'ਹਰ ਕਿਸੇ ਨੂੰ ਖੁਸ਼ ਨਹੀਂ ਕਰ ਸਕਦੇ', ਮੁਹੰਮਦ ਸਿਰਾਜ ਨੂੰ ਟੀਮ 'ਚੋਂ ਬਾਹਰ ਕਰਨ 'ਤੇ ਚੋਣਕਾਰਾਂ ਦੇ ਬਚਾਅ 'ਚ ਉਤਰੇ ਕਪਿਲ ਦੇਵ
ਭਾਰਤ ਦੇ ਸਾਬਕਾ ਕਪਤਾਨ Kapil Dev ਨੂੰ ਜਦੋਂ ਸਿਰਾਜ ਨੂੰ ਪਲੇਇੰਗ-11 'ਚੋਂ ਬਾਹਰ ਰੱਖਣ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਸਵਾਲ ਦਾ ਜਵਾਬ ਚੋਣਕਾਰਾਂ ਤੋਂ ਪੁੱਛੋ। ਮੈਂ ਕੌਣ ਹੁੰਦਾਂ? ਦੇਖੋ, ਸਾਡੇ ਵਰਗੇ ਲੋਕਾਂ ਨੂੰ ਇਸ 'ਤੇ ਟਿੱਪਣੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਕੋਲ ਇਹ ਜ਼ਿੰਮੇਵਾਰੀ ਹੈ, ਉਨ੍ਹਾਂ ਨੂੰ ਹੀ ਜਵਾਬ ਦੇਣਾ ਚਾਹੀਦਾ ਹੈ। ਮੈਨੂੰ ਲੱਗਦਾ ਹੈ ਕਿ ਉਹ ਬਹੁਤ ਵਧੀਆ ਕੰਮ ਕਰ ਰਹੇ ਹਨ। ਅਸੀਂ ਹਰ ਕਿਸੇ ਨੂੰ ਖੁਸ਼ ਨਹੀਂ ਕਰ ਸਕਦੇ।
Publish Date: Sat, 21 Nov 2026 04:52 PM (IST)
Updated Date: Sat, 21 Nov 2026 04:54 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੂੰ ਨਿਊਜ਼ੀਲੈਂਡ ਖ਼ਿਲਾਫ਼ ਪਹਿਲੇ ਟੈਸਟ ਦੀ ਪਲੇਇੰਗ-11 'ਚ ਜਗ੍ਹਾ ਨਾ ਮਿਲਣ 'ਤੇ ਹੰਗਾਮਾ ਮਚਿਆ ਹੋਇਆ ਹੈ। ਸੁਨੀਲ ਗਾਵਸਕਰ ਅਤੇ ਰਵੀ ਸ਼ਾਸਤਰੀ ਸਮੇਤ ਕਈ ਸਾਬਕਾ ਕ੍ਰਿਕਟਰਾਂ ਨੇ ਇਸ ਫ਼ੈਸਲੇ 'ਤੇ ਹੈਰਾਨੀ ਜਤਾਈ ਹੈ। ਕਾਂਗਰਸ ਦੇ ਸੰਸਦ ਮੈਂਬਰ ਇਮਰਾਨ ਮਸੂਦ ਨੇ ਮੁਹੰਮਦ ਸਿਰਾਜ ਨੂੰ ਬਾਹਰ ਕਰਨ 'ਚ ਭੇਦਭਾਵ ਦਾ ਦੋਸ਼ ਲਾਇਆ ਹੈ, ਜਿਸ ਨੂੰ ਲੈ ਕੇ ਸਿਆਸਤ ਵੀ ਹੋ ਰਹੀ ਹੈ। ਭਾਰਤ ਦੇ ਸਾਬਕਾ ਕਪਤਾਨ ਕਪਿਲ ਦੇਵ ਨੇ ਵੀ ਇਸ ਮਾਮਲੇ 'ਤੇ ਆਪਣੀ ਰਾਏ ਦਿੱਤੀ ਹੈ।
ਭਾਰਤ ਦੇ ਸਾਬਕਾ ਕਪਤਾਨ ਕਪਿਲ ਦੇਵ ਨੂੰ ਜਦੋਂ ਸਿਰਾਜ ਨੂੰ ਪਲੇਇੰਗ-11 'ਚੋਂ ਬਾਹਰ ਰੱਖਣ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਸਵਾਲ ਦਾ ਜਵਾਬ ਚੋਣਕਾਰਾਂ ਤੋਂ ਪੁੱਛੋ। ਮੈਂ ਕੌਣ ਹੁੰਦਾਂ? ਦੇਖੋ, ਸਾਡੇ ਵਰਗੇ ਲੋਕਾਂ ਨੂੰ ਇਸ 'ਤੇ ਟਿੱਪਣੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਕੋਲ ਇਹ ਜ਼ਿੰਮੇਵਾਰੀ ਹੈ, ਉਨ੍ਹਾਂ ਨੂੰ ਹੀ ਜਵਾਬ ਦੇਣਾ ਚਾਹੀਦਾ ਹੈ। ਮੈਨੂੰ ਲੱਗਦਾ ਹੈ ਕਿ ਉਹ ਬਹੁਤ ਵਧੀਆ ਕੰਮ ਕਰ ਰਹੇ ਹਨ। ਅਸੀਂ ਹਰ ਕਿਸੇ ਨੂੰ ਖੁਸ਼ ਨਹੀਂ ਕਰ ਸਕਦੇ।
ਟੀਮ ਦਾ ਚੰਗਾ ਪ੍ਰਦਰਸ਼ਨ ਕਰਨਾ ਜ਼ਿਆਦਾ ਜ਼ਰੂਰੀ ਹੈ : ਕਪਿਲ ਦੇਵ
ਕਪਿਲ ਦੇਵ ਨੇ ਕਿਹਾ, 'ਤੁਸੀਂ ਕਿਸੇ ਸਿਸਟਮ ਦੀ ਆਲੋਚਨਾ ਨਹੀਂ ਕਰ ਸਕਦੇ, ਕਿਉਂਕਿ ਸਿਸਟਮ ਬਣਾਇਆ ਹੀ ਇਸ ਤਰ੍ਹਾਂ ਗਿਆ ਹੈ। ਭਾਰਤੀ ਕ੍ਰਿਕਟ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ, ਇਹ ਜ਼ਿਆਦਾ ਜ਼ਰੂਰੀ ਹੈ।' ਭਾਰਤ ਦੇ ਸਾਬਕਾ ਕਪਤਾਨ ਨੇ ਕਿਹਾ ਕਿ ਮੇਰੇ ਖ਼ਿਆਲ 'ਚ ਚੋਣਕਾਰਾਂ, ਮੈਨੇਜਰ ਅਤੇ ਕਪਤਾਨ ਨੇ ਹੀ ਖਿਡਾਰੀਆਂ ਦੀ ਚੋਣ ਕਰਨੀ ਹੁੰਦੀ ਹੈ। ਸਾਡੀ ਪਸੰਦ-ਨਾਪਸੰਦ ਮਾਇਨੇ ਨਹੀਂ ਰੱਖਦੀ, ਸਗੋਂ ਇਹ ਮਾਇਨੇ ਰੱਖਦਾ ਹੈ ਕਿ ਸੰਸਥਾ ਕਿਸ ਤਰ੍ਹਾਂ ਦੀ ਯੋਜਨਾ ਬਣਾ ਰਹੀ ਹੈ।
ਨਾਮ ਕਾਰਨ ਟੀਮ 'ਚੋਂ ਬਾਹਰ ਰੱਖਣ ਦਾ ਦੋਸ਼, ਮਸੂਦ ਨੇ ਚੁੱਕਿਆ ਸਵਾਲ
ਕਾਂਗਰਸ ਦੇ ਸੰਸਦ ਮੈਂਬਰ ਇਮਰਾਨ ਮਸੂਦ ਨੇ ਮੁਹੰਮਦ ਸਿਰਾਜ ਨਾਲ ਭੇਦਭਾਵ ਦਾ ਦੋਸ਼ ਲਾਉਂਦਿਆਂ ਕਿਹਾ ਸੀ ਕਿ ਉਨ੍ਹਾਂ ਦੇ ਨਾਂ ਕਾਰਨ ਉਨ੍ਹਾਂ ਨੂੰ ਟੀਮ 'ਚੋਂ ਬਾਹਰ ਰੱਖਿਆ ਗਿਆ ਹੈ। ਇਮਰਾਨ ਮਸੂਦ ਨੇ ਕਿਹਾ ਸੀ ਕਿ ਚੰਗਾ ਪ੍ਰਦਰਸ਼ਨ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਟੀਮ 'ਚ ਜਗ੍ਹਾ ਨਹੀਂ ਦਿੱਤੀ ਗਈ। ਉਨ੍ਹਾਂ ਦਾ ਨਾਂ 'ਸਿਰਾਜ' ਹੈ ਅਤੇ ਸ਼ਾਇਦ ਇਸੇ ਕਾਰਨ ਉਨ੍ਹਾਂ ਨੂੰ ਜਗ੍ਹਾ ਨਹੀਂ ਮਿਲੀ। ਜੇਕਰ ਚੰਗਾ ਪ੍ਰਦਰਸ਼ਨ ਕਰਨ ਤੋਂ ਬਾਅਦ ਵੀ ਤੁਸੀਂ ਉਨ੍ਹਾਂ ਦੀ ਚੋਣ ਨਹੀਂ ਕਰ ਰਹੇ, ਤਾਂ ਇਹ ਸਪੱਸ਼ਟ ਤੌਰ 'ਤੇ ਭੇਦਭਾਵ ਹੈ।
ਹਾਲਾਂਕਿ, ਇਸ ਤੋਂ ਬਾਅਦ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਇਸ ਮਾਮਲੇ 'ਤੇ ਬਿਆਨ ਦਿੱਤਾ। ਉਨ੍ਹਾਂ ਨੇ ਕਾਂਗਰਸੀ ਸੰਸਦ ਮੈਂਬਰ ਇਮਰਾਨ ਮਸੂਦ ਦੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ 'ਚ ਮੌਕੇ ਯੋਗਤਾ ਦੇ ਆਧਾਰ 'ਤੇ ਦਿੱਤੇ ਜਾਂਦੇ ਹਨ। ਇਸ ਦਾ ਕਿਸੇ ਦੇ ਧਰਮ ਜਾਂ ਜਾਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਜੇਕਰ ਕਿਸੇ ਨੂੰ ਅਜਿਹਾ ਲੱਗਦਾ ਹੈ ਤਾਂ ਇਹ ਸਹੀ ਨਹੀਂ ਹੈ।