ਇੰਗਲੈਂਡ ਦੌਰੇ ਤੋਂ ਪਹਿਲਾਂ ਤਿਲਕ ਵਰਮਾ 'ਤੇ ਭੜਕੇ ਸਾਬਕਾ ਭਾਰਤੀ ਕਪਤਾਨ, ਬੋਲੇ - 'ਉਹ ਸਿਰਫ਼ ਆਪਣੇ ਲਈ ਖੇਡਦਾ ਹੈ'
ਤਿਲਕ ਨੇ ਕਾਫੀ ਹੌਲੀ ਬੱਲੇਬਾਜ਼ੀ ਕੀਤੀ ਅਤੇ ਉਨ੍ਹਾਂ ਦੀ ਇਸੇ ਪਹੁੰਚ ਨੂੰ ਲੈ ਕੇ ਸ਼੍ਰੀਕਾਂਤ ਨੇ ਤਿੱਖੇ ਨਿਸ਼ਾਨੇ ਸਾਧੇ ਹਨ। ਸ਼੍ਰੀਕਾਂਤ ਦਾ ਕਹਿਣਾ ਹੈ ਕਿ ਤਿਲਕ ਨੇ ਸਿਰਫ਼ ਆਪਣੇ ਨਿੱਜੀ ਸਕੋਰ ਲਈ ਬੱਲੇਬਾਜ਼ੀ ਕੀਤੀ ਅਤੇ ਉਹ ਬਸ ਇੱਕ-ਇੱਕ, ਦੋ-ਦੋ ਦੌੜਾਂ ਹੀ ਲੈਂਦੇ ਰਹੇ।
Publish Date: Tue, 30 Jun 2026 04:23 PM (IST)
Updated Date: Tue, 30 Jun 2026 04:32 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਆਇਰਲੈਂਡ ਖ਼ਿਲਾਫ਼ ਦੋ ਮੈਚਾਂ ਦੀ ਟੀ-20 ਸੀਰੀਜ਼ ਵਿੱਚ ਭਾਰਤ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਟੀਮ ਇੰਡੀਆ ਨੂੰ ਇਤਿਹਾਸ ਵਿੱਚ ਪਹਿਲੀ ਵਾਰ ਆਇਰਿਸ਼ ਟੀਮ ਹੱਥੋਂ ਸ਼ਿਕਸਤ ਮਿਲੀ ਹੈ। ਇਸ ਸ਼ਰਮਨਾਕ ਪ੍ਰਦਰਸ਼ਨ ਤੋਂ ਬਾਅਦ ਭਾਰਤ ਦੇ ਸਾਬਕਾ ਕਪਤਾਨ ਕ੍ਰਿਸ ਸ਼੍ਰੀਕਾਂਤ ਨੇ ਟੀਮ ਇੰਡੀਆ 'ਤੇ ਆਪਣਾ ਗੁੱਸਾ ਕੱਢਿਆ ਹੈ। ਉਨ੍ਹਾਂ ਨੇ ਸਭ ਤੋਂ ਵੱਧ ਤਿਲਕ ਵਰਮਾ ਨੂੰ ਆੜੇ ਹੱਥੀਂ ਲਿਆ ਹੈ। ਤਿਲਕ ਨੇ ਦੂਜੇ ਟੀ-20 ਮੈਚ ਵਿੱਚ ਅਰਧ ਸੈਂਕੜਾ ਜ਼ਰੂਰ ਲਗਾਇਆ ਪਰ ਉਹ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ।
ਤਿਲਕ ਨੇ ਕਾਫੀ ਹੌਲੀ ਬੱਲੇਬਾਜ਼ੀ ਕੀਤੀ ਅਤੇ ਉਨ੍ਹਾਂ ਦੀ ਇਸੇ ਪਹੁੰਚ ਨੂੰ ਲੈ ਕੇ ਸ਼੍ਰੀਕਾਂਤ ਨੇ ਤਿੱਖੇ ਨਿਸ਼ਾਨੇ ਸਾਧੇ ਹਨ। ਸ਼੍ਰੀਕਾਂਤ ਦਾ ਕਹਿਣਾ ਹੈ ਕਿ ਤਿਲਕ ਨੇ ਸਿਰਫ਼ ਆਪਣੇ ਨਿੱਜੀ ਸਕੋਰ ਲਈ ਬੱਲੇਬਾਜ਼ੀ ਕੀਤੀ ਅਤੇ ਉਹ ਬਸ ਇੱਕ-ਇੱਕ, ਦੋ-ਦੋ ਦੌੜਾਂ ਹੀ ਲੈਂਦੇ ਰਹੇ। ਇਸ ਸਾਬਕਾ ਭਾਰਤੀ ਕ੍ਰਿਕਟਰ ਨੇ ਸ਼ਿਵਮ ਦੁਬੇ ਅਤੇ ਅਕਸ਼ਰ ਪਟੇਲ ਨੂੰ ਵੀ ਜੰਮ ਕੇ ਫਟਕਾਰ ਲਗਾਈ ਹੈ ਅਤੇ ਉਨ੍ਹਾਂ 'ਤੇ ਵੀ ਹੌਲੀ ਬੱਲੇਬਾਜ਼ੀ ਕਰਨ ਦੇ ਦੋਸ਼ ਲਗਾਏ ਹਨ। ਭਾਰਤ ਨੇ 1 ਜੁਲਾਈ ਤੋਂ ਇੰਗਲੈਂਡ ਖ਼ਿਲਾਫ਼ ਟੀ-20 ਸੀਰੀਜ਼ ਖੇਡਣੀ ਹੈ ਅਤੇ ਉਸ ਤੋਂ ਠੀਕ ਪਹਿਲਾਂ ਸ਼੍ਰੀਕਾਂਤ ਦਾ ਇਹ ਗੁੱਸਾ ਸਾਹਮਣੇ ਆਇਆ ਹੈ।
ਤਿਲਕ ਵਰਮਾ 'ਤੇ ਭੜਕੇ ਕ੍ਰਿਸ ਸ਼੍ਰੀਕਾਂਤ
ਆਪਣੇ ਯੂਟਿਊਬ ਚੈਨਲ 'ਤੇ ਗੱਲਬਾਤ ਕਰਦਿਆਂ ਸ਼੍ਰੀਕਾਂਤ ਨੇ ਕਿਹਾ, "ਭਾਰਤ ਨੇ ਵਿਚਕਾਰਲੇ ਓਵਰਾਂ ਵਿੱਚ ਜਿਸ ਤਰ੍ਹਾਂ ਦੀ ਖੇਡ ਦਿਖਾਈ, ਤੁਸੀਂ ਉਸ ਤਰ੍ਹਾਂ ਨਹੀਂ ਖੇਡ ਸਕਦੇ। ਖਾਸ ਕਰਕੇ ਤਿਲਕ ਵਰਮਾ, ਸ਼ਿਵਮ ਦੁਬੇ ਅਤੇ ਅਕਸ਼ਰ ਪਟੇਲ; ਇਨ੍ਹਾਂ ਸਾਰਿਆਂ ਦੇ ਸਟ੍ਰਾਈਕ ਰੇਟ ਬੇਹੱਦ ਖ਼ਰਾਬ ਸਨ। ਪਹਿਲਾਂ ਤੁਸੀਂ ਪਾਰੀ ਨੂੰ ਸੰਭਾਲਦੇ ਹੋ ਅਤੇ ਫਿਰ ਮਿਡਲ ਫੇਜ਼ ਵਿੱਚ ਹਮਲਾ ਕਰਦੇ ਹੋ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ, ਤਾਂ ਤੁਸੀਂ ਪਿੱਛੇ ਰਹਿ ਜਾਂਦੇ ਹੋ। ਭਾਰਤ ਇੱਥੇ ਹੀ ਮੈਚ ਹਾਰ ਗਿਆ। ਤਿਲਕ ਵਰਮਾ ਸਿਰਫ਼ ਆਪਣੇ ਲਈ ਖੇਡ ਰਹੇ ਸਨ ਅਤੇ ਸਿੰਗਲ-ਡਬਲਸ ਲੈ ਰਹੇ ਸਨ। ਅਕਸ਼ਰ ਵੀ ਇਹੀ ਕੁਝ ਕਰ ਰਿਹਾ ਸੀ।"
ਸ਼੍ਰੀਕਾਂਤ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਨੇ ਤਿਲਕ 'ਤੇ ਤਨਜ਼ ਕੱਸਦਿਆਂ ਅੱਗੇ ਕਿਹਾ,"ਤਿਲਕ ਵਰਮਾ ਮੈਚ ਨੂੰ ਆਖਰੀ ਓਵਰਾਂ ਤੱਕ ਲੈ ਕੇ ਜਾਣਾ ਚਾਹੁੰਦੇ ਸਨ ਤਾਂ ਜੋ ਉਹ ਹੀਰੋ ਬਣ ਸਕਣ। ਉਹ ਸੋਚ ਰਹੇ ਸਨ ਕਿ ਅਸੀਂ ਅਖੀਰ ਵਿੱਚ ਜਿੱਤ ਜਾਵਾਂਗੇ ਅਤੇ ਜਰਸੀ ਲਾਹ ਕੇ ਜਸ਼ਨ ਮਨਾਵਾਂਗੇ। ਇਸ ਟੀਚੇ ਨੂੰ ਕੁਝ ਓਵਰ ਪਹਿਲਾਂ ਹੀ ਹਾਸਲ ਕਰ ਲੈਣਾ ਚਾਹੀਦਾ ਸੀ, ਨਾ ਕਿ ਖੇਡ ਨੂੰ ਅਖੀਰ ਤੱਕ ਖਿੱਚਣਾ ਚਾਹੀਦਾ ਸੀ।"
ਭਾਰਤ ਨੂੰ ਕਰੀਬੀ ਮੁਕਾਬਲੇ 'ਚ ਮਿਲੀ ਸੀ ਹਾਰ
ਆਇਰਲੈਂਡ ਖ਼ਿਲਾਫ਼ ਦੂਜਾ ਮੁਕਾਬਲਾ ਬੇਹੱਦ ਫਸਵਾਂ ਰਿਹਾ ਸੀ। ਟੀਮ ਇੰਡੀਆ ਨੂੰ ਮਹਿਜ਼ 1 ਦੌੜ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੈਚ ਵਿੱਚ ਤਿਲਕ ਵਰਮਾ ਨੇ ਅਰਧ ਸੈਂਕੜਾ ਜ਼ਰੂਰ ਜੜਿਆ, ਪਰ ਉਨ੍ਹਾਂ ਦੀ ਪਾਰੀ ਕਾਫੀ ਹੌਲੀ ਸੀ। ਤਿਲਕ ਨੇ 46 ਗੇਂਦਾਂ ਖੇਡ ਕੇ 55 ਦੌੜਾਂ ਬਣਾਈਆਂ। ਉਨ੍ਹਾਂ ਨੇ 45 ਗੇਂਦਾਂ ਵਿੱਚ ਆਪਣੀ ਫਿਫਟੀ ਪੂਰੀ ਕੀਤੀ ਸੀ ਅਤੇ ਅਗਲੀ ਹੀ ਗੇਂਦ 'ਤੇ ਉਹ ਆਊਟ ਹੋ ਗਏ।