IPO ਤੋਂ ਪਹਿਲਾਂ ਵੀ ਖਰੀਦ-ਵੇਚ ਸਕੋਗੇ ਸ਼ੇਅਰ! SEBI ਲਿਆ ਸਕਦਾ ਹੈ ਨਵਾਂ ਟ੍ਰੇਡਿੰਗ ਪਲੇਟਫਾਰਮ, ਚੇਅਰਮੈਨ ਨੇ ਦੱਸਿਆ ਪ੍ਰਸਤਾਵ
SEBI ਦਾ ਕਹਿਣਾ ਹੈ ਕਿ ਇਕ ਸਮਰਪਿਤ ਪ੍ਰੀ-IPO ਐਕਸਚੇਂਜ ਇਸ ਸਥਿਤੀ ਨੂੰ ਬਦਲ ਸਕਦਾ ਹੈ। ਇਸ ਨਾਲ ਨਿਵੇਸ਼ਕਾਂ ਨੂੰ ਕੰਪਨੀਆਂ ਬਾਰੇ ਵਧੇਰੇ ਵਿਵਸਥਿਤ ਜਾਣਕਾਰੀ ਮਿਲੇਗੀ ਅਤੇ ਸਾਰੇ ਲੈਣ-ਦੇਣ ਰੈਗੂਲੇਟਰੀ ਨਿਗਰਾਨੀ ਹੇਠ ਹੋਣਗੇ।
Publish Date: Sun, 29 Nov 2026 09:36 AM (IST)
Updated Date: Sun, 29 Nov 2026 09:38 AM (IST)
ਮੁੰਬਈ, ਏਜੰਸੀ : ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (SEBI) ਸ਼ੁਰੂਆਤੀ ਜਨਤਕ ਪੇਸ਼ਕਸ਼ (IPO) ਲਿਆਉਣ ਦੀ ਤਿਆਰੀ ਕਰ ਰਹੀਆਂ ਕੰਪਨੀਆਂ ਲਈ ਇਕ ਵੱਖਰਾ ਅਤੇ ਸਮਰਪਿਤ ਐਕਸਚੇਂਜ ਬਣਾਉਣ ਦੀ ਸੰਭਾਵਨਾ 'ਤੇ ਵਿਚਾਰ ਕਰ ਰਿਹਾ ਹੈ। ਇਸ ਦਾ ਉਦੇਸ਼ ਲਿਸਟਿੰਗ ਤੋਂ ਪਹਿਲਾਂ ਸ਼ੇਅਰਾਂ ਦੇ ਲੈਣ-ਦੇਣ ਨੂੰ ਵਧੇਰੇ ਪਾਰਦਰਸ਼ੀ ਬਣਾਉਣਾ ਅਤੇ ਇਸ 'ਤੇ ਰੈਗੂਲੇਟਰੀ ਨਿਗਰਾਨੀ ਵਧਾਉਣਾ ਹੈ।
SEBI ਦੇ ਚੇਅਰਮੈਨ ਤੁਹਿਨ ਕਾਂਤ ਪਾਂਡੇ ਨੇ ਸ਼ਨੀਵਾਰ ਨੂੰ CNBC ਆਵਾਜ਼ ਮਾਰਕੀਟ ਮਹਾਕੁੰਭ ਸਮਾਗਮ ਦੌਰਾਨ ਇਹ ਜਾਣਕਾਰੀ ਦਿੱਤੀ। ਇਸ ਤੋਂ ਪਤਾ ਲੱਗਦਾ ਹੈ ਕਿ ਰੈਗੂਲੇਟਰ ਅਜਿਹੀ ਵਿਵਸਥਾ ਵਿਕਸਤ ਕਰਨ ਦੀਆਂ ਸੰਭਾਵਨਾਵਾਂ ਦਾ ਅਧਿਐਨ ਕਰ ਰਿਹਾ ਹੈ, ਜਿਸ ਤਹਿਤ ਜਨਤਕ ਬਾਜ਼ਾਰ 'ਚ ਆਉਣ ਦੀ ਤਿਆਰੀ ਕਰ ਰਹੀਆਂ ਕੰਪਨੀਆਂ ਦੇ ਸ਼ੇਅਰ ਨਿਯਮਤ ਢਾਂਚੇ ਦੇ ਅੰਦਰ ਖਰੀਦੇ ਅਤੇ ਵੇਚੇ ਜਾ ਸਕਣ।
ਪ੍ਰਸਤਾਵ ਲਾਗੂ ਹੋਇਆ ਤਾਂ IPO ਤੋਂ ਪਹਿਲਾਂ ਵੀ ਹੋਵੇਗੀ ਸ਼ੇਅਰਾਂ ਦੀ ਟ੍ਰੇਡਿੰਗ?
ਜੇਕਰ ਇਹ ਪ੍ਰਸਤਾਵ ਲਾਗੂ ਹੁੰਦਾ ਹੈ ਤਾਂ ਇਸ ਪਲੇਟਫਾਰਮ ਰਾਹੀਂ IPO ਲਿਆਉਣ ਵਾਲੀਆਂ ਕੰਪਨੀਆਂ ਦੇ ਸ਼ੇਅਰਾਂ ਨੂੰ ਸਟਾਕ ਮਾਰਕੀਟ 'ਚ ਲਿਸਟ ਹੋਣ ਤੋਂ ਪਹਿਲਾਂ ਹੀ ਇਕ ਨਿਯਮਤ ਢਾਂਚੇ ਤਹਿਤ ਖਰੀਦਣ ਅਤੇ ਵੇਚਣ ਦੀ ਇਜਾਜ਼ਤ ਮਿਲ ਸਕੇਗੀ। ਇਸ ਨਾਲ ਨਿਵੇਸ਼ਕਾਂ ਨੂੰ ਵਧੇਰੇ ਪਾਰਦਰਸ਼ੀ ਅਤੇ ਸੁਰੱਖਿਅਤ ਵਿਵਸਥਾ ਮਿਲੇਗੀ ਅਤੇ ਗੈਰ-ਰਸਮੀ ਗ੍ਰੇ ਮਾਰਕੀਟ 'ਤੇ ਨਿਰਭਰਤਾ ਘੱਟ ਹੋ ਸਕਦੀ ਹੈ।
ਫਿਲਹਾਲ ਕਈ ਕੰਪਨੀਆਂ ਦੇ ਸ਼ੇਅਰ IPO ਤੋਂ ਪਹਿਲਾਂ ਗੈਰ-ਰਸਮੀ ਗ੍ਰੇ ਮਾਰਕੀਟ 'ਚ ਖਰੀਦੇ ਅਤੇ ਵੇਚੇ ਜਾਂਦੇ ਹਨ। ਨਿਵੇਸ਼ਕ ਅਕਸਰ ਗ੍ਰੇ ਮਾਰਕੀਟ ਪ੍ਰੀਮੀਅਮ (GMP) ਨੂੰ ਸੰਭਾਵੀ ਲਿਸਟਿੰਗ ਦੀ ਮੰਗ ਅਤੇ ਸ਼ੇਅਰਾਂ ਦੇ ਪ੍ਰਦਰਸ਼ਨ ਦੇ ਸੰਕੇਤ ਵਜੋਂ ਦੇਖਦੇ ਹਨ। ਹਾਲਾਂਕਿ, ਇਹ ਕਾਰੋਬਾਰ ਮਾਨਤਾ ਪ੍ਰਾਪਤ ਐਕਸਚੇਂਜਾਂ ਤੋਂ ਬਾਹਰ ਹੁੰਦਾ ਹੈ ਅਤੇ ਇਸ 'ਤੇ ਨਿਯਮਤ ਬਾਜ਼ਾਰਾਂ ਵਾਂਗ ਖੁਲਾਸੇ, ਪਾਰਦਰਸ਼ਤਾ ਅਤੇ ਨਿਵੇਸ਼ਕ ਸੁਰੱਖਿਆ ਦੇ ਨਿਯਮ ਲਾਗੂ ਨਹੀਂ ਹੁੰਦੇ।
ਨਿਵੇਸ਼ਕਾਂ ਨੂੰ ਮਿਲੇਗੀ ਵਧੇਰੇ ਜਾਣਕਾਰੀ
SEBI ਦਾ ਕਹਿਣਾ ਹੈ ਕਿ ਇਕ ਸਮਰਪਿਤ ਪ੍ਰੀ-IPO ਐਕਸਚੇਂਜ ਇਸ ਸਥਿਤੀ ਨੂੰ ਬਦਲ ਸਕਦਾ ਹੈ। ਇਸ ਨਾਲ ਨਿਵੇਸ਼ਕਾਂ ਨੂੰ ਕੰਪਨੀਆਂ ਬਾਰੇ ਵਧੇਰੇ ਵਿਵਸਥਿਤ ਜਾਣਕਾਰੀ ਮਿਲੇਗੀ ਅਤੇ ਸਾਰੇ ਲੈਣ-ਦੇਣ ਰੈਗੂਲੇਟਰੀ ਨਿਗਰਾਨੀ ਹੇਠ ਹੋਣਗੇ।
ਹਾਲਾਂਕਿ, ਇਹ ਪ੍ਰਸਤਾਵ ਅਜੇ ਸ਼ੁਰੂਆਤੀ ਪੱਧਰ 'ਤੇ ਹੈ, ਪਰ ਬਾਜ਼ਾਰ ਰੈਗੂਲੇਟਰ ਇਸ ਦੇ ਵੱਖ-ਵੱਖ ਪਹਿਲੂਆਂ ਦੀ ਸਮੀਖਿਆ ਕਰ ਰਿਹਾ ਹੈ। ਇਨ੍ਹਾਂ 'ਚ ਯੋਗਤਾ ਦੇ ਮਾਪਦੰਡ, ਜਾਣਕਾਰੀ ਸਾਂਝੀ ਕਰਨ ਦੀਆਂ ਲੋੜਾਂ, ਨਿਵੇਸ਼ਕਾਂ ਦੀ ਸੁਰੱਖਿਆ ਦੇ ਉਪਾਅ ਅਤੇ ਕੰਪਨੀਆਂ ਦੇ ਇਸ ਪਲੇਟਫਾਰਮ 'ਚ ਸ਼ਾਮਲ ਹੋਣ ਦੇ ਪੜਾਅ ਵਰਗੇ ਮੁੱਦੇ ਸ਼ਾਮਲ ਹਨ।
ਇਸ ਪਹਿਲ ਨੂੰ ਭਾਰਤ ਦੇ ਪੂੰਜੀ ਬਾਜ਼ਾਰ ਨੂੰ ਹੋਰ ਵਿਸ਼ਾਲ ਬਣਾਉਣ ਅਤੇ ਵਧੇਰੇ ਕੰਪਨੀਆਂ ਨੂੰ ਜਨਤਕ ਬਾਜ਼ਾਰਾਂ ਰਾਹੀਂ ਪੂੰਜੀ ਇਕੱਠੀ ਕਰਨ ਲਈ ਉਤਸ਼ਾਹਿਤ ਕਰਨ ਦੀ ਵਿਆਪਕ ਰਣਨੀਤੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ।
ਆਪਣੇ ਸੰਬੋਧਨ ਦੌਰਾਨ ਪਾਂਡੇ ਨੇ ਭਾਰਤੀ ਇਕੁਇਟੀ ਬਾਜ਼ਾਰ ਦੇ ਤੇਜ਼ੀ ਨਾਲ ਹੋ ਰਹੇ ਵਿਸਤਾਰ ਬਾਰੇ ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਦੇਸ਼ 'ਚ ਹੁਣ 6,700 ਤੋਂ ਵੱਧ ਲਿਸਟਿਡ ਕੰਪਨੀਆਂ ਹਨ ਅਤੇ ਵਿੱਤੀ ਸਾਲ 2018-19 ਤੋਂ ਬਾਅਦ ਵਿਲੱਖਣ ਨਿਵੇਸ਼ਕਾਂ ਦੀ ਗਿਣਤੀ ਲਗਪਗ ਚਾਰ ਗੁਣਾ ਵਧ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਪ੍ਰਚੂਨ ਨਿਵੇਸ਼ਕਾਂ ਦੀ ਵਧਦੀ ਭਾਗੀਦਾਰੀ ਨੂੰ ਦੇਖਦੇ ਹੋਏ ਨਿਵੇਸ਼ ਪ੍ਰਕਿਰਿਆ ਨੂੰ ਹੋਰ ਸੌਖਾ ਬਣਾਉਣਾ ਅਤੇ ਬੇਲੋੜੀਆਂ ਪ੍ਰਕਿਰਿਆਤਮਕ ਰੁਕਾਵਟਾਂ ਨੂੰ ਘਟਾਉਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਨਿਵੇਸ਼ਕਾਂ ਦੇ ਹਿੱਤਾਂ ਦੀ ਸੁਰੱਖਿਆ ਵੀ ਬਰਾਬਰ ਮਹੱਤਵਪੂਰਨ ਰਹੇਗੀ।
ਪਾਂਡੇ ਨੇ ਦੱਸਿਆ ਕਿ ਹਾਲ ਹੀ ਦੇ ਸਮੇਂ 'ਚ SEBI ਨੇ ਬਾਜ਼ਾਰ ਤੱਕ ਪਹੁੰਚ ਆਸਾਨ ਬਣਾਉਣ ਲਈ ਕਈ ਸੁਧਾਰ ਕੀਤੇ ਹਨ। ਇਨ੍ਹਾਂ 'ਚ ਕੁਝ ਨਿਵੇਸ਼ ਉਤਪਾਦਾਂ ਲਈ ਨਿਵੇਸ਼ ਦੇ ਮਾਪਦੰਡਾਂ ਨੂੰ ਸੌਖਾ ਬਣਾਉਣਾ ਅਤੇ ਰੀਅਲ ਅਸਟੇਟ, ਬੁਨਿਆਦੀ ਢਾਂਚੇ ਅਤੇ ਪੋਰਟਫੋਲੀਓ ਪ੍ਰਬੰਧਨ ਨਾਲ ਜੁੜੇ ਨਿਵੇਸ਼ਾਂ ਦੇ ਨਿਯਮਾਂ ਨੂੰ ਵਧੇਰੇ ਵਿਹਾਰਕ ਬਣਾਉਣਾ ਸ਼ਾਮਲ ਹੈ।
ਉਨ੍ਹਾਂ ਕਿਹਾ ਕਿ ਰੈਗੂਲੇਟਰ ਦਾ ਮੁੱਖ ਉਦੇਸ਼ ਬਾਜ਼ਾਰਾਂ ਨੂੰ ਵਧੇਰੇ ਸੁਗਮ, ਕੁਸ਼ਲ ਅਤੇ ਨਿਵੇਸ਼ਕਾਂ ਦੇ ਅਨੁਕੂਲ ਬਣਾਉਣਾ ਹੈ, ਜਦਕਿ ਪਾਰਦਰਸ਼ਤਾ ਅਤੇ ਨਿਵੇਸ਼ਕ ਸੁਰੱਖਿਆ ਦੇ ਉੱਚ ਮਾਪਦੰਡਾਂ ਨੂੰ ਬਰਕਰਾਰ ਰੱਖਿਆ ਜਾਵੇਗਾ।