₹30 ਸੀ ਤਨਖਾਹ, ਅੱਜ ਦੁਬਈ ਦੇ ਸ਼ੇਖ ਵੀ ਹਨ ਮੁਰੀਦ; ਉੱਚੀਆਂ ਇਮਾਰਤਾਂ ਬਣਾਉਣ ਵਾਲੇ ਮਾਸਟਰਮਾਈਂਡ ਦੀ ਕਹਾਣੀ, ਕਦੇ ਪੈੱਨ ਖਰੀਦਣ ਲਈ ਵੀ ਨਹੀਂ ਸਨ ਪੈਸੇ ਹਫੀਜ਼ ਕਾਂਟ੍ਰੈਕਟਰ ਨੇ NSE ਦੇ ਨਵੇਂ ਹੈੱਡਕੁਆਰਟਰ ਨੂੰ ਮੁੰਬਈ ਦੀ ਸਕਾਈਲਾਈਨ (ਸ਼ਹਿਰ ਦੇ ਨਜ਼ਾਰੇ) ਦੇ ਲਿਹਾਜ਼ ਨਾਲ ਜਿਸ ਤਰ੍ਹਾਂ ਡਿਜ਼ਾਈਨ ਕੀਤਾ ਹੈ, ਉਹ ਇਕ ਨਵਾਂ ਆਕਰਸ਼ਣ ਬਣ ਸਕਦਾ ਹੈ। ਇਸ ਪ੍ਰਾਜੈਕਟ 'ਚ ਸ਼ਾਮਲ ਹੋਣ ਨਾਲ ਕਾਂਟ੍ਰੈਕਟਰ ਦੇ ਪਹਿਲਾਂ ਤੋਂ ਹੀ ਸ਼ਾਨਦਾਰ ਪੋਰਟਫੋਲੀਓ 'ਚ ਇਕ ਹੋਰ ਵੱਡਾ ਨਾਂ ਜੁੜ ਗਿਆ ਹੈ।
Publish Date: Sat, 14 Nov 2026 01:06 PM (IST)
Updated Date: Sat, 14 Nov 2026 01:09 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਕੀ ਤੁਸੀਂ ਹਫੀਜ਼ ਕਾਂਟ੍ਰੈਕਟਰ ਦਾ ਨਾਂ ਸੁਣਿਆ ਹੈ? ਜੇਕਰ ਨਹੀਂ, ਤਾਂ ਦੱਸ ਦੇਈਏ ਕਿ ਉਹ ਭਾਰਤ ਦੇ ਪ੍ਰਮੁੱਖ ਆਰਕੀਟੈਕਟਾਂ 'ਚੋਂ ਇਕ ਹਨ ਅਤੇ ਪਦਮ ਭੂਸ਼ਣ ਨਾਲ ਸਨਮਾਨਿਤ ਹਨ। ਹਫੀਜ਼ ਇਕ ਵਾਰ ਫਿਰ ਚਰਚਾ 'ਚ ਆ ਗਏ ਹਨ। ਦਰਅਸਲ, ਉਨ੍ਹਾਂ ਨੇ ਨੈਸ਼ਨਲ ਸਟਾਕ ਐਕਸਚੇਂਜ (NSE) ਦੇ ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ (BKC) 'ਚ ਬਣਨ ਵਾਲੇ ਨਵੇਂ ਹੈੱਡਕੁਆਰਟਰ ਦਾ ਡਿਜ਼ਾਈਨ ਤਿਆਰ ਕੀਤਾ ਹੈ।
ਹਫੀਜ਼ ਕਾਂਟ੍ਰੈਕਟਰ ਨੇ NSE ਦੇ ਨਵੇਂ ਹੈੱਡਕੁਆਰਟਰ ਨੂੰ ਮੁੰਬਈ ਦੀ ਸਕਾਈਲਾਈਨ (ਸ਼ਹਿਰ ਦੇ ਨਜ਼ਾਰੇ) ਦੇ ਲਿਹਾਜ਼ ਨਾਲ ਜਿਸ ਤਰ੍ਹਾਂ ਡਿਜ਼ਾਈਨ ਕੀਤਾ ਹੈ, ਉਹ ਇਕ ਨਵਾਂ ਆਕਰਸ਼ਣ ਬਣ ਸਕਦਾ ਹੈ। ਇਸ ਪ੍ਰਾਜੈਕਟ 'ਚ ਸ਼ਾਮਲ ਹੋਣ ਨਾਲ ਕਾਂਟ੍ਰੈਕਟਰ ਦੇ ਪਹਿਲਾਂ ਤੋਂ ਹੀ ਸ਼ਾਨਦਾਰ ਪੋਰਟਫੋਲੀਓ 'ਚ ਇਕ ਹੋਰ ਵੱਡਾ ਨਾਂ ਜੁੜ ਗਿਆ ਹੈ।
ਕੀ-ਕੀ ਡਿਜ਼ਾਈਨ ਕੀਤਾ ਹੈ? ਕਾਂਟ੍ਰੈਕਟਰ ਦੇ ਪੋਰਟਫੋਲੀਓ 'ਚ ਗੁਰੂਗ੍ਰਾਮ 'ਚ DLF ਕੈਮੈਲਿਆਸ, ਦੁਬਈ 'ਚ 23 ਮਰੀਨਾ, ਨਵੀਂ ਮੁੰਬਈ 'ਚ ਡੀ.ਵਾਈ. ਪਾਟਿਲ ਸਟੇਡੀਅਮ ਅਤੇ ਮੁੰਬਈ 'ਚ ਦ ਇੰਪੀਰੀਅਲ ਟਾਵਰਜ਼ ਤੇ ਮਿਨਰਵਾ ਟਾਵਰਜ਼ ਵਰਗੇ ਪ੍ਰਮੁੱਖ ਪ੍ਰਾਜੈਕਟ ਸ਼ਾਮਲ ਹਨ।
ਕੌਣ ਹਨ ਹਫੀਜ਼ ਕਾਂਟ੍ਰੈਕਟਰ? 19 ਜੂਨ 1950 ਨੂੰ ਮੁੰਬਈ 'ਚ ਜਨਮੇ ਹਫੀਜ਼ ਸੋਰਾਬ ਕਾਂਟ੍ਰੈਕਟਰ ਇਕ ਆਰਕੀਟੈਕਟ ਅਤੇ ਅਰਬਨ ਡਿਜ਼ਾਈਨਰ ਹਨ। 1982 'ਚ ਸ਼ੁਰੂ ਕੀਤੀ ਗਈ 'ਆਰਕੀਟੈਕਟ ਹਫੀਜ਼ ਕਾਂਟ੍ਰੈਕਟਰ' (AHC) ਦੇ ਸੰਸਥਾਪਕ ਅਤੇ ਚੀਫ਼ ਆਰਕੀਟੈਕਟ ਹਫੀਜ਼ ਨੇ ਪਿਛਲੇ ਚਾਰ ਦਹਾਕਿਆਂ ਤੋਂ ਵੱਧ ਸਮੇਂ ਦੌਰਾਨ ਵੱਡੇ ਹਾਊਸਿੰਗ ਪ੍ਰਾਜੈਕਟਾਂ, ਹਾਈਰਾਈਜ਼ ਟਾਵਰਾਂ, ਕਮਰਸ਼ੀਅਲ ਇਮਾਰਤਾਂ, ਵਿਦਿਅਕ ਕੈਂਪਸਾਂ, ਖੇਡ ਸਹੂਲਤਾਂ ਅਤੇ ਜਨਤਕ ਬੁਨਿਆਦੀ ਢਾਂਚੇ ਦੇ ਡਿਜ਼ਾਈਨ ਲਈ ਆਪਣੀ ਪਛਾਣ ਬਣਾਈ ਹੈ।
ਕਦੇ ₹30 ਕਮਾਉਂਦੇ ਸਨ ਹਫੀਜ਼ ਇਕ ਪੁਰਾਣੇ ਇੰਟਰਵਿਊ 'ਚ ਹਫੀਜ਼ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਿਰਫ਼ 30 ਰੁਪਏ ਦੀ ਤਨਖਾਹ ਨਾਲ ਕੀਤੀ ਸੀ। ਹਫੀਜ਼ ਨੇ ਦੱਸਿਆ ਸੀ ਕਿ ਕੁਝ ਪੈਸੇ ਉਨ੍ਹਾਂ ਨੇ ਆਪਣੀ ਮਾਂ ਨੂੰ ਦਿੱਤੇ ਅਤੇ ਕੁਝ ਪੈਸਿਆਂ ਨਾਲ ਇਕ ਸਟੈਂਸਿਲ ਤੇ ਇਕ ਪੈੱਨ ਖਰੀਦਿਆ, ਜਿਸ ਨੂੰ ਖਰੀਦਣ ਦੀ ਉਹ ਕਈ ਮਹੀਨਿਆਂ ਤੋਂ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਨੇ ਆਪਣੇ ਸ਼ੁਰੂਆਤੀ ਸਾਲਾਂ ਨੂੰ ਸਖ਼ਤ ਮਿਹਨਤ ਦਾ ਦੌਰ ਦੱਸਿਆ ਹੈ। ਸ਼ੁਰੂਆਤੀ 14 ਸਾਲਾਂ ਤੱਕ ਉਹ ਰੋਜ਼ਾਨਾ ਲਗਪਗ 19 ਤੋਂ 20 ਘੰਟੇ ਕੰਮ ਕਰਦੇ ਸਨ। ਹਫੀਜ਼ ਦੇ ਪ੍ਰੋਫੈਸ਼ਨਲ ਕਰੀਅਰ ਦੀ ਸ਼ੁਰੂਆਤ 1968 'ਚ ਹੋਈ ਸੀ, ਜਦੋਂ ਉਹ ਆਰਕੀਟੈਕਟ ਟੀ. ਖਰੇਘਾਟ ਦੀ ਫਰਮ 'ਚ ਇਕ ਅਪ੍ਰੈਂਟਿਸ ਵਜੋਂ ਸ਼ਾਮਲ ਹੋਏ ਸਨ।
ਕਿੱਥੋਂ ਕੀਤੀ ਪੜ੍ਹਾਈ? ਹਫੀਜ਼ ਨੇ 1969 ਤੋਂ 1976 ਦਰਮਿਆਨ ਮੁੰਬਈ ਦੀ 'ਅਕੈਡਮੀ ਆਫ਼ ਆਰਕੀਟੈਕਚਰ' ਤੋਂ ਪੜ੍ਹਾਈ ਕੀਤੀ ਅਤੇ ਬਾਅਦ 'ਚ 1976 ਤੋਂ 1977 ਤੱਕ ਨਿਊਯਾਰਕ ਦੀ ਕੋਲੰਬੀਆ ਯੂਨੀਵਰਸਿਟੀ ਤੋਂ ਮਾਸਟਰ ਡਿਗਰੀ ਹਾਸਲ ਕੀਤੀ। ਪ੍ਰੋਫੈਸ਼ਨਲ ਤਜਰਬਾ ਹਾਸਲ ਕਰਨ ਤੋਂ ਬਾਅਦ ਕਾਂਟ੍ਰੈਕਟਰ ਨੇ 1982 'ਚ 'ਆਰਕੀਟੈਕਟ ਹਫੀਜ਼ ਕਾਂਟ੍ਰੈਕਟਰ' (ਫਰਮ) ਦੀ ਸਥਾਪਨਾ ਕੀਤੀ। ਕਾਂਟ੍ਰੈਕਟਰ ਦਾ ਨਾਂ ਭਾਰਤ ਅਤੇ ਵਿਦੇਸ਼ਾਂ ਦੀਆਂ ਕਈ ਪ੍ਰਮੁੱਖ ਇਮਾਰਤਾਂ ਅਤੇ ਪ੍ਰਾਜੈਕਟਾਂ ਨਾਲ ਜੁੜਿਆ ਹੋਇਆ ਹੈ।
ਹਫੀਜ਼ ਦੇ ਵੱਡੇ ਪ੍ਰਾਜੈਕਟਾਂ ਦੀ ਸੂਚੀ ਡੀਐਲਐਫ ਕੈਮੈਲਿਆਸ (DLF Camellias) - ਭਾਰਤ 'ਚ ਸਭ ਤੋਂ ਮਹਿੰਗੇ ਫਲੈਟਾਂ ਵਾਲੀਆਂ ਇਮਾਰਤਾਂ 'ਚੋਂ ਇਕ।
ਦੁਬਈ 'ਚ 23 ਮਰੀਨਾ (23 Marina) - 380 ਮੀਟਰ ਉੱਚੀ ਗਗਨਚੁੰਬੀ ਇਮਾਰਤ।
ਨਵੀਂ ਮੁੰਬਈ ਦਾ ਡੀ.ਵਾਈ. ਪਾਟਿਲ ਸਟੇਡੀਅਮ (D.Y. Patil Stadium) - ਪ੍ਰਮੁੱਖ ਸਪੋਰਟਸ ਆਰਕੀਟੈਕਚਰ ਪ੍ਰਾਜੈਕਟਾਂ 'ਚੋਂ ਇਕ।
ਇੰਪੀਰੀਅਲ ਟਾਵਰਜ਼ (Imperial Towers) - ਮੁੰਬਈ ਦੇ ਸਭ ਤੋਂ ਮਸ਼ਹੂਰ ਰਿਹਾਇਸ਼ੀ ਹਾਈਰਾਈਜ਼ ਪ੍ਰਾਜੈਕਟਾਂ 'ਚੋਂ ਇਕ, ਜੋ ਲਗਪਗ 253 ਮੀਟਰ ਉੱਚੇ ਹਨ ਅਤੇ ਫਰਮ ਦੇ ਸ਼ਾਨਦਾਰ ਪ੍ਰਾਜੈਕਟਾਂ 'ਚ ਸ਼ਾਮਲ ਹਨ।
ਮਿਨਰਵਾ ਟਾਵਰਜ਼ (Minerva Towers) - ਮੁੰਬਈ ਦਾ ਇਕ ਹੋਰ ਵੱਡਾ ਪ੍ਰਾਜੈਕਟ, ਜਿਸ ਦੀ ਉਚਾਈ ਲਗਪਗ 300 ਮੀਟਰ ਹੈ।
ਕੋਲਕਾਤਾ ਦੀ ਦ 42 (The 42) - ਲਗਪਗ 249 ਮੀਟਰ ਉੱਚੀ ਗਗਨਚੁੰਬੀ ਇਮਾਰਤ।
ਡੀਐਲਐਫ ਸਾਈਬਰ ਸਿਟੀ (DLF Cyber City) - ਗੁਰੂਗ੍ਰਾਮ 'ਚ ਸਥਿਤ ਕਾਂਟ੍ਰੈਕਟਰ ਦੇ ਕੰਮ ਨਾਲ ਜੁੜਿਆ ਇਕ ਵੱਡਾ ਕਮਰਸ਼ੀਅਲ ਪ੍ਰਾਜੈਕਟ।
ਹੀਰਾਨੰਦਾਨੀ ਗਾਰਡਨਜ਼ (Hiranandani Gardens) - ਮੁੰਬਈ ਦੇ ਪਵਈ 'ਚ ਸਥਿਤ ਇਕ ਵੱਡਾ ਏਕੀਕ੍ਰਿਤ ਰਿਹਾਇਸ਼ੀ ਪ੍ਰਾਜੈਕਟ।