ਇਹ ਭਾਰਤੀ ਹੈ ਅਫਰੀਕਾ ਦਾ ਰਿਟੇਲ ਕਿੰਗ, 28 ਸਾਲ ਦੀ ਉਮਰ 'ਚ ₹1400 ਲੈ ਕੇ ਛੱਡਿਆ ਸੀ ਦੇਸ਼; ਅੱਜ ₹883 ਕਰੋੜ ਦਾ ਕਾਰੋਬਾਰ ਰਾਮਚੰਦਰਨ ਓੱਟਾਪਥੁ ਅਕਾਊਂਟਿੰਗ ਦੀ ਨੌਕਰੀ ਲਈ ਭਾਰਤ ਛੱਡ ਕੇ ਇਕ ਅਜਿਹੇ ਅਫਰੀਕੀ ਦੇਸ਼ ਚਲੇ ਗਏ, ਜਿਸ ਬਾਰੇ ਉਨ੍ਹਾਂ ਨੂੰ ਬਹੁਤ ਘੱਟ ਜਾਣਕਾਰੀ ਸੀ। ਇਹ ਦੇਸ਼ ਹੈ ਬੋਤਸਵਾਨਾ। ਜਲਦ ਹੀ ਅਫਰੀਕਾ ਨੇ ਉਨ੍ਹਾਂ ਦਾ ਦਿਲ ਜਿੱਤ ਲਿਆ ਅਤੇ ਉਨ੍ਹਾਂ ਨੂੰ ਖੂਬ ਦੌਲਤ ਵੀ ਦਿੱਤੀ।
Publish Date: Wed, 16 Sep 2026 01:52 PM (IST)
Updated Date: Wed, 16 Sep 2026 02:03 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਕਈ ਅਜਿਹੇ ਭਾਰਤੀ ਹਨ, ਜਿਨ੍ਹਾਂ ਨੇ ਦੂਜੇ ਦੇਸ਼ਾਂ 'ਚ ਜਾ ਕੇ ਆਪਣੀ ਕਿਸਮਤ ਚਮਕਾਈ। ਇਨ੍ਹਾਂ 'ਚੋਂ ਕਈ ਅਰਬਪਤੀ ਬਣੇ ਤੇ ਅੱਜ ਸਫਲ ਕਾਰੋਬਾਰ ਚਲਾ ਰਹੇ ਹਨ। ਇਨ੍ਹਾਂ 'ਚੋਂ ਇਕ ਹਨ ਰਾਮਚੰਦਰਨ ਓੱਟਾਪਥੁ (Ramachandran Ottapathu Story)।
ਰਾਮਚੰਦਰਨ ਓੱਟਾਪਥੁ ਅਕਾਊਂਟਿੰਗ ਦੀ ਨੌਕਰੀ ਲਈ ਭਾਰਤ ਛੱਡ ਕੇ ਇਕ ਅਜਿਹੇ ਅਫਰੀਕੀ ਦੇਸ਼ ਚਲੇ ਗਏ, ਜਿਸ ਬਾਰੇ ਉਨ੍ਹਾਂ ਨੂੰ ਬਹੁਤ ਘੱਟ ਜਾਣਕਾਰੀ ਸੀ। ਇਹ ਦੇਸ਼ ਹੈ ਬੋਤਸਵਾਨਾ। ਜਲਦ ਹੀ ਅਫਰੀਕਾ ਨੇ ਉਨ੍ਹਾਂ ਦਾ ਦਿਲ ਜਿੱਤ ਲਿਆ ਤੇ ਉਨ੍ਹਾਂ ਨੂੰ ਖੂਬ ਦੌਲਤ ਵੀ ਦਿੱਤੀ।
ਕਿੱਥੇ ਹੋਇਆ ਸੀ ਜਨਮ? ਓੱਟਾਪਥੁ ਜਦੋਂ ਦੇਸ਼ ਤੋਂ ਗਏ ਸਨ ਤਾਂ ਉਨ੍ਹਾਂ ਦੀ ਜੇਬ 'ਚ ਸਿਰਫ਼ 200 ਬੋਤਸਵਾਨਾ ਪੁਲਾ (ਭਾਰਤੀ ਕਰੰਸੀ 'ਚ 1,419 ਰੁਪਏ) ਸਨ। ਪਰ ਪਿਛਲੇ 25 ਸਾਲਾਂ 'ਚ ਉਨ੍ਹਾਂ ਨੇ ਇਕ ਵੱਡਾ ਰਿਟੇਲ ਸਾਮਰਾਜ ਖੜ੍ਹਾ ਕੀਤਾ ਹੈ। ਉਨ੍ਹਾਂ ਦੀ ਕਹਾਣੀ ਦੱਖਣੀ ਅਫਰੀਕਾ 'ਚ ਤੇਜ਼ੀ ਨਾਲ ਗ੍ਰੋਥ ਹਾਸਲ ਕਰਨ ਵਾਲੀਆਂ ਕਾਮਯਾਬ ਬਿਜ਼ਨੈੱਸ ਕਹਾਣੀਆਂ 'ਚੋਂ ਇਕ ਹੈ। ਰਿਪੋਰਟਾਂ ਮੁਤਾਬਕ ਉਨ੍ਹਾਂ ਦੀ ਨੈੱਟਵਰਥ ਕਰੀਬ 883 ਕਰੋੜ ਰੁਪਏ ਹੈ।
ਉਨ੍ਹਾਂ ਦਾ ਜਨਮ ਭਾਰਤ ਦੇ ਕੇਰਲ ਸੂਬੇ ਦੇ ਤ੍ਰਿਸ਼ੂਰ ਜ਼ਿਲ੍ਹੇ ਦੇ ਓੱਲੂਰ 'ਚ ਹੋਇਆ ਸੀ। ਇਹ ਇੱਕ ਛੋਟਾ ਕਮਰਸ਼ੀਅਲ ਸ਼ਹਿਰ ਹੈ ਜੋ ਆਪਣੀਆਂ ਟਾਈਲ ਫੈਕਟਰੀਆਂ ਅਤੇ ਲੱਕੜ ਦੇ ਉਦਯੋਗਾਂ ਲਈ ਜਾਣਿਆ ਜਾਂਦਾ ਹੈ ਅਤੇ ਇੱਥੋਂ ਅਕਸਰ ਲੋਕ ਕੰਮ ਦੀ ਭਾਲ 'ਚ ਬਾਹਰ ਚਲੇ ਜਾਂਦੇ ਹਨ। ਉਨ੍ਹਾਂ ਦਾ ਪਰਿਵਾਰ ਗਰੀਬ ਸੀ। ਉਨ੍ਹਾਂ ਦੇ ਪਿਤਾ ਬੁਣਕਰ ਸਨ।
10 ਸਾਲ ਦੀ ਉਮਰ 'ਚ ਭਰਾ ਨੂੰ ਗੁਆਇਆ ਜਦੋਂ ਓੱਟਾਪਥੁ 10 ਸਾਲ ਦੇ ਸਨ ਤਾਂ ਉਨ੍ਹਾਂ ਦੇ 17 ਸਾਲਾ ਵੱਡੇ ਭਰਾ ਬਾਲਕ੍ਰਿਸ਼ਨਨ ਦੀ ਸੱਪ ਦੇ ਡੰਗਣ ਕਾਰਨ ਮੌਤ ਹੋ ਗਈ। ਇਸ ਤੋਂ ਬਾਅਦ ਉਨ੍ਹਾਂ ਦੇ ਪਿਤਾ ਸ਼ਰਾਬ ਦੀ ਲਤ ਅਤੇ ਨਿਰਾਸ਼ਾ 'ਚ ਡੁੱਬ ਗਏ। ਪਰਿਵਾਰ ਦੀ ਜ਼ਿੰਮੇਵਾਰੀ ਓੱਟਾਪਥੁ 'ਤੇ ਆ ਗਈ। ਉਨ੍ਹਾਂ ਨੇ ਸਖ਼ਤ ਮਿਹਨਤ ਕੀਤੀ, ਕਾਲੀਕਟ ਯੂਨੀਵਰਸਿਟੀ ਤੋਂ ਪਹਿਲੀ ਹੀ ਵਾਰ 'ਚ ਚਾਰਟਡ ਅਕਾਊਂਟੈਂਸੀ ਦੀ ਪ੍ਰੀਖਿਆ ਪਾਸ ਕੀਤੀ ਅਤੇ ਪਰਿਵਾਰ ਦੇ ਇੱਕ ਪ੍ਰੋਗਰਾਮ 'ਚ ਇੱਕ ਅਜਨਬੀ ਨਾਲ ਮੁਲਾਕਾਤ ਹੋਈ, ਜਿਸ ਨੇ ਉਨ੍ਹਾਂ ਨੂੰ ਬੋਤਸਵਾਨਾ 'ਚ ਨੌਕਰੀ ਦੀ ਪੇਸ਼ਕਸ਼ ਕੀਤੀ। ਉਹ 1992 'ਚ ਬੋਤਸਵਾਨਾ ਪਹੁੰਚੇ। ਉਨ੍ਹਾਂ ਲਈ ਅਫਰੀਕਾ ਅਤੇ ਬੋਤਸਵਾਨਾ ਕਿਸੇ ਦੂਜੀ ਦੁਨੀਆ ਵਾਂਗ ਸਨ।
ਇਸ ਤਰ੍ਹਾਂ ਸ਼ੁਰੂ ਕੀਤਾ ਕੰਮ ਬੋਤਸਵਾਨਾ 'ਚ ਵੈਸਾਈਡ ਸੁਪਰਮਾਰਕੀਟ ਦੀ ਸ਼ੁਰੂਆਤ 1986 'ਚ ਲੋਬਾਤਸੇ 'ਚ ਚੋਪਡੈਟ ਪਰਿਵਾਰ ਨੇ ਕੀਤੀ ਸੀ। ਸ਼ੁਰੂ 'ਚ ਇਹ ਦੁਕਾਨ ਬਿਜਲੀ ਦੇ ਸਾਮਾਨ, ਖਾਸ ਕਰਕੇ ਟਰਾਂਜ਼ਿਸਟਰ ਰੇਡੀਓ ਤੇ ਟੈਲੀਵਿਜ਼ਨ ਸੈੱਟ ਵੇਚਦੀ ਸੀ। ਇਹ ਦੁਕਾਨ ਉਨ੍ਹਾਂ ਜ਼ਿੰਬਾਬਵੇ ਦੇ ਵਪਾਰੀਆਂ ਦੀਆਂ ਲੋੜਾਂ ਪੂਰੀ ਕਰਦੀ ਸੀ ਜੋ ਥੋਕ 'ਚ ਸਾਮਾਨ ਖਰੀਦਣ ਲਈ ਬਾਰਡਰ ਪਾਰ ਕਰਕੇ ਆਉਂਦੇ ਸਨ ਅਤੇ ਸਾਮਾਨ ਮੰਗਵਾਉਣ ਲਈ ਦੱਖਣੀ ਅਫਰੀਕਾ ਦੇ ਨੇੜੇ ਹੋਣ ਦਾ ਫਾਇਦਾ ਲੈਂਦੀ ਸੀ।
ਇਸ ਬਿਜ਼ਨੈੱਸ ਨੂੰ ਚਲਾਉਣ ਵਾਲੇ ਫਾਰੂਕ ਇਸਮਾਈਲ ਨੇ ਜ਼ਿੰਬਾਬਵੇ ਦੇ ਵਪਾਰੀਆਂ ਨਾਲ ਚੰਗੇ ਸਬੰਧ ਬਣਾ ਲਏ ਸਨ ਤੇ ਭਰੋਸੇਮੰਦ ਸਟਾਕ ਲਈ ਆਪਣੀ ਪਛਾਣ ਬਣਾ ਲਈ ਸੀ। 1992 ਤੱਕ, ਜਦੋਂ ਓੱਟਾਪਥੁ ਆਪਣੀ ਅਕਾਊਂਟਿੰਗ ਯੋਗਤਾ ਨਾਲ ਉੱਥੇ ਪਹੁੰਚੇ ਤਾਂ ਬਿਜ਼ਨਸ ਇੰਨੀ ਤੇਜ਼ੀ ਨਾਲ ਵਧ ਰਿਹਾ ਸੀ ਕਿ ਇਸਮਾਈਲ ਇਕੱਲੇ ਇਸ ਨੂੰ ਸੰਭਾਲ ਨਹੀਂ ਪਾ ਰਹੇ ਸਨ। ਓੱਟਾਪਥੁ ਨੇ ਅਕਾਊਂਟੈਂਟ ਵਜੋਂ ਕੰਮ ਸ਼ੁਰੂ ਕੀਤਾ।
ਬ੍ਰਾਂਡ ਨੂੰ ਹੋਰ ਮਜ਼ਬੂਤ ਕੀਤਾ
ਓੱਟਾਪਥੁ ਜ਼ਿਆਦਾ ਸਮਾਂ ਅਕਾਊਂਟੈਂਟ ਨਹੀਂ ਰਹੇ। 1992 'ਚ ਇਹ ਸਮਝਦੇ ਹੋਏ ਕਿ ਰਿਟੇਲ ਮਾਰਕੀਟ 'ਤੇ ਦੱਖਣੀ ਅਫਰੀਕੀ ਚੇਨਾਂ ਦਾ ਕਬਜ਼ਾ ਸੀ ਅਤੇ ਘੱਟ ਆਮਦਨ ਵਾਲੇ ਗਾਹਕਾਂ ਲਈ ਸਸਤੀ ਗ੍ਰੋਸਰੀ ਦੀ ਕਮੀ ਸੀ, ਉਨ੍ਹਾਂ ਨੇ ਆਪਣੀ ਰਣਨੀਤੀ ਬਦਲੀ। ਉਨ੍ਹਾਂ ਨੇ ਇਲੈਕਟ੍ਰਿਕਲ ਸਾਮਾਨ ਵੇਚਣਾ ਬੰਦ ਕਰ ਦਿੱਤਾ, ਗ੍ਰੋਸਰੀ ਤੇ ਸਬਜ਼ੀਆਂ ਵੇਚਣੀਆਂ ਸ਼ੁਰੂ ਕੀਤੀਆਂ ਅਤੇ ਦੁਕਾਨ ਖੁੱਲ੍ਹਣ ਦਾ ਸਮਾਂ ਸ਼ਾਮ 5 ਵਜੇ ਤੋਂ ਵਧਾ ਕੇ ਰਾਤ 8 ਵਜੇ ਤੱਕ ਕਰ ਦਿੱਤਾ।
1993 'ਚ ਦੂਜਾ ਸਟੋਰ ਖੁੱਲ੍ਹਿਆ। ਗੈਬੋਰੋਨ 'ਚ ਪਹਿਲਾ ਸਟੋਰ 'ਫ੍ਰੈਂਡਲੀ ਗ੍ਰੋਸਰ' 1999 'ਚ ਖੁੱਲ੍ਹਿਆ। 2003 'ਚ ਬ੍ਰਾਂਡ ਨੂੰ ਹੋਰ ਮਜ਼ਬੂਤ ਕੀਤਾ ਗਿਆ। 2012 ਤਕ ਚੌਪੀਜ਼ (Choppies) ਬੋਤਸਵਾਨਾ ਸਟਾਕ ਐਕਸਚੇਂਜ 'ਤੇ ਲਿਸਟ ਹੋ ਗਿਆ, ਜੋ ਉਸ ਐਕਸਚੇਂਜ ਦੇ ਇਤਿਹਾਸ ਦਾ ਸਭ ਤੋਂ ਵੱਡਾ IPO ਸੀ।
IPO ਨੂੰ 400 ਫੀਸਦੀ ਤਕ ਜ਼ਿਆਦਾ ਸਬਸਕ੍ਰਿਪਸ਼ਨ ਮਿਲਿਆ ਅਤੇ BWP350 ਮਿਲੀਅਨ (ਮੌਜੂਦਾ ਹਿਸਾਬ ਨਾਲ 248 ਕਰੋੜ ਰੁਪਏ) ਇਕੱਠੇ ਕੀਤੇ ਗਏ। ਉਦੋਂ ਤਕ ਇਸਮਾਈਲ ਵੱਲੋਂ ਸ਼ੁਰੂ ਕੀਤੀ ਅਤੇ ਓੱਟਾਪਥੁ ਵੱਲੋਂ ਬਦਲੀ ਗਈ ਇਹ ਕੰਪਨੀ ਬੋਤਸਵਾਨਾ ਦੀ ਸਭ ਤੋਂ ਵੱਡੀ ਗ੍ਰੋਸਰੀ ਚੇਨ ਬਣ ਚੁੱਕੀ ਸੀ।
ਕੰਪਨੀ 'ਚ ਬਣੇ ਹਿੱਸੇਦਾਰ ਬਾਅਦ 'ਚ ਓੱਟਾਪਥੁ ਚੌਪੀਜ਼ 'ਚ ਹਿੱਸੇਦਾਰ ਬਣੇ। ਫਿਰ 2010 'ਚ ਇਸਮਾਈਲ ਨਾਲ ਮਿਲ ਕੇ ਫਾਰ ਪ੍ਰਾਪਰਟੀ ਕੰਪਨੀ ਖਰੀਦੀ, ਜੋ ਇੱਕ ਰੀਅਲ ਅਸਟੇਟ ਵੈਂਚਰ ਹੈ। ਇਸ 'ਚ ਓੱਟਾਪਥੁ ਦੀ 28 ਫੀਸਦੀ ਤੋਂ ਵੱਧ ਹਿੱਸੇਦਾਰੀ ਹੈ। ਉਨ੍ਹਾਂ ਨੇ ਕਈ ਦੇਸ਼ਾਂ 'ਚ ਆਪਣਾ ਕਾਰੋਬਾਰ ਫੈਲਾਇਆ।
ਭਾਰਤ 'ਚ ਉਹ ਯੋਗਕਸ਼ੇਮਮ ਲੋਨਜ਼ ਲਿਮਟਿਡ ਦੇ ਚੇਅਰਮੈਨ ਹਨ। ਇਹ ਇਕ ਨਾਨ-ਬੈਂਕਿੰਗ ਫਾਈਨੈਂਸ਼ੀਅਲ ਕੰਪਨੀ ਹੈ, ਜੋ ਸਾਲ 2000 ਤੋਂ ਰਿਜ਼ਰਵ ਬੈਂਕ ਆਫ ਇੰਡੀਆ ਨਾਲ ਰਜਿਸਟਰਡ ਹੈ ਅਤੇ ਅੰਥਿਕਾਡ, ਤ੍ਰਿਸ਼ੂਰ 'ਚ ਸਥਿਤ ਹੈ। ਇਹ ਕੰਪਨੀ ਗੋਲਡ, ਗੱਡੀ, ਟਰਮ ਅਤੇ ਬਿਜ਼ਨਸ ਲੋਨ ਦਿੰਦੀ ਹੈ ਅਤੇ ਉਸ ਜ਼ਿਲ੍ਹੇ 'ਚ ਆਪਣੀਆਂ ਵਿੱਤੀ ਸੇਵਾਵਾਂ ਦੇ ਰਹੀ ਹੈ, ਜਿਸ ਨੂੰ ਉਨ੍ਹਾਂ ਨੇ ਤਿੰਨ ਦਹਾਕਿਆਂ ਤੋਂ ਵੀ ਜ਼ਿਆਦਾ ਸਮਾਂ ਪਹਿਲਾਂ ਛੱਡ ਦਿੱਤਾ ਸੀ।