ICC ODI Rankings : ਨਿਊਜ਼ੀਲੈਂਡ 'ਚ ਸ਼ਾਨਦਾਰ ਪ੍ਰਦਰਸ਼ਨ ਦਾ ਅਰਸ਼ਦੀਪ ਸਿੰਘ ਨੂੰ ਮਿਲਿਆ ਇਨਾਮ, ਲੰਮੀ ਛਾਲ ਨਾਲ 19ਵੇਂ ਨੰਬਰ 'ਤੇ ਪਹੁੰਚੇ; ਰੋਹਿਤ ਸ਼ਰਮਾ ਨੂੰ ਵੱਡਾ ਨੁਕਸਾਨ
ICC ODI Rankings : ਨਿਊਜ਼ੀਲੈਂਡ ਖ਼ਿਲਾਫ਼ ਵਨਡੇ ਸੀਰੀਜ਼ 'ਚ ਰੋਹਿਤ ਸ਼ਰਮਾ ਦਾ ਪ੍ਰਦਰਸ਼ਨ ਬੇਹੱਦ ਖ਼ਰਾਬ ਰਿਹਾ, ਜਿਸ ਕਾਰਨ ਉਨ੍ਹਾਂ ਨੂੰ ਰੈਂਕਿੰਗ 'ਚ ਇਕ ਸਥਾਨ ਦਾ ਨੁਕਸਾਨ ਹੋਇਆ ਹੈ। ਉਹ ਪੰਜਵੇਂ ਨੰਬਰ 'ਤੇ ਖਿਸਕ ਗਏ ਹਨ। ਉੱਥੇ ਹੀ ਅਫ਼ਗਾਨਿਸਤਾਨ ਦੇ ਰਹਿਮਾਨੁੱਲ੍ਹਾ ਗੁਰਬਾਜ਼ ਇਕ ਸਥਾਨ ਉੱਪਰ ਚੜ੍ਹ ਕੇ ਚੌਥੇ ਨੰਬਰ 'ਤੇ ਪਹੁੰਚ ਗਏ ਹਨ। ਟੌਮ ਬੈਂਟਨ ਨੇ 34 ਸਥਾਨਾਂ ਦੀ ਛਾਲ ਲਗਾਈ ਹੈ ਅਤੇ ਉਹ ਆਪਣੇ ਕਰੀਅਰ ਦੀ ਸਰਵੋਤਮ ਰੈਂਕਿੰਗ 13ਵੇਂ ਸਥਾਨ 'ਤੇ ਪਹੁੰਚ ਗਏ ਹਨ।
Publish Date: Wed, 18 Nov 2026 04:04 PM (IST)
Updated Date: Wed, 18 Nov 2026 04:06 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਆਈਸੀਸੀ ਨੇ ਮੰਗਲਵਾਰ ਨੂੰ ਵਨਡੇ ਦੀਆਂ ਤਾਜ਼ਾ ਰੈਂਕਿੰਗਜ਼ ਜਾਰੀ ਕਰ ਦਿੱਤੀਆਂ ਹਨ। ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਨਿਊਜ਼ੀਲੈਂਡ ਖ਼ਿਲਾਫ਼ ਸੀਰੀਜ਼ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਦੇ ਚੱਲਦਿਆਂ ਉਨ੍ਹਾਂ ਨੇ ਰੈਂਕਿੰਗ 'ਚ 12 ਸਥਾਨਾਂ ਦੀ ਛਾਲ ਲਗਾਈ ਹੈ। ਉੱਥੇ ਹੀ ਖ਼ਰਾਬ ਪ੍ਰਦਰਸ਼ਨ ਕਾਰਨ ਰੋਹਿਤ ਸ਼ਰਮਾ ਨੂੰ ਨੁਕਸਾਨ ਝੱਲਣਾ ਪਿਆ ਹੈ। ਬੱਲੇਬਾਜ਼ਾਂ ਦੀ ਰੈਂਕਿੰਗ 'ਚ ਇੰਗਲੈਂਡ ਦੇ ਟੌਮ ਬੈਂਟਨ ਨੇ 34 ਸਥਾਨਾਂ ਦੀ ਛਾਲ ਲਗਾਈ ਹੈ। ਦੂਜੇ ਪਾਸੇ ਗੇਂਦਬਾਜ਼ਾਂ ਦੀ ਰੈਂਕਿੰਗ 'ਚ ਨਿਊਜ਼ੀਲੈਂਡ ਦੇ ਮੈਟ ਹੈਨਰੀ ਅਤੇ ਕਾਈਲ ਜੈਮੀਸਨ ਨੂੰ ਵੀ ਫਾਇਦਾ ਹੋਇਆ ਹੈ।
ਅਰਸ਼ਦੀਪ 19ਵੇਂ ਸਥਾਨ 'ਤੇ ਪਹੁੰਚੇ
ਅਰਸ਼ਦੀਪ ਸਿੰਘ 12 ਸਥਾਨਾਂ ਦੀ ਛਾਲ ਲਗਾ ਕੇ 19ਵੇਂ ਸਥਾਨ 'ਤੇ ਪਹੁੰਚ ਗਏ ਹਨ। ਹੈਨਰੀ 15 ਸਥਾਨ ਉੱਪਰ ਚੜ੍ਹ ਕੇ 12ਵੇਂ ਨੰਬਰ 'ਤੇ ਆ ਗਏ ਹਨ। ਉੱਥੇ ਹੀ ਜੈਮੀਸਨ 15 ਸਥਾਨਾਂ ਦੇ ਫਾਇਦੇ ਨਾਲ 45ਵੇਂ ਨੰਬਰ 'ਤੇ ਪਹੁੰਚ ਗਏ ਹਨ। ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਨੇ ਆਸਟ੍ਰੇਲੀਆ ਖ਼ਿਲਾਫ਼ ਦੋ ਮੈਚਾਂ 'ਚ ਦੋ ਵਿਕਟਾਂ ਹਾਸਲ ਕੀਤੀਆਂ। ਇਸ ਪ੍ਰਦਰਸ਼ਨ ਕਾਰਨ ਉਨ੍ਹਾਂ ਨੂੰ ਚਾਰ ਸਥਾਨਾਂ ਦਾ ਫਾਇਦਾ ਹੋਇਆ ਹੈ ਅਤੇ ਉਹ ਸੱਤਵੇਂ ਨੰਬਰ 'ਤੇ ਪਹੁੰਚ ਗਏ ਹਨ।
ਰੋਹਿਤ ਸ਼ਰਮਾ ਨੂੰ ਹੋਇਆ ਨੁਕਸਾਨ
ਨਿਊਜ਼ੀਲੈਂਡ ਖ਼ਿਲਾਫ਼ ਵਨਡੇ ਸੀਰੀਜ਼ 'ਚ ਰੋਹਿਤ ਸ਼ਰਮਾ ਦਾ ਪ੍ਰਦਰਸ਼ਨ ਬੇਹੱਦ ਖ਼ਰਾਬ ਰਿਹਾ, ਜਿਸ ਕਾਰਨ ਉਨ੍ਹਾਂ ਨੂੰ ਰੈਂਕਿੰਗ 'ਚ ਇਕ ਸਥਾਨ ਦਾ ਨੁਕਸਾਨ ਹੋਇਆ ਹੈ। ਉਹ ਪੰਜਵੇਂ ਨੰਬਰ 'ਤੇ ਖਿਸਕ ਗਏ ਹਨ। ਉੱਥੇ ਹੀ ਅਫ਼ਗਾਨਿਸਤਾਨ ਦੇ ਰਹਿਮਾਨੁੱਲ੍ਹਾ ਗੁਰਬਾਜ਼ ਇਕ ਸਥਾਨ ਉੱਪਰ ਚੜ੍ਹ ਕੇ ਚੌਥੇ ਨੰਬਰ 'ਤੇ ਪਹੁੰਚ ਗਏ ਹਨ। ਟੌਮ ਬੈਂਟਨ ਨੇ 34 ਸਥਾਨਾਂ ਦੀ ਛਾਲ ਲਗਾਈ ਹੈ ਅਤੇ ਉਹ ਆਪਣੇ ਕਰੀਅਰ ਦੀ ਸਰਵੋਤਮ ਰੈਂਕਿੰਗ 13ਵੇਂ ਸਥਾਨ 'ਤੇ ਪਹੁੰਚ ਗਏ ਹਨ। ਉਨ੍ਹਾਂ ਨੇ ਆਸਟ੍ਰੇਲੀਆ ਖ਼ਿਲਾਫ਼ ਦੂਜੇ ਵਨਡੇ 'ਚ 121 ਦੌੜਾਂ ਦੀ ਪਾਰੀ ਖੇਡੀ ਸੀ, ਜਿਸ ਦਾ ਫਾਇਦਾ ਉਨ੍ਹਾਂ ਨੂੰ ਰੈਂਕਿੰਗ 'ਚ ਮਿਲਿਆ ਹੈ।
ਇਸ ਤੋਂ ਇਲਾਵਾ ਬੈਂਟਨ ਦੇ ਸਾਥੀ ਖਿਡਾਰੀ ਜੋ ਰੂਟ ਦੀ ਵੀ ਟੌਪ-10 'ਚ ਐਂਟਰੀ ਹੋ ਗਈ ਹੈ। ਰੂਟ ਅਰਧ ਸੈਂਕੜਾ ਲਗਾ ਕੇ ਨੌਵੇਂ ਸਥਾਨ 'ਤੇ ਪਹੁੰਚ ਗਏ ਹਨ। ਉੱਥੇ ਹੀ ਬੱਲੇਬਾਜ਼ਾਂ ਦੀ ਰੈਂਕਿੰਗ 'ਚ ਸ਼ੁਭਮਨ ਗਿੱਲ ਅਜੇ ਵੀ ਪਹਿਲੇ ਸਥਾਨ 'ਤੇ ਕਾਇਮ ਹਨ।
ਗਿੱਲ ਤੋਂ ਇਲਾਵਾ ਵਿਰਾਟ ਕੋਹਲੀ ਤੀਜੇ ਸਥਾਨ 'ਤੇ ਮੌਜੂਦ ਹਨ। ਕੇਐੱਲ ਰਾਹੁਲ ਨੂੰ ਵੀ ਇਕ ਸਥਾਨ ਦਾ ਨੁਕਸਾਨ ਹੋਇਆ ਹੈ ਅਤੇ ਉਹ 11ਵੇਂ ਸਥਾਨ 'ਤੇ ਪਹੁੰਚ ਗਏ ਹਨ। ਸ਼੍ਰੀਲੰਕਾ ਦੇ ਕੁਸਲ ਮੈਂਡਿਸ ਨੂੰ ਇਕ ਸਥਾਨ ਦਾ ਫਾਇਦਾ ਹੋਇਆ ਹੈ ਅਤੇ ਉਹ 10ਵੇਂ ਨੰਬਰ 'ਤੇ ਆ ਗਏ ਹਨ।