WPI Index July 2026: ਥੋਕ ਮਹਿੰਗਾਈ ਦੇ ਅੰਕੜੇ ਆਏ ਸਾਹਮਣੇ, ਇਹਨਾਂ ਚੀਜ਼ਾਂ 'ਚ ਮਿਲੀ ਰਾਹਤ; ਪਰ ਖਾਣ ਦੀ ਥਾਲੀ ਹੋਈ ਮਹਿੰਗੀ! ਮਾਹਰਾਂ ਦਾ ਮੰਨਣਾ ਹੈ ਕਿ ਬਾਲਣ ਦੀਆਂ ਕੀਮਤਾਂ ਵਿੱਚ ਆਈ ਨਰਮੀ ਨਾਲ ਆਉਣ ਵਾਲੇ ਦਿਨਾਂ ਵਿੱਚ ਮਹਿੰਗਾਈ 'ਤੇ ਠੱਲ੍ਹ ਪਾਉਣ 'ਚ ਮਦਦ ਮਿਲ ਸਕਦੀ ਹੈ, ਹਾਲਾਂਕਿ ਖਾਣ-ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ ਅਜੇ ਆਮ ਆਦਮੀ ਦੀ ਜੇਬ 'ਤੇ ਥੋੜ੍ਹੀਆਂ ਭਾਰੀ ਪੈ ਰਹੀਆਂ ਹਨ।
Publish Date: Fri, 14 Aug 2026 02:04 PM (IST)
Updated Date: Fri, 14 Aug 2026 02:07 PM (IST)
ਨਵੀਂ ਦਿੱਲੀ: ਰਿਟੇਲ ਮਹਿੰਗਾਈ ਦਰਾਂ ਦੇ ਅੰਕੜਿਆਂ ਤੋਂ ਬਾਅਦ ਹੁਣ ਥੋਕ ਮਹਿੰਗਾਈ ਦੇ ਅੰਕੜੇ ਵੀ ਜਾਰੀ ਹੋ ਗਏ ਹਨ। ਜੁਲਾਈ 2026 ਲਈ ਇਹ ਅੰਕੜੇ ਥੋੜ੍ਹੇ ਘੱਟ ਹੁੰਦੇ ਹੋਏ ਦਿਖਾਈ ਦੇ ਰਹੇ ਹਨ। ਜੁਲਾਈ ਮਹੀਨੇ ਵਿੱਚ ਭਾਰਤ ਦੀ ਥੋਕ ਮੁੱਲ ਸੂਚਕ ਅੰਕ (WPI) ਅਧਾਰਿਤ ਮਹਿੰਗਾਈ ਦਰ ਮਾਮੂਲੀ ਰੂਪ ਵਿੱਚ ਘਟ ਕੇ 9.78% 'ਤੇ ਆ ਗਈ ਹੈ। ਇਸ ਤੋਂ ਪਹਿਲਾਂ ਜੂਨ 2026 ਵਿੱਚ ਇਹ 9.87% ਦਰਜ ਕੀਤੀ ਗਈ ਸੀ।
ਸਰਕਾਰੀ ਅੰਕੜਿਆਂ ਮੁਤਾਬਕ, ਜੁਲਾਈ 2026 ਵਿੱਚ ਸਾਰੀਆਂ ਵਸਤੂਆਂ (All Commodities) ਦਾ ਸੂਚਕ ਅੰਕ 110.0 ਰਿਹਾ, ਜਦਕਿ ਜੂਨ 2026 ਵਿੱਚ ਇਹ 110.2 'ਤੇ ਸੀ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਜੁਲਾਈ 2026 ਲਈ ਥੋਕ ਮਹਿੰਗਾਈ ਦੇ ਅੰਕੜੇ ਕੀ-ਕੀ ਕਹਿੰਦੇ ਹਨ।
ਪ੍ਰਾਇਮਰੀ ਆਰਟੀਕਲਜ਼ (Primary Articles): ਇਸ ਸੈਕਟਰ ਵਿੱਚ ਜੁਲਾਈ 2026 ਵਿੱਚ ਸਾਲਾਨਾ ਅਧਾਰ 'ਤੇ ਮਹਿੰਗਾਈ ਦਰ 8.52% ਦਰਜ ਕੀਤੀ ਗਈ, ਜਦਕਿ ਜੂਨ ਵਿੱਚ ਇਹ 7.0% ਸੀ। ਇਸ ਦਾ ਸੂਚਕ ਅੰਕ ਜੁਲਾਈ ਵਿੱਚ ਵਧ ਕੇ 117.2 ਹੋ ਗਿਆ।
ਫ਼ਿਊਲ ਐਂਡ ਪਾਵਰ (Fuel and Power): ਬਾਲਣ ਅਤੇ ਬਿਜਲੀ ਦੇ ਮੋਰਚੇ 'ਤੇ ਥੋੜ੍ਹੀ ਨਰਮੀ ਦੇਖਣ ਨੂੰ ਮਿਲੀ ਹੈ। ਜੁਲਾਈ 2026 ਵਿੱਚ ਇਸ ਸਮੂਹ ਦੀ ਮਹਿੰਗਾਈ ਦਰ 20.05% ਰਹੀ, ਜੋ ਜੂਨ ਵਿੱਚ 27.41% 'ਤੇ ਸੀ। ਇਸ ਦਾ ਸੂਚਕ ਅੰਕ ਡਿੱਗ ਕੇ 105.4 'ਤੇ ਆ ਗਿਆ ਹੈ।
ਮੈਨੂਫੈਕਚਰਡ ਪ੍ਰੋਡਕਟਸ (Manufactured Products): ਨਿਰਮਿਤ ਉਤਪਾਦਾਂ ਦੀ ਮਹਿੰਗਾਈ ਦਰ ਜੁਲਾਈ ਵਿੱਚ ਵਧ ਕੇ 8.29% ਹੋ ਗਈ, ਜੋ ਜੂਨ ਵਿੱਚ 7.48% ਸੀ। ਇਸ ਦਾ ਸੂਚਕ ਅੰਕ 108.4 ਦਰਜ ਕੀਤਾ ਗਿਆ।
ਕਿਹੜੀਆਂ ਚੀਜ਼ਾਂ ਨੇ ਸਭ ਤੋਂ ਜ਼ਿਆਦਾ ਵਧਾਈ ਚਿੰਤਾ?
ਜੁਲਾਈ ਦੇ ਮਹੀਨੇ ਵਿੱਚ ਥੋਕ ਮਹਿੰਗਾਈ ਨੇ ਕੁਝ ਸੈਕਟਰਾਂ ਨੂੰ ਰਫ਼ਤਾਰ ਦਿੱਤੀ। ਇਹਨਾਂ ਵਿੱਚ ਮਿਨਰਲ ਆਇਲ (ਖਣਿਜ ਤੇਲ), ਖਾਣ-ਪੀਣ ਵਾਲੀਆਂ ਵਸਤੂਆਂ (Food Articles), ਬੇਸਿਕ ਮੈਟਲਜ਼ ਦਾ ਨਿਰਮਾਣ, ਗ਼ੈਰ-ਖਾਣ-ਪੀਣ ਵਾਲੀਆਂ ਵਸਤੂਆਂ (Non-Food Articles), ਖਾਧ ਉਤਪਾਦਾਂ ਦਾ ਨਿਰਮਾਣ ਅਤੇ ਕੈਮੀਕਲ ਤੇ ਕੈਮੀਕਲ ਉਤਪਾਦਾਂ ਦਾ ਨਿਰਮਾਣ ਸ਼ਾਮਲ ਹੈ।
ਥੋਕ ਖਾਧ ਮਹਿੰਗਾਈ ਦੀ ਕੀ ਸਥਿਤੀ ਰਹੀ?
ਭਾਵੇਂ ਕੁੱਲ ਥੋਕ ਮਹਿੰਗਾਈ ਵਿੱਚ ਮਾਮੂਲੀ ਕਮੀ ਆਈ ਹੋਵੇ, ਪਰ ਖਾਣ-ਪੀਣ ਦੀਆਂ ਚੀਜ਼ਾਂ ਦੇ ਮੋਰਚੇ 'ਤੇ ਕੀਮਤਾਂ ਅਜੇ ਵੀ ਪਰੇਸ਼ਾਨ ਕਰ ਰਹੀਆਂ ਹਨ। WPI ਫੂਡ ਇੰਡੈਕਸ ਵਿੱਚ ਜੁਲਾਈ 2026 ਦੌਰਾਨ ਸਾਲਾਨਾ ਅਧਾਰ 'ਤੇ 6.65% ਦੀ ਮਹਿੰਗਾਈ ਦਰਜ ਕੀਤੀ ਗਈ। ਚਿੰਤਾ ਦੀ ਗੱਲ ਇਹ ਹੈ ਕਿ ਇਹ ਅੰਕੜਾ ਜੂਨ 2026 ਦੇ 6.14% ਤੋਂ ਜ਼ਿਆਦਾ ਹੈ, ਯਾਨੀ ਕਿ ਥਾਲੀ ਵਿੱਚ ਪਰੋਸੀਆਂ ਜਾਣ ਵਾਲੀਆਂ ਚੀਜ਼ਾਂ ਪਿਛਲੇ ਮਹੀਨੇ ਦੇ ਮੁਕਾਬਲੇ ਮਹਿੰਗੀਆਂ ਹੋ ਗਈਆਂ ਹਨ।
ਮਾਹਰਾਂ ਦਾ ਮੰਨਣਾ ਹੈ ਕਿ ਬਾਲਣ ਦੀਆਂ ਕੀਮਤਾਂ ਵਿੱਚ ਆਈ ਨਰਮੀ ਨਾਲ ਆਉਣ ਵਾਲੇ ਦਿਨਾਂ ਵਿੱਚ ਮਹਿੰਗਾਈ 'ਤੇ ਠੱਲ੍ਹ ਪਾਉਣ 'ਚ ਮਦਦ ਮਿਲ ਸਕਦੀ ਹੈ, ਹਾਲਾਂਕਿ ਖਾਣ-ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ ਅਜੇ ਆਮ ਆਦਮੀ ਦੀ ਜੇਬ 'ਤੇ ਥੋੜ੍ਹੀਆਂ ਭਾਰੀ ਪੈ ਰਹੀਆਂ ਹਨ।