- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੰਪਨੀ ਦੀ ਰਣਨੀਤੀ ਤੋਂ ਜਾਣੂ ਲੋਕਾਂ ਦਾ ਕਹਿਣਾ ਹੈ ਕਿ ਇਸ ਆਈਪੀਓ ਦੀ ਸਫਲਤਾ ਕੰਪਨੀ ਦੀ ਲੰਬੇ ਸਮੇਂ ਦੀ ਯੋਜਨਾ ਨੂੰ ਕਾਫ਼ੀ ਹੱਦ ਤੱਕ ਪ੍ਰਭਾਵਿਤ ਕਰੇਗੀ। ਕੰਪਨੀ ਨੂੰ ਉਮੀਦ ਹੈ ਕਿ ਇਸ ਨਾਲ ਉਸ ਦੇ ਅਸਾਸਿਆਂ ਦਾ ਬਿਹਤਰ ਮੁਲਾਂਕਣ ਹੋਵੇਗਾ। ਆਈਪੀਓ ਦਾ ਅਨੁਮਾਨਤ ਆਕਾਰ 30,000 ਤੋਂ 37,700 ਕਰੋੜ ਰੁਪਏ ਦੇ ਆਸ-ਪਾਸ ਹੈ, ਜਿਸ ਨਾਲ ਇਹ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਆਈਪੀਓ ਬਣ ਸਕਦਾ ਹੈ।

ਜਾਗਰਣ ਬਿਊਰੋ, ਨਵੀਂ ਦਿੱਲੀ : ਰਿਲਾਇੰਸ ਸਮੂਹ ਦੀ ਡਿਜੀਟਲ ਅਤੇ ਦੂਰਸੰਚਾਰ ਸਬਸਿਡਰੀ ਜੀਓ ਪਲੇਟਫਾਰਮਜ਼ ਲਿਮਟਿਡ ਦਾ ਲੰਬੇ ਸਮੇਂ ਤੋਂ ਉਡੀਕਿਆਜਾ ਰਿਹਾ ਮੈਗਾ ਆਈਪੀਓ ਹੁਣ ਅੰਤਿਮ ਪੜਾਅ ’ਚ ਪਹੁੰਚ ਗਿਆ ਹੈ। ਲਗਪਗ ਦੋ ਦਹਾਕਿਆਂ ਬਾਅਦ (2007 ਵਿਚ ਰਿਲਾਇੰਸ ਪੈਟਰੋਲੀਅਮ ਤੋਂ ਬਾਅਦ) ਰਿਲਾਇੰਸ ਸਮੂਹ ਦੀ ਕੋਈ ਪ੍ਰਮੁੱਖ ਕੰਪਨੀ ਸ਼ੇਅਰ ਬਾਜ਼ਾਰ ਵਿਚ ਉਤਰ ਰਹੀ ਹੈ। ਸ਼ੇਅਰ ਬਾਜ਼ਾਰ ਵਿਚ ਭਾਰੀ ਅਸਥਿਰਤਾ ਦੇ ਬਾਵਜੂਦ ਇਸ ਆਈਪੀਓ ਨੂੰ ਲੈ ਕੇ ਆਮ ਅਤੇ ਖ਼ਾਸ ਨਿਵੇਸ਼ਕਾਂ ਵਿਚ ਕਾਫ਼ੀ ਉਤਸੁਕਤਾ ਹੈ।
ਕੰਪਨੀ ਦੀ ਰਣਨੀਤੀ ਤੋਂ ਜਾਣੂ ਲੋਕਾਂ ਦਾ ਕਹਿਣਾ ਹੈ ਕਿ ਇਸ ਆਈਪੀਓ ਦੀ ਸਫਲਤਾ ਕੰਪਨੀ ਦੀ ਲੰਬੇ ਸਮੇਂ ਦੀ ਯੋਜਨਾ ਨੂੰ ਕਾਫ਼ੀ ਹੱਦ ਤੱਕ ਪ੍ਰਭਾਵਿਤ ਕਰੇਗੀ। ਕੰਪਨੀ ਨੂੰ ਉਮੀਦ ਹੈ ਕਿ ਇਸ ਨਾਲ ਉਸ ਦੇ ਅਸਾਸਿਆਂ ਦਾ ਬਿਹਤਰ ਮੁਲਾਂਕਣ ਹੋਵੇਗਾ। ਆਈਪੀਓ ਦਾ ਅਨੁਮਾਨਤ ਆਕਾਰ 30,000 ਤੋਂ 37,700 ਕਰੋੜ ਰੁਪਏ ਦੇ ਆਸ-ਪਾਸ ਹੈ, ਜਿਸ ਨਾਲ ਇਹ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਆਈਪੀਓ ਬਣ ਸਕਦਾ ਹੈ। ਕੰਪਨੀ ਦੀ ਡਰਾਫਟ ਰੈੱਡ ਹੇਰਿੰਗ ਪ੍ਰਾਸਪੈਕਟਸ (ਡੀਆਰਐੱਚਪੀ) ਮੁਤਾਬਕ, ਜੁਟਾਈ ਜਾਣ ਵਾਲੀ ਰਕਮ ਦਾ ਵੱਡਾ ਹਿੱਸਾ (ਲਗਪਗ 27,500 ਕਰੋੜ ਰੁਪਏ) ਸਬਸਿਡਰੀ ਰਿਲਾਇੰਸ ਜੀਓ ਇੰਫੋਕਾਮ ਲਿਮਟਿਡ (ਆਰਜੇਆਈਐੱਲ) ਦਾ ਪੁਰਾਣਾ ਕਰਜ਼ਾ ਸਮੇਂ ਤੋਂ ਪਹਿਲਾਂ ਅਦਾ ਕਰਨ ਲਈ ਵਰਤਿਆ ਜਾਵੇਗਾ। ਇਸ ਨਾਲ ਕੰਪਨੀ ਕੋਲ ਭਵਿੱਖੀ ਵਿਸਥਾਰ ਲਈ ਵਾਧੂ ਸਰੋਤ ਉਪਲਬਧ ਹੋਣਗੇ ਅਤੇ 5ਜੀ ਤੇ 6ਜੀ ਸਮੇਤ ਵੱਡੀਆਂ ਪੂੰਜੀ ਨਿਵੇਸ਼ ਯੋਜਨਾਵਾਂ ਲਈ ਧਨ ਵੀ ਮੌਜੂਦ ਰਹੇਗਾ।
31 ਮਾਰਚ, 2026 ਤੱਕ ਦੇ ਅੰਕੜਿਆਂ ਮੁਤਾਬਕ, ਰਿਲਾਇੰਸ ਜੀਓ ਇੰਫੋਕਾਮ ’ਤੇ ਮੂਲ ਰਕਮ ਵਜੋਂ ਲਗਪਗ 30,057 ਕਰੋੜ ਰੁਪਏ ਦਾ ਪੁਰਾਣਾ ਕਰਜ਼ਾ ਸੀ। ਇਹ ਮੁੱਖ ਤੌਰ ’ਤੇ ਵੱਡੇ ਵਣਜ ਉਧਾਰ (ਈਸੀਬੀ) ਨਾਲ ਜੁੜਿਆ ਹੋਇਆ ਹੈ ਜੋ 2022 ਅਤੇ 2023 ਵਿਚ ਕੌਮਾਂਤਰੀ ਅਤੇ ਘਰੇਲੂ ਬੈਂਕਾਂ ਦੇ ਗੱਠਜੋੜ ਤੋਂ ਲਿਆ ਗਿਆ ਸੀ ਜਿਸ ਦੀ ਅਦਾਇਗੀ ਕੀਤੀ ਜਾਣੀ ਹੈ। ਕਰਜ਼ੇ ਦੀ ਵਰਤੋਂ ਮੁੱਖ ਤੌਰ ’ਤੇ ਸਪੈਕਟ੍ਰਮ ਦੀ ਖ਼ਰੀਦ ਅਤੇ ਨੈੱਟਵਰਕ ਦੇ ਵਿਸਥਾਰ ਵਰਗੇ ਪੂੰਜੀ ਖ਼ਰਚਿਆਂ ਲਈ ਕੀਤੀ ਗਈ ਸੀ। ਕਰਜ਼ਾ ਚੁੱਕਣ ਤੋਂ ਬਾਅਦ ਬਚੀ ਰਕਮ ਮਾਰਕੀਟਿੰਗ ਅਤੇ ਬ੍ਰਾਂਡ ਬਣਾਉਣ, ਵਰਕਿੰਗ ਕੈਪੀਟਲ ਦੀਆਂ ਲੋੜਾਂ ਪੂਰੀਆਂ ਕਰਨ ਜਾਂ ਹੋਰ ਅਚਾਨਕ ਖ਼ਰਚਿਆਂ ਲਈ ਵਰਤੀ ਜਾਵੇਗੀ। ਕੰਪਨੀ ਦੀ ਨਜ਼ਰ ਫਿਕਸਡ ਬ੍ਰਾਡਬੈਂਡ ਦੇ ਵਿਸਥਾਰ, ਏਆਈ ਅਤੇ ਕਲਾਊਡ ਸੇਵਾਵਾਂ, ਇੰਟਰਪ੍ਰਾਈਜ਼ ਡਿਜੀਟਲ ਸੋਲਿਊਸ਼ਨਜ਼ ਅਤੇ ਕੌਮਾਂਤਰੀ ਤਕਨਾਲੋਜੀ ਭਾਈਵਾਲੀਆਂ ’ਤੇ ਹੈ। ਇਸ ਦੇ ਲਈ ਵਾਧੂ ਸਰੋਤ ਜੁਟਾਉਣ ਦੀ ਸਮਰੱਥਾ ਵਧੇਗੀ।
21 ਅਕਤੂਬਰ ਨੂੰ ਖੁੱਲ੍ਹ ਸਕਦਾ ਹੈ ਆਈਪੀਓ
ਆਮ ਨਿਵੇਸ਼ਕਾਂ ਲਈ ਆਈਪੀਓ 21 ਤੋਂ 23 ਅਕਤੂਬਰ ਤੱਕ ਖੁੱਲ੍ਹਣ ਦੀ ਉਮੀਦ ਹੈ। ਪ੍ਰਾਈਸ ਬੈਂਡ ਹਾਲੇ ਅਧਿਕਾਰਤ ਤੌਰ ’ਤੇ ਐਲਾਨ ਨਹੀਂ ਹੋਇਆ ਹੈ, ਪਰ ਵੱਖ-ਵੱਖ ਰਿਪੋਰਟਾਂ ਵਿਚ ਇਸ ਦੇ 1,065-1,119 ਰੁਪਏ ਜਾਂ ਇਸ ਤੋਂ ਵੱਧ ਰਹਿਣ ਦਾ ਅਨੁਮਾਨ ਲਾਇਆ ਗਿਆ ਹੈ।
ਕਰੀਬ ਦਰਜਨ ਕੰਪਨੀਆਂ ਆਈਪੀਓ ਲਿਆਉਣ ਦੀ ਤਿਆਰੀ ’ਚ
ਨਵੀਂ ਦਿੱਲੀ, (ਪੀਟੀਆਈ) : ਮੁੱਢਲੇ ਬਾਜ਼ਾਰ ਵਿਚ ਆਈਪੀਓ ਰਾਹੀਂ ਪੂੰਜੀ ਜੁਟਾਉਣ ਦੀ ਰਫ਼ਤਾਰ ਲਗਾਤਾਰ ਬਣੀ ਹੋਈ ਹੈ। ਅਕਤੂਬਰ ਵਿਚ ਜੀਓ ਪਲੇਟਫਾਰਮਜ਼ ਸਮੇਤ ਕਰੀਬ ਦਰਜਨ ਕੰਪਨੀਆਂ ਆਪਣੇ ਆਈਪੀਓ ਲਿਆਉਣ ਦੀ ਤਿਆਰੀ ਕਰ ਰਹੀਆਂ ਹਨ। ਇਨ੍ਹਾਂ ਕੰਪਨੀਆਂ ਦੇ ਆਈਪੀਓਜ਼ ਨਾਲ ਤਕਨਾਲੋਜੀ, ਸਿਹਤ ਸੇਵਾਵਾਂ, ਨਵਿਆਉਣਯੋਗ ਊਰਜਾ, ਰੱਖਿਆ ਅਤੇ ਮੈਨੂਫੈਕਚਰਿੰਗ ਵਰਗੇ ਖੇਤਰਾਂ ਵਿਚ ਨਿਵੇਸ਼ ਦੇ ਨਵੇਂ ਮੌਕੇ ਮਿਲਣ ਦੀ ਉਮੀਦ ਹੈ।
ਇਸ ਸਾਲ ਹੁਣ ਤੱਕ 96 ਆਈਪੀਓਜ਼ ਰਾਹੀਂ ਕੰਪਨੀਆਂ ਨੇ 1.1 ਲੱਖ ਕਰੋੜ ਰੁਪਏ ਤੋਂ ਵੱਧ ਦੀ ਰਕਮ ਜੁਟਾਈ ਹੈ। ਇਨ੍ਹਾਂ ਵਿੱਚੋਂ ਇਕੱਲੇ ਸਤੰਬਰ ਮਹੀਨੇ ਵਿਚ 35 ਆਈਪੀਓ ਬਾਜ਼ਾਰ ਵਿਚ ਆਏ ਸਨ।
ਇਹ ਕੰਪਨੀਆਂ ਵੀ ਜੁਟਾਉਣਗੀਆਂ ਰਕਮ
- ਅਵਾਡਾ ਇਲੈਕਟ੍ਰੋ- 7,600 ਕਰੋੜ ਰੁਪਏ
- ਜੈੱਟਵਰਕ-5,000 ਕਰੋੜ ਰੁਪਏ
- ਫਿਊਜ਼ਨ ਸੀਐੱਕਸ -702 ਕਰੋੜ ਰੁਪਏ
- ਐੱਚਡੀ ਫਾਇਰ ਪ੍ਰੋਟੈਕਟ- 712 ਕਰੋੜ ਰੁਪਏ
(ਟੋਂਬੋ ਇਮੇਜਿੰਗ, ਬੋਨਫਿਗਲਿਓਲੀ ਟ੍ਰਾਂਸਮਿਸ਼ਨਜ਼, ਸਹਜਾਨੰਦ ਮੈਡੀਕਲ ਟੈਕਨਾਲੋਜੀਜ਼, ਪਾਰਸ ਹੈਲਥਕੇਅਰ, ਐੱਨਡੀਆਰ ਇਨਵਿਟ ਟਰੱਸਟ, ਗੁਜਰਾਤ ਵਿਕਟਰੀ ਫੋਰਜਿੰਗਜ਼ ਅਤੇ ਐੱਸਐੱਫਸੀ ਇਨਵਾਇਰਨਮੈਂਟਲ ਟੈਕਨਾਲੋਜੀਜ਼ ਵੀ ਬਾਜ਼ਾਰ ਵਿਚ ਉਤਰਨਗੀਆਂ)।