- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਤੋਂ ਬਾਅਦ ਪੰਤ ਨੇ ਆਪਣੇ ਹੀ ਅੰਦਾਜ਼ ਵਿੱਚ ਬੱਲੇਬਾਜ਼ੀ ਕੀਤੀ ਅਤੇ ਕਈ ਵੱਡੇ ਸ਼ਾਟ ਲਗਾਏ। ਦੂਜੇ ਪਾਸੇ ਗਿੱਲ ਆਪਣੇ ਸੈਂਕੜੇ ਵੱਲ ਵਧ ਰਹੇ ਸਨ। ਜਿਵੇਂ ਹੀ ਉਹ 98 ਦੌੜਾਂ ਦੇ ਸਕੋਰ ’ਤੇ ਪਹੁੰਚੇ, ਜੈਕਬ ਡਫੀ ਦੀ ਇਨਸਵਿੰਗ ਗੇਂਦ ਨੂੰ ਸੰਭਾਲ ਨਹੀਂ ਸਕੇ ਅਤੇ ਬੋਲਡ ਹੋ ਗਏ।

ਸਪੋਰਟਸ ਡੈਸਕ, ਨਵੀਂ ਦਿੱਲੀ : ਸਲਾਮੀ ਬੱਲੇਬਾਜ਼ ਕੇਐੱਲ ਰਾਹੁਲ ਦੇ ਸੈਂਕੜੇ ਤੋਂ ਬਾਅਦ ਕਪਤਾਨ ਸ਼ੁਭਮਨ ਗਿੱਲ, ਦੇਵਦੱਤ ਪਡਿੱਕਲ ਅਤੇ ਰਿਸ਼ਭ ਪੰਤ ਦੀਆਂ ਅਰਧ ਸੈਂਕੜੇ ਵਾਲੀਆਂ ਪਾਰੀਆਂ ਦੇ ਦਮ ’ਤੇ ਭਾਰਤ ਨੇ ਨਿਊਜ਼ੀਲੈਂਡ ਖ਼ਿਲਾਫ਼ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਤੀਜੇ ਦਿਨ ਸ਼ਨੀਵਾਰ ਨੂੰ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਦਿਨ ਦੀ ਖੇਡ ਖ਼ਤਮ ਹੋਣ ਤੱਕ ਭਾਰਤ ਨੇ ਨਿਊਜ਼ੀਲੈਂਡ ਦੀਆਂ 368 ਦੌੜਾਂ ਦੇ ਜਵਾਬ ਵਿੱਚ ਚਾਰ ਵਿਕਟਾਂ ਦੇ ਨੁਕਸਾਨ ’ਤੇ 486 ਦੌੜਾਂ ਬਣਾ ਲਈਆਂ ਹਨ।
ਵੈਲਿੰਗਟਨ ਦੇ ਬੇਸਿਨ ਰਿਜ਼ਰਵ ਮੈਦਾਨ ’ਤੇ ਖੇਡੇ ਜਾ ਰਹੇ ਇਸ ਮੈਚ ਵਿੱਚ ਤੀਜੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਟੀਮ ਇੰਡੀਆ ਨੇ ਮੇਜ਼ਬਾਨ ਟੀਮ ’ਤੇ 118 ਦੌੜਾਂ ਦੀ ਲੀਡ ਹਾਸਲ ਕਰ ਲਈ ਹੈ। ਪੰਤ 55 ਦੌੜਾਂ ਬਣਾ ਕੇ ਨਾਬਾਦ ਹਨ। ਉਨ੍ਹਾਂ ਦੇ ਨਾਲ ਨਾਈਟ ਵਾਚਮੈਨ ਅੰਸ਼ੁਲ ਕੰਬੋਜ ਕ੍ਰੀਜ਼ ’ਤੇ ਮੌਜੂਦ ਹਨ, ਜਿਨ੍ਹਾਂ ਨੇ ਹਾਲੇ ਆਪਣਾ ਖਾਤਾ ਨਹੀਂ ਖੋਲ੍ਹਿਆ।
ਰਾਹੁਲ ਅਤੇ ਪਡਿੱਕਲ ਨੇ ਕੀਤਾ ਕਮਾਲ
ਭਾਰਤ ਨੇ ਤੀਜੇ ਦਿਨ ਦੀ ਸ਼ੁਰੂਆਤ ਇਕ ਵਿਕਟ ਦੇ ਨੁਕਸਾਨ ’ਤੇ 159 ਦੌੜਾਂ ਨਾਲ ਕੀਤੀ ਸੀ। ਰਾਹੁਲ ਨੇ 52 ਅਤੇ ਪਡਿੱਕਲ ਨੇ 16 ਦੌੜਾਂ ਤੋਂ ਆਪਣੀ ਪਾਰੀ ਅੱਗੇ ਵਧਾਈ। ਦੋਵਾਂ ਨੇ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੂੰ ਕੋਈ ਮੌਕਾ ਨਹੀਂ ਦਿੱਤਾ ਅਤੇ ਆਰਾਮ ਨਾਲ ਬੱਲੇਬਾਜ਼ੀ ਕੀਤੀ। ਦੋਵਾਂ ਵਿਚਾਲੇ ਤੀਜੀ ਵਿਕਟ ਲਈ 165 ਦੌੜਾਂ ਦੀ ਸਾਂਝੇਦਾਰੀ ਹੋਈ।
ਯਸ਼ਸਵੀ ਜਾਇਸਵਾਲ ਵਾਂਗ ਪਡਿੱਕਲ ਵੀ ਆਪਣਾ ਸੈਂਕੜਾ ਪੂਰਾ ਨਹੀਂ ਕਰ ਸਕੇ। ਉਨ੍ਹਾਂ ਨੂੰ ਕਾਈਲ ਜੈਮੀਸਨ ਨੇ ਬੋਲਡ ਕਰ ਦਿੱਤਾ। ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ 175 ਗੇਂਦਾਂ ਦਾ ਸਾਹਮਣਾ ਕਰਦਿਆਂ 10 ਚੌਕਿਆਂ ਦੀ ਮਦਦ ਨਾਲ 80 ਦੌੜਾਂ ਬਣਾਈਆਂ। ਉਨ੍ਹਾਂ ਦੀ ਵਿਕਟ 295 ਦੌੜਾਂ ਦੇ ਕੁੱਲ ਸਕੋਰ ’ਤੇ ਡਿੱਗੀ।
ਰਾਹੁਲ ਨੇ ਆਪਣਾ ਸੈਂਕੜਾ ਪੂਰਾ ਕਰਨ ਦੇ ਨਾਲ ਹੀ ਇਤਿਹਾਸ ਵੀ ਰਚ ਦਿੱਤਾ। ਰਾਹੁਲ ਸੈਨਾ ਦੇਸ਼ਾਂ (ਦੱਖਣੀ ਅਫ਼ਰੀਕਾ, ਇੰਗਲੈਂਡ, ਨਿਊਜ਼ੀਲੈਂਡ ਅਤੇ ਆਸਟ੍ਰੇਲੀਆ) ਵਿੱਚ ਸੈਂਕੜਾ ਲਗਾਉਣ ਵਾਲੇ ਭਾਰਤ ਦੇ ਪਹਿਲੇ ਸਲਾਮੀ ਬੱਲੇਬਾਜ਼ ਬਣ ਗਏ ਹਨ। ਉੱਥੇ ਹੀ ਉਹ ਸੈਨਾ ਦੇਸ਼ਾਂ ਵਿੱਚ ਸੈਂਕੜਾ ਲਗਾਉਣ ਵਾਲੇ ਭਾਰਤ ਦੇ ਕੁੱਲ ਪੰਜਵੇਂ ਬੱਲੇਬਾਜ਼ ਵੀ ਬਣੇ ਹਨ।
ਗਿੱਲ ਨੇ ਦਿੱਤਾ ਸਾਥ
ਪਡਿੱਕਲ ਤੋਂ ਬਾਅਦ ਰਾਹੁਲ ਨੂੰ ਗਿੱਲ ਦਾ ਸਾਥ ਮਿਲਿਆ ਅਤੇ ਦੋਵਾਂ ਨੇ ਕੀਵੀ ਗੇਂਦਬਾਜ਼ਾਂ ਨੂੰ ਕਾਫ਼ੀ ਪਰੇਸ਼ਾਨ ਕੀਤਾ। ਦੋਵਾਂ ਵਿਚਾਲੇ 91 ਦੌੜਾਂ ਦੀ ਸਾਂਝੇਦਾਰੀ ਹੋਈ। ਰਾਹੁਲ ਬੇਹੱਦ ਆਸਾਨੀ ਨਾਲ ਬੱਲੇਬਾਜ਼ੀ ਕਰ ਰਹੇ ਸਨ। ਇਸੇ ਦੌਰਾਨ ਨਾਥਨ ਸਮਿੱਥ ਦੀ ਇਕ ਇਨਸਵਿੰਗ ਗੇਂਦ ’ਤੇ ਉਹ ਮੁਸ਼ਕਲ ਵਿੱਚ ਆ ਗਏ ਅਤੇ ਗੇਂਦ ਉਨ੍ਹਾਂ ਦੇ ਦਸਤਾਨਿਆਂ ਨਾਲ ਲੱਗ ਕੇ ਵਿਕਟਾਂ ’ਤੇ ਜਾ ਲੱਗੀ।
ਰਾਹੁਲ ਨੇ 290 ਗੇਂਦਾਂ ਦਾ ਸਾਹਮਣਾ ਕਰਦਿਆਂ ਨੌਂ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 136 ਦੌੜਾਂ ਬਣਾਈਆਂ।
ਇਸ ਤੋਂ ਬਾਅਦ ਪੰਤ ਨੇ ਆਪਣੇ ਹੀ ਅੰਦਾਜ਼ ਵਿੱਚ ਬੱਲੇਬਾਜ਼ੀ ਕੀਤੀ ਅਤੇ ਕਈ ਵੱਡੇ ਸ਼ਾਟ ਲਗਾਏ। ਦੂਜੇ ਪਾਸੇ ਗਿੱਲ ਆਪਣੇ ਸੈਂਕੜੇ ਵੱਲ ਵਧ ਰਹੇ ਸਨ। ਜਿਵੇਂ ਹੀ ਉਹ 98 ਦੌੜਾਂ ਦੇ ਸਕੋਰ ’ਤੇ ਪਹੁੰਚੇ, ਜੈਕਬ ਡਫੀ ਦੀ ਇਨਸਵਿੰਗ ਗੇਂਦ ਨੂੰ ਸੰਭਾਲ ਨਹੀਂ ਸਕੇ ਅਤੇ ਬੋਲਡ ਹੋ ਗਏ। ਗਿੱਲ ਨੇ 148 ਗੇਂਦਾਂ ’ਤੇ ਨੌਂ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ ਸ਼ਾਨਦਾਰ ਪਾਰੀ ਖੇਡੀ।