IPL 2027: ਰਾਜਸਥਾਨ ਤੇ ਲਖਨਊ ਵਿਚਾਲੇ ਖਿਡਾਰੀਆਂ ਦੀ ਅਦਲਾ-ਬਦਲੀ, ਮੁਹੰਮਦ ਸ਼ਮੀ ਨੂੰ ਕਰੋੜਾਂ ਦਾ ਨੁਕਸਾਨ; ਇਨ੍ਹਾਂ ਖਿਡਾਰੀਆਂ ਨੂੰ ਮਿਲੀਆਂ ਨਵੀਆਂ ਟੀਮਾਂ
IPL 2027 ਤੋਂ ਪਹਿਲਾਂ ਰਾਜਸਥਾਨ ਰਾਇਲਜ਼ ਅਤੇ ਲਖਨਊ ਸੁਪਰ ਜਾਇੰਟਸ ਵਿਚਾਲੇ ਖਿਡਾਰੀਆਂ ਦੀ ਅਦਲਾ-ਬਦਲੀ ਹੋਈ। ਮੁਹੰਮਦ ਸ਼ਮੀ ਤੇ ਐੱਮ. ਸਿਧਾਰਥ ਰਾਜਸਥਾਨ ਅਤੇ ਸੈਮ ਕਰਨ ਲਖਨਊ ਦੀ ਟੀਮ 'ਚ ਸ਼ਾਮਲ ਹੋਏ।
Publish Date: Tue, 17 Nov 2026 04:44 PM (IST)
Updated Date: Tue, 17 Nov 2026 04:46 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਆਈਪੀਐੱਲ 2027 ਦੀ ਰਿਟੇਨਸ਼ਨ ਲਿਸਟ ਸਾਹਮਣੇ ਆਉਣ ਤੋਂ ਪਹਿਲਾਂ ਲਖਨਊ ਸੁਪਰ ਜਾਇੰਟਸ (LSG) ਅਤੇ ਰਾਜਸਥਾਨ ਰਾਇਲਜ਼ ਵਿਚਾਲੇ ਵੱਡੀ ਟ੍ਰੇਡ ਹੋਈ ਹੈ। ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਅਤੇ ਸਪਿਨਰ ਐੱਮ. ਸਿਧਾਰਥ ਲਖਨਊ ਤੋਂ ਰਾਜਸਥਾਨ ਚਲੇ ਗਏ ਹਨ। ਦੂਜੇ ਪਾਸੇ ਰਾਜਸਥਾਨ ਵੱਲੋਂ ਇੰਗਲੈਂਡ ਦੇ ਆਲਰਾਊਂਡਰ ਸੈਮ ਕਰਨ ਲਖਨਊ ਦੀ ਟੀਮ ਦਾ ਹਿੱਸਾ ਬਣਨਗੇ। ਸ਼ਮੀ ਦੀ ਫੀਸ 'ਚ ਵੀ ਕਟੌਤੀ ਹੋਈ ਹੈ।
ਲਖਨਊ ਨੇ ਸ਼ਮੀ ਨੂੰ ਆਈਪੀਐੱਲ 2026 ਤੋਂ ਪਹਿਲਾਂ ਸਨਰਾਈਜ਼ਰਜ਼ ਹੈਦਰਾਬਾਦ ਤੋਂ ਟ੍ਰੇਡ ਰਾਹੀਂ ਆਪਣੀ ਟੀਮ 'ਚ ਸ਼ਾਮਲ ਕੀਤਾ ਸੀ। ਹੁਣ ਇੱਕ ਸੀਜ਼ਨ ਬਾਅਦ ਹੀ ਉਨ੍ਹਾਂ ਨੂੰ ਮੁੜ ਟ੍ਰੇਡ ਕਰ ਦਿੱਤਾ ਗਿਆ ਹੈ ਅਤੇ ਉਹ ਰਾਜਸਥਾਨ ਰਾਇਲਜ਼ 'ਚ ਚਲੇ ਗਏ ਹਨ। ਸੈਮ ਕਰਨ ਅਤੇ ਮੁਹੰਮਦ ਸ਼ਮੀ ਨੂੰ ਲੈ ਕੇ ਪਿਛਲੇ ਕੁਝ ਸਮੇਂ ਤੋਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ ਕਿ ਉਨ੍ਹਾਂ ਦੀ ਟ੍ਰੇਡ ਹੋ ਸਕਦੀ ਹੈ ਅਤੇ ਹੁਣ ਆਈਪੀਐੱਲ ਨੇ ਇਸ ਦੀ ਅਧਿਕਾਰਤ ਪੁਸ਼ਟੀ ਕਰ ਦਿੱਤੀ ਹੈ।
ਮੁਹੰਮਦ ਸ਼ਮੀ ਨੂੰ ਹੋਇਆ ਭਾਰੀ ਨੁਕਸਾਨ
ਆਈਪੀਐੱਲ 2026 ਤੋਂ ਪਹਿਲਾਂ ਲਖਨਊ ਸੁਪਰ ਜਾਇੰਟਸ (LSG) ਨੇ ਹੈਦਰਾਬਾਦ ਤੋਂ ਟ੍ਰੇਡ ਰਾਹੀਂ ਮੁਹੰਮਦ ਸ਼ਮੀ ਨੂੰ 10 ਕਰੋੜ ਰੁਪਏ ਦੀ ਫੀਸ 'ਤੇ ਆਪਣੀ ਟੀਮ 'ਚ ਸ਼ਾਮਲ ਕੀਤਾ ਸੀ। ਹੁਣ ਰਾਜਸਥਾਨ ਜਾਣ ਤੋਂ ਬਾਅਦ ਸ਼ਮੀ ਨੂੰ ਦੋ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਉਹ ਘੱਟ ਫੀਸ 'ਤੇ ਰਾਜਸਥਾਨ ਨਾਲ ਜੁੜੇ ਹਨ। ਭਾਰਤੀ ਤੇਜ਼ ਗੇਂਦਬਾਜ਼ ਨੇ ਹੁਣ ਤੱਕ ਆਈਪੀਐੱਲ ਦੇ 132 ਮੈਚਾਂ 'ਚ 145 ਵਿਕਟਾਂ ਹਾਸਲ ਕੀਤੀਆਂ ਹਨ। ਉਨ੍ਹਾਂ ਦੇ ਟੀਮ 'ਚ ਸ਼ਾਮਲ ਹੋਣ ਨਾਲ ਰਾਜਸਥਾਨ ਦੀ ਗੇਂਦਬਾਜ਼ੀ ਹੋਰ ਮਜ਼ਬੂਤ ਹੋਈ ਹੈ, ਕਿਉਂਕਿ ਟੀਮ 'ਚ ਜੋਫਰਾ ਆਰਚਰ ਵਰਗੇ ਖ਼ਤਰਨਾਕ ਗੇਂਦਬਾਜ਼ ਪਹਿਲਾਂ ਹੀ ਮੌਜੂਦ ਹਨ।
ਐੱਮ. ਸਿਧਾਰਥ ਵੀ ਰਾਜਸਥਾਨ ਦੀ ਟੀਮ 'ਚ ਸ਼ਾਮਲ
ਲਖਨਊ ਤੋਂ ਦੋ ਖਿਡਾਰੀ ਰਾਜਸਥਾਨ ਦੀ ਟੀਮ 'ਚ ਸ਼ਾਮਲ ਹੋਏ ਹਨ। ਖੱਬੇ ਹੱਥ ਦੇ ਸਪਿਨਰ ਐੱਮ. ਸਿਧਾਰਥ, ਜੋ ਆਪਣੀ ਸਟੀਕ ਲਾਈਨ ਅਤੇ ਲੈਂਥ ਲਈ ਜਾਣੇ ਜਾਂਦੇ ਹਨ, ਹੁਣ ਰਾਜਸਥਾਨ ਰਾਇਲਜ਼ (RR) ਦਾ ਹਿੱਸਾ ਹੋਣਗੇ। ਉਹ ਆਪਣੀ ਪੁਰਾਣੀ ਫੀਸ 75 ਲੱਖ ਰੁਪਏ 'ਤੇ ਹੀ ਰਾਜਸਥਾਨ ਨਾਲ ਜੁੜੇ ਹਨ।
ਸੈਮ ਕਰਨ ਲਖਨਊ ਦੀ ਟੀਮ 'ਚ ਸ਼ਾਮਲ
ਸੈਮ ਕਰਨ ਨੂੰ ਰਾਜਸਥਾਨ ਨੇ ਆਈਪੀਐੱਲ 2026 ਤੋਂ ਪਹਿਲਾਂ ਚੇਨਈ ਸੁਪਰ ਕਿੰਗਜ਼ ਤੋਂ ਟ੍ਰੇਡ ਰਾਹੀਂ ਆਪਣੀ ਟੀਮ 'ਚ ਸ਼ਾਮਲ ਕੀਤਾ ਸੀ। ਹਾਲਾਂਕਿ, ਹੁਣ ਆਉਣ ਵਾਲੇ ਸੀਜ਼ਨ ਤੋਂ ਪਹਿਲਾਂ ਹੀ ਉਹ ਲਖਨਊ ਨਾਲ ਜੁੜ ਗਏ ਹਨ। ਕਰਨ 2.4 ਕਰੋੜ ਰੁਪਏ 'ਚ ਲਖਨਊ ਸੁਪਰ ਜਾਇੰਟਸ ਦਾ ਹਿੱਸਾ ਬਣਨਗੇ। ਉਨ੍ਹਾਂ ਨੇ ਹੁਣ ਤਕ ਆਪਣੇ ਆਈਪੀਐੱਲ ਕਰੀਅਰ 'ਚ 59 ਵਿਕਟਾਂ ਹਾਸਲ ਕੀਤੀਆਂ ਹਨ, ਜਦਕਿ ਬੱਲੇ ਨਾਲ ਵੀ 997 ਦੌੜਾਂ ਬਣਾਈਆਂ ਹਨ। ਉਹ ਉਨ੍ਹਾਂ ਗੇਂਦਬਾਜ਼ਾਂ ਦੀ ਸੂਚੀ 'ਚ ਸ਼ਾਮਲ ਹਨ, ਜਿਨ੍ਹਾਂ ਨੇ ਆਈਪੀਐੱਲ 'ਚ ਹੈਟ੍ਰਿਕ ਲੈਣ ਦਾ ਕਾਰਨਾਮਾ ਕੀਤਾ ਹੈ।