70% ਔਰਤਾਂ ਦੇ ਦਮ 'ਤੇ ਚੱਲਦੀ ਹੈ ਇਹ ਕੰਪਨੀ, ਵੱਡੇ ਗਲੋਬਲ ਬ੍ਰਾਂਡ ਹਨ ਦੀਵਾਨੇ; ਅਨਿਲ ਕਪੂਰ ਨਾਲ ਵੀ ਹੈ ਮਾਲਕ ਦਾ ਖ਼ਾਸ ਰਿਸ਼ਤਾ
Harish Ahuja ਕੋਈ ਆਮ ਕਾਰੋਬਾਰੀ ਨਹੀਂ ਹਨ। ਉਹ ਭਾਰਤ ਦੀਆਂ ਸਭ ਤੋਂ ਵੱਡੀਆਂ ਕੱਪੜੇ ਬਣਾਉਣ ਵਾਲੀਆਂ ਕੰਪਨੀਆਂ 'ਚੋਂ ਇੱਕ, ਸ਼ਾਹੀ ਐਕਸਪੋਰਟਸ ਦੇ ਮਾਲਕ ਅਤੇ ਮੈਨੇਜਿੰਗ ਡਾਇਰੈਕਟਰ ਹਨ। ਸ਼ਾਹੀ ਐਕਸਪੋਰਟਸ ਦੀ ਸ਼ੁਰੂਆਤ ਅਸਲ 'ਚ ਉਨ੍ਹਾਂ ਦੀ ਮਾਂ ਸਰਲਾ ਆਹੂਜਾ ਨੇ 1974 'ਚ ਘਰ ਤੋਂ ਚਲਾਏ ਜਾਣ ਵਾਲੇ ਇੱਕ ਛੋਟੇ ਜਿਹੇ ਕਾਰੋਬਾਰ ਵਜੋਂ ਕੀਤੀ ਸੀ।
Publish Date: Tue, 13 Oct 2026 04:36 PM (IST)
Updated Date: Tue, 13 Oct 2026 04:39 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਭਾਰਤ 'ਚ ਕਈ ਟੈਕਸਟਾਈਲ ਕੰਪਨੀਆਂ ਹਨ, ਜਿਨ੍ਹਾਂ 'ਚੋਂ ਇੱਕ ਹੈ ਸ਼ਾਹੀ ਐਕਸਪੋਰਟਸ (Shahi Exports)। ਇਸ ਦੇ ਚੇਅਰਮੈਨ ਹਰੀਸ਼ ਆਹੂਜਾ ਹਨ, ਜਿਨ੍ਹਾਂ ਦੀ ਸਫ਼ਲਤਾ ਦੀ ਕਹਾਣੀ ਕਾਫ਼ੀ ਦਿਲਚਸਪ ਹੈ। ਦੱਸਿਆ ਜਾਂਦਾ ਹੈ ਕਿ ਆਹੂਜਾ ਦੀ ਕੁੱਲ ਜਾਇਦਾਦ ਇਸ ਸਮੇਂ ਲਗਪਗ 34,300 ਕਰੋੜ ਰੁਪਏ ਹੈ ਤੇ ਉਹ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ 'ਚ 1,174ਵੇਂ ਸਥਾਨ 'ਤੇ ਹਨ।
ਹਰੀਸ਼ ਆਹੂਜਾ ਬਾਲੀਵੁੱਡ ਅਦਾਕਾਰ ਅਨਿਲ ਕਪੂਰ ਦੇ ਸਮਧੀ ਹਨ। ਹਰੀਸ਼ ਦੇ ਪੁੱਤਰ ਆਨੰਦ ਆਹੂਜਾ ਦਾ ਵਿਆਹ ਅਨਿਲ ਕਪੂਰ ਦੀ ਧੀ ਸੋਨਮ ਕਪੂਰ ਨਾਲ ਹੋਇਆ ਹੈ। ਆਓ ਜਾਣਦੇ ਹਾਂ ਹਰੀਸ਼ ਆਹੂਜਾ ਦੀ ਦਿਲਚਸਪ ਕਹਾਣੀ।
52 ਸਾਲ ਪੁਰਾਣੀ ਕੰਪਨੀ
ਹਰੀਸ਼ ਆਹੂਜਾ ਕੋਈ ਆਮ ਕਾਰੋਬਾਰੀ ਨਹੀਂ ਹਨ। ਉਹ ਭਾਰਤ ਦੀਆਂ ਸਭ ਤੋਂ ਵੱਡੀਆਂ ਕੱਪੜੇ ਬਣਾਉਣ ਵਾਲੀਆਂ ਕੰਪਨੀਆਂ 'ਚੋਂ ਇਕ, ਸ਼ਾਹੀ ਐਕਸਪੋਰਟਸ ਦੇ ਮਾਲਕ ਤੇ ਮੈਨੇਜਿੰਗ ਡਾਇਰੈਕਟਰ ਹਨ। ਸ਼ਾਹੀ ਐਕਸਪੋਰਟਸ ਦੀ ਸ਼ੁਰੂਆਤ ਅਸਲ 'ਚ ਉਨ੍ਹਾਂ ਦੀ ਮਾਂ ਸਰਲਾ ਆਹੂਜਾ ਨੇ 1974 'ਚ ਘਰ ਤੋਂ ਚਲਾਏ ਜਾਣ ਵਾਲੇ ਇੱਕ ਛੋਟੇ ਜਿਹੇ ਕਾਰੋਬਾਰ ਵਜੋਂ ਕੀਤੀ ਸੀ।
ਹਰੀਸ਼ ਆਹੂਜਾ ਦੀ ਅਗਵਾਈ 'ਚ ਕੰਪਨੀ ਨੇ ਕੀਤੀ ਤਰੱਕੀ
ਹਰੀਸ਼ ਆਹੂਜਾ ਦੀ ਅਗਵਾਈ 'ਚ ਕੰਪਨੀ ਨੇ ਸ਼ਾਨਦਾਰ ਸਫ਼ਲਤਾ ਹਾਸਲ ਕੀਤੀ। ਅੱਜ ਇਹ ਕੰਪਨੀ ਅੱਠ ਸੂਬਿਆਂ 'ਚ 50 ਤੋਂ ਵੱਧ ਫੈਕਟਰੀਆਂ ਚਲਾਉਂਦੀ ਹੈ ਅਤੇ ਲਗਪਗ 1 ਲੱਖ ਲੋਕਾਂ ਨੂੰ ਰੁਜ਼ਗਾਰ ਦਿੰਦੀ ਹੈ। ਸ਼ਾਹੀ ਐਕਸਪੋਰਟਸ ਦੇ ਕੁੱਲ ਮੁਲਾਜ਼ਮਾਂ 'ਚੋਂ 70 ਫ਼ੀਸਦੀ ਤੋਂ ਵੱਧ ਮਹਿਲਾਵਾਂ ਹਨ।
ਕਈ ਵਿਦੇਸ਼ੀ ਬ੍ਰਾਂਡ ਹਨ ਕੰਪਨੀ ਦੇ ਗਾਹਕ
ਸ਼ਾਹੀ ਐਕਸਪੋਰਟਸ ਦੇ ਗਾਹਕਾਂ 'ਚ ਕਈ ਵੱਡੇ ਵਿਦੇਸ਼ੀ ਬ੍ਰਾਂਡ ਸ਼ਾਮਲ ਹਨ। ਇਨ੍ਹਾਂ 'ਚ ਕੈਲਵਿਨ ਕਲੇਨ, ਮਾਰਕਸ ਐਂਡ ਸਪੈਂਸਰ, ਯੂਨੀਕਲੋ, ਗੈਪ ਇੰਕ. ਅਤੇ ਵਾਲਮਾਰਟ ਵਰਗੇ ਗਲੋਬਲ ਬ੍ਰਾਂਡਾਂ ਦੇ ਨਾਂ ਸ਼ਾਮਲ ਹਨ, ਜਿਨ੍ਹਾਂ ਨੂੰ ਇਹ ਕੰਪਨੀ ਕੱਪੜੇ ਸਪਲਾਈ ਕਰਦੀ ਹੈ। ਅਰਬਪਤੀ ਹੋਣ ਦੇ ਬਾਵਜੂਦ ਹਰੀਸ਼ ਆਹੂਜਾ ਚਰਚਾ ਅਤੇ ਲਾਈਮਲਾਈਟ ਤੋਂ ਦੂਰ ਰਹਿਣਾ ਪਸੰਦ ਕਰਦੇ ਹਨ।
ਸਿਰਫ਼ 5,000 ਰੁਪਏ ਨਾਲ ਸ਼ੁਰੂ ਕੀਤਾ ਸੀ ਕਾਰੋਬਾਰ
ਇਸ ਵਿਸ਼ਾਲ ਕਾਰੋਬਾਰੀ ਸਾਮਰਾਜ ਦੀ ਨੀਂਹ ਕਿਸੇ ਵੱਡੇ ਕਾਰਪੋਰੇਟ ਦਫ਼ਤਰ 'ਚ ਨਹੀਂ, ਸਗੋਂ ਇੱਕ ਸਿਲਾਈ ਮਸ਼ੀਨ ਨਾਲ ਰੱਖੀ ਗਈ ਸੀ। ਸਾਲ 1974 'ਚ ਹਰੀਸ਼ ਦੀ ਮਾਂ ਸਰਲਾ ਆਹੂਜਾ ਨੇ ਫੈਕਟਰੀ 'ਚ ਸਿਲਾਈ ਆਪਰੇਟਰ ਦੀ ਨੌਕਰੀ ਛੱਡ ਦਿੱਤੀ ਅਤੇ ਦਿੱਲੀ 'ਚ ਆਪਣੇ ਘਰ ਤੋਂ ਹੀ ਸਿਰਫ਼ 5,000 ਰੁਪਏ ਦੀ ਸ਼ੁਰੂਆਤੀ ਪੂੰਜੀ ਨਾਲ ਕੱਪੜੇ ਸਿਲਣ ਦਾ ਕੰਮ ਸ਼ੁਰੂ ਕੀਤਾ।
ਉਨ੍ਹਾਂ ਦਾ ਮੁੱਖ ਮਕਸਦ ਸਮਾਜ ਦੀ ਭਲਾਈ ਨਾਲ ਜੁੜਿਆ ਹੋਇਆ ਸੀ। ਉਹ ਆਪਣੇ ਆਲੇ-ਦੁਆਲੇ ਦੀਆਂ ਲੋੜਵੰਦ ਔਰਤਾਂ ਨੂੰ ਪੱਕੀ ਆਮਦਨ, ਸਿਹਤ ਸਹੂਲਤਾਂ ਅਤੇ ਬੱਚਿਆਂ ਦੀ ਦੇਖਭਾਲ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਚਾਹੁੰਦੇ ਸਨ।
1990 ਦੇ ਦਹਾਕੇ 'ਚ ਹਰੀਸ਼ ਨੇ ਸੰਭਾਲਿਆ ਕਾਰੋਬਾਰ
1990 ਦੇ ਦਹਾਕੇ 'ਚ ਹਰੀਸ਼ ਆਹੂਜਾ ਤੇ ਉਨ੍ਹਾਂ ਦੇ ਭਰਾ ਸੁਨੀਲ ਇਸ ਕਾਰੋਬਾਰ ਨਾਲ ਜੁੜੇ। ਉਨ੍ਹਾਂ ਨੇ ਇੱਕ ਛੋਟੀ ਜਿਹੀ ਸਥਾਨਕ ਵਰਕਸ਼ਾਪ ਨੂੰ ਬਦਲ ਕੇ ਅਜਿਹੀ ਕੰਪਨੀ ਬਣਾਇਆ, ਜੋ ਉਤਪਾਦਨ ਤੋਂ ਲੈ ਕੇ ਤਿਆਰ ਕੱਪੜਿਆਂ ਦੀ ਵਿਦੇਸ਼ਾਂ 'ਚ ਸਪਲਾਈ ਤਕ ਦੇ ਕਈ ਪੜਾਵਾਂ 'ਤੇ ਕੰਮ ਕਰਦੀ ਹੈ।
ਹਰੀਸ਼ ਆਹੂਜਾ ਦੀ ਰਣਨੀਤਕ ਅਗਵਾਈ ਹੇਠ ਸ਼ਾਹੀ ਐਕਸਪੋਰਟਸ ਨੇ ਅੰਤਰਰਾਸ਼ਟਰੀ ਫੈਸ਼ਨ ਸਪਲਾਈ ਚੇਨ 'ਚ ਆਪਣੀ ਮਜ਼ਬੂਤ ਥਾਂ ਬਣਾਈ ਤੇ ਗਲੋਬਲ ਬ੍ਰਾਂਡਾਂ ਲਈ ਕੱਪੜੇ ਤਿਆਰ ਕਰਨ ਵਾਲੀ ਇੱਕ ਪ੍ਰਮੁੱਖ ਕੰਪਨੀ ਵਜੋਂ ਆਪਣੀ ਪਛਾਣ ਬਣਾਈ।