- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Zepto ਆਪਣੇ IPO ਤੋਂ ਮਿਲਣ ਵਾਲੇ ਪੈਸਿਆਂ ਦਾ ਵੱਡਾ ਹਿੱਸਾ ਨਵੇਂ ਸਟੋਰ ਖੋਲ੍ਹਣ ਦੀ ਬਜਾਏ ਪਹਿਲਾਂ ਤੋਂ ਚੱਲ ਰਹੇ ਡਾਰਕ ਸਟੋਰਾਂ ਦਾ ਕਿਰਾਇਆ ਚੁਕਾਉਣ ’ਤੇ ਖਰਚ ਕਰੇਗੀ। ਕੰਪਨੀ ਕਰੀਬ 1,735 ਕਰੋੜ ਰੁਪਏ ਪੁਰਾਣੇ ਸਟੋਰਾਂ ਦੇ ਕਿਰਾਏ ’ਤੇ ਖਰਚ ਕਰੇਗੀ, ਜਦਕਿ ਨਵੇਂ ਡਾਰਕ ਸਟੋਰ ਤਿਆਰ ਕਰਨ ’ਤੇ ਕਰੀਬ 1,629 ਕਰੋੜ ਰੁਪਏ ਖਰਚ ਕੀਤੇ ਜਾਣਗੇ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਅੱਜ ਦੇ ਸਮੇਂ 10 ਮਿੰਟਾਂ 'ਚ ਘਰ ਤਕ ਸਾਮਾਨ ਪਹੁੰਚਾਉਣ ਵਾਲੀਆਂ ਕੰਪਨੀਆਂ ਲੋਕਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕੀਆਂ ਹਨ। ਇਸ ਕੰਮ ਨੂੰ ਅੰਜਾਮ ਦੇਣ ਵਾਲੀਆਂ ਕੰਪਨੀਆਂ 'ਚ Zepto ਦਾ ਨਾਂ ਵੀ ਸ਼ਾਮਲ ਹੈ। ਹੁਣ ਇਹ ਕੰਪਨੀ ਸ਼ੇਅਰ ਬਾਜ਼ਾਰ 'ਚ ਕਦਮ ਰੱਖਣ ਜਾ ਰਹੀ ਹੈ। Zepto ਕਰੀਬ 8,010 ਕਰੋੜ ਰੁਪਏ ਦਾ IPO ਲਿਆ ਰਹੀ ਹੈ। ਪਰ ਕੰਪਨੀ ਦੀ 690 ਪੰਨਿਆਂ ਦੀ DRHP ਰਿਪੋਰਟ 'ਚ ਕਈ ਅਜਿਹੀਆਂ ਗੱਲਾਂ ਵੀ ਹਨ, ਜਿਨ੍ਹਾਂ ’ਤੇ ਆਮ ਨਿਵੇਸ਼ਕਾਂ ਦੀ ਨਜ਼ਰ ਸ਼ਾਇਦ ਨਾ ਗਈ ਹੋਵੇ।
ਕੰਪਨੀ ਦੀ ਕਮਾਈ ਤੇਜ਼ੀ ਨਾਲ ਵਧੀ ਹੈ ਪਰ ਘਾਟਾ ਵੀ ਵਧਿਆ ਹੈ। ਆਰਡਰ ਵਧ ਰਹੇ ਹਨ, ਪਰ ਡਿਲੀਵਰੀ ਦਾ ਸਮਾਂ ਵੀ ਵਧ ਗਿਆ ਹੈ। ਕੰਪਨੀ ਤੇਜ਼ੀ ਨਾਲ ਵਿਸਥਾਰ ਕਰ ਰਹੀ ਹੈ, ਪਰ ਅਜੇ ਵੀ ਭਾਰੀ ਖਰਚ ਤੇ ਨਕਦੀ ਦੀ ਲੋੜ ਬਣੀ ਹੋਈ ਹੈ। ਅਜਿਹੇ ਵਿਚ IPO 'ਚ ਪੈਸਾ ਲਗਾਉਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਨੂੰ ਸਮਝਣਾ ਜ਼ਰੂਰੀ ਹੈ। ਆਓ ਵਿਸਥਾਰ ਨਾਲ ਜਾਣਦੇ ਹਾਂ Zepto IPO ਨਾਲ ਜੁੜੀਆਂ ਉਹ ਵੱਡੀਆਂ ਗੱਲਾਂ, ਜੋ ਸ਼ਾਇਦ ਨਿਵੇਸ਼ਕਾਂ ਦੀ ਨਜ਼ਰ ਤੋਂ ਦੂਰ ਰਹਿ ਗਈਆਂ ਹੋਣ।
Zepto ਆਪਣੇ IPO ਤੋਂ ਮਿਲਣ ਵਾਲੇ ਪੈਸਿਆਂ ਦਾ ਵੱਡਾ ਹਿੱਸਾ ਨਵੇਂ ਸਟੋਰ ਖੋਲ੍ਹਣ ਦੀ ਬਜਾਏ ਪਹਿਲਾਂ ਤੋਂ ਚੱਲ ਰਹੇ ਡਾਰਕ ਸਟੋਰਾਂ ਦਾ ਕਿਰਾਇਆ ਚੁਕਾਉਣ ’ਤੇ ਖਰਚ ਕਰੇਗੀ। ਕੰਪਨੀ ਕਰੀਬ 1,735 ਕਰੋੜ ਰੁਪਏ ਪੁਰਾਣੇ ਸਟੋਰਾਂ ਦੇ ਕਿਰਾਏ ’ਤੇ ਖਰਚ ਕਰੇਗੀ, ਜਦਕਿ ਨਵੇਂ ਡਾਰਕ ਸਟੋਰ ਤਿਆਰ ਕਰਨ ’ਤੇ ਕਰੀਬ 1,629 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਤੋਂ ਸਾਫ਼ ਹੈ ਕਿ ਕੰਪਨੀ ਲਈ ਪੁਰਾਣੇ ਸਟੋਰਾਂ ਦਾ ਖਰਚ ਵੀ ਕਾਫ਼ੀ ਵੱਡਾ ਹੈ।
ਕੰਪਨੀ ਨੇ ਦੋ ਸਾਲਾਂ 'ਚ ਆਪਣੇ ਡਾਰਕ ਸਟੋਰਾਂ ਦੀ ਗਿਣਤੀ 337 ਤੋਂ ਵਧਾ ਕੇ 1,139 ਕਰ ਦਿੱਤੀ। ਇਸ ਦੇ ਬਾਵਜੂਦ ਡਿਲੀਵਰੀ ਦਾ ਸਮਾਂ ਘੱਟ ਹੋਣ ਦੀ ਬਜਾਏ ਵਧ ਗਿਆ। ਪਹਿਲਾਂ ਜਿੱਥੇ ਸਾਮਾਨ ਕਰੀਬ 10.5 ਮਿੰਟਾਂ 'ਚ ਪਹੁੰਚ ਰਿਹਾ ਸੀ, ਹੁਣ ਇਸ ਵਿਚ 11 ਤੋਂ 12 ਮਿੰਟ ਤਕ ਦਾ ਸਮਾਂ ਲੱਗ ਰਿਹਾ ਹੈ। ਯਾਨੀ ਸਟੋਰ ਵਧਣ ਦੇ ਬਾਵਜੂਦ ਗਾਹਕਾਂ ਨੂੰ ਪਹਿਲਾਂ ਵਰਗੀ ਤੇਜ਼ ਡਿਲੀਵਰੀ ਨਹੀਂ ਮਿਲ ਰਹੀ।
Zepto ’ਤੇ ਗਾਹਕਾਂ ਨੂੰ ਬਿਨਾਂ ਜਾਣਕਾਰੀ ਦਿੱਤੇ ਕੁਝ ਵਾਧੂ ਫੀਸ ਜੋੜਨ ਸਮੇਤ ਕਈ ਹੋਰ ਦੋਸ਼ ਵੀ ਲੱਗੇ ਸਨ। ਇਸ ਮਾਮਲੇ 'ਚ ਕੰਪਨੀ ’ਤੇ 7 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ। ਹਾਲਾਂਕਿ ਕੰਪਨੀ ਨੇ ਇਸ ਫ਼ੈਸਲੇ ਨੂੰ ਚੁਣੌਤੀ ਦਿੱਤੀ ਹੈ ਅਤੇ ਮਾਮਲਾ ਅਜੇ ਚੱਲ ਰਿਹਾ ਹੈ।
FY26 'ਚ ਕੰਪਨੀ ਦੇ ਕੁੱਲ ਗਾਹਕ ਵਧੇ, ਪਰ ਆਖ਼ਰੀ ਤਿਮਾਹੀ 'ਚ ਐਕਟਿਵ ਗਾਹਕਾਂ ਦੀ ਗਿਣਤੀ 'ਚ ਥੋੜ੍ਹੀ ਕਮੀ ਆਈ। ਇਸ ਦੇ ਬਾਵਜੂਦ ਆਰਡਰ ਤੇਜ਼ੀ ਨਾਲ ਵਧੇ। ਇਸ ਦਾ ਮਤਲਬ ਹੈ ਕਿ ਪੁਰਾਣੇ ਗਾਹਕ ਪਹਿਲਾਂ ਨਾਲੋਂ ਵੱਧ ਵਾਰ ਖਰੀਦਦਾਰੀ ਕਰ ਰਹੇ ਹਨ।
ਕੰਪਨੀ ਦਾ ਕੈਸ਼ ਫਲੋਅ ਪਹਿਲਾਂ ਨਾਲੋਂ ਬਿਹਤਰ ਹੋਇਆ ਹੈ। ਪਰ ਇਸ ਵਿਚ ਕਾਰੋਬਾਰ ਦੇ ਨਾਲ-ਨਾਲ ਪਹਿਲਾਂ ਤੋਂ ਮੌਜੂਦ ਪੈਸੇ ’ਤੇ ਮਿਲਣ ਵਾਲੇ ਵਿਆਜ ਅਤੇ ਨਿਵੇਸ਼ ਤੋਂ ਹੋਈ ਕਮਾਈ ਦਾ ਵੀ ਵੱਡਾ ਯੋਗਦਾਨ ਰਿਹਾ ਹੈ। ਯਾਨੀ ਪੂਰਾ ਸੁਧਾਰ ਸਿਰਫ਼ ਕਾਰੋਬਾਰ ਕਾਰਨ ਨਹੀਂ ਹੋਇਆ।
ਸਰਕਾਰ ਗਿਗ ਵਰਕਰਾਂ ਲਈ ਨਵੇਂ ਨਿਯਮ ਲਾਗੂ ਕਰ ਰਹੀ ਹੈ। ਜੇਕਰ ਕੰਪਨੀਆਂ ਨੂੰ ਡਿਲੀਵਰੀ ਪਾਰਟਨਰਾਂ ਲਈ ਵੱਧ ਯੋਗਦਾਨ ਦੇਣਾ ਪਿਆ ਤਾਂ Zepto ਦਾ ਖਰਚ ਹੋਰ ਵਧ ਸਕਦਾ ਹੈ। ਇਸ ਦਾ ਅਸਰ ਭਵਿੱਖ ਦੀ ਕਮਾਈ ’ਤੇ ਪੈ ਸਕਦਾ ਹੈ।
ਕੰਪਨੀ ਦੀ ਕਮਾਈ FY26 'ਚ 100 ਫ਼ੀਸਦੀ ਤੋਂ ਵੱਧ ਵਧ ਕੇ 22,623 ਕਰੋੜ ਰੁਪਏ ਹੋ ਗਈ। ਪਰ ਇਸੇ ਦੌਰਾਨ ਉਸ ਦਾ ਘਾਟਾ ਵੀ ਵਧ ਕੇ ਕਰੀਬ 5,905 ਕਰੋੜ ਰੁਪਏ ਤਕ ਪਹੁੰਚ ਗਿਆ। ਯਾਨੀ ਕਾਰੋਬਾਰ ਤੇਜ਼ੀ ਨਾਲ ਵਧ ਰਿਹਾ ਹੈ, ਪਰ ਕੰਪਨੀ ਅਜੇ ਵੀ ਮੁਨਾਫ਼ੇ ਤੋਂ ਕਾਫ਼ੀ ਦੂਰ ਹੈ।
Zepto ਨੇ ਲਗਪਗ ਓਨੇ ਹੀ ਸਟੋਰਾਂ ਨਾਲ Swiggy Instamart ਦੇ ਮੁਕਾਬਲੇ ਕਰੀਬ ਦੁੱਗਣੇ ਆਰਡਰ ਪੂਰੇ ਕੀਤੇ। ਪਰ Blinkit ਅਜੇ ਵੀ ਬਾਜ਼ਾਰ 'ਚ ਸਭ ਤੋਂ ਅੱਗੇ ਹੈ ਅਤੇ ਪ੍ਰਤੀ ਆਰਡਰ ਮੁਨਾਫ਼ਾ ਵੀ ਕਮਾ ਰਹੀ ਹੈ। ਦੂਜੇ ਪਾਸੇ Zepto ਅਜੇ ਵੀ ਹਰ ਆਰਡਰ ’ਤੇ ਘਾਟਾ ਝੱਲ ਰਹੀ ਹੈ। Zepto ਨੇ ਬਹੁਤ ਤੇਜ਼ੀ ਨਾਲ ਆਪਣੇ ਕਾਰੋਬਾਰ ਦਾ ਵਿਸਥਾਰ ਕੀਤਾ ਹੈ।
ਪਰ ਕੰਪਨੀ ਅਜੇ ਵੀ ਭਾਰੀ ਖਰਚ, ਨਕਦੀ ਦੀ ਲੋੜ ਅਤੇ ਲਗਾਤਾਰ ਹੋ ਰਹੇ ਘਾਟੇ ਨਾਲ ਜੂਝ ਰਹੀ ਹੈ। ਹੁਣ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਕੀ ਆਉਣ ਵਾਲੇ ਸਮੇਂ ਵਿੱਚ ਕੰਪਨੀ ਆਪਣੇ ਵਧਦੇ ਆਰਡਰਾਂ ਨੂੰ ਮੁਨਾਫ਼ੇ 'ਚ ਬਦਲ ਸਕੇਗੀ। IPO ਵਿੱਚ ਨਿਵੇਸ਼ ਕਰਨ ਤੋਂ ਪਹਿਲਾਂ ਨਿਵੇਸ਼ਕਾਂ ਨੂੰ ਇਸ ਗੱਲ ’ਤੇ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ।