ਕੀ ਰੂਸ ਤੋਂ ਕੱਚਾ ਤੇਲ ਖਰੀਦਣਾ ਜਾਰੀ ਰੱਖੇਗਾ ਭਾਰਤ? ਅਮਰੀਕੀ ਦਬਾਅ 'ਤੇ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਨੇ ਦਿੱਤਾ ਵੱਡਾ ਬਿਆਨ
ਹਾਲ ਹੀ ਵਿੱਚ ਰੂਸ ਤੋਂ ਤੇਲ ਖਰੀਦਣ ਵਾਲੇ ਦੇਸ਼ਾਂ ’ਤੇ 100 ਫ਼ੀਸਦੀ ਟੈਰਿਫ ਲਗਾਉਣ ਦਾ ਐਲਾਨ ਵੀ ਕੀਤਾ ਗਿਆ, ਪਰ ਇਸ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ। ਇਸ ਦੌਰਾਨ ਭਾਰਤ ਸਰਕਾਰ ਨੇ ਰੂਸ ਤੋਂ ਕੱਚਾ ਤੇਲ ਖਰੀਦਣ ਬਾਰੇ ਆਪਣਾ ਰੁਖ਼ ਸਪੱਸ਼ਟ ਕੀਤਾ ਹੈ।
Publish Date: Tue, 27 Oct 2026 01:16 PM (IST)
Updated Date: Tue, 27 Oct 2026 01:18 PM (IST)
ਨਵੀਂ ਦਿੱਲੀ। ਰੂਸ ਤੋਂ ਕੱਚਾ ਤੇਲ ਖਰੀਦਣ ਦੇ ਮੁੱਦੇ ’ਤੇ ਅਮਰੀਕਾ ਲਗਾਤਾਰ ਭਾਰਤ ’ਤੇ ਦਬਾਅ ਬਣਾਉਂਦਾ ਰਿਹਾ ਹੈ। ਪਿਛਲੇ ਸਾਲ ਇਸ ਮਾਮਲੇ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਨੇ ਭਾਰਤ ’ਤੇ 50 ਫ਼ੀਸਦੀ ਟੈਰਿਫ ਲਗਾ ਦਿੱਤਾ ਸੀ। ਹਾਲਾਂਕਿ, ਬਾਅਦ ਵਿੱਚ ਇਸ ਨੂੰ ਵਾਪਸ ਲੈ ਲਿਆ ਗਿਆ। ਹਾਲ ਹੀ ਵਿੱਚ ਰੂਸ ਤੋਂ ਤੇਲ ਖਰੀਦਣ ਵਾਲੇ ਦੇਸ਼ਾਂ ’ਤੇ 100 ਫ਼ੀਸਦੀ ਟੈਰਿਫ ਲਗਾਉਣ ਦਾ ਐਲਾਨ ਵੀ ਕੀਤਾ ਗਿਆ, ਪਰ ਇਸ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ। ਇਸ ਦੌਰਾਨ ਭਾਰਤ ਸਰਕਾਰ ਨੇ ਰੂਸ ਤੋਂ ਕੱਚਾ ਤੇਲ ਖਰੀਦਣ ਬਾਰੇ ਆਪਣਾ ਰੁਖ਼ ਸਪੱਸ਼ਟ ਕੀਤਾ ਹੈ।
ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਰੂਸ ਤੋਂ ਕੱਚੇ ਤੇਲ ਦੀ ਦਰਾਮਦ ਘਟਾਉਣ ਲਈ ਅਮਰੀਕਾ ਵੱਲੋਂ ਭਾਰਤ ’ਤੇ ਕੋਈ ਦਬਾਅ ਨਹੀਂ ਹੈ। ਰੂਸੀ ਤੇਲ ਦੀ ਦਰਾਮਦ ਘਟਾਉਣ ਸਬੰਧੀ ਦਬਾਅ ਬਾਰੇ ਪੁੱਛੇ ਜਾਣ ’ਤੇ ਹਰਦੀਪ ਸਿੰਘ ਪੁਰੀ ਨੇ ਕਿਹਾ ਮੈਨੂੰ ਕਦੇ ਅਜਿਹਾ ਮਹਿਸੂਸ ਨਹੀਂ ਹੋਇਆ।
ਟਰੰਪ ਨੇ ਕਿਉਂ ਵਾਪਸ ਲਿਆ ਹੁਕਮ? ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਪਿਛਲੇ ਮਹੀਨੇ ਬਣੇ ਕਾਨੂੰਨ ਤਹਿਤ ਰੂਸੀ ਊਰਜਾ ਬਰਾਮਦ ’ਤੇ ਲੱਗਣ ਵਾਲੀਆਂ ਨਵੀਆਂ ਪਾਬੰਦੀਆਂ ਅਤੇ ਟੈਰਿਫ ਤੋਂ ਛੋਟ ਦੇ ਦਿੱਤੀ। ਉਨ੍ਹਾਂ ਨੇ ਇਸ ਲਈ ਅਮਰੀਕਾ ਦੇ ਕੌਮੀ ਹਿੱਤਾਂ ਦਾ ਹਵਾਲਾ ਦਿੱਤਾ। ਇਸ ਨਾਲ ਭਾਰਤ ਨੂੰ ਸੰਭਾਵੀ 100 ਫ਼ੀਸਦੀ ਤੱਕ ਦੇ ਟੈਰਿਫ ਤੋਂ ਰਾਹਤ ਮਿਲੀ ਹੈ।
ਟਰੰਪ ਨੇ ਕਾਨੂੰਨ ਦੀ ਉਸ ਵਿਵਸਥਾ ਦੀ ਵਰਤੋਂ ਕੀਤੀ, ਜਿਸ ਤਹਿਤ ਰਾਸ਼ਟਰਪਤੀ ਅਮਰੀਕਾ ਦੇ ਕੌਮੀ ਹਿੱਤ ਵਿੱਚ ਹੋਣ ਦੀ ਸੂਰਤ ਵਿੱਚ ਅਗਲੀ ਦੰਡਾਤਮਕ ਕਾਰਵਾਈ ਤੋਂ ਛੋਟ ਦੇ ਸਕਦਾ ਹੈ। ਹਾਲਾਂਕਿ ਕਾਰਜਕਾਰੀ ਹੁਕਮ ਵਿੱਚ ਉਨ੍ਹਾਂ ਕਿਹਾ ਗ੍ਰਾਹਮ ਐਕਟ ਦੀ ਧਾਰਾ 115(a) ਤਹਿਤ, ਮੈਂ ਧਾਰਾ 112 ਅਤੇ 113 ਵਿੱਚ ਦੱਸੇ ਗਏ ਟੈਰਿਫ (ਡਿਊਟੀ) ਲਾਗੂ ਕਰਨ ਤੋਂ ਛੋਟ ਦਿੰਦਾ ਹਾਂ।
‘ਲਿੰਡਸੇ ਓ. ਗ੍ਰਾਹਮ ਸੈਂਕਸ਼ਨਿੰਗ ਰਸ਼ੀਆ ਐਂਡ ਇਰਾਨ ਐਕਟ’ ਤਹਿਤ, 18 ਸਤੰਬਰ ਨੂੰ ਇਸ ਦੇ ਲਾਗੂ ਹੋਣ ਤੋਂ 30 ਦਿਨਾਂ ਦੇ ਅੰਦਰ ਰੂਸ ਤੋਂ ਤੇਲ ਅਤੇ ਗੈਸ ਖਰੀਦਣ ਵਾਲੇ ਪੰਜ ਸਭ ਤੋਂ ਵੱਡੇ ਦੇਸ਼ਾਂ ਜਿਨ੍ਹਾਂ ਵਿੱਚ ਚੀਨ ਅਤੇ ਭਾਰਤ ਵੀ ਸ਼ਾਮਲ ਹਨ, ਤੋਂ ਹੋਣ ਵਾਲੀ ਦਰਾਮਦ ’ਤੇ 100 ਫ਼ੀਸਦੀ ਤੱਕ ਟੈਰਿਫ ਲਗਾਉਣ ਦੀ ਤਜਵੀਜ਼ ਰੱਖੀ ਗਈ ਸੀ।
ਭਾਰਤ ਦੇ ਤੇਲ ਆਯਾਤ ਵਿੱਚ ਰੂਸ ਦੀ ਕਿੰਨੀ ਹਿੱਸੇਦਾਰੀ?
ਦੱਸਿਆ ਗਿਆ ਹੈ ਕਿ ਅਗਸਤ ਵਿੱਚ ਭਾਰਤ ਦੇ ਕੁੱਲ ਤੇਲ ਆਯਾਤ ਵਿੱਚ ਰੂਸੀ ਕੱਚੇ ਤੇਲ ਦੀ ਹਿੱਸੇਦਾਰੀ ਲਗਭਗ 44 ਫ਼ੀਸਦੀ ਸੀ। ਭਾਰਤ ਲੰਬੇ ਸਮੇਂ ਦੇ ਸਮਝੌਤਿਆਂ ਤਹਿਤ ਰੂਸ ਤੋਂ ਤਰਲ ਕੁਦਰਤੀ ਗੈਸ (LNG) ਖਰੀਦਣ ਦੀ ਯੋਜਨਾ ਵੀ ਬਣਾ ਰਿਹਾ ਹੈ।
ਰੂਸ ਤੋਂ ਕੱਚੇ ਤੇਲ ਦੀ ਖਰੀਦ ਜਾਰੀ ਰਹੇਗੀ ਜਾਂ ਇਸ ਵਿੱਚ ਕੋਈ ਬਦਲਾਅ ਹੋਵੇਗਾ, ਇਸ ਬਾਰੇ ਮੰਤਰੀ ਦੇ ਬਿਆਨ ਵਿੱਚ ਸਪੱਸ਼ਟ ਫ਼ੈਸਲੇ ਦਾ ਐਲਾਨ ਨਹੀਂ ਕੀਤਾ ਗਿਆ। ਉਨ੍ਹਾਂ ਨੇ ਸਿਰਫ਼ ਇਹ ਕਿਹਾ ਹੈ ਕਿ ਰੂਸੀ ਤੇਲ ਦੀ ਦਰਾਮਦ ਘਟਾਉਣ ਲਈ ਅਮਰੀਕਾ ਵੱਲੋਂ ਉਨ੍ਹਾਂ ਨੂੰ ਕੋਈ ਦਬਾਅ ਮਹਿਸੂਸ ਨਹੀਂ ਹੋਇਆ।