ਅਮਿਤਾਭ ਬੱਚਨ ਤੋਂ ਹਿੰਦੀ ਸਿੱਖ ਕੇ ਕਮੈਂਟਰੀ ਕਰਨ ਆਇਆ ਅਫਗਾਨੀ ਕ੍ਰਿਕਟਰ, ਸੁਨੀਲ ਗਾਵਸਕਰ ਨੇ ਵੀ ਮੰਨਿਆ ਲੋਹਾ
ਅਫਗਾਨਿਸਤਾਨ ਦੇ ਕਿਸੇ ਸ਼ਖ਼ਸ ਦਾ ਹਿੰਦੀ 'ਚ ਗੱਲ ਕਰਨਾ ਵੀ ਅਜੀਬ ਲੱਗਦਾ ਹੈ ਜਦਕਿ ਸ਼ਾਕਿਰ ਤਾਂ ਹਿੰਦੀ 'ਚ ਕਮੈਂਟਰੀ ਕਰ ਰਹੇ ਹਨ। ਇਸ ਦੇ ਪਿੱਛੇ ਵਜ੍ਹਾ ਬਾਲੀਵੁੱਡ ਦੇ ਸ਼ਹਿਨਸ਼ਾਹ ਮੰਨੇ ਜਾਣ ਵਾਲੇ ਦਿੱਗਜ ਅਦਾਕਾਰ ਅਮਿਤਾਭ ਬੱਚਨ ਹਨ। ਹਿੰਦੀ ਫਿਲਮਾਂ ਦੇਖ ਕੇ ਸ਼ਾਕਿਰ ਨੇ ਆਪਣੀ ਹਿੰਦੀ 'ਚ ਸੁਧਾਰ ਕੀਤਾ ਅਤੇ ਇਸ ਦਾ ਨਤੀਜਾ ਇਸ ਸੀਰੀਜ਼ 'ਚ ਸਾਰਿਆਂ ਨੇ ਦੇਖਿਆ।
Publish Date: Fri, 18 Sep 2026 04:18 PM (IST)
Updated Date: Fri, 18 Sep 2026 04:20 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਖੇਡੀ ਗਈ ਤਿੰਨ ਮੈਚਾਂ ਦੀ ਟੀ20 ਸੀਰੀਜ਼ 'ਚ ਹਿੰਦੀ ਕਮੈਂਟਰੀ ਦੌਰਾਨ ਇਕ ਵੱਖਰੀ ਆਵਾਜ਼ ਸੁਣਨ ਨੂੰ ਮਿਲੀ ਹੋਵੇਗੀ। ਇਹ ਆਵਾਜ਼ ਕੁਝ ਨਵੀਂ ਸੀ, ਜਿਸ ਨੂੰ ਇਸ ਤੋਂ ਪਹਿਲਾਂ ਬਹੁਤ ਘੱਟ ਲੋਕਾਂ ਨੇ ਹਿੰਦੀ ਕਮੈਂਟਰੀ 'ਚ ਸੁਣਿਆ ਹੋਵੇਗਾ। ਇਸ ਆਵਾਜ਼ ਦੇ ਪਿੱਛੇ ਜੋ ਸ਼ਖ਼ਸ ਸਨ, ਉਹ ਹਨ ਸ਼ਰਾਫਉੱਦੀਨ ਸ਼ਾਕਿਰ। ਸ਼ਾਕਿਰ ਅਫਗਾਨਿਸਤਾਨ 'ਚ ਘਰੇਲੂ ਪੱਧਰ 'ਤੇ ਕ੍ਰਿਕਟ ਖੇਡ ਚੁੱਕੇ ਹਨ ਅਤੇ ਹੁਣ ਕਮੈਂਟਰੀ ਕਰ ਰਹੇ ਹਨ।
ਅਫਗਾਨਿਸਤਾਨ ਦੇ ਕਿਸੇ ਸ਼ਖ਼ਸ ਦਾ ਹਿੰਦੀ 'ਚ ਗੱਲ ਕਰਨਾ ਵੀ ਅਜੀਬ ਲੱਗਦਾ ਹੈ ਜਦਕਿ ਸ਼ਾਕਿਰ ਤਾਂ ਹਿੰਦੀ 'ਚ ਕਮੈਂਟਰੀ ਕਰ ਰਹੇ ਹਨ। ਇਸ ਦੇ ਪਿੱਛੇ ਵਜ੍ਹਾ ਬਾਲੀਵੁੱਡ ਦੇ ਸ਼ਹਿਨਸ਼ਾਹ ਮੰਨੇ ਜਾਣ ਵਾਲੇ ਦਿੱਗਜ ਅਦਾਕਾਰ ਅਮਿਤਾਭ ਬੱਚਨ ਹਨ। ਹਿੰਦੀ ਫਿਲਮਾਂ ਦੇਖ ਕੇ ਸ਼ਾਕਿਰ ਨੇ ਆਪਣੀ ਹਿੰਦੀ 'ਚ ਸੁਧਾਰ ਕੀਤਾ ਅਤੇ ਇਸ ਦਾ ਨਤੀਜਾ ਇਸ ਸੀਰੀਜ਼ 'ਚ ਸਾਰਿਆਂ ਨੇ ਦੇਖਿਆ।
'ਖੁਦਾ ਗਵਾਹ' ਹੈ ਫੇਵਰਿਟ
ਸ਼ਾਕਿਰ ਨੇ ਇੰਡੀਆ ਟੁਡੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਹਿੰਦੀ ਫਿਲਮਾਂ ਕਾਫ਼ੀ ਪਸੰਦ ਹਨ ਅਤੇ ਉਨ੍ਹਾਂ ਨੇ ਇੱਥੋਂ ਹੀ ਹਿੰਦੀ ਸਿੱਖੀ ਹੈ। ਉਹ ਅਮਿਤਾਭ ਬੱਚਨ ਦੀ ਫਿਲਮ 'ਖੁਦਾ ਗਵਾਹ' ਦੇ ਫੈਨ ਹਨ। ਉਨ੍ਹਾਂ ਕਿਹਾ, 'ਲੋਕ ਕ੍ਰਿਕਟ ਸਿਰਫ਼ ਦੇਖਦੇ ਨਹੀਂ ਹਨ। ਹਿੰਦੀ ਫਿਲਮਾਂ ਨੂੰ ਵੀ ਲੋਕ ਕਾਫ਼ੀ ਸ਼ੌਕ ਨਾਲ ਦੇਖਦੇ ਹਨ।'
'ਖੁਦਾ ਗਵਾਹ' 'ਚ ਅਮਿਤਾਭ ਬੱਚਨ ਦਾ ਕਿਰਦਾਰ ਉਨ੍ਹਾਂ ਨੂੰ ਕਾਫ਼ੀ ਪਸੰਦ ਆਇਆ ਅਤੇ ਉਹ ਸ਼ਾਕਿਰ 'ਤੇ ਇੱਕ ਛਾਪ ਛੱਡ ਗਿਆ। ਸ਼ਾਕਿਰ ਮੁਤਾਬਕ ਇਸ ਫਿਲਮ ਨੇ ਦੋਵਾਂ ਦੇਸ਼ਾਂ ਵਿਚਕਾਰ ਦੇ ਫ਼ਰਕ ਨੂੰ ਘੱਟ ਕਰਨ ਦਾ ਕੰਮ ਕੀਤਾ। ਉਨ੍ਹਾਂ ਕਿਹਾ, 'ਉਹ (ਅਮਿਤਾਭ ਬੱਚਨ) ਕਾਬੁਲ ਵੀ ਆਏ ਸਨ। ਉੱਥੇ ਸ਼ੂਟਿੰਗ ਹੋਈ ਸੀ। ਕੁੰਦੁਜ਼ 'ਚ ਵੀ ਸ਼ੂਟਿੰਗ ਹੋਈ ਸੀ। ਕਾਬੁਲ ਦਾ ਪਠਾਨ ਭਾਰਤੀ ਧਰਤੀ 'ਤੇ ਹਿੰਦੀ ਕਮੈਂਟਰੀ ਕਰ ਰਿਹਾ ਹੈ।'
ਉਨ੍ਹਾਂ ਦੀ ਹਿੰਦੀ ਸੁਣ ਕੇ ਭਾਰਤ ਦੇ ਮਹਾਨ ਖਿਡਾਰੀ ਸੁਨੀਲ ਗਾਵਸਕਰ ਵੀ ਹੈਰਾਨ ਰਹਿ ਗਏ। ਗਾਵਸਕਰ ਨੇ ਉਨ੍ਹਾਂ ਨੂੰ ਥੰਬਸ ਅੱਪ ਕੀਤਾ। ਸ਼ਾਕਿਰ ਨੇ ਕਿਹਾ, 'ਉਨ੍ਹਾਂ ਨੇ ਮੈਨੂੰ ਥੰਬਸ ਅੱਪ ਕੀਤਾ ਅਤੇ ਕਿਹਾ ਕਿ ਤੁਸੀਂ ਚੰਗੀ ਹਿੰਦੀ ਬੋਲਦੇ ਹੋ।'
ਪਸ਼ਤੋ ਤੋਂ ਕੀਤੀ ਸ਼ੁਰੂਆਤ
ਸ਼ਾਕਿਰ ਨੇ ਆਪਣੇ ਕਮੈਂਟਰੀ ਕਰੀਅਰ ਦੀ ਸ਼ੁਰੂਆਤ ਪਸ਼ਤੋ ਤੋਂ ਕੀਤੀ ਸੀ। ਉਨ੍ਹਾਂ ਦੇ ਇੱਕ ਦੋਸਤ ਨੇ ਉਨ੍ਹਾਂ ਨੂੰ ਇਸ ਲਈ ਪ੍ਰੇਰਿਤ ਕੀਤਾ ਅਤੇ ਫਿਰ ਸ਼ਾਕਿਰ ਨੇ ਮਾਈਕ ਚੁੱਕ ਲਿਆ। ਉਹ ਅਫਗਾਨਿਸਤਾਨ 'ਚ ਪੌਡਕਾਸਟ ਹੋਸਟ ਵੀ ਹਨ, ਪਰ ਕ੍ਰਿਕਟ ਉਨ੍ਹਾਂ ਦਾ ਪਹਿਲਾ ਪਿਆਰ ਹੈ। ਉਨ੍ਹਾਂ ਕਿਹਾ, 'ਹਿੰਦੀ ਫਿਲਮਾਂ ਤੋਂ ਹਿੰਦੀ ਸਿੱਖੀ ਅਤੇ ਅੱਜ ਭਾਰਤ 'ਚ ਕਮੈਂਟਰੀ ਕਰ ਰਿਹਾ ਹਾਂ।'
ਸ਼ਾਕਿਰ ਨੇ ਦੱਸਿਆ ਕਿ ਜਦੋਂ ਅਫਗਾਨਿਸਤਾਨ ਦੀ ਟੀਮ ਨਹੀਂ ਖੇਡਦੀ ਸੀ ਤਾਂ ਉਹ ਭਾਰਤ ਨੂੰ ਸਪੋਰਟ ਕਰਦੇ ਸਨ। ਸਚਿਨ ਤੇਂਦੁਲਕਰ ਸ਼ਾਕਿਰ ਦੇ ਹੀਰੋ ਰਹੇ ਹਨ ਅਤੇ ਰਾਹੁਲ ਦ੍ਰਾਵਿੜ ਨੂੰ ਦੇਖ ਕੇ ਉਹ ਵੱਡੇ ਹੋਏ ਹਨ। ਅਜਿਹੇ ਕਈ ਕ੍ਰਿਕਟਰਾਂ ਨੂੰ ਦੇਖ ਕੇ ਸ਼ਾਕਿਰ ਵੱਡੇ ਹੋਏ ਹਨ ਅਤੇ ਅੱਜ ਉਹ ਉਨ੍ਹਾਂ ਦੇ ਨਾਲ ਇੱਕੋ ਕਮੈਂਟਰੀ ਬਾਕਸ 'ਚ ਕਮੈਂਟਰੀ ਕਰਦੇ ਹਨ।