾਂ ਤੋਂ ਖ਼ਰਾਬ ਫਾਰਮ ਨਾਲ ਜੂਝ ਰਹੇ ਹਨ। ਉਹ ਜੁਲਾਈ 2023 ਤੋਂ ਬਾਅਦ ਟੈਸਟ ਕ੍ਰਿਕਟ 'ਚ ਸੈਂਕੜਾ ਨਹੀਂ ਲਗਾ ਸਕੇ ਹਨ।
ਕੁਈਨਜ਼ਲੈਂਡ ਲਈ ਮੁੜ ਖੇਡਣਗੇ ਲਾਬੁਸ਼ੇਨ
ਫੌਕਸ ਸਪੋਰਟਸ ਦੇ ਮੁਤਾਬਕ, ਕੁਈਨਜ਼ਲੈਂਡ ਦੇ ਸ਼ੈਫੀਲਡ ਸ਼ੀਲਡ ਮੁਕਾਬਲੇ ਤੋਂ ਪਹਿਲਾਂ ਲਾਬੁਸ਼ੇਨ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਾਲਾਂ ਦੌਰਾਨ ਉਨ੍ਹਾਂ 'ਤੇ ਕਾਫ਼ੀ ਦਬਾਅ ਰਿਹਾ ਹੈ। ਹਾਲਾਂਕਿ, ਹੁਣ ਉਹ ਇਸ ਦੌਰਾਨ ਕ੍ਰਿਕਟ ਦਾ ਆਨੰਦ ਮਾਣਨ ਬਾਰੇ ਸੋਚ ਰਹੇ ਹਨ।
ਲਾਬੁਸ਼ੇਨ ਨੇ ਕਿਹਾ, 'ਤੁਸੀਂ ਇਕ ਕ੍ਰਿਕਟਰ ਵਜੋਂ ਇਹ ਜਾਣਦੇ ਹੋ। ਤੁਸੀਂ ਦੋ ਸਾਲਾਂ ਦੇ ਦਬਾਅ 'ਚੋਂ ਬਾਹਰ ਨਿਕਲ ਕੇ ਇਸ ਮੌਕੇ ਦਾ ਫ਼ਾਇਦਾ ਉਠਾਉਣਾ ਚਾਹੁੰਦੇ ਹੋ। ਤੁਸੀਂ ਇਸ ਮੌਕੇ ਦਾ ਲਾਭ ਲੈਂਦੇ ਹੋਏ ਵਾਪਸੀ ਕਰਦੇ ਹੋ ਅਤੇ ਕੁਈਨਜ਼ਲੈਂਡ ਲਈ ਖੇਡਦੇ ਹੋ। ਇੱਥੇ ਆਪਣੇ ਸਮੇਂ ਦਾ ਆਨੰਦ ਮਾਣਦੇ ਹੋ ਅਤੇ ਕੁਈਨਜ਼ਲੈਂਡ ਨੂੰ ਮੈਚ ਜਿਤਾਉਣ ਦੇ ਤਰੀਕੇ ਲੱਭਦੇ ਹੋ। ਦੌੜਾਂ ਬਣਾਓ, ਖੇਡ ਦਾ ਮਜ਼ਾ ਲਓ ਅਤੇ ਆਸਟ੍ਰੇਲਿਆਈ ਟੀਮ 'ਚ ਵਾਪਸੀ ਦਾ ਰਾਹ ਆਪਣੇ ਆਪ ਖੁੱਲ੍ਹ ਜਾਵੇਗਾ।'
ਕੋਈ ਸ਼ੱਕ ਨਹੀਂ, ਮੈਂ ਵਾਪਸੀ ਕਰਾਂਗਾ : ਲਾਬੁਸ਼ੇਨ
ਲਾਬੁਸ਼ੇਨ ਪਹਿਲਾਂ ਵੀ ਇਸ ਤਰ੍ਹਾਂ ਦੀ ਸਥਿਤੀ 'ਚੋਂ ਲੰਘ ਚੁੱਕੇ ਹਨ। ਪਿਛਲੇ ਸਾਲ ਵੈਸਟਇੰਡੀਜ਼ ਦੌਰੇ ਤੋਂ ਪਹਿਲਾਂ ਉਨ੍ਹਾਂ ਨੂੰ ਟੀਮ 'ਚੋਂ ਬਾਹਰ ਕਰ ਦਿੱਤਾ ਗਿਆ ਸੀ। ਪਰ ਉਨ੍ਹਾਂ ਨੇ ਘਰੇਲੂ ਕ੍ਰਿਕਟ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਟੀਮ 'ਚ ਵਾਪਸੀ ਕੀਤੀ ਸੀ। ਇਸ ਦੌਰਾਨ ਲਾਬੁਸ਼ੇਨ ਦਾ ਕਹਿਣਾ ਹੈ ਕਿ ਉਹ ਬਿਨਾਂ ਕਿਸੇ ਸ਼ੱਕ ਦੇ ਵਾਪਸੀ ਕਰਨਗੇ। ਹਾਲਾਂਕਿ, ਟੀਮ 'ਚ ਉਨ੍ਹਾਂ ਦੀ ਵਾਪਸੀ ਕਦੋਂ ਹੋਵੇਗੀ, ਇਹ ਉਨ੍ਹਾਂ ਨੂੰ ਵੀ ਨਹੀਂ ਪਤਾ।
ਲਾਬੁਸ਼ੇਨ ਨੇ ਕਿਹਾ, 'ਮੈਂ ਪਹਿਲਾਂ ਵੀ ਅਜਿਹਾ ਕਰ ਚੁੱਕਾ ਹਾਂ ਅਤੇ ਮੈਨੂੰ ਕੋਈ ਸ਼ੱਕ ਨਹੀਂ ਕਿ ਮੈਂ ਮੁੜ ਵਾਪਸੀ ਕਰਾਂਗਾ। ਕਦੋਂ? ਇਹ ਕਿਸ ਨੂੰ ਪਤਾ ਹੈ, ਪਰ ਇਹੀ ਮੇਰਾ ਟੀਚਾ ਅਤੇ ਇੱਛਾ ਹੈ। ਇਸ ਸਮੇਂ ਮੇਰਾ ਪੂਰਾ ਧਿਆਨ ਕੁਈਨਜ਼ਲੈਂਡ ਨਾਲ ਹੈ ਕਿ ਮੈਂ ਕਪਤਾਨ, ਬੱਲੇਬਾਜ਼, ਗੇਂਦਬਾਜ਼ ਅਤੇ ਫੀਲਡਰ ਵਜੋਂ ਟੀਮ ਨੂੰ ਜਿਤਾਉਣ 'ਚ ਕਿਵੇਂ ਮਦਦ ਕਰ ਸਕਦਾ ਹਾਂ।'
ਬਿਨਾਂ ਸੈਂਕੜੇ ਦੇ ਲਗਾਤਾਰ 49 ਪਾਰੀਆਂ
ਲਾਬੁਸ਼ੇਨ ਦਾ ਖ਼ਰਾਬ ਪ੍ਰਦਰਸ਼ਨ ਜੁਲਾਈ 2023 ਤੋਂ ਸ਼ੁਰੂ ਹੋਇਆ ਸੀ। ਉਨ੍ਹਾਂ ਨੇ ਆਖ਼ਰੀ ਵਾਰ ਇੰਗਲੈਂਡ ਖ਼ਿਲਾਫ਼ ਜੁਲਾਈ 2023 'ਚ ਸੈਂਕੜਾ ਲਗਾਇਆ ਸੀ। ਇਸ ਤੋਂ ਬਾਅਦ ਉਹ 26 ਟੈਸਟ ਮੈਚਾਂ ਅਤੇ 49 ਪਾਰੀਆਂ 'ਚ ਸੈਂਕੜਾ ਨਹੀਂ ਲਗਾ ਸਕੇ ਹਨ।
ਹਾਲ ਹੀ 'ਚ ਦੱਖਣੀ ਅਫ਼ਰੀਕਾ ਖ਼ਿਲਾਫ਼ ਸੀਰੀਜ਼ 'ਚ ਉਹ ਛੇ ਪਾਰੀਆਂ 'ਚ ਸਿਰਫ਼ 131 ਦੌੜਾਂ ਹੀ ਬਣਾ ਸਕੇ। ਇਸ ਕਾਰਨ ਉਨ੍ਹਾਂ ਦਾ ਟੀਮ 'ਚੋਂ ਬਾਹਰ ਹੋਣਾ ਲਗਭਗ ਤੈਅ ਹੋ ਗਿਆ ਸੀ। ਓਲਡ ਟ੍ਰੈਫਰਡ 'ਚ ਸਾਲ 2023 'ਚ ਸੈਂਕੜਾ ਲਗਾਉਣ ਤੋਂ ਬਾਅਦ ਲਾਬੁਸ਼ੇਨ 26 ਟੈਸਟ ਮੈਚ ਖੇਡ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਨੇ 24.31 ਦੀ ਔਸਤ ਨਾਲ 1094 ਦੌੜਾਂ ਬਣਾਈਆਂ ਹਨ, ਜਿਸ 'ਚ 9 ਅਰਧ ਸੈਂਕੜੇ ਸ਼ਾਮਲ ਹਨ। ਲਾਬੁਸ਼ੇਨ ਹੁਣ ਇਕ ਵਾਰ ਫਿਰ ਘਰੇਲੂ ਕ੍ਰਿਕਟ 'ਚ ਬਿਹਤਰ ਪ੍ਰਦਰਸ਼ਨ ਕਰ ਕੇ ਟੀਮ 'ਚ ਵਾਪਸੀ ਦੀ ਰਾਹ ਦੇਖ ਰਹੇ ਹਨ। ਦੇਖਣਾ ਦਿਲਚਸਪ ਹੋਵੇਗਾ ਕਿ ਉਹ ਟੀਮ 'ਚ ਮੁੜ ਜਗ੍ਹਾ ਬਣਾ ਪਾਉਂਦੇ ਹਨ ਜਾਂ ਨਹੀਂ।