Happy Birthday Suresh Raina: ਭਰਾ ਨੂੰ ਖੇਡਦਾ ਦੇਖ ਕ੍ਰਿਕਟ ਖੇਡਣ ਦਾ ਜਾਗਿਆ ਜਨੂੰਨ, T20I 'ਚ ਸੈਂਕੜਾ ਜੜਨ ਵਾਲੇ ਪਹਿਲੇ ਭਾਰਤੀ, 33 ਸਾਲ ਦੀ ਉਮਰ 'ਚ ਸੰਨਿਆਸ ਲੈ ਕੇ ਕਰ ਦਿੱਤਾ ਸੀ ਹੈਰਾਨ
Suresh Raina ਦਾ ਸ਼ਾਨਦਾਰ ਫਾਰਮ ਜਾਰੀ ਰਿਹਾ। ਇਸ ਤੋਂ ਬਾਅਦ ਸਾਲ 2005 'ਚ ਉਨ੍ਹਾਂ ਨੂੰ ਪਹਿਲੀ ਵਾਰ ਭਾਰਤੀ ਟੀਮ 'ਚ ਬੁਲਾਵਾ ਆਇਆ। ਸਾਲ 2005 'ਚ ਸ਼੍ਰੀਲੰਕਾ ਖ਼ਿਲਾਫ਼ ਉਨ੍ਹਾਂ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ ਡੈਬਿਊ ਕੀਤਾ। ਇਸ ਤੋਂ ਇਕ ਸਾਲ ਬਾਅਦ 2006 'ਚ ਉਨ੍ਹਾਂ ਨੂੰ ਟੀ-20 ਟੀਮ 'ਚ ਚੁਣਿਆ ਗਿਆ। ਇਸ ਤੋਂ ਬਾਅਦ ਉਹ ਭਾਰਤੀ ਟੀਮ ਦੇ ਅਹਿਮ ਮੈਂਬਰ ਬਣ ਗਏ।
Publish Date: Fri, 27 Nov 2026 03:59 PM (IST)
Updated Date: Fri, 27 Nov 2026 04:02 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਭਾਰਤ ਦੇ ਸਾਬਕਾ ਬੱਲੇਬਾਜ਼ ਸੁਰੇਸ਼ ਰੈਨਾ ਅੱਜ ਆਪਣਾ 40ਵਾਂ ਜਨਮਦਿਨ ਮਨਾ ਰਹੇ ਹਨ। ਭਾਰਤੀ ਟੀਮ ਦੇ ਮਿਡਲ ਆਰਡਰ ਬੱਲੇਬਾਜ਼ ਸੁਰੇਸ਼ ਰੈਨਾ ਨੇ ਆਪਣੇ ਕ੍ਰਿਕਟ ਕਰੀਅਰ 'ਚ ਕਈ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ। ਉਹ ਭਾਰਤ ਦੀ 2011 ਵਨਡੇ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦਾ ਹਿੱਸਾ ਰਹੇ ਸਨ। ਵਿਸ਼ਵ ਕੱਪ ਦੇ ਕੁਆਰਟਰ ਫਾਈਨਲ 'ਚ ਉਨ੍ਹਾਂ ਨੇ ਆਸਟ੍ਰੇਲੀਆ ਖ਼ਿਲਾਫ਼ ਅਹਿਮ ਪਾਰੀ ਖੇਡੀ ਸੀ।
27 ਨਵੰਬਰ 1986 ਨੂੰ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹੇ ਦੇ ਮੁਰਾਦਨਗਰ 'ਚ ਜਨਮੇ ਸੁਰੇਸ਼ ਰੈਨਾ ਦੇ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਉਨ੍ਹਾਂ ਦੇ ਭਰਾ ਕਾਰਨ ਹੋਈ। ਸੁਰੇਸ਼ ਰੈਨਾ ਦੇ ਭਰਾ ਮੁਕੇਸ਼ ਕ੍ਰਿਕਟ ਖੇਡਿਆ ਕਰਦੇ ਸਨ। ਸ਼ੁਰੂਆਤ 'ਚ ਰੈਨਾ ਮੁਰਾਦਨਗਰ 'ਚ ਆਪਣੇ ਭਰਾ ਨਾਲ ਕ੍ਰਿਕਟ ਕਲੱਬ ਜਾਇਆ ਕਰਦੇ ਸਨ। ਭਰਾ ਨੂੰ ਖੇਡਦਾ ਦੇਖ ਕੇ ਸੁਰੇਸ਼ ਰੈਨਾ ਦੇ ਮਨ 'ਚ ਵੀ ਕ੍ਰਿਕਟਰ ਬਣਨ ਦਾ ਸੁਪਨਾ ਜਾਗਿਆ। ਉਨ੍ਹਾਂ ਨੇ ਕਲੱਬ ਕ੍ਰਿਕਟ ਤੋਂ ਸ਼ੁਰੂਆਤ ਕੀਤੀ ਅਤੇ ਦੇਖਦੇ ਹੀ ਦੇਖਦੇ ਉੱਤਰ ਪ੍ਰਦੇਸ਼ ਦੀ ਅੰਡਰ-16 ਟੀਮ ਦਾ ਹਿੱਸਾ ਬਣ ਗਏ। ਅੰਡਰ-16, ਅੰਡਰ-17 ਅਤੇ ਅੰਡਰ-19 'ਚ ਲਗਾਤਾਰ ਚੰਗਾ ਪ੍ਰਦਰਸ਼ਨ ਕਰਨ ਤੋਂ ਬਾਅਦ ਸੁਰੇਸ਼ ਰੈਨਾ ਨੇ 17 ਸਾਲ ਦੀ ਉਮਰ 'ਚ ਸਾਲ 2003 'ਚ ਉੱਤਰ ਪ੍ਰਦੇਸ਼ ਲਈ ਫਰਸਟ ਕਲਾਸ ਡੈਬਿਊ ਕੀਤਾ।
2005 'ਚ ਭਾਰਤੀ ਟੀਮ 'ਚ ਹੋਈ ਚੋਣ
ਸੁਰੇਸ਼ ਰੈਨਾ ਦਾ ਸ਼ਾਨਦਾਰ ਫਾਰਮ ਜਾਰੀ ਰਿਹਾ। ਇਸ ਤੋਂ ਬਾਅਦ ਸਾਲ 2005 'ਚ ਉਨ੍ਹਾਂ ਨੂੰ ਪਹਿਲੀ ਵਾਰ ਭਾਰਤੀ ਟੀਮ 'ਚ ਬੁਲਾਵਾ ਆਇਆ। ਸਾਲ 2005 'ਚ ਸ਼੍ਰੀਲੰਕਾ ਖ਼ਿਲਾਫ਼ ਉਨ੍ਹਾਂ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ ਡੈਬਿਊ ਕੀਤਾ। ਇਸ ਤੋਂ ਇਕ ਸਾਲ ਬਾਅਦ 2006 'ਚ ਉਨ੍ਹਾਂ ਨੂੰ ਟੀ-20 ਟੀਮ 'ਚ ਚੁਣਿਆ ਗਿਆ। ਇਸ ਤੋਂ ਬਾਅਦ ਉਹ ਭਾਰਤੀ ਟੀਮ ਦੇ ਅਹਿਮ ਮੈਂਬਰ ਬਣ ਗਏ।
T20I 'ਚ ਸੈਂਕੜਾ ਲਗਾਉਣ ਵਾਲੇ ਪਹਿਲੇ ਭਾਰਤੀ ਹਨ ਸੁਰੇਸ਼ ਰੈਨਾ
ਸੁਰੇਸ਼ ਰੈਨਾ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ ਸੈਂਕੜਾ ਲਗਾਉਣ ਵਾਲੇ ਪਹਿਲੇ ਭਾਰਤੀ ਖਿਡਾਰੀ ਹਨ। 2 ਮਈ 2010 ਨੂੰ ਟੀ-20 ਵਿਸ਼ਵ ਕੱਪ ਦੇ ਮੈਚ 'ਚ ਦੱਖਣੀ ਅਫਰੀਕਾ ਖ਼ਿਲਾਫ਼ ਖੇਡਦਿਆਂ ਸੁਰੇਸ਼ ਰੈਨਾ ਨੇ ਸੈਂਕੜੇ ਵਾਲੀ ਪਾਰੀ ਖੇਡੀ ਸੀ। ਸੁਰੇਸ਼ ਰੈਨਾ ਤੋਂ ਇਲਾਵਾ ਅੱਜ ਤੱਕ ਕੋਈ ਵੀ ਭਾਰਤੀ ਬੱਲੇਬਾਜ਼ ਟੀ-20 ਵਿਸ਼ਵ ਕੱਪ 'ਚ ਸੈਂਕੜਾ ਨਹੀਂ ਲਗਾ ਸਕਿਆ ਹੈ। ਰੈਨਾ ਕ੍ਰਿਕਟ ਦੇ ਤਿੰਨਾਂ ਫਾਰਮੈਟਾਂ 'ਚ ਸੈਂਕੜਾ ਲਗਾਉਣ ਵਾਲੇ ਪਹਿਲੇ ਭਾਰਤੀ ਬੱਲੇਬਾਜ਼ ਵੀ ਹਨ।
ਵਿਸ਼ਵ ਕੱਪ 'ਚ ਆਸਟ੍ਰੇਲੀਆ ਖ਼ਿਲਾਫ਼ ਖੇਡੀ ਸੀ ਦਮਦਾਰ ਪਾਰੀ
2011 ਵਨਡੇ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ 'ਚ ਆਸਟ੍ਰੇਲੀਆ ਖ਼ਿਲਾਫ਼ ਉਨ੍ਹਾਂ ਨੇ ਨਾਬਾਦ 34 ਦੌੜਾਂ ਦੀ ਅਹਿਮ ਪਾਰੀ ਖੇਡੀ ਸੀ। ਭਾਰਤੀ ਟੀਮ ਨੇ 261 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਇਕ ਸਮੇਂ 187 ਦੌੜਾਂ ਦੇ ਸਕੋਰ 'ਤੇ ਪੰਜ ਵਿਕਟਾਂ ਗੁਆ ਦਿੱਤੀਆਂ ਸਨ। ਇਸ ਤੋਂ ਬਾਅਦ ਯੁਵਰਾਜ ਸਿੰਘ (ਨਾਬਾਦ 57 ਦੌੜਾਂ) ਨਾਲ ਅਹਿਮ ਸਾਂਝੇਦਾਰੀ ਕਰ ਕੇ ਸੁਰੇਸ਼ ਰੈਨਾ ਨੇ ਭਾਰਤ ਨੂੰ ਜਿੱਤ ਦਿਵਾਈ।
33 ਸਾਲ ਦੀ ਉਮਰ 'ਚ ਸੰਨਿਆਸ ਲੈ ਕੇ ਕੀਤਾ ਸੀ ਹੈਰਾਨ
ਸੁਰੇਸ਼ ਰੈਨਾ ਨੇ 15 ਅਗਸਤ 2020 ਨੂੰ ਮਹਿਜ਼ 33 ਸਾਲ ਦੀ ਉਮਰ 'ਚ ਸੰਨਿਆਸ ਲੈ ਕੇ ਕ੍ਰਿਕਟ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸੀ। ਸੁਰੇਸ਼ ਰੈਨਾ ਨੇ ਭਾਰਤ ਦੇ ਸਾਬਕਾ ਕਪਤਾਨ ਐੱਮਐੱਸ ਧੋਨੀ ਵੱਲੋਂ ਸੰਨਿਆਸ ਦੇ ਐਲਾਨ ਤੋਂ ਕੁਝ ਸਮੇਂ ਬਾਅਦ ਹੀ ਆਪਣੇ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ। ਭਾਰਤੀ ਕ੍ਰਿਕਟ 'ਚ ਧੋਨੀ ਅਤੇ ਰੈਨਾ ਦੀ ਜੋੜੀ ਨੂੰ 'ਜੈ-ਵੀਰੂ' ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਧੋਨੀ ਦੇ ਸੰਨਿਆਸ ਤੋਂ ਬਾਅਦ ਰੈਨਾ ਦਾ ਸੰਨਿਆਸ ਲੈਣਾ ਕ੍ਰਿਕਟ ਪ੍ਰਸ਼ੰਸਕਾਂ ਲਈ ਦੋਹਰਾ ਝਟਕਾ ਸੀ।
ਸੁਰੇਸ਼ ਰੈਨਾ ਦਾ ਅੰਤਰਰਾਸ਼ਟਰੀ ਕਰੀਅਰ
ਸੁਰੇਸ਼ ਰੈਨਾ ਨੇ ਭਾਰਤ ਲਈ 226 ਵਨਡੇ, 78 ਟੀ-20 ਅਤੇ 18 ਟੈਸਟ ਮੈਚ ਖੇਡੇ। 226 ਵਨਡੇ ਮੈਚਾਂ 'ਚ ਉਨ੍ਹਾਂ ਨੇ 35.31 ਦੀ ਔਸਤ ਨਾਲ 5,615 ਦੌੜਾਂ ਬਣਾਈਆਂ। ਉੱਥੇ ਹੀ 78 ਟੀ-20 ਮੁਕਾਬਲਿਆਂ 'ਚ ਉਨ੍ਹਾਂ ਨੇ 134.87 ਦੇ ਸਟ੍ਰਾਈਕ ਰੇਟ ਨਾਲ 1,605 ਦੌੜਾਂ ਬਣਾਈਆਂ। ਉਨ੍ਹਾਂ ਨੂੰ ਸਿਰਫ਼ 18 ਟੈਸਟ ਮੈਚ ਖੇਡਣ ਦਾ ਮੌਕਾ ਮਿਲਿਆ, ਜਿਨ੍ਹਾਂ 'ਚ ਉਨ੍ਹਾਂ ਨੇ 768 ਦੌੜਾਂ ਬਣਾਈਆਂ। ਕ੍ਰਿਕਟ ਦੇ ਤਿੰਨਾਂ ਫਾਰਮੈਟਾਂ ਨੂੰ ਮਿਲਾ ਕੇ ਉਨ੍ਹਾਂ ਦੇ ਨਾਂ ਕੁੱਲ 7 ਸੈਂਕੜੇ ਅਤੇ 48 ਅਰਧ ਸੈਂਕੜੇ ਦਰਜ ਹਨ। ਰੈਨਾ 2011 ਵਨਡੇ ਵਿਸ਼ਵ ਕੱਪ ਅਤੇ 2013 ਚੈਂਪੀਅਨਜ਼ ਟਰਾਫੀ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਰਹੇ ਸਨ।