ਖਾਲੀ ਪਈ ਪ੍ਰਾਪਰਟੀ ਤੋਂ ਹਰ ਮਹੀਨੇ ਕਮਾ ਸਕਦੇ ਹੋ ₹60,000! ATM ਲਗਵਾਉਣ ਦਾ ਤਰੀਕਾ, 5 ਪੁਆਇੰਟਾਂ 'ਚ ਸਮਝੋ ਪੂਰਾ ਪ੍ਰੋਸੈਸ
ਤੁਹਾਡੇ ਕੋਲ ਖਾਲੀ ਪਈ ਥੋੜ੍ਹੀ ਜਿਹੀ ਜਗ੍ਹਾ ਵੀ ਚੰਗੀ ਕਮਾਈ ਦਾ ਸਾਧਨ ਬਣ ਸਕਦੀ ਹੈ। ਬਹੁਤ ਸਾਰੇ ਲੋਕਾਂ ਨੂੰ ਇਹ ਜਾਣਕਾਰੀ ਨਹੀਂ ਹੁੰਦੀ ਕਿ ਬੈਂਕ ਤੇ ATM ਆਪਰੇਟਰ ਆਪਣੀਆਂ ਮਸ਼ੀਨਾਂ ਲਗਾਉਣ ਲਈ ਲੋਕਾਂ ਦੀ ਪ੍ਰਾਪਰਟੀ ਕਿਰਾਏ 'ਤੇ ਲੈਂਦੇ ਹਨ ਤੇ ਇਸ ਦੇ ਬਦਲੇ ਹਰ ਮਹੀਨੇ ਕਿਰਾਇਆ ਦਿੰਦੇ ਹਨ।
Publish Date: Tue, 29 Sep 2026 04:27 PM (IST)
Updated Date: Tue, 29 Sep 2026 04:30 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਕੀ ਤੁਹਾਡੇ ਕੋਲ ਵੀ ਕੋਈ ਦੁਕਾਨ, ਖਾਲੀ ਕਮਰਸ਼ੀਅਲ ਸਪੇਸ ਜਾਂ ਚੰਗੀ ਲੋਕੇਸ਼ਨ 'ਤੇ ਕੋਈ ਜ਼ਮੀਨ ਖਾਲੀ ਪਈ ਹੈ? ਜੇ ਹਾਂ, ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਤੁਹਾਡੇ ਕੋਲ ਖਾਲੀ ਪਈ ਥੋੜ੍ਹੀ ਜਿਹੀ ਜਗ੍ਹਾ ਵੀ ਚੰਗੀ ਕਮਾਈ ਦਾ ਸਾਧਨ ਬਣ ਸਕਦੀ ਹੈ। ਬਹੁਤ ਸਾਰੇ ਲੋਕਾਂ ਨੂੰ ਇਹ ਜਾਣਕਾਰੀ ਨਹੀਂ ਹੁੰਦੀ ਕਿ ਬੈਂਕ ਤੇ ATM ਆਪਰੇਟਰ ਆਪਣੀਆਂ ਮਸ਼ੀਨਾਂ ਲਗਾਉਣ ਲਈ ਲੋਕਾਂ ਦੀ ਪ੍ਰਾਪਰਟੀ ਕਿਰਾਏ 'ਤੇ ਲੈਂਦੇ ਹਨ ਤੇ ਇਸ ਦੇ ਬਦਲੇ ਹਰ ਮਹੀਨੇ ਕਿਰਾਇਆ ਦਿੰਦੇ ਹਨ।
ਸਭ ਤੋਂ ਚੰਗੀ ਗੱਲ ਇਹ ਹੈ ਕਿ ਨਾ ਤਾਂ ਤੁਹਾਨੂੰ ਰੋਜ਼ ਦੁਕਾਨ ਖੋਲ੍ਹਣੀ ਹੈ ਤੇ ਨਾ ਹੀ ਬੰਦ ਕਰਨੀ ਹੈ। ਕਿਰਾਇਆ ਹਰ ਮਹੀਨੇ ਤੁਹਾਡੇ ਖਾਤੇ 'ਚ ਆਉਂਦਾ ਰਹੇਗਾ। ਜੇ ਤੁਹਾਡੇ ਕੋਲ ਵੀ ਅਜਿਹੀ ਜਗ੍ਹਾ ਹੈ ਜਿੱਥੇ ਆਸਾਨੀ ਨਾਲ ATM ਲਗਾਇਆ ਜਾ ਸਕਦਾ ਹੈ ਤਾਂ ਆਓ, 5 ਪੌਇੰਟਾਂ 'ਚ ਸਮਝਦੇ ਹਾਂ ਕਿ ਇਸ ਦਾ ਪੂਰਾ ਪ੍ਰੋਸੈਸ ਕੀ ਹੋਵੇਗਾ।
1. ATM ਲਈ ਕਿਹੋ ਜਿਹੀ ਜਗ੍ਹਾ ਚਾਹੀਦੀ ਹੈ?
ਹਰ ਜਗ੍ਹਾ 'ਤੇ ATM ਨਹੀਂ ਲਗਾਇਆ ਜਾ ਸਕਦਾ। ਬੈਂਕ ਅਤੇ ਕੰਪਨੀਆਂ ਅਜਿਹੀਆਂ ਲੋਕੇਸ਼ਨਾਂ ਦੀ ਭਾਲ ਕਰਦੀਆਂ ਹਨ ਜਿੱਥੇ ਲੋਕ ਆਸਾਨੀ ਨਾਲ ਪਹੁੰਚ ਸਕਣ। ਜਿਵੇਂ ਮੁੱਖ ਬਾਜ਼ਾਰ, ਵੱਡੀ ਸੋਸਾਇਟੀ, ਮੇਨ ਰੋਡ, ਰੇਲਵੇ ਸਟੇਸ਼ਨ, ਬੱਸ ਸਟੈਂਡ, ਹਸਪਤਾਲ, ਕਾਲਜ ਜਾਂ ਦਫ਼ਤਰ ਦੇ ਬਾਹਰ।
ਬੈਂਕ ਉਨ੍ਹਾਂ ਥਾਵਾਂ ਨੂੰ ਵੀ ਟਾਰਗੇਟ ਕਰਦੇ ਹਨ ਜਿੱਥੇ ATM ਜਾਂ ਬੈਂਕਾਂ ਦੀ ਗਿਣਤੀ ਘੱਟ ਹੋਵੇ, ਜਿਵੇਂ ਛੋਟੇ ਪਿੰਡ ਤੇ ਕਸਬੇ।
ਸਾਈਜ਼ ਦੀ ਗੱਲ ਕਰੀਏ ਤਾਂ ਆਮ ਤੌਰ 'ਤੇ ATM ਲਗਾਉਣ ਲਈ 60 ਤੋਂ 100 ਵਰਗ ਫੁੱਟ ਜਗ੍ਹਾ ਦੀ ਲੋੜ ਹੁੰਦੀ ਹੈ। ਪ੍ਰਾਪਰਟੀ ਗਰਾਊਂਡ ਫਲੋਰ 'ਤੇ ਹੋਣੀ ਚਾਹੀਦੀ ਹੈ ਅਤੇ ਉੱਥੇ 24 ਘੰਟੇ ਆਉਣ-ਜਾਣ ਦੀ ਸਹੂਲਤ ਹੋਣੀ ਚਾਹੀਦੀ ਹੈ। ਇਸ ਦੇ ਨਾਲ ਬਿਜਲੀ, ਇੰਟਰਨੈੱਟ, ਸੁਰੱਖਿਆ ਅਤੇ CCTV ਲਈ ਵੀ ਢੁੱਕਵੇਂ ਪ੍ਰਬੰਧ ਹੋਣੇ ਚਾਹੀਦੇ ਹਨ, ਤਾਂ ਜੋ ਬਾਅਦ 'ਚ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ।
2. ਬੈਂਕ ਜਾਂ ਕੰਪਨੀ ਨਾਲ ਕਿਵੇਂ ਸੰਪਰਕ ਕਰਨਾ ਹੈ?
ਤੁਸੀਂ ਸਿੱਧੇ ਆਪਣੇ ਨੇੜਲੇ ਬੈਂਕ ਦੀ ਬ੍ਰਾਂਚ 'ਚ ਜਾ ਕੇ ਬ੍ਰਾਂਚ ਮੈਨੇਜਰ ਨਾਲ ਮਿਲ ਸਕਦੇ ਹੋ। ਉਨ੍ਹਾਂ ਨੂੰ ਆਪਣੀ ਪ੍ਰਾਪਰਟੀ ਦੀਆਂ ਫੋਟੋਆਂ, ਲੋਕੇਸ਼ਨ, ਸਾਈਜ਼ ਅਤੇ ਮਾਲਕੀ ਹੱਕ ਨਾਲ ਸਬੰਧਤ ਦਸਤਾਵੇਜ਼ ਦਿਖਾਓ। ਜੇ ਬੈਂਕ ਨੂੰ ਲੋਕੇਸ਼ਨ ਪਸੰਦ ਆਉਂਦੀ ਹੈ ਤਾਂ ਉਨ੍ਹਾਂ ਦੀ ਟੀਮ ਸਾਈਟ ਦੇਖਣ ਆਵੇਗੀ ਅਤੇ ਸਭ ਕੁਝ ਠੀਕ ਮਿਲਣ 'ਤੇ ਅੱਗੇ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ।
ਇਸ ਤੋਂ ਇਲਾਵਾ ਤੁਸੀਂ ATM ਆਪਰੇਟਰ ਕੰਪਨੀਆਂ ਨਾਲ ਵੀ ਸੰਪਰਕ ਕਰ ਸਕਦੇ ਹੋ। ਸਿਰਫ਼ ਬੈਂਕ ਹੀ ਨਹੀਂ, ਸਗੋਂ ਕਈ 'ਵ੍ਹਾਈਟ ਲੇਬਲ ATM' ਕੰਪਨੀਆਂ ਵੀ ਮਸ਼ੀਨਾਂ ਲਗਾਉਂਦੀਆਂ ਹਨ। ਇਨ੍ਹਾਂ 'ਚ India1 Payments, Tata Indicash ਅਤੇ Hitachi Payment Services ਵਰਗੀਆਂ ਕੰਪਨੀਆਂ ਸ਼ਾਮਲ ਹਨ। ਇਸ ਸਬੰਧੀ ਜਾਣਕਾਰੀ ਉਨ੍ਹਾਂ ਦੀਆਂ ਅਧਿਕਾਰਤ ਵੈੱਬਸਾਈਟਾਂ 'ਤੇ ਮਿਲ ਸਕਦੀ ਹੈ।
3. ਕਿਹੜੇ ਦਸਤਾਵੇਜ਼ ਹੋਣਗੇ ਜ਼ਰੂਰੀ?
ATM ਲਈ ਪ੍ਰਾਪਰਟੀ ਦੇਣ ਵਾਸਤੇ ਆਮ ਤੌਰ 'ਤੇ ਇਨ੍ਹਾਂ ਦਸਤਾਵੇਜ਼ਾਂ ਦੀ ਲੋੜ ਪੈ ਸਕਦੀ ਹੈ:
- ਪ੍ਰਾਪਰਟੀ ਦੀ ਰਜਿਸਟਰੀ ਜਾਂ ਮਾਲਕੀ ਹੱਕ ਦੇ ਦਸਤਾਵੇਜ਼
- ਆਧਾਰ ਕਾਰਡ ਤੇ ਪੈਨ ਕਾਰਡ
- ਪ੍ਰਾਪਰਟੀ ਟੈਕਸ ਦੇ ਦਸਤਾਵੇਜ਼
- ਜੇ ਪ੍ਰਾਪਰਟੀ ਕਿਸੇ ਸੁਸਾਇਟੀ ਜਾਂ ਕੰਪਲੈਕਸ 'ਚ ਹੈ ਤਾਂ ਉੱਥੋਂ ਦੀ NOC
- ਪ੍ਰਾਪਰਟੀ ਦੀਆਂ ਸਾਫ਼ ਤਸਵੀਰਾਂ ਅਤੇ ਬਿਜਲੀ-ਪਾਣੀ ਨਾਲ ਸਬੰਧਤ ਜਾਣਕਾਰੀ
4. ਕਿੰਨਾ ਮਿਲੇਗਾ ਕਿਰਾਇਆ?
ਬੈਂਕ ਜਾਂ ATM ਕੰਪਨੀ ਨੂੰ ਦਿੱਤੀ ਪ੍ਰਾਪਰਟੀ ਤੋਂ ਮਿਲਣ ਵਾਲਾ ਕਿਰਾਇਆ ਤੁਹਾਡੀ ਲੋਕੇਸ਼ਨ 'ਤੇ ਨਿਰਭਰ ਕਰਦਾ ਹੈ।
ਮੈਟਰੋ ਸ਼ਹਿਰ (ਦਿੱਲੀ, ਮੁੰਬਈ ਆਦਿ): ₹25,000 ਤੋਂ ₹60,000 ਜਾਂ ਇਸ ਤੋਂ ਵੱਧ ਪ੍ਰਤੀ ਮਹੀਨਾ
ਟਿਅਰ-2 ਸ਼ਹਿਰ: ₹15,000 ਤੋਂ ₹35,000 ਪ੍ਰਤੀ ਮਹੀਨਾ
ਨੀਮ-ਸ਼ਹਿਰੀ ਇਲਾਕੇ: ₹8,000 ਤੋਂ ₹20,000 ਪ੍ਰਤੀ ਮਹੀਨਾ
ਪੇਂਡੂ ਜਾਂ ਕਸਬਾਈ ਇਲਾਕੇ (ਚੰਗੀ ਕਮਰਸ਼ੀਅਲ ਲੋਕੇਸ਼ਨ): ₹20,000 ਤੋਂ ₹30,000 ਜਾਂ ਇਸ ਤੋਂ ਵੱਧ ਪ੍ਰਤੀ ਮਹੀਨਾ
ਨੋਟ: ਅਸਲ ਕਿਰਾਇਆ ਲੋਕੇਸ਼ਨ, ਫੁੱਟਫਾਲ, ਪ੍ਰਾਪਰਟੀ ਦੀਆਂ ਸ਼ਰਤਾਂ ਅਤੇ ATM ਆਪਰੇਟਰ ਨਾਲ ਹੋਏ ਸਮਝੌਤੇ ਦੇ ਆਧਾਰ 'ਤੇ ਵੱਖਰਾ ਹੋ ਸਕਦਾ ਹੈ।
5. ਕੀ ਹੋਣਗੀਆਂ ਐਗਰੀਮੈਂਟ ਦੀਆਂ ਸ਼ਰਤਾਂ?
ATM ਲਗਵਾਉਣ ਲਈ ਆਮ ਤੌਰ 'ਤੇ 5 ਤੋਂ 10 ਸਾਲ ਦਾ ਲੀਜ਼ ਐਗਰੀਮੈਂਟ ਹੋ ਸਕਦਾ ਹੈ। ਇਸ 'ਚ ਹਰ ਸਾਲ 5 ਤੋਂ 10 ਫੀਸਦੀ ਕਿਰਾਇਆ ਵਧਾਉਣ ਦੀ ਸ਼ਰਤ ਹੋ ਸਕਦੀ ਹੈ।
ATM ਲੱਗਣ ਤੋਂ ਬਾਅਦ ਮਸ਼ੀਨ ਦੀ ਦੇਖਭਾਲ ਦੀ ਜ਼ਿੰਮੇਵਾਰੀ ਆਮ ਤੌਰ 'ਤੇ ਪ੍ਰਾਪਰਟੀ ਮਾਲਕ ਦੀ ਨਹੀਂ ਹੁੰਦੀ। ਮਸ਼ੀਨ 'ਚ ਕੈਸ਼ ਪਾਉਣਾ, ਬਿਜਲੀ ਦਾ ਬਿੱਲ, AC, ਮੇਨਟੇਨੈਂਸ ਅਤੇ ਸੁਰੱਖਿਆ ਵਰਗੀਆਂ ਜ਼ਿੰਮੇਵਾਰੀਆਂ ਸਮਝੌਤੇ ਅਨੁਸਾਰ ਬੈਂਕ ਜਾਂ ATM ਆਪਰੇਟਰ ਦੀਆਂ ਹੋ ਸਕਦੀਆਂ ਹਨ।