ਵਿਜੇ ਮਾਲਿਆ ਦਾ ਪਤਨ: ਅੱਜ ਦੇ ਦਿਨ ਕਿੰਗਫਿਸ਼ਰ ਨੇ ਭਰੀ ਸੀ ਆਖ਼ਰੀ ਉਡਾਣ, ਫਿਰ ਕੰਗਾਲੀ 'ਚ ਡੁੱਬਦੇ ਗਏ ਮਾਲਿਆ; ਪੜ੍ਹੋ ਪੂਰਾ ਇਤਿਹਾਸ
Kingfisher Airlines ਦੇ ਬੰਦ ਹੋਣ ਤਕ ਭਾਰਤੀ ਬੈਂਕਾਂ ਦਾ ਇਸ 'ਤੇ ਲਗਪਗ 7,000 ਕਰੋੜ ਰੁਪਏ ਤੋਂ ਲੈ ਕੇ 9,000 ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਬਕਾਇਆ ਸੀ। ਮਾਲਿਆ ਇਸ ਕਰਜ਼ੇ ਨੂੰ ਚੁਕਾਉਣ 'ਚ ਪੂਰੀ ਤਰ੍ਹਾਂ ਅਸਫ਼ਲ ਰਹੇ।
Publish Date: Tue, 20 Oct 2026 01:26 PM (IST)
Updated Date: Tue, 20 Oct 2026 01:30 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ: ਵਿਜੇ ਮਾਲਿਆ ਦਾ ਨਾਂ ਤਾਂ ਤੁਸੀਂ ਸੁਣਿਆ ਹੀ ਹੋਵੇਗਾ। ਮਾਲਿਆ ਇੱਕ ਭਾਰਤੀ ਕਾਰੋਬਾਰੀ ਤੇ ਸਾਬਕਾ ਸਿਆਸਤਦਾਨ ਰਹੇ ਹਨ। ਉਨ੍ਹਾਂ ਨੂੰ ਭਾਰਤੀ ਅਦਾਲਤਾਂ ਵੱਲੋਂ ਭਗੌੜਾ ਆਰਥਿਕ ਅਪਰਾਧੀ ਐਲਾਨਿਆ ਜਾ ਚੁੱਕਾ ਹੈ ਤੇ ਉਹ ਇਸ ਸਮੇਂ ਯੂਨਾਈਟਿਡ ਕਿੰਗਡਮ (ਯੂਕੇ) 'ਚ ਰਹਿ ਰਹੇ ਹਨ। ਭਾਰਤ ਸਰਕਾਰ ਵਿੱਤੀ ਧੋਖਾਧੜੀ ਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਦਾ ਸਾਹਮਣਾ ਕਰਨ ਲਈ ਉਨ੍ਹਾਂ ਨੂੰ ਹਵਾਲਗੀ (Extradition) ਰਾਹੀਂ ਭਾਰਤ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। (Vijay Mallya Downfall)
ਇਕ ਸਮਾਂ ਅਜਿਹਾ ਵੀ ਸੀ, ਜਦੋਂ ਆਪਣੀ ਆਲੀਸ਼ਾਨ ਜੀਵਨਸ਼ੈਲੀ ਕਾਰਨ ਮਾਲਿਆ ਨੂੰ ‘ਕਿੰਗ ਆਫ ਗੁੱਡ ਟਾਈਮਜ਼’ ਕਿਹਾ ਜਾਂਦਾ ਸੀ। ਅੱਜ ਦੀ ਤਰੀਕ ਯਾਨੀ 20 ਅਕਤੂਬਰ, ਮਾਲਿਆ ਦੇ ਸਾਮਰਾਜ ਦੇ ਪਤਨ ਨਾਲ ਜੁੜੀ ਹੋਈ ਹੈ। ਆਓ ਜਾਣਦੇ ਹਾਂ ਅੱਜ ਦੇ ਦਿਨ ਦਾ ਇਤਿਹਾਸ ਅਤੇ ਵਿਜੇ ਮਾਲਿਆ ਦੀ ਪੂਰੀ ਕਹਾਣੀ।
ਕੀ ਹੈ ਅੱਜ ਦਾ ਇਤਿਹਾਸ?
ਵਿਜੇ ਮਾਲਿਆ ਦੇ ਪਤਨ ਦੇ ਇਤਿਹਾਸ 'ਚ 20 ਅਕਤੂਬਰ ਦੀ ਤਰੀਕ ਇਕ ਵੱਡਾ ਮੋੜ ਸਾਬਤ ਹੋਈ ਸੀ। 20 ਅਕਤੂਬਰ 2012 ਨੂੰ ਹਵਾਬਾਜ਼ੀ ਖੇਤਰ ਦੇ ਰੈਗੂਲੇਟਰ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (DGCA) ਨੇ ਵਿਜੇ ਮਾਲਿਆ ਦੀ ਏਅਰਲਾਈਨ ਕੰਪਨੀ ਕਿੰਗਫਿਸ਼ਰ ਏਅਰਲਾਈਨਜ਼ ਦਾ ਸੰਚਾਲਨ ਲਾਇਸੈਂਸ (ਪਰਮਿਟ) ਮੁਅੱਤਲ ਕਰ ਦਿੱਤਾ ਸੀ। ਇਹ ਘਟਨਾ ਮਾਲਿਆ ਦੇ ‘ਕਿੰਗ ਆਫ ਗੁੱਡ ਟਾਈਮਜ਼’ ਤੋਂ ਭਾਰਤ ਦੇ ‘ਭਗੌੜੇ ਆਰਥਿਕ ਅਪਰਾਧੀ’ ਬਣਨ ਦੇ ਸਫ਼ਰ ਦਾ ਇਕ ਅਹਿਮ ਮੋੜ ਸੀ।
ਲਾਇਸੈਂਸ ਰੱਦ ਹੋਣਾ: 20 ਅਕਤੂਬਰ 2012
ਗੰਭੀਰ ਵਿੱਤੀ ਸੰਕਟ, ਮੁਲਾਜ਼ਮਾਂ ਨੂੰ ਤਨਖ਼ਾਹ ਨਾ ਮਿਲਣ ਕਾਰਨ ਹੜਤਾਲ ਤੇ ਉਡਾਣਾਂ 'ਚ ਲਗਾਤਾਰ ਰੁਕਾਵਟਾਂ ਤੋਂ ਬਾਅਦ DGCA ਨੇ ਇਸੇ ਦਿਨ ਕਿੰਗਫਿਸ਼ਰ ਏਅਰਲਾਈਨਜ਼ ਦਾ ਫਲਾਈਟ ਲਾਇਸੈਂਸ ਮੁਅੱਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਇਹ ਏਅਰਲਾਈਨ ਮੁੜ ਕਦੇ ਉਡਾਣ ਨਹੀਂ ਭਰ ਸਕੀ।
ਕਰਜ਼ੇ ਦਾ ਪਹਾੜ
ਕਿੰਗਫਿਸ਼ਰ ਏਅਰਲਾਈਨਜ਼ ਦੇ ਬੰਦ ਹੋਣ ਤਕ ਭਾਰਤੀ ਬੈਂਕਾਂ ਦਾ ਇਸ 'ਤੇ ਲਗਪਗ 7,000 ਕਰੋੜ ਰੁਪਏ ਤੋਂ ਲੈ ਕੇ 9,000 ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਬਕਾਇਆ ਸੀ। ਮਾਲਿਆ ਇਸ ਕਰਜ਼ੇ ਨੂੰ ਚੁਕਾਉਣ 'ਚ ਪੂਰੀ ਤਰ੍ਹਾਂ ਅਸਫ਼ਲ ਰਹੇ।
ਸਾਮਰਾਜ ਦੀ ਸ਼ੁਰੂਆਤ
1983 'ਚ ਆਪਣੇ ਪਿਤਾ ਵਿਟੱਠਲ ਮਾਲਿਆ ਦੇ ਅਚਾਨਕ ਦੇਹਾਂਤ ਤੋਂ ਬਾਅਦ, ਸਿਰਫ਼ 28 ਸਾਲ ਦੀ ਉਮਰ 'ਚ ਵਿਜੇ ਮਾਲਿਆ ਨੇ ਯੂਨਾਈਟਿਡ ਬ੍ਰੂਅਰੀਜ਼ (UB) ਗਰੁੱਪ ਦੀ ਕਮਾਨ ਸੰਭਾਲੀ। ਉਨ੍ਹਾਂ ਨੇ ‘ਕਿੰਗਫਿਸ਼ਰ’ ਨੂੰ ਇਕ ਵੱਡਾ ਗਲੋਬਲ ਬ੍ਰਾਂਡ ਬਣਾਇਆ।
ਉਨ੍ਹਾਂ ਨੇ ਫਾਰਮੂਲਾ ਵਨ ਟੀਮ ਫੋਰਸ ਇੰਡੀਆ ਅਤੇ ਆਈਪੀਐੱਲ ਟੀਮ ਰਾਇਲ ਚੈਲੰਜਰਜ਼ ਬੈਂਗਲੁਰੂ (RCB) 'ਚ ਵੀ ਨਿਵੇਸ਼ ਕੀਤਾ। ਇਸ ਤੋਂ ਇਲਾਵਾ ਉਹ ਰਾਜ ਸਭਾ ਦੇ ਮੈਂਬਰ ਵੀ ਰਹੇ।
ਪਤਨ ਦੀ ਸ਼ੁਰੂਆਤ: 2005 ਤੋਂ 2012
ਸਾਲ 2005 'ਚ ਮਾਲਿਆ ਨੇ ਆਲੀਸ਼ਾਨ ਹਵਾਈ ਸੇਵਾ ਦੇਣ ਵਾਲੀ ਕਿੰਗਫਿਸ਼ਰ ਏਅਰਲਾਈਨਜ਼ ਦੀ ਸ਼ੁਰੂਆਤ ਕੀਤੀ। ਪਰ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਵਿਸ਼ਵਵਿਆਪੀ ਆਰਥਿਕ ਮੰਦੀ ਕਾਰਨ ਕੰਪਨੀ ਭਾਰੀ ਘਾਟੇ 'ਚ ਡੁੱਬ ਗਈ। ਇਸ ਤੋਂ ਬਾਅਦ ਮਾਰਚ 2016 'ਚ ਬੈਂਕਾਂ ਵੱਲੋਂ ਕਾਨੂੰਨੀ ਕਾਰਵਾਈ ਤੇਜ਼ ਕੀਤੇ ਜਾਣ ਅਤੇ ਲੁੱਕਆਊਟ ਨੋਟਿਸ ਜਾਰੀ ਹੋਣ ਤੋਂ ਪਹਿਲਾਂ ਹੀ ਮਾਲਿਆ ਭਾਰਤ ਛੱਡ ਕੇ ਲੰਡਨ ਚਲੇ ਗਏ।
ਭਾਰਤੀ ਅਦਾਲਤਾਂ ਨੇ ਉਨ੍ਹਾਂ ਨੂੰ ਭਗੌੜਾ ਆਰਥਿਕ ਅਪਰਾਧੀ (Fugitive Economic Offender) ਐਲਾਨਿਆ। ਭਾਰ ਸਰਕਾਰ ਲਗਾਤਾਰ ਬ੍ਰਿਟੇਨ ਤੋਂ ਉਨ੍ਹਾਂ ਦੀ ਹਵਾਲਗੀ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਹਾਲਾਂਕਿ ਕਾਨੂੰਨੀ ਕਾਰਵਾਈਆਂ ਕਾਰਨ ਇਸ ਪ੍ਰਕਿਰਿਆ 'ਚ ਦੇਰੀ ਹੋ ਰਹੀ ਹੈ।