'4 ਸਾਲਾਂ ਤੋਂ ਗੱਲ ਤਕ ਨਹੀਂ ਹੋਈ...', YouTuber ਆਸ਼ੀਸ਼ ਚੰਚਲਾਨੀ ਨਾਲ ਨਾਂ ਜੋੜਨ 'ਤੇ ਭੜਕੀ ਅਰਸ਼ਦੀਪ ਸਿੰਘ ਦੀ ਮੰਗੇਤਰ; ਸਮਰੀਨ ਕੌਰ ਨੇ ਦਿੱਤੀ ਚਿਤਾਵਨੀ
ਸਮਰੀਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਸਟੋਰੀ 'ਚ ਲਿਖਿਆ ਕਿ ਇੰਟਰਨੈੱਟ ਇਕ ਅਜੀਬ ਜਗ੍ਹਾ ਹੈ, ਜੋ ਕਦੇ ਮਨੋਰੰਜਕ ਤਾਂ ਕਦੇ ਨਿਰਾਸ਼ਾਜਨਕ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਵੇਰੇ ਉੱਠਦੇ ਹੀ ਉਨ੍ਹਾਂ ਨੂੰ ਇਕ ਅਜਿਹੇ ਯੂਟਿਊਬਰ ਨਾਲ ਆਪਣੀਆਂ ਪੁਰਾਣੀਆਂ ਤਸਵੀਰਾਂ ਦੀਆਂ ਰੀਲ ਐਡਿਟ ਦਿਖਾਈ ਦਿੱਤੀਆਂ, ਜਿਸ ਨਾਲ ਉਨ੍ਹਾਂ ਨੇ ਚਾਰ ਸਾਲ ਪਹਿਲਾਂ ਕੰਮ ਕੀਤਾ ਸੀ।
Publish Date: Sat, 14 Nov 2026 02:56 PM (IST)
Updated Date: Sat, 14 Nov 2026 03:03 PM (IST)
ਰੋਹਿਤ ਕੁਮਾਰ, ਚੰਡੀਗੜ੍ਹ : ਭਾਰਤੀ ਕ੍ਰਿਕਟਰ ਅਰਸ਼ਦੀਪ ਸਿੰਘ ਨਾਲ ਮੰਗਣੀ ਤੋਂ ਬਾਅਦ ਅਦਾਕਾਰਾ ਸਮਰੀਨ ਕੌਰ ਦਾ ਨਾਂ ਯੂਟਿਊਬਰ ਆਸ਼ੀਸ਼ ਚੰਚਲਾਨੀ ਨਾਲ ਜੋੜ ਕੇ ਪੁਰਾਣੀਆਂ ਤਸਵੀਰਾਂ ਅਤੇ ਵੀਡੀਓ ਇੰਟਰਨੈੱਟ ਮੀਡੀਆ 'ਤੇ ਵਾਇਰਲ ਕੀਤੇ ਜਾ ਰਹੇ ਹਨ। ਇਸ 'ਤੇ ਸਮਰੀਨ ਨੇ ਸਖ਼ਤ ਨਾਰਾਜ਼ਗੀ ਜਤਾਈ ਹੈ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਪਿਛਲੇ ਚਾਰ ਸਾਲਾਂ ਤੋਂ ਉਨ੍ਹਾਂ ਦੀ ਆਸ਼ੀਸ਼ ਚੰਚਲਾਨੀ ਨਾਲ ਕੋਈ ਗੱਲਬਾਤ ਨਹੀਂ ਹੋਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਗੁੰਮਰਾਹਕੁੰਨ ਕਹਾਣੀਆਂ ਬਣਾ ਕੇ ਵਿਊਜ਼ ਬਟੋਰਨ ਵਾਲੇ ਕੰਟੈਂਟ ਕ੍ਰਿਏਟਰਾਂ ਨੂੰ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ।
ਸਮਰੀਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਸਟੋਰੀ 'ਚ ਲਿਖਿਆ ਕਿ ਇੰਟਰਨੈੱਟ ਇਕ ਅਜੀਬ ਜਗ੍ਹਾ ਹੈ, ਜੋ ਕਦੇ ਮਨੋਰੰਜਕ ਤਾਂ ਕਦੇ ਨਿਰਾਸ਼ਾਜਨਕ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਵੇਰੇ ਉੱਠਦੇ ਹੀ ਉਨ੍ਹਾਂ ਨੂੰ ਇਕ ਅਜਿਹੇ ਯੂਟਿਊਬਰ ਨਾਲ ਆਪਣੀਆਂ ਪੁਰਾਣੀਆਂ ਤਸਵੀਰਾਂ ਦੀਆਂ ਰੀਲ ਐਡਿਟ ਦਿਖਾਈ ਦਿੱਤੀਆਂ, ਜਿਸ ਨਾਲ ਉਨ੍ਹਾਂ ਨੇ ਚਾਰ ਸਾਲ ਪਹਿਲਾਂ ਕੰਮ ਕੀਤਾ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਨਾ ਤਾਂ ਉਨ੍ਹਾਂ ਦੀ ਉਸ ਯੂਟਿਊਬਰ ਨਾਲ ਕੋਈ ਗੱਲਬਾਤ ਹੋਈ ਹੈ ਅਤੇ ਨਾ ਹੀ ਦੋਵਾਂ ਨੇ ਇਕੱਠਿਆਂ ਕੋਈ ਕੰਟੈਂਟ ਬਣਾਇਆ ਹੈ। ਇਸ ਦੇ ਬਾਵਜੂਦ ਪੁਰਾਣੀਆਂ ਤਸਵੀਰਾਂ ਅਤੇ ਵੀਡੀਓ ਦੀ ਵਰਤੋਂ ਕਰ ਕੇ ਨਵੀਆਂ ਕਹਾਣੀਆਂ ਬਣਾਈਆਂ ਜਾ ਰਹੀਆਂ ਹਨ।
ਪੌਡਕਾਸਟ 'ਚ ਜਿਸ ਕੁੜੀ ਦਾ ਜ਼ਿਕਰ, ਉਹ ਮੈਂ ਨਹੀਂ
ਸਮਰੀਨ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਉਹ ਕੁੜੀ ਨਹੀਂ ਹਨ, ਜਿਸ ਦਾ ਜ਼ਿਕਰ ਕੁਝ ਪੌਡਕਾਸਟਾਂ 'ਚ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਦੌਰਾਨ ਉਹ ਇਸ ਬਾਰੇ ਕਈ ਵਾਰ ਸਥਿਤੀ ਸਪੱਸ਼ਟ ਕਰ ਚੁੱਕੇ ਹਨ, ਪਰ ਇਸ ਦੇ ਬਾਵਜੂਦ ਉਨ੍ਹਾਂ ਦਾ ਨਾਂ ਅਜਿਹੀਆਂ ਚਰਚਾਵਾਂ 'ਚ ਘੜੀਸਿਆ ਜਾ ਰਿਹਾ ਹੈ, ਜਿਨ੍ਹਾਂ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਪੁਰਾਣੀਆਂ ਤਸਵੀਰਾਂ ਨੂੰ ਉਨ੍ਹਾਂ ਦੇ ਅਸਲ ਸੰਦਰਭ ਤੋਂ ਹਟਾ ਕੇ ਪੇਸ਼ ਕਰਨਾ ਅਤੇ ਗੁੰਮਰਾਹਕੁੰਨ ਐਡਿਟ ਰਾਹੀਂ ਗ਼ਲਤ ਕਹਾਣੀਆਂ ਬਣਾਉਣਾ ਗ਼ੈਰ-ਜ਼ਿੰਮੇਵਾਰਾਨਾ ਅਤੇ ਅਪਮਾਨਜਨਕ ਹੈ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਉਨ੍ਹਾਂ ਦੀ ਟੀਮ ਅਜਿਹੇ ਕੰਟੈਂਟ ਕ੍ਰਿਏਟਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰੇਗੀ, ਜੋ ਕਲਿੱਕਬੇਟ ਲਈ ਉਨ੍ਹਾਂ ਦੇ ਨਾਂ ਅਤੇ ਤਸਵੀਰਾਂ ਦੀ ਵਰਤੋਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਸਮੱਗਰੀ ਸਾਂਝੀ ਕਰਨ ਤੋਂ ਪਹਿਲਾਂ ਤੱਥਾਂ ਦੀ ਜਾਂਚ ਕਰਨਾ ਜ਼ਰੂਰੀ ਹੈ, ਕਿਉਂਕਿ ਅਜਿਹੀਆਂ ਗੱਲਾਂ ਦਾ ਅਸਰ ਅਸਲ ਲੋਕਾਂ, ਉਨ੍ਹਾਂ ਦੀ ਸਾਖ ਅਤੇ ਪਰਿਵਾਰਾਂ 'ਤੇ ਪੈਂਦਾ ਹੈ।
11 ਨਵੰਬਰ ਨੂੰ ਅਰਸ਼ਦੀਪ ਨਾਲ ਕੀਤੀ ਸੀ ਮੰਗਣੀ
ਸਮਰੀਨ ਦਾ ਇਹ ਬਿਆਨ ਅਰਸ਼ਦੀਪ ਸਿੰਘ ਨਾਲ ਮੰਗਣੀ ਦਾ ਐਲਾਨ ਕਰਨ ਤੋਂ ਦੋ ਦਿਨ ਬਾਅਦ ਆਇਆ ਹੈ। ਦੋਵਾਂ ਨੇ 11 ਨਵੰਬਰ 2026 ਨੂੰ ਇੰਟਰਨੈੱਟ ਮੀਡੀਆ 'ਤੇ ਤਸਵੀਰਾਂ ਸਾਂਝੀਆਂ ਕਰ ਕੇ ਆਪਣੇ ਰਿਸ਼ਤੇ ਨੂੰ ਜਨਤਕ ਕੀਤਾ ਸੀ। ਅਰਸ਼ਦੀਪ ਨੇ ਨਿਊਜ਼ੀਲੈਂਡ 'ਚ ਝੀਲ ਕਿਨਾਰੇ ਬਣੇ ਲੱਕੜ ਦੇ ਡੈੱਕ 'ਤੇ ਗੋਡਿਆਂ ਭਾਰ ਬੈਠ ਕੇ ਸਮਰੀਨ ਨੂੰ ਅੰਗੂਠੀ ਪਹਿਨਾਈ ਸੀ। ਸਮਰੀਨ ਨੇ ਮੰਗਣੀ ਦੀਆਂ ਤਸਵੀਰਾਂ ਸਾਂਝੀਆਂ ਕਰ ਕੇ ਇਸ ਰਿਸ਼ਤੇ ਦਾ ਅਧਿਕਾਰਤ ਐਲਾਨ ਕੀਤਾ ਸੀ।
ਅਪ੍ਰੈਲ 'ਚ ਸ਼ੁਰੂ ਹੋਈ ਸੀ ਰਿਸ਼ਤੇ ਦੀ ਚਰਚਾ
ਦੋਵਾਂ ਦੇ ਰਿਸ਼ਤੇ ਨੂੰ ਲੈ ਕੇ ਚਰਚਾਵਾਂ ਅਪ੍ਰੈਲ 2026 'ਚ ਸ਼ੁਰੂ ਹੋਈਆਂ ਸਨ। ਉਸ ਸਮੇਂ ਅਰਸ਼ਦੀਪ ਨੇ ਸਨੈਪਚੈਟ 'ਤੇ ਇਕ ਕੁੜੀ ਦਾ ਹੱਥ ਫੜੇ ਹੋਏ ਤਸਵੀਰ ਸਾਂਝੀ ਕੀਤੀ ਸੀ। ਇਸ ਤਸਵੀਰ 'ਚ ਚਿਹਰਾ ਦਿਖਾਈ ਨਹੀਂ ਦੇ ਰਿਹਾ ਸੀ, ਪਰ ਪ੍ਰਸ਼ੰਸਕਾਂ ਨੇ ਹੱਥ 'ਤੇ ਬਣੇ ਟੈਟੂ ਅਤੇ ਨੇਲ ਆਰਟ ਦੀ ਤੁਲਨਾ ਸਮਰੀਨ ਦੀਆਂ ਤਸਵੀਰਾਂ ਨਾਲ ਕੀਤੀ ਸੀ। ਇਸ ਤੋਂ ਬਾਅਦ ਆਈਪੀਐੱਲ ਦੌਰਾਨ ਸਮਰੀਨ ਕਈ ਵਾਰ ਪੰਜਾਬ ਕਿੰਗਜ਼ ਦੇ ਮੈਚ ਦੇਖਣ ਪਹੁੰਚੀ। ਉਨ੍ਹਾਂ ਨੂੰ ਨਿਊ ਚੰਡੀਗੜ੍ਹ ਅਤੇ ਮੁੰਬਈ ਦੇ ਸਟੇਡੀਅਮ 'ਚ ਅਰਸ਼ਦੀਪ ਦਾ ਹੌਸਲਾ ਵਧਾਉਂਦੇ ਦੇਖਿਆ ਗਿਆ।
ਮਈ 'ਚ ਧਰਮਸ਼ਾਲਾ 'ਚ ਦੋਵਾਂ ਦੇ ਹੱਥਾਂ 'ਚ ਹੱਥ ਪਾ ਕੇ ਘੁੰਮਣ ਦਾ ਵੀਡੀਓ ਵੀ ਵਾਇਰਲ ਹੋਇਆ ਸੀ। ਇਸੇ ਦੌਰਾਨ ਉਨ੍ਹਾਂ ਨੂੰ ਚੰਡੀਗੜ੍ਹ ਹਵਾਈ ਅੱਡੇ 'ਤੇ ਵੀ ਇਕੱਠਿਆਂ ਦੇਖਿਆ ਗਿਆ। ਜੂਨ 'ਚ ਦੋਵੇਂ ਪੰਜਾਬ ਦੇ ਇਕ ਗੁਰਦੁਆਰੇ 'ਚ ਮੱਥਾ ਟੇਕਣ ਪਹੁੰਚੇ ਸਨ। ਇਸ ਤੋਂ ਕੁਝ ਸਮੇਂ ਬਾਅਦ ਦੋਵਾਂ ਵੱਲੋਂ ਇਕ-ਦੂਜੇ ਨੂੰ ਇੰਟਰਨੈੱਟ ਮੀਡੀਆ 'ਤੇ ਅਨਫਾਲੋ ਕਰਨ ਦੀਆਂ ਚਰਚਾਵਾਂ ਵਿਚਾਲੇ ਬ੍ਰੇਕਅੱਪ ਦੀਆਂ ਅਫਵਾਹਾਂ ਫੈਲੀਆਂ ਸਨ, ਹਾਲਾਂਕਿ ਇਸ ਦੀ ਕੋਈ ਪੁਸ਼ਟੀ ਨਹੀਂ ਹੋਈ ਸੀ।
ਬਾਅਦ 'ਚ ਅਰਸ਼ਦੀਪ ਨੇ ਸਮਰੀਨ ਨਾਲ ਤਸਵੀਰਾਂ ਸਾਂਝੀਆਂ ਕਰ ਕੇ 'ਮਾਈ ਪਰਸਨ' ਲਿਖਿਆ ਸੀ। ਹੁਣ ਮੰਗਣੀ ਤੋਂ ਬਾਅਦ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਅਧਿਕਾਰਤ ਕਰ ਦਿੱਤਾ ਹੈ।