IPL 2026 Auction, Cameron Green: ਕੈਮਰਨ ਗ੍ਰੀਨ ਬਣੇ ਸਭ ਤੋਂ ਮਹਿੰਗੇ ਵਿਦੇਸ਼ੀ ਖਿਡਾਰੀ, 25.20 ਕਰੋੜ 'ਚ ਕੋਲਕਾਤਾ ਨੇ ਖਰੀਦਿਆ
ਗ੍ਰੀਨ ਨੂੰ ਕੋਲਕਾਤਾ ਨੇ 25.20 ਕਰੋੜ ਦੀ ਕੀਮਤ ਵਿੱਚ ਖਰੀਦਿਆ ਹੈ। ਗ੍ਰੀਨ ਨੂੰ ਲੈ ਕੇ ਇਹ ਦੁਚਿੱਤੀ ਸੀ ਕਿ ਉਹ ਗੇਂਦਬਾਜ਼ੀ ਲਈ ਉਪਲਬਧ ਰਹਿਣਗੇ ਜਾਂ ਨਹੀਂ। ਹਾਲਾਂਕਿ ਉਨ੍ਹਾਂ ਨੇ ਸਾਫ਼ ਕਰ ਦਿੱਤਾ ਕਿ ਉਹ ਗੇਂਦਬਾਜ਼ੀ ਕਰਨਗੇ।
Publish Date: Tue, 16 Dec 2025 04:02 PM (IST)
Updated Date: Tue, 16 Dec 2025 04:10 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਆਈਪੀਐਲ-2026 ਦੀ ਮੈਗਾ ਨਿਲਾਮੀ ਵਿੱਚ ਜਿਸਦੀ ਉਮੀਦ ਸੀ ਉਹੀ ਹੋਇਆ। ਆਸਟ੍ਰੇਲੀਆ ਦੇ ਦਿੱਗਜ ਆਲਰਾਊਂਡਰ ਕੈਮਰਨ ਗ੍ਰੀਨ 'ਤੇ ਜੰਮ ਕੇ ਪੈਸਾ ਵਰਸਿਆ। ਗ੍ਰੀਨ ਦਾ ਇਹ ਤੀਜਾ ਹੀ ਆਈਪੀਐਲ ਹੈ ਅਤੇ ਉਹ ਇਸ ਸੀਜ਼ਨ ਦੇ ਸਭ ਤੋਂ ਵੱਧ ਡਿਮਾਂਡ ਵਾਲੇ ਖਿਡਾਰੀ ਬਣ ਗਏ ਹਨ। ਦੋ ਕਰੋੜ ਦੀ ਬੇਸ ਪ੍ਰਾਈਸ ਦੇ ਨਾਲ ਉਤਰੇ ਗ੍ਰੀਨ ਦੇ ਪਿੱਛੇ ਫ੍ਰੈਂਚਾਇਜ਼ੀਆਂ ਹੱਥ ਧੋ ਕੇ ਪੈ ਗਈਆਂ ਪਰ ਆਖਿਰ ਵਿੱਚ ਕੋਲਕਾਤਾ ਨਾਈਟ ਰਾਈਡਰਜ਼ (KKR) ਨੇ ਬਾਜ਼ੀ ਮਾਰ ਲਈ।
ਗ੍ਰੀਨ ਨੂੰ ਕੋਲਕਾਤਾ ਨੇ 25.20 ਕਰੋੜ ਦੀ ਕੀਮਤ ਵਿੱਚ ਖਰੀਦਿਆ ਹੈ। ਗ੍ਰੀਨ ਨੂੰ ਲੈ ਕੇ ਇਹ ਦੁਚਿੱਤੀ ਸੀ ਕਿ ਉਹ ਗੇਂਦਬਾਜ਼ੀ ਲਈ ਉਪਲਬਧ ਰਹਿਣਗੇ ਜਾਂ ਨਹੀਂ। ਹਾਲਾਂਕਿ ਉਨ੍ਹਾਂ ਨੇ ਸਾਫ਼ ਕਰ ਦਿੱਤਾ ਕਿ ਉਹ ਗੇਂਦਬਾਜ਼ੀ ਕਰਨਗੇ। ਇਸ ਨਾਲ ਉਨ੍ਹਾਂ ਦੀ ਕੀਮਤ ਹੋਰ ਵਧੀ ਹੈ ਕਿਉਂਕਿ ਟੀ-20 ਵਿੱਚ ਆਲਰਾਊਂਡਰਾਂ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ।
ਗ੍ਰੀਨ ਲਈ ਸਭ ਤੋਂ ਪਹਿਲਾਂ ਮੁੰਬਈ ਇੰਡੀਅਨਜ਼ ਨੇ ਬੋਲੀ ਲਗਾਈ ਪਰ ਫਿਰ ਰਾਜਸਥਾਨ ਰੌਇਲਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦੇ ਵਿੱਚ ਜੰਗ ਦੇਖਣ ਨੂੰ ਮਿਲੀ। 13.60 ਕਰੋੜ ਰੁਪਏ ਦੀ ਰਕਮ 'ਤੇ ਆ ਕੇ ਰਾਜਸਥਾਨ ਨੇ ਆਪਣੇ ਹੱਥ ਪਿੱਛੇ ਖਿੱਚ ਲਏ। ਇੱਥੇ ਲੱਗਿਆ ਕਿ ਕੋਲਕਾਤਾ ਗ੍ਰੀਨ ਨੂੰ ਲੈ ਜਾਵੇਗੀ ਪਰ ਤਾਂ ਹੀ ਚੇਨਈ ਸੁਪਰ ਕਿੰਗਜ਼ ਨੇ ਐਂਟਰੀ ਮਾਰ ਲਈ ਅਤੇ ਗ੍ਰੀਨ ਦੀ ਬੋਲੀ 20 ਕਰੋੜ ਦੇ ਪਾਰ ਚਲੀ ਗਈ। ਚੇਨਈ ਨੇ ਕਦੇ ਵੀ ਇੰਨੀ ਰਕਮ ਕਿਸੇ ਵੀ ਖਿਡਾਰੀ ਲਈ ਨਹੀਂ ਲਗਾਈ ਸੀ।
ਦੇਖਦੇ ਹੀ ਦੇਖਦੇ ਉਨ੍ਹਾਂ ਦੀ ਬੋਲੀ 25 ਕਰੋੜ ਦੇ ਪਾਰ ਚਲੀ ਗਈ ਅਤੇ ਇਸੇ ਦੇ ਨਾਲ ਉਹ ਆਈਪੀਐਲ ਇਤਿਹਾਸ ਦੇ ਸਭ ਤੋਂ ਮਹਿੰਗੇ ਵਿਦੇਸ਼ੀ ਖਿਡਾਰੀ ਬਣ ਗਏ। ਆਖਿਰ ਵਿੱਚ ਕੋਲਕਾਤਾ ਨੇ ਬਾਜ਼ੀ ਮਾਰ ਲਈ।
ਪਿਛਲੇ ਦੋ ਸੀਜ਼ਨ 'ਚ ਦਿਖਾਇਆ ਦਮ
2023: ਗ੍ਰੀਨ ਨੂੰ ਸਾਲ 2023 ਵਿੱਚ ਮੁੰਬਈ ਇੰਡੀਅਨਜ਼ ਨੇ 17.50 ਕਰੋੜ ਦੀ ਕੀਮਤ ਵਿੱਚ ਖਰੀਦਿਆ ਸੀ। ਇਸ ਸੀਜ਼ਨ ਗ੍ਰੀਨ ਨੇ 16 ਮੈਚ ਖੇਡੇ ਸਨ ਅਤੇ 452 ਦੌੜਾਂ ਬਣਾਈਆਂ ਸਨ, ਜਿਸ ਵਿੱਚ ਇੱਕ ਸੈਂਕੜਾ ਤੋਂ ਇਲਾਵਾ ਦੋ ਅਰਧ ਸੈਂਕੜੇ ਸ਼ਾਮਲ ਹਨ।
2024: ਸਾਲ 2024 ਵਿੱਚ ਗ੍ਰੀਨ ਰਾਇਲ ਚੈਲੰਜਰਜ਼ ਬੈਂਗਲੁਰੂ ਪਹੁੰਚ ਗਏ ਸਨ। ਮੁੰਬਈ ਨੇ ਉਨ੍ਹਾਂ ਨੂੰ ਆਰਸੀਬੀ ਨੂੰ ਟਰੇਡ ਕੀਤਾ ਸੀ। ਇਸ ਸੀਜ਼ਨ ਗ੍ਰੀਨ ਨੇ 13 ਮੈਚ ਖੇਡੇ ਸਨ ਅਤੇ 255 ਦੌੜਾਂ ਬਣਾਈਆਂ ਸਨ। ਉਨ੍ਹਾਂ ਨੇ ਇਸ ਸੀਜ਼ਨ ਇੱਕ ਵੀ ਅਰਧ ਸੈਂਕੜਾ ਨਹੀਂ ਲਗਾਇਆ ਸੀ।
2025: ਸਾਲ 2025 ਵਿੱਚ ਉਹ ਸੱਟ ਕਾਰਨ ਨਹੀਂ ਖੇਡੇ ਸਨ ਅਤੇ ਉਨ੍ਹਾਂ ਦੀ ਗੈਰ-ਮੌਜੂਦਗੀ ਵਿੱਚ ਆਰਸੀਬੀ ਨੇ ਆਈਪੀਐਲ ਜਿੱਤਿਆ ਸੀ।
ਗ੍ਰੀਨ ਨੂੰ ਲੈ ਕੇ ਇਸ ਸੀਜ਼ਨ ਉਮੀਦ ਲਗਾਈ ਜਾ ਰਹੀ ਸੀ ਕਿ ਉਹ ਮੋਟੀ ਕਮਾਈ ਕਰਨਗੇ ਕਿਉਂਕਿ ਉਨ੍ਹਾਂ ਦੇ ਖੇਡ ਵਿੱਚ ਸੁਧਾਰ ਹੋਇਆ ਹੈ ਅਤੇ ਕਈ ਟੀਮਾਂ ਕੋਲ ਉਨ੍ਹਾਂ ਵਰਗਾ ਆਲਰਾਊਂਡਰ ਨਹੀਂ ਹੈ, ਜਿਸ ਕਾਰਨ ਗ੍ਰੀਨ ਦੀ ਅਹਿਮੀਅਤ ਵੱਧ ਗਈ ਸੀ।