- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤ ’ਚ ਕਿਸੇ ਵਿਅਕਤੀ ਦੀ ਮੌਤ ਤੋਂ ਬਾਅਦ ਉਸ ਦੇ ਕ੍ਰੈਡਿਟ ਕਾਰਡ ਦੇ ਬਕਾਏ ਦੀ ਅਦਾਇਗੀ ਦੀ ਜ਼ਿੰਮੇਵਾਰੀ ਤੈਅ ਕਰਨ ਲਈ ਸਪੱਸ਼ਟ ਕਾਨੂੰਨੀ ਨਿਯਮ ਹਨ। ਨਿਯਮਾਂ ਅਨੁਸਾਰ, ਜਦੋਂ ਕਿਸੇ ਕ੍ਰੈਡਿਟ ਕਾਰਡਧਾਰਕ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਬਕਾਇਆ ਕਰਜ਼ੇ ਦੀ ਅਦਾਇਗੀ ਉਸ ਦੀ ਜਾਇਦਾਦ (ਐਸਟੇਟ) ’ਚੋਂ ਕੀਤੀ ਜਾਣੀ ਚਾਹੀਦੀ ਹੈ। ਇਸ ’ਚ ਮੌਤ ਸਮੇਂ ਉਸ ਕੋਲ ਮੌਜੂਦ ਸਾਰੀਆਂ ਜਾਇਦਾਦਾਂ ਸ਼ਾਮਲ ਹੁੰਦੀਆਂ ਹਨ।

ਮਾਰਚ 2026 ਤੱਕ ਦੇਸ਼ ’ਚ 5.2 ਕਰੋੜ ਕ੍ਰੈਡਿਟ ਕਾਰਡਧਾਰਕ ਸਨ, ਜੋ ਲਗਭਗ 10.7 ਕਰੋੜ ਕ੍ਰੈਡਿਟ ਕਾਰਡਾਂ ਦੀ ਵਰਤੋਂ ਕਰ ਰਹੇ ਸਨ। ਕਿਸੇ ਵਿਅਕਤੀ ਦੀ ਮੌਤ ਹੋਣ ’ਤੇ ਉਸ ਦੇ ਪਰਿਵਾਰ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ’ਚ ਮ੍ਰਿਤਕ ਦੀਆਂ ਵਿੱਤੀ ਦੇਣਦਾਰੀਆਂ ਨੂੰ ਸੰਭਾਲਣਾ ਵੀ ਸ਼ਾਮਲ ਹੈ। ਅਜਿਹੇ ’ਚ ਵੱਡਾ ਸਵਾਲ ਇਹ ਹੈ ਕਿ ਜੇਕਰ ਕਿਸੇ ਕ੍ਰੈਡਿਟ ਕਾਰਡਧਾਰਕ ਦੀ ਮੌਤ ਹੋ ਜਾਵੇ ਤਾਂ ਉਸ ਦੇ ਬਕਾਇਆ ਬਿੱਲ ਦਾ ਭੁਗਤਾਨ ਕੌਣ ਕਰੇਗਾ। ਪੜ੍ਹੋ ਮਨੋਜ ਕੁਮਾਰ ਦੀ ਇਹ ਰਿਪੋਰਟ...
ਸਭ ਤੋਂ ਪਹਿਲਾਂ ਕਿਸ ਦੀ ਜ਼ਿੰਮੇਵਾਰੀ?
ਭਾਰਤ ’ਚ ਕਿਸੇ ਵਿਅਕਤੀ ਦੀ ਮੌਤ ਤੋਂ ਬਾਅਦ ਉਸ ਦੇ ਕ੍ਰੈਡਿਟ ਕਾਰਡ ਦੇ ਬਕਾਏ ਦੀ ਅਦਾਇਗੀ ਦੀ ਜ਼ਿੰਮੇਵਾਰੀ ਤੈਅ ਕਰਨ ਲਈ ਸਪੱਸ਼ਟ ਕਾਨੂੰਨੀ ਨਿਯਮ ਹਨ। ਨਿਯਮਾਂ ਅਨੁਸਾਰ, ਜਦੋਂ ਕਿਸੇ ਕ੍ਰੈਡਿਟ ਕਾਰਡਧਾਰਕ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਬਕਾਇਆ ਕਰਜ਼ੇ ਦੀ ਅਦਾਇਗੀ ਉਸ ਦੀ ਜਾਇਦਾਦ (ਐਸਟੇਟ) ’ਚੋਂ ਕੀਤੀ ਜਾਣੀ ਚਾਹੀਦੀ ਹੈ। ਇਸ ’ਚ ਮੌਤ ਸਮੇਂ ਉਸ ਕੋਲ ਮੌਜੂਦ ਸਾਰੀਆਂ ਜਾਇਦਾਦਾਂ ਸ਼ਾਮਲ ਹੁੰਦੀਆਂ ਹਨ।
ਇਨ੍ਹਾਂ ਜਾਇਦਾਦਾਂ ’ਚ ਬੈਂਕ ਖਾਤਿਆਂ ਦੀ ਰਕਮ ਅਤੇ ਨਕਦੀ, ਫਿਕਸਡ ਡਿਪਾਜ਼ਿਟ ਤੇ ਨਿਵੇਸ਼, ਜਾਇਦਾਦ ਅਤੇ ਵਾਹਨ, ਅਜਿਹੀਆਂ ਬੀਮਾ ਪਾਲਿਸੀਆਂ ਜਿਨ੍ਹਾਂ ’ਚ ਕੋਈ ਨਾਮਜ਼ਦ ਵਿਅਕਤੀ ਨਾ ਹੋਵੇ ਅਤੇ ਹੋਰ ਕੀਮਤੀ ਸਾਮਾਨ ਸ਼ਾਮਲ ਹਨ।
ਆਰਬੀਆਈ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਕ੍ਰੈਡਿਟ ਕਾਰਡ ਜਾਰੀ ਕਰਨ ਵਾਲੀਆਂ ਸੰਸਥਾਵਾਂ ਦੇ ਵਸੂਲੀ ਏਜੰਟ ਕਾਰਡਧਾਰਕ ਦੇ ਪਰਿਵਾਰ ’ਤੇ ਬਕਾਇਆ ਰਕਮ ਵਸੂਲਣ ਲਈ ਦਬਾਅ ਨਹੀਂ ਪਾ ਸਕਦੇ। ਕਈ ਮਾਮਲਿਆਂ ’ਚ ਵੱਖ-ਵੱਖ ਅਦਾਲਤਾਂ ਵੀ ਕ੍ਰੈਡਿਟ ਕਾਰਡਧਾਰਕ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਬਕਾਇਆ ਰਕਮ ਦੀ ਅਦਾਇਗੀ ਤੋਂ ਰਾਹਤ ਦੇ ਚੁੱਕੀਆਂ ਹਨ।
ਕਾਨੂੰਨੀ ਵਾਰਸਾਂ ਦੀ ਸੀਮਤ ਜ਼ਿੰਮੇਵਾਰੀ
ਆਮ ਤੌਰ ’ਤੇ ਮੰਨਿਆ ਜਾਂਦਾ ਹੈ ਕਿ ਕਿਸੇ ਵਿਅਕਤੀ ਦੀ ਮੌਤ ਹੋਣ ’ਤੇ ਉਸ ਦੇ ਕ੍ਰੈਡਿਟ ਕਾਰਡ ਦਾ ਬਕਾਇਆ ਚੁਕਾਉਣ ਦੀ ਜ਼ਿੰਮੇਵਾਰੀ ਆਪਣੇ ਆਪ ਪਰਿਵਾਰਕ ਮੈਂਬਰਾਂ ’ਤੇ ਆ ਜਾਂਦੀ ਹੈ। ਅਸਲ ’ਚ ਕਾਨੂੰਨੀ ਵਾਰਸ ਸਿਰਫ਼ ਉਨੀ ਹੀ ਰਕਮ ਲਈ ਜ਼ਿੰਮੇਵਾਰ ਹੁੰਦੇ ਹਨ, ਜਿੰਨੀ ਕੀਮਤ ਦੀ ਜਾਇਦਾਦ ਉਨ੍ਹਾਂ ਨੂੰ ਵਿਰਾਸਤ ’ਚ ਮਿਲਦੀ ਹੈ।
ਮੰਨ ਲਓ ਕਿ ਕਿਸੇ ਵਿਅਕਤੀ ’ਤੇ ਕ੍ਰੈਡਿਟ ਕਾਰਡ ਦਾ 1.2 ਲੱਖ ਰੁਪਏ ਬਕਾਇਆ ਸੀ, ਜਦੋਂਕਿ ਉਸ ਦੇ ਕਾਨੂੰਨੀ ਵਾਰਸ ਨੂੰ ਵਿਰਾਸਤ ’ਚ ਸਿਰਫ਼ 80 ਹਜ਼ਾਰ ਰੁਪਏ ਦੀ ਜਾਇਦਾਦ ਮਿਲਦੀ ਹੈ। ਅਜਿਹੀ ਸਥਿਤੀ ’ਚ ਕਾਨੂੰਨੀ ਵਾਰਸ ਸਿਰਫ਼ 80 ਹਜ਼ਾਰ ਰੁਪਏ ਦੇ ਬਕਾਏ ਦੀ ਅਦਾਇਗੀ ਲਈ ਜ਼ਿੰਮੇਵਾਰ ਹੋਵੇਗਾ, ਨਾ ਕਿ ਪੂਰੇ 1.2 ਲੱਖ ਰੁਪਏ ਲਈ। ਜੇਕਰ ਵਿਰਾਸਤ ’ਚ ਕੋਈ ਜਾਇਦਾਦ ਨਹੀਂ ਮਿਲਦੀ ਤਾਂ ਆਮ ਤੌਰ ’ਤੇ ਵਾਰਸਾਂ ਨੂੰ ਕੁਝ ਵੀ ਅਦਾ ਕਰਨ ਦੀ ਲੋੜ ਨਹੀਂ ਹੁੰਦੀ।
ਕ੍ਰੈਡਿਟ ਕਾਰਡ ਦੀ ਕਿਸਮ ਅਨੁਸਾਰ ਜ਼ਿੰਮੇਵਾਰੀ
- ਨਿੱਜੀ ਕ੍ਰੈਡਿਟ ਕਾਰਡ: ਜੇਕਰ ਕ੍ਰੈਡਿਟ ਕਾਰਡ ਨਿੱਜੀ ਤੌਰ ’ਤੇ ਲਿਆ ਗਿਆ ਹੈ ਤਾਂ ਬਕਾਇਆ ਰਕਮ ਦੀ ਅਦਾਇਗੀ ਦੀ ਜ਼ਿੰਮੇਵਾਰੀ ਕਾਰਡਧਾਰਕ ਦੀ ਜਾਇਦਾਦ ਦੇ ਮੁੱਲ ਤੱਕ ਸੀਮਤ ਹੋਵੇਗੀ।
- ਸਾਂਝਾ ਕ੍ਰੈਡਿਟ ਕਾਰਡ: ਜੇਕਰ ਕ੍ਰੈਡਿਟ ਕਾਰਡ ਸਾਂਝੇ ਤੌਰ ’ਤੇ (ਦੋ ਜਾਂ ਇਸ ਤੋਂ ਵੱਧ ਵਿਅਕਤੀਆਂ ਵੱਲੋਂ) ਲਿਆ ਗਿਆ ਹੈ ਤਾਂ ਜਿਊਂਦਾ ਰਹਿਣ ਵਾਲਾ ਕਾਰਡਧਾਰਕ ਬਕਾਇਆ ਰਕਮ ਦੀ ਪੂਰੀ ਅਦਾਇਗੀ ਲਈ ਜ਼ਿੰਮੇਵਾਰ ਹੋਵੇਗਾ।
- ਸਿਰਫ਼ ਅਧਿਕਾਰਤ ਵਰਤੋਂਕਾਰ: ਕਈ ਵਾਰ ਕੰਪਨੀ ਜਾਂ ਫਰਮ ਵੱਲੋਂ ਮਾਲਕ ਜਾਂ ਹੋਰ ਮੁਲਾਜ਼ਮਾਂ ਨੂੰ ਸਿਰਫ਼ ਅਧਿਕਾਰਤ ਵਰਤੋਂ ਲਈ ਕ੍ਰੈਡਿਟ ਕਾਰਡ ਦਿੱਤਾ ਜਾਂਦਾ ਹੈ। ਅਜਿਹੇ ਮਾਮਲਿਆਂ ’ਚ ਵਰਤੋਂਕਾਰ ਦੀ ਮੌਤ ਹੋਣ ’ਤੇ ਉਹ ਨਿੱਜੀ ਤੌਰ ’ਤੇ ਬਕਾਇਆ ਰਕਮ ਲਈ ਜ਼ਿੰਮੇਵਾਰ ਨਹੀਂ ਹੋਵੇਗਾ।
ਕਾਰਡਧਾਰਕ ਦੀ ਮੌਤ ਤੋਂ ਬਾਅਦ ਕੀ ਕਰੀਏ?
- ਜਦੋਂ ਕਿਸੇ ਕ੍ਰੈਡਿਟ ਕਾਰਡਧਾਰਕ ਦੀ ਮੌਤ ਹੋ ਜਾਂਦੀ ਹੈ ਤਾਂ ਕਾਰਡ ਜਾਰੀ ਕਰਨ ਵਾਲੀ ਸੰਸਥਾ (ਬੈਂਕ) ਨੂੰ ਤੁਰੰਤ ਸੂਚਿਤ ਕਰਨਾ ਚਾਹੀਦਾ ਹੈ ਅਤੇ ਅੱਗੇ ਹੋਰ ਖ਼ਰਚੇ ਲੱਗਣ ਤੋਂ ਰੋਕਣ ਲਈ ਖਾਤਾ ਬੰਦ ਜਾਂ ਫ੍ਰੀਜ਼ ਕਰਨ ਦੀ ਬੇਨਤੀ ਕਰਨੀ ਚਾਹੀਦੀ ਹੈ।
- ਬੈਂਕ ਕੋਲ ਮੌਤ ਦਾ ਸਰਟੀਫਿਕੇਟ ਅਤੇ ਉਸ ਵੱਲੋਂ ਮੰਗੇ ਗਏ ਹੋਰ ਦਸਤਾਵੇਜ਼ ਜਮ੍ਹਾਂ ਕਰਵਾਉਣੇ ਚਾਹੀਦੇ ਹਨ। ਇਨ੍ਹਾਂ ’ਚ ਮੌਤ ਦਾ ਅਸਲ ਸਰਟੀਫਿਕੇਟ, ਮ੍ਰਿਤਕ ਦਾ ਪਛਾਣ ਪੱਤਰ, ਕਾਨੂੰਨੀ ਵਾਰਸ ਹੋਣ ਦਾ ਸਰਟੀਫਿਕੇਟ ਜਾਂ ਵਸੀਅਤ (ਜੇਕਰ ਉਪਲਬਧ ਹੋਵੇ) ਅਤੇ ਵਿਵਾਦ ਵਾਲੇ ਮਾਮਲਿਆਂ ’ਚ ਉੱਤਰਾਧਿਕਾਰ ਸਰਟੀਫਿਕੇਟ ਸ਼ਾਮਲ ਹਨ।
- ਕਾਰਡ ਜਾਰੀ ਕਰਨ ਵਾਲੀ ਸੰਸਥਾ ਤੋਂ ਕ੍ਰੈਡਿਟ ਕਾਰਡ ਦਾ ਵਿਸਤ੍ਰਿਤ ਵੇਰਵਾ ਮੰਗਣਾ ਚਾਹੀਦਾ ਹੈ। ਇਸ ’ਚ ਮੂਲ ਰਕਮ, ਵਿਆਜ ਅਤੇ ਹੋਰ ਸਾਰੇ ਖ਼ਰਚਿਆਂ ਸਮੇਤ ਬਕਾਇਆ ਰਕਮ ਦਾ ਵੇਰਵਾ ਹੋਣਾ ਚਾਹੀਦਾ ਹੈ।
- ਮੌਤ ਦੀ ਤਰੀਕ ਤੋਂ ਬਾਅਦ ਹੋਏ ਕਿਸੇ ਵੀ ਲੈਣ-ਦੇਣ ਦੀ ਧਿਆਨ ਨਾਲ ਜਾਂਚ ਕਰਨੀ ਚਾਹੀਦੀ ਹੈ। ਜੇਕਰ ਅਜਿਹਾ ਕੋਈ ਲੈਣ-ਦੇਣ ਸਾਹਮਣੇ ਆਉਂਦਾ ਹੈ ਤਾਂ ਉਸ ’ਤੇ ਇਤਰਾਜ਼ ਦਰਜ ਕਰਵਾਉਣਾ ਚਾਹੀਦਾ ਹੈ।
- ਮ੍ਰਿਤਕ ਦੀ ਜਾਇਦਾਦ ’ਚੋਂ ਬਕਾਇਆ ਰਕਮ ਦੀ ਅਦਾਇਗੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਜੇਕਰ ਜਾਇਦਾਦ ਦੀ ਕੀਮਤ ਬਕਾਇਆ ਰਕਮ ਤੋਂ ਘੱਟ ਹੈ ਤਾਂ ਬੈਂਕ ਨਾਲ ਗੱਲਬਾਤ ਕਰਕੇ ਸਮਝੌਤੇ ਰਾਹੀਂ ਮਾਮਲਾ ਨਿਪਟਾਉਣਾ ਚਾਹੀਦਾ ਹੈ।