- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰੀ ਅੰਕੜਿਆਂ ਮੁਤਾਬਕ ਜੁਲਾਈ 2026 ਵਿਚ ਚੀਨ ਤੋਂ ਸਟੇਨਲੈਸ ਸਟੀਲ ਫਲੈਟ ਉਤਪਾਦਾਂ ਦੀ ਦਰਾਮਦ 53,271 ਮੀਟ੍ਰਿਕ ਟਨ ਰਹੀ। ਇਹ ਵਿੱਤੀ ਸਾਲ 2026 ਦੌਰਾਨ ਔਸਤ ਮਹੀਨਾਵਾਰ ਦਰਾਮਦ-18,576 ਮੀਟ੍ਰਿਕ ਟਨ ਦਾ ਲਗਪਗ 2.9 ਗੁਣਾ ਹੈ।

ਜਾਗਰਣ ਬਿਊਰੋ, ਨਵੀਂ ਦਿੱਲੀ : ਵਾਧੂ ਸਮਰੱਥਾ ਅਤੇ ਘਰੇਲੂ ਮੰਗ ਵਿਚ ਕਮੀ ਕਾਰਨ ਚੀਨ ਦੀਆਂ ਸਟੀਲ ਕੰਪਨੀਆਂ ਭਾਰਤ ਵਰਗੇ ਬਾਜ਼ਾਰਾਂ ਵਿਚ ਘੱਟ ਗੁਣਵੱਤਾ ਵਾਲੇ ਸਟੇਨਲੈਸ ਸਟੀਲ ਦੀ ਡੰਪਿੰਗ ਵਧਾ ਰਹੀਆਂ ਹਨ। ਇਸ ਨਾਲ ਭਾਰਤੀ ਸਟੀਲ ਉਦਯੋਗ ਦੀ ਪਰੇਸ਼ਾਨੀ ਵਧਦੀ ਜਾ ਰਹੀ ਹੈ। ਨਾਲ ਹੀ, ਨਿਮਨ ਗੁਣਵੱਤਾ ਵਾਲੇ ਸਟੀਲ ਸਮੱਗਰੀ ਦੀ ਵਰਤੋਂ ਕਾਰਨ ਸਿਹਤ-ਸੁਰੱਖਿਆ ਦਾ ਜੋਖ਼ਮ ਵਧਣ ਦਾ ਖ਼ਤਰਾ ਵੀ ਵਧ ਰਿਹਾ ਹੈ। ਉਦਯੋਗ ਜਗਤ ਨੇ ਸਰਕਾਰ ਨੂੰ ਇਸ ਸਮੱਸਿਆ ਦੀ ਗੰਭੀਰਤਾ ਤੋਂ ਜਾਣੂ ਕਰਵਾਇਆ ਹੈ ਪਰ ਸਰਕਾਰ ਦੇ ਕਦਮ ਨਾਕਾਫ਼ੀ ਸਾਬਿਤ ਹੋ ਰਹੇ ਹਨ।
ਸਰਕਾਰੀ ਅੰਕੜਿਆਂ ਮੁਤਾਬਕ ਜੁਲਾਈ 2026 ਵਿਚ ਚੀਨ ਤੋਂ ਸਟੇਨਲੈਸ ਸਟੀਲ ਫਲੈਟ ਉਤਪਾਦਾਂ ਦੀ ਦਰਾਮਦ 53,271 ਮੀਟ੍ਰਿਕ ਟਨ ਰਹੀ। ਇਹ ਵਿੱਤੀ ਸਾਲ 2026 ਦੌਰਾਨ ਔਸਤ ਮਹੀਨਾਵਾਰ ਦਰਾਮਦ-18,576 ਮੀਟ੍ਰਿਕ ਟਨ ਦਾ ਲਗਪਗ 2.9 ਗੁਣਾ ਹੈ। ਜੂਨ-ਜੁਲਾਈ 2025 ਤੋਂ ਜੂਨ-ਜੁਲਾਈ 2026 ਤੱਕ ਇਸ ਵਿਚ 197 ਫ਼ੀਸਦੀ ਵਾਧਾ ਹੋਇਆ। ਸਤੰਬਰ 2026 ਵਿਚ ਚੀਨ ਤੋਂ ਭਾਰਤ ਨੂੰ ਸਟੀਲ ਦੀ ਬਰਾਮਦ 65,000 ਟਨ ਰਹੀ ਜੋ ਸਾਲ-ਦਰ-ਸਾਲ 367 ਫ਼ੀਸਦੀ ਵੱਧ ਸੀ।
ਦਰਾਮਦ ਦਾ ਮੁੱਖ ਸਰੋਤ ਚੀਨ ਹੈ ਪਰ ਇੰਡੋਨੇਸ਼ੀਆ, ਵੀਅਤਨਾਮ ਅਤੇ ਦੱਖਣੀ ਕੋਰੀਆ ਤੋਂ ਵੀ ਸਟੀਲ ਆ ਰਿਹਾ ਹੈ। ਉਦਯੋਗਿਕ ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਦੇਸ਼ਾਂ ਤੋਂ ਵੀ ਚੀਨੀ ਕੰਪਨੀਆਂ ਦਾ ਹੀ ਸਟੀਲ ਭਾਰਤ ’ਚ ਆ ਰਿਹਾ ਹੈ। ਖ਼ਾਸ ਗੱਲ ਇਹ ਹੈ ਕਿ ਸਰਕਾਰ ਇਕ ਪਾਸੇ ਡੰਪਿੰਗ ਰੋਕਣ ਦੀ ਗੱਲ ਕਰਦੀ ਹੈ ਪਰ ਉਸ ਦੇ ਕੁਝ ਨਿਯਮ ਇਸ ਨੂੰ ਹੁਲਾਰਾ ਦੇਣ ਵਾਲੇ ਜਾਪਦੇ ਹਨ। ਜਿਵੇਂ ਕਿ 27 ਅਪ੍ਰੈਲ 2026 ਦੇ ਹੁਕਮ ਰਾਹੀਂ ਸਟੇਨਲੈਸ ਸਟੀਲ ਫਲੈਟ ਉਤਪਾਦਾਂ ਲਈ ਗੁਣਵੱਤਾ ਸਬੰਧੀ ਨਿਯੰਤਰਣ ਆਦੇਸ਼ ਮੁਲਤਵੀ ਕਰਨ ਦਾ ਫ਼ੈਸਲਾ। ਇਹ ਕਦਮ ਛੋਟੇ ਅਤੇ ਦਰਮਿਆਨੇ ਉਦਯੋਗਾਂ ਦੀ ਸਹੂਲਤ ਲਈ ਚੁੱਕਿਆ ਗਿਆ ਸੀ ਤਾਂ ਜੋ ਉਨ੍ਹਾਂ ’ਤੇ ਨਿਯਮਾਂ ਦੀ ਪਾਲਣਾ ਦਾ ਬੋਝ ਘਟੇ ਅਤੇ ਕੱਚਾ ਮਾਲ ਆਸਾਨੀ ਨਾਲ ਮਿਲ ਸਕੇ।
ਇਸ ਤੋਂ ਬਾਅਦ ਜੂਨ 2026 ਦੀ ਸੋਧ ’ਚ ਸਟੀਲ ਉਦਯੋਗ ਨਾਲ ਜੁੜੇ ਕੁਝ ਅਹਿਮ ਮਿਆਰਾਂ ਨੂੰ ਲਾਗੂ ਕਰਨ ਦਾ ਇਕ ਹੋਰ ਹੁਕਮ 31 ਮਾਰਚ 2027 ਤੱਕ ਮੁਲਤਵੀ ਕਰ ਦਿੱਤਾ ਗਿਆ। ਇਸ ਰਾਹਤ ਦਾ ਮਕਸਦ ਘਰੇਲੂ ਸਪਲਾਈ ਆਸਾਨ ਬਣਾਉਣਾ ਸੀ ਪਰ ਇਸ ਤੋਂ ਤੁਰੰਤ ਬਾਅਦ ਸਸਤੇ ਅਤੇ ਗ਼ੈਰ-ਮਿਆਰੀ ਸਟੀਲ ਦੀ ਦਰਾਮਦ ਤੇਜ਼ੀ ਨਾਲ ਵਧੀ ਹੈ। ਭਾਰਤ ਸਰਕਾਰ ਦੀਆਂ ਏਜੰਸੀਆਂ(ਡੀਜੀਟੀਆਰ) ਚੀਨ, ਇੰਡੋਨੇਸ਼ੀਆ ਅਤੇ ਵੀਅਤਨਾਮ ਤੋਂ ਆਉਣ ਵਾਲੇ ਸਟੇਨਲੈਸ ਸਟੀਲ ’ਤੇ ਐਂਟੀ-ਡੰਪਿੰਗ ਜਾਂਚ ਕਰ ਰਹੀਆਂ ਹਨ ਪਰ ਹਾਲੇ ਤੱਕ ਕੋਈ ਡਿਊਟੀ ਨਹੀਂ ਲਾਈ ਗਈ।
ਕੀਮਤ ਨੂੰ ਤਰਜੀਹ ਦੇ ਕੇ ਸਸਤਾ ਮਾਲ ਖ਼ਰੀਦਦੇ ਹਨ ਵਪਾਰੀ
ਜਿੰਦਲ ਸਟੇਨਲੈਸ ਦੇ ਸੀਈਓ ਅਤੇ ਪੂਰਨਕਾਲੀ ਡਾਇਰੈਕਟਰ ਤਰੁਣ ਕੁਮਾਰ ਖੁਲਬੇ ਨੇ ‘ਪੰਜਾਬੀ ਜਾਗਰਣ’ ਨੂੰ ਦੱਸਿਆ ਕਿ ਸਟੇਨਲੈਸ ਸਟੀਲ ਦੀ ਵਰਤੋਂ ਸਿਹਤ ਅਤੇ ਸੁਰੱਖਿਆ ਨਾਲ ਜੁੜੇ ਕਈ ਖੇਤਰਾਂ ਵਿਚ ਹੁੰਦੀ ਹੈ। ਕਈ ਅਜਿਹੇ ਖੇਤਰ ਹਨ ਜਿੱਥੇ ਸਟੀਲ ਦੀ ਗੁਣਵੱਤਾ ਦਾ ਹੋਣਾ ਬੇਹੱਦ ਜ਼ਰੂਰੀ ਹੈ ਪਰ ਸਰਕਾਰ ਨੇ ਗੁਣਵੱਤਾ ਨਿਯੰਤਰਣ ਹੁਕਮਾਂ (ਕਿਊਸੀਓ) ਨੂੰ ਮਾਰਚ 2027 ਤੱਕ ਅੱਗੇ ਪਾ ਦਿੱਤਾ ਹੈ। ਕਈ ਵਪਾਰੀ ਗੁਣਵੱਤਾ ਦੀ ਬਜਾਏ ਕੀਮਤ ਨੂੰ ਤਰਜੀਹ ਦਿੰਦੇ ਹੋਏ ਸਸਤਾ ਮਾਲ ਖ਼ਰੀਦਦੇ ਹਨ। ਇਸ ਦਾ ਸਿੱਧਾ ਅਸਰ ਕਈ ਵਾਰ ਸਿਹਤ ਅਤੇ ਸੁਰੱਖਿਆ ਸਬੰਧੀ ਮਾਮਲਿਆਂ ’ਤੇ ਦਿਖਾਈ ਦਿੰਦਾ ਹੈ। ਜੇ ਅਸੀਂ ਵਿਸ਼ਵ ਪੱਧਰ ’ਤੇ ਦੇਖੀਏ ਤਾਂ ਘੱਟ ਗੁਣਵੱਤਾ ਵਾਲੀ ਜ਼ਿਆਦਾਤਰ ਸਮੱਗਰੀ ਚੀਨ ਤੋਂ ਆ ਰਹੀ ਹੈ। ਇਹ ਸਿਰਫ਼ ਸਟੇਨਲੈਸ ਸਟੀਲ ਤੱਕ ਸੀਮਤ ਨਹੀਂ; ਕਈ ਹੋਰ ਉਤਪਾਦਾਂ ਵਿਚ ਵੀ ਅਜਿਹਾ ਦੇਖਣ ਨੂੰ ਮਿਲਦਾ ਹੈ।