ਕੀ ਬੰਦ ਹੋਣ ਜਾ ਰਹੀ ਹੈ ਇਹ ਸਰਕਾਰੀ ਸਕੀਮ ? CM ਨੇ ਦੱਸਿਆ ਖ਼ਜ਼ਾਨੇ 'ਤੇ ਪੈ ਰਿਹਾ ਬੋਝ! ਜਾਣੋ ਕੀ ਹੈ ਮਾਮਲਾ
‘ਲਾਡਲੀ ਬਹਨਾ ਯੋਜਨਾ’ ਤਹਿਤ ਹਰ ਮਹੀਨੇ 1000 ਰੁਪਏ ਦਿੱਤੇ ਜਾਂਦੇ ਸਨ। ਬਾਅਦ 'ਚ ਇਹ ਰਕਮ ਵਧਾ ਕੇ 1500 ਰੁਪਏ ਕਰ ਦਿੱਤੀ ਗਈ। ਹੁਣ ਇਹ ਯੋਜਨਾ ਚਰਚਾ 'ਚ ਹੈ ਅਤੇ ਇਸ ਦੀ ਵਜ੍ਹਾ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ ਦਾ ਇਕ ਬਿਆਨ ਹੈ।
Publish Date: Tue, 06 Oct 2026 03:53 PM (IST)
Updated Date: Tue, 06 Oct 2026 03:58 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਮੱਧ ਪ੍ਰਦੇਸ਼ 'ਚ ਔਰਤਾਂ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਬਣਾਉਣ ਲਈ ‘ਲਾਡਲੀ ਬਹਨਾ ਯੋਜਨਾ’ ਚਲਾਈ ਜਾ ਰਹੀ ਹੈ। ਇਸ ਸਕੀਮ ਤਹਿਤ ਹਰ ਮਹੀਨੇ ਔਰਤਾਂ ਦੇ ਖਾਤਿਆਂ 'ਚ DBT ਰਾਹੀਂ 1500 ਰੁਪਏ ਭੇਜੇ ਜਾਂਦੇ ਹਨ। ਹੁਣ ਤੱਕ ਇਸ ਦੀਆਂ 40 ਕਿਸ਼ਤਾਂ ਵੀ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਸੂਬੇ 'ਚ ਮੌਜੂਦਾ ਸਮੇਂ ਇਸ ਯੋਜਨਾ ਤਹਿਤ ਕਰੀਬ 1 ਕਰੋੜ 25 ਲੱਖ ਤੋਂ ਵੱਧ ਯੋਗ ਔਰਤਾਂ ਲਾਭਪਾਤਰੀ ਹਨ।
‘ਲਾਡਲੀ ਬਹਨਾ ਯੋਜਨਾ’ ਮੱਧ ਪ੍ਰਦੇਸ਼ ਦੇ ਤਤਕਾਲੀਨ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸ਼ੁਰੂ ਕੀਤੀ ਸੀ, ਜਿਸ 'ਚ ਹਰ ਮਹੀਨੇ 1000 ਰੁਪਏ ਦਿੱਤੇ ਜਾਂਦੇ ਸਨ। ਬਾਅਦ 'ਚ ਇਹ ਰਕਮ ਵਧਾ ਕੇ 1500 ਰੁਪਏ ਕਰ ਦਿੱਤੀ ਗਈ। ਹੁਣ ਇਹ ਯੋਜਨਾ ਚਰਚਾ 'ਚ ਹੈ ਅਤੇ ਇਸ ਦੀ ਵਜ੍ਹਾ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ ਦਾ ਇਕ ਬਿਆਨ ਹੈ।
ਕੀ ਬੰਦ ਹੋਵੇਗੀ ਲਾਡਲੀ ਬਹਨਾ ਯੋਜਨਾ?
ਮੀਡੀਆ ਰਿਪੋਰਟਾਂ ਮੁਤਾਬਕ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਇਸ ਸਕੀਮ ਨੂੰ ਬਹੁਤ ਖਰਚੀਲੀ ਅਤੇ ਸੂਬੇ ਦੇ ਖ਼ਜ਼ਾਨੇ 'ਤੇ ਵੱਡਾ ਬੋਝ ਦੱਸਿਆ ਹੈ। ਦਰਅਸਲ, ਭੋਪਾਲ ਦੇ ਰਵਿੰਦਰ ਭਵਨ 'ਚ ਕਰਵਾਏ ਗਏ ‘ਬੁੰਦੇਲੀ ਸਮਾਗਮ’ ਦੌਰਾਨ ਬੁੰਦੇਲੀ ਇਨਫਲੂਐਂਸਰ ਅਤੇ ਕੰਟੈਂਟ ਕ੍ਰੀਏਟਰ ਬਿੰਨੂ ਰਾਣੀ ਨਾਲ ਗੈਰ-ਰਸਮੀ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਅੰਦਾਜ਼ਾ ਨਹੀਂ ਸੀ ਕਿ ਇਸ ਯੋਜਨਾ ਨਾਲ ਸੂਬੇ ਦੇ ਖ਼ਜ਼ਾਨੇ 'ਤੇ ਇੰਨਾ ਭਾਰੀ ਆਰਥਿਕ ਬੋਝ ਪਵੇਗਾ।
ਮੀਡੀਆ ਰਿਪੋਰਟਾਂ ਮੁਤਾਬਕ ਛਤਰਪੁਰ ਦੀ ਰਹਿਣ ਵਾਲੀ ਬਿੰਨੂ ਰਾਣੀ ਨੇ ਮੁੱਖ ਮੰਤਰੀ ਤੋਂ ਪੁੱਛਿਆ ਕਿ ਆਪਣੀਆਂ ਭੈਣਾਂ ਨੂੰ ਆਰਥਿਕ ਮਦਦ ਦੇਣ ਤੋਂ ਬਾਅਦ ਸਰਕਾਰ ‘ਬਿੰਨੋਂ’ (ਧੀਆਂ) ਲਈ ਕੀ ਕਰਨ ਦੀ ਯੋਜਨਾ ਬਣਾ ਰਹੀ ਹੈ? ਇਸ ਸਵਾਲ 'ਤੇ ਸੀਐੱਮ ਨੇ ਮਜ਼ਾਕੀਆ ਅੰਦਾਜ਼ 'ਚ ਕਿਹਾ, “ਤੁਹਾਨੂੰ ਅੰਦਾਜ਼ਾ ਨਹੀਂ ਹੈ ਕਿ ਲਾਡਲੀ ਬਹਨਾ ਯੋਜਨਾ ਕਿੰਨੀ ਖਰਚੀਲੀ ਸਾਬਤ ਹੋਈ ਹੈ। ਮੈਨੂੰ ਜ਼ਰਾ ਵੀ ਅੰਦਾਜ਼ਾ ਨਹੀਂ ਸੀ ਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਇੰਨਾ ਭਾਰੀ ਆਰਥਿਕ ਬੋਝ ਚੁੱਕਣਾ ਪਵੇਗਾ।” ਸੀਐੱਮ ਮੋਹਨ ਯਾਦਵ ਦੇ ਇੰਨਾ ਕਹਿੰਦੇ ਹੀ ਪੂਰਾ ਹਾਲ ਠਹਾਕਿਆਂ ਨਾਲ ਗੂੰਜ ਉੱਠਿਆ।
ਹਰ ਮਹੀਨੇ 1835 ਕਰੋੜ ਰੁਪਏ ਦਾ ਖਰਚ
1500 ਰੁਪਏ ਦੀ ਮੌਜੂਦਾ ਮਹੀਨਾਵਾਰ ਆਰਥਿਕ ਸਹਾਇਤਾ ਦੇ ਹਿਸਾਬ ਨਾਲ ‘ਲਾਡਲੀ ਬਹਨਾ ਯੋਜਨਾ’ 'ਤੇ ਮੱਧ ਪ੍ਰਦੇਸ਼ ਸਰਕਾਰ ਨੂੰ ਸਾਲਾਨਾ ਕਰੀਬ 22,680 ਕਰੋੜ ਰੁਪਏ ਦਾ ਖਰਚ ਆਉਣ ਦਾ ਅੰਦਾਜ਼ਾ ਹੈ। ਇਹ ਸਕੀਮ ਸ਼ੁਰੂ ਹੋਣ ਸਮੇਂ ਸਰਕਾਰ ਨੂੰ 1.31 ਕਰੋੜ ਤੋਂ ਵੱਧ ਅਰਜ਼ੀਆਂ ਮਿਲੀਆਂ ਸਨ। ਇਸ ਤੋਂ ਬਾਅਦ ਜਾਂਚ ਅਤੇ ਇਤਰਾਜ਼ਾਂ ਦੀ ਸਮੀਖਿਆ ਕੀਤੀ ਗਈ ਅਤੇ ਕਰੀਬ 2.18 ਲੱਖ ਤੋਂ ਵੱਧ ਨਾਂ ਛਾਂਟੇ ਗਏ।
ਇਸ ਸਕੀਮ ਤਹਿਤ ਮਹੀਨਾਵਾਰ ਖਰਚ ਕਰੀਬ 1,835 ਕਰੋੜ ਰੁਪਏ ਹੈ। ਹਾਲ ਹੀ 'ਚ 13 ਸਤੰਬਰ ਨੂੰ ਜਾਰੀ ਕੀਤੀ ਗਈ 40ਵੀਂ ਕਿਸ਼ਤ 'ਚ 1,835 ਕਰੋੜ ਰੁਪਏ ਤੋਂ ਵੱਧ ਦੀ ਰਕਮ ਵੰਡੀ ਗਈ ਸੀ।
ਸਕੀਮ ਬੰਦ ਕਰਨ ਦਾ ਕੋਈ ਐਲਾਨ ਨਹੀਂ
ਸੀਐੱਮ ਮੋਹਨ ਯਾਦਵ ਨੇ ਮਜ਼ਾਕੀਆ ਲਹਿਜ਼ੇ 'ਚ ਲਾਡਲੀ ਬਹਨਾ ਯੋਜਨਾ ਨੂੰ ਖਰਚੀਲੀ ਦੱਸਿਆ ਹੈ। ਉਨ੍ਹਾਂ ਨੇ ਇਸ ਸਕੀਮ ਨੂੰ ਸੂਬੇ ਦੇ ਖ਼ਜ਼ਾਨੇ 'ਤੇ ਵੱਡਾ ਬੋਝ ਵੀ ਦੱਸਿਆ, ਪਰ ਇਸ ਨੂੰ ਬੰਦ ਕਰਨ ਦੀ ਕੋਈ ਗੱਲ ਨਹੀਂ ਕਹੀ। ਮੱਧ ਪ੍ਰਦੇਸ਼ ਸਰਕਾਰ ਵੱਲੋਂ ਹਰ ਮਹੀਨੇ ਯੋਗ ਔਰਤਾਂ ਦੇ ਖਾਤਿਆਂ 'ਚ ਪੈਸੇ ਭੇਜੇ ਜਾਂਦੇ ਹਨ। ਹੁਣ ਤਕ 40 ਕਿਸ਼ਤਾਂ ਵੀ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਅਤੇ 41ਵੀਂ ਕਿਸ਼ਤ ਭੇਜਣ ਦੀ ਤਿਆਰੀ ਹੈ।
ਇਸ ਸਕੀਮ ਨੂੰ ਲੈ ਕੇ ਪਹਿਲਾਂ ਵੀ ਬੰਦ ਹੋਣ ਦੀਆਂ ਚਰਚਾਵਾਂ ਉੱਠਦੀਆਂ ਰਹੀਆਂ ਹਨ, ਪਰ ਐੱਮਪੀ ਸਰਕਾਰ ਅਤੇ ਖੁਦ ਮੁੱਖ ਮੰਤਰੀ ਮੋਹਨ ਯਾਦਵ ਵੱਲੋਂ ਇਨ੍ਹਾਂ ਚਰਚਾਵਾਂ ਦਾ ਖੰਡਨ ਕੀਤਾ ਜਾ ਚੁੱਕਾ ਹੈ। ਸਰਕਾਰ ਦਾ ਮੰਨਣਾ ਹੈ ਕਿ ਇਸ ਯੋਜਨਾ ਦਾ ਲਾਭ ਲੈ ਕੇ ਔਰਤਾਂ ਆਰਥਿਕ ਤੌਰ 'ਤੇ ਸਸ਼ਕਤ ਹੋਈਆਂ ਹਨ।