
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬਾਜ਼ਾਰ ਵਿਚ ਆਸਾਨੀ ਨਾਲ ਉਪਲਬਧਤਾ ਵਧਾਉਣ ਲਈ ਦਰਾਮਦ ਦਾ ਸਹਾਰਾ ਲਿਆ ਜਾ ਰਿਹਾ ਹੈ, ਜਦਕਿ ਵਪਾਰੀਆਂ ਦੀ ਜਮ੍ਹਾਖੋਰੀ ਰੋਕਣ ਲਈ ਭੰਡਾਰ-ਹੱਦ ਤੈਅ ਕਰਨ ਦੇ ਨਾਲ-ਨਾਲ ਨਿਗਰਾਨੀ ਵੀ ਵਧਾਈ ਗਈ ਹੈ। ਘਰੇਲੂ ਉਤਪਾਦਨ ਵਧਾਉਣ ਲਈ ਨਵੇਂ ਗੰਨੇ ਦੇ ਸੀਜ਼ਨ ਵਿਚ ਜਲਦੀ ਪਿੜਾਈ ਸ਼ੁਰੂ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।

ਅਰਵਿੰਦ ਸ਼ਰਮਾ, ਜਾਗਰਣ , ਨਵੀਂ ਦਿੱਲੀ : ਤਿਉਹਾਰੀ ਸੀਜ਼ਨ ਤੋਂ ਪਹਿਲਾਂ ਦੇਸ਼ ਵਿਚ ਖੰਡ ਦੀਆਂ ਕੀਮਤਾਂ ਬੇਕਾਬੂ ਹੋ ਗਈਆਂ ਹਨ। ਪਿਛਲੇ ਇਕ ਮਹੀਨੇ ਦੌਰਾਨ ਖੰਡ ਦੀ ਕੀਮਤ 48.18 ਰੁਪਏ ਤੋਂ ਵੱਧ ਕੇ 65 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਗਈ ਹੈ। ਇਸ ਦਾ ਮਤਲਬ ਹੈ ਕਿ ਇਕ ਕਿੱਲੋ ’ਤੇ ਕਰੀਬ 17 ਰੁਪਏ ਦਾ ਵਾਧਾ ਹੋਇਆ ਹੈ। ਪ੍ਰਚੂਨ ਬਾਜ਼ਾਰ ਵਿਚ ਖੰਡ ਹੁਣ 70 ਰੁਪਏ ਪ੍ਰਤੀ ਕਿੱਲੋ ਦੇ ਭਾਅ ’ਤੇ ਵੇਚੀ ਜਾ ਰਹੀ ਹੈ। ਇਸ ਤੋਂ ਚਿੰਤਤ ਸਰਕਾਰ ਕੀਮਤਾਂ ’ਤੇ ਕਾਬੂ ਪਾਉਣ ਲਈ ਤਿੰਨ ਪੱਧਰਾਂ ’ਤੇ ਕੰਮ ਕਰ ਰਹੀ ਹੈ।
ਬਾਜ਼ਾਰ ਵਿਚ ਆਸਾਨੀ ਨਾਲ ਉਪਲਬਧਤਾ ਵਧਾਉਣ ਲਈ ਦਰਾਮਦ ਦਾ ਸਹਾਰਾ ਲਿਆ ਜਾ ਰਿਹਾ ਹੈ, ਜਦਕਿ ਵਪਾਰੀਆਂ ਦੀ ਜਮ੍ਹਾਖੋਰੀ ਰੋਕਣ ਲਈ ਭੰਡਾਰ-ਹੱਦ ਤੈਅ ਕਰਨ ਦੇ ਨਾਲ-ਨਾਲ ਨਿਗਰਾਨੀ ਵੀ ਵਧਾਈ ਗਈ ਹੈ। ਘਰੇਲੂ ਉਤਪਾਦਨ ਵਧਾਉਣ ਲਈ ਨਵੇਂ ਗੰਨੇ ਦੇ ਸੀਜ਼ਨ ਵਿਚ ਜਲਦੀ ਪਿੜਾਈ ਸ਼ੁਰੂ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਖੰਡ ਦੀਆਂ ਕੀਮਤਾਂ ਵਿਚ ਤੇਜ਼ੀ ਲਈ ਈਥਾਨੌਲ ਨੀਤੀ ਨੂੰ ਜ਼ਿੰਮੇਵਾਰ ਮੰਨਣ ਤੋਂ ਇਨਕਾਰ ਕੀਤਾ ਹੈ। ਇਹ ਵੀ ਕਿਹਾ ਗਿਆ ਹੈ ਕਿ ਅਕਤੂਬਰ ਵਿਚ ਪਿੜਾਈ ਸ਼ੁਰੂ ਹੋਣ ਤੱਕ ਘਰੇਲੂ ਮੰਗ ਪੂਰੀ ਕਰਨ ਲਈ ਢੁਕਵਾਂ ਸਟਾਕ ਮੌਜੂਦ ਹੈ। ਹਾਲਾਂਕਿ, ਕੀਮਤਾਂ ਵਿਚ ਤੇਜ਼ ਵਾਧਾ ਘੱਟ ਭੰਡਾਰ ਦਾ ਸੰਕੇਤ ਲੱਗਦਾ ਹੈ।
ਸਰਕਾਰ ਨੇ ਖੰਡ ਦੀਆਂ ਕੀਮਤਾਂ ਵਿਚ ਵਾਧੇ ਦੇ ਪਿੱਛੇ ਕੁਝ ਖੰਡ ਮਿੱਲਾਂ ਅਤੇ ਮੁਨਾਫ਼ਾਖੋਰਾਂ ਦੀ ਜਮ੍ਹਾਖੋਰੀ ਅਤੇ ਸੱਟੇਬਾਜ਼ੀ ਦੀ ਸੰਭਾਵਨਾ ਪ੍ਰਗਟਾਈ ਹੈ। ਇਸ ਨੂੰ ਰੋਕਣ ਲਈ 30 ਨਵੰਬਰ ਤੱਕ ਕਾਰੋਬਾਰੀਆਂ ਲਈ 400 ਟਨ ਦੀ ਸਟਾਕ ਹੱਦ ਲਾਗੂ ਕੀਤੀ ਗਈ ਹੈ। ਇਕ ਸਤੰਬਰ ਤੋਂ ਥੋਕ ਖਪਤਕਾਰ ਵੀ ਆਪਣੀ 15 ਦਿਨਾਂ ਦੀ ਖਪਤ ਤੋਂ ਵੱਧ ਸਟਾਕ ਨਹੀਂ ਰੱਖ ਸਕਣਗੇ। ਜਮ੍ਹਾਖੋਰੀ ਰੋਕਣ ਲਈ ਕੇਂਦਰ ਅਤੇ ਸੂਬਿਆਂ ਦੀਆਂ ਸਾਂਝੀਆਂ ਟੀਮਾਂ ਖੰਡ ਮਿਲਾਂ ਵਿਚ ਸਟਾਕ ਦਾ ਭੌਤਿਕ ਤਸਦੀਕ ਕਰਨਗੀਆਂ।
ਬਾਜ਼ਾਰ ਵਿਚ ਤੁਰੰਤ ਉਪਲਬਧਤਾ ਵਧਾਉਣ ਲਈ 10 ਲੱਖ ਟਨ ਖੰਡ ਦੀ ਕਸਟਮ ਰਹਿਤ ਦਰਾਮਦ ਕੀਤੀ ਜਾਵੇਗਾ। ਅਗਸਤ ਤੋਂ ਨਵੰਬਰ ਦਰਮਿਆਨ ਗਣੇਸ਼ ਚਤੁਰਥੀ, ਦਸਹਿਰਾ ਅਤੇ ਦੀਵਾਲੀ ਵਰਗੇ ਤਿਉਹਾਰਾਂ ਕਾਰਨ ਮੰਗ ਵਧਦੀ ਹੈ। ਦੂਜੇ ਪਾਸੇ ਨਵੀਂ ਪਿੜਾਈ ਅਕਤੂਬਰ ਵਿਚ ਸ਼ੁਰੂ ਹੋਵੇਗੀ। ਇਸ ਤਰ੍ਹਾਂ ਅਗਲੇ ਡੇਢ-ਦੋ ਮਹੀਨੇ ਬਾਜ਼ਾਰ ਲਈ ਅਹਿਮ ਹੋਣਗੇ।
ਭਾਰਤ ਵਿਚ ਹਰ ਸਾਲ ਔਸਤ 320-340 ਲੱਖ ਟਨ ਖੰਡ ਬਣਦੀ ਹੈ ਜਦਕਿ ਘਰੇਲੂ ਜ਼ਰੂਰਤ 280-290 ਲੱਖ ਟਨ ਹੈ। ਇਸ ਤਰ੍ਹਾਂ 40-50 ਲੱਖ ਟਨ ਦਾ ਸਟਾਕ ਰਹਿੰਦਾ ਹੈ। ਇਸ ਵਾਰ ਉਤਪਾਦਨ ਘਟਣ ਕਾਰਨ ਸਟਾਕ ’ਤੇ ਅਸਰ ਪਿਆ ਹੈ। ਮੌਜੂਦਾ ਸੀਜ਼ਨ ਵਿਚ ਖੰਡ ਉਤਪਾਦਨ ਦਾ ਮੁੱਢਲਾ ਅਨੁਮਾਨ ਕਰੀਬ 343 ਲੱਖ ਟਨ ਸੀ, ਜੋ ਘੱਟ ਕੇ ਕਰੀਬ 306 ਲੱਖ ਟਨ ਰਹਿ ਗਿਆ ਹੈ। ਇਸ ਦਾ ਮਤਲਬ ਹੈ ਕਿ ਅਨੁਮਾਨ ਤੋਂ ਕਰੀਬ 37 ਲੱਖ ਟਨ ਘੱਟ। ਇਸ ਦੀ ਮੁੱਖ ਵਜ੍ਹਾ ਗੰਨੇ ਵਿਚ ਰੈੱਡ ਰਾਟ ਅਤੇ ‘ਟਾਪ ਬੋਰਰ’ ਰੋਗ ਨੂੰ ਦੱਸਿਆ ਗਿਆ ਹੈ। ਇਸ ਦੇ ਨਾਲ ਹੀ ਬਹੁਤ ਜ਼ਿਆਦਾ ਬਾਰਿਸ਼ ਕਾਰਨ ਗੰਨੇ ਦੇ ਉਤਪਾਦਨ ਵਿਚ ਕਮੀ ਵੀ ਵੱਡੀ ਵਜ੍ਹਾ ਹੈ।
ਆਲਮੀ ਬਾਜ਼ਾਰ ਵਿਚ ਵੀ ਖੰਡ ਦੀ ਉਪਲਬਧਤਾ ਤੰਗ ਹੈ। 2026-27 ਵਿਚ ਦੁਨੀਆ ਵਿਚ ਕਰੀਬ 33 ਲੱਖ ਟਨ ਖੰਡ ਦੀ ਕਮੀ ਦਾ ਅਨੁਮਾਨ ਹੈ। ਕੌਮਾਂਤਰੀ ਕੀਮਤ 30 ਜੂਨ ਦੇ 474 ਡਾਲਰ ਪ੍ਰਤੀ ਟਨ ਤੋਂ ਵੱਧ ਕੇ 20 ਅਗਸਤ ਨੂੰ 552 ਡਾਲਰ ਹੋ ਗਈ। ਦੋ ਮਹੀਨੇ ਤੋਂ ਵੀ ਘੱਟ ਸਮੇਂ ਵਿਚ 16 ਫ਼ੀਸਦ ਤੋਂ ਵੱਧ ਦਾ ਵਾਧਾ ਹੋਇਆ ਹੈ। ਇਸ ਨਾਲ ਦਰਾਮਦ ਵੀ ਸਸਤਾ ਬਦਲ ਨਹੀਂ ਰਹਿ ਗਈ। ਫਿਰ ਵੀ ਘਰੇਲੂ ਪਹੁੰਚ ਵਧਾਉਣ ਲਈ 10 ਲੱਖ ਟਨ ਕੱਚੀ ਖੰਡ ਦੀ ਕਸਟਮ ਮੁਕਤ ਦਰਾਮਦ ਕੀਤੀ ਜਾ ਰਹੀ ਹੈ।
ਈਥਾਨੌਲ ਨੀਤੀ ਦਾ ਬਚਾਅ ਕਰਦਿਆਂ ਸਰਕਾਰ ਦਾ ਦਾਅਵਾ ਹੈ ਕਿ ਸਾਲ 2022-23 ਵਿਚ ਈਥਾਨੌਲ ਲਈ 12 ਫ਼ੀਸਦ ਖੰਡ ਡਾਇਵਰਟ ਕੀਤੀ ਗਈ ਸੀ, ਜੋ ਇਸ ਵਾਰ ਘੱਟ ਕੇ 9 ਫ਼ੀਸਦ ਰਹਿ ਗਈ ਹੈ। ਦੇਸ਼ ਵਿਚ ਬਣਨ ਵਾਲੇ ਈਥਾਨੌਲ ਦਾ ਕਰੀਬ ਤਿੰਨ-ਚੌਥਾਈ ਹਿੱਸਾ ਹੁਣ ਅਨਾਜ ਅਤੇ ਖ਼ਾਸਕਰ ਮੱਕੀ ਤੋਂ ਬਣਾਇਆ ਜਾ ਰਿਹਾ ਹੈ। ਵਾਧੂ ਖੰਡ ਨੂੰ ਈਥਾਨੌਲ ਵਿਚ ਬਦਲਣ ਨਾਲ ਖੰਡ ਮਿਲਾਂ ਦੀ ਹਾਲਤ ਸੁਧਰੀ ਹੈ ਅਤੇ ਕਿਸਾਨਾਂ ਨੂੰ ਭੁਗਤਾਨ ਵਿਚ ਮਦਦ ਮਿਲੀ ਹੈ। ਸਰਕਾਰ ਨੇ ਖੰਡ ਮਿੱਲਾਂ ਨੂੰ 15 ਅਕਤੂਬਰ ਤੋਂ ਪਿੜਾਈ ਸ਼ੁਰੂ ਕਰਨ ਦੀ ਬੇਨਤੀ ਕੀਤੀ ਹੈ।
ਖ਼ਾਸ ਸ਼ਹਿਰਾਂ ’ਚ ਖੰਡ ਦਾ ਭਾਅ (21 ਅਗਸਤ)
| ਸ਼ਹਿਰ | ਭਾਅ |
|----------------|-----------|
| ਦਿੱਲੀ | 6,457.50 |
| ਕਾਨਪੁਰ | 6,510.00 |
| ਕੋਲ੍ਹਾਪੁਰ | 6,667.50 |
| ਕੋਲਕਾਤਾ | 6,720.00 |
| ਮੁਜ਼ੱਫ਼ਰਪੁਰ | 6,405.00 |
| ਅਹਿਮਦਾਬਾਦ | 6,615.00 |
| ਬੈਂਗਲੁਰੂ | 6,720.00 |
| ਚੇਨਈ | 6,772.50 |
--(ਭਾਅ ਰੁਪਏ ਪ੍ਰਤੀ ਕੁਇੰਟਲ, ਜੀਐੱਸਟੀ ਸਮੇਤ)
---------
ਇਕ ਮਹੀਨੇ ’ਚ 33 ਫ਼ੀਸਦ ਤੱਕ ਵਧੇ ਖੰਡ ਕੰਪਨੀਆਂ ਦੇ ਸ਼ੇਅਰ
| ਕੰਪਨੀ | 21 ਜੁਲਾਈ | 21 ਅਗਸਤ | ਵਾਧਾ (% ’ਚ) |
|-----
| ਧਾਮਪੁਰ ਸ਼ੂਗਰ ਮਿਲਜ਼ | 145.55 | 184.85 | 27 |
| ਰਾਣਾ ਸ਼ੂਗਰਜ਼ ਲਿਮਟਿਡ | 11.90 | 14.94 | 25.54 |
| ਤ੍ਰਿਵੇਣੀ ਇੰਜੀਨੀਅਰਿੰਗ | 276.30 | 295.40 | 6.91 |
| ਸ਼ਕਤੀ ਸ਼ੂਗਰਜ਼ ਲਿਮਟਿਡ | 17.45 | 21.10 | 20.91 |
| ਮਵਾਨਾ ਸ਼ੂਗਰ | 116.65 | 152.95 | 31.11 |
| ਬਜਾਜ ਹਿੰਦੁਸਤਾਨ ਸ਼ੂਗਰ | 17.35 | 23.16 | 33.48 |
| ਬਲਰਾਮਪੁਰ ਖੰਡ ਮਿਲਜ਼ | 617.45 | 729.75 | 18.18 |
| ਦੁਆਰਕੇਸ਼ ਸ਼ੂਗਰ ਇੰਡਸਟ੍ਰੀਜ਼ | 43.71 | 53.60 | 22.62 |
| ਸ੍ਰੀ ਰੇਣੁਕਾ ਸ਼ੂਗਰਜ਼ | 22.23 | 25.13 | 13.04 |
(ਨੋਟ: ਸ਼ੇਅਰ ਮੁੱਲ ਰੁਪਏ ਪ੍ਰਤੀ ਇਕਾਈ ’ਚ। ਸਰੋਤ: ਬੀਐੱਸਈ)