ਦੁਨੀਆ ਦੀ ਉਹ ਧਰਤੀ ਜੋ ਉਗਲਦੀ ਹੈ ਬੇਸ਼ੁਮਾਰ ਹੀਰੇ, ‘ਡਾਇਮੰਡ ਲੈਂਡ’ ਨੇ ਕਿਵੇਂ ਬਦਲੀ ਦੇਸ਼ ਦੀ ਕਿਸਮਤ?
ਅਫਰੀਕਾ ਦਾ ਬੋਤਸਵਾਨਾ (Botswana) ਅੱਜ ਦੁਨੀਆ ਦੇ ਪ੍ਰਮੁੱਖ ਹੀਰਾ ਉਤਪਾਦਕ ਦੇਸ਼ਾਂ 'ਚ ਗਿਣਿਆ ਜਾਂਦਾ ਹੈ। ਇੱਥੋਂ ਦੀ ਅਰਥਵਿਵਸਥਾ 'ਚ ਹੀਰਿਆਂ ਦੀ ਭੂਮਿਕਾ ਇੰਨੀ ਵੱਡੀ ਹੈ ਕਿ ਦੇਸ਼ ਦੀ ਪਛਾਣ ਹੀ ‘ਡਾਇਮੰਡ ਲੈਂਡ’ ਵਜੋਂ ਬਣ ਗਈ ਹੈ। ਪਰ ਦਿਲਚਸਪ ਗੱਲ ਇਹ ਹੈ ਕਿ ਕਦੇ ਬੋਤਸਵਾਨਾ ਦੁਨੀਆ ਦੇ ਸਭ ਤੋਂ ਗਰੀਬ ਦੇਸ਼ਾਂ 'ਚ ਸ਼ਾਮਲ ਸੀ।
Publish Date: Tue, 29 Sep 2026 03:53 PM (IST)
Updated Date: Tue, 29 Sep 2026 03:56 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਸੋਨੇ-ਚਾਂਦੀ ਦੀ ਤਾਂ ਬਹੁਤ ਗੱਲ ਹੁੰਦੀ ਹੈ, ਪਰ ਹੀਰੇ ਦਾ ਕੋਈ ਜਵਾਬ ਨਹੀਂ। ਇਸ ਦੀ ਕੀਮਤ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੁੰਦੀ ਹੈ। ਅਜਿਹੇ 'ਚ ਇਹ ਜਾਣਨਾ ਦਿਲਚਸਪ ਹੋਵੇਗਾ ਕਿ ਦੁਨੀਆ 'ਚ ਸਭ ਤੋਂ ਵੱਧ ਹੀਰੇ ਕਿਸ ਦੇਸ਼ 'ਚ ਮਿਲਦੇ ਹਨ। ਆਖ਼ਰ ਉਹ ਕਿਹੜਾ ਦੇਸ਼ ਹੈ ਜਿੱਥੇ ਦੀ ਧਰਤੀ 'ਚੋਂ ਭਰ-ਭਰ ਕੇ ਹੀਰੇ ਨਿਕਲਦੇ ਹਨ? ਆਓ ਤੁਹਾਨੂੰ ਦੱਸਦੇ ਹਾਂ ਕਿ ਦੁਨੀਆ ਦੀ ਕਿਹੜੀ ਧਰਤੀ ਨੂੰ ‘ਡਾਇਮੰਡ ਲੈਂਡ’ (Diamond Land) ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਕਿੱਥੇ ਹੈ ‘ਡਾਇਮੰਡ ਲੈਂਡ’?
ਅਫਰੀਕਾ ਦਾ ਬੋਤਸਵਾਨਾ (Botswana) ਅੱਜ ਦੁਨੀਆ ਦੇ ਪ੍ਰਮੁੱਖ ਹੀਰਾ ਉਤਪਾਦਕ ਦੇਸ਼ਾਂ 'ਚ ਗਿਣਿਆ ਜਾਂਦਾ ਹੈ। ਇੱਥੋਂ ਦੀ ਅਰਥਵਿਵਸਥਾ 'ਚ ਹੀਰਿਆਂ ਦੀ ਭੂਮਿਕਾ ਇੰਨੀ ਵੱਡੀ ਹੈ ਕਿ ਦੇਸ਼ ਦੀ ਪਛਾਣ ਹੀ ‘ਡਾਇਮੰਡ ਲੈਂਡ’ ਵਜੋਂ ਬਣ ਗਈ ਹੈ। ਪਰ ਦਿਲਚਸਪ ਗੱਲ ਇਹ ਹੈ ਕਿ ਕਦੇ ਬੋਤਸਵਾਨਾ ਦੁਨੀਆ ਦੇ ਸਭ ਤੋਂ ਗਰੀਬ ਦੇਸ਼ਾਂ 'ਚ ਸ਼ਾਮਲ ਸੀ। ਅੱਜ ਇਹ ਉੱਚ-ਮੱਧ ਆਮਦਨ ਵਾਲੇ ਦੇਸ਼ਾਂ ਦੀ ਸ਼੍ਰੇਣੀ 'ਚ ਪਹੁੰਚ ਚੁੱਕਾ ਹੈ। ਇਸ ਦੀ ਆਰਥਿਕ ਕਹਾਣੀ 'ਚ ਹੀਰਿਆਂ ਦੀ ਖੋਜ ਸਭ ਤੋਂ ਵੱਡਾ ਮੋੜ ਸਾਬਤ ਹੋਈ।
ਆਜ਼ਾਦੀ ਵੇਲੇ ਬੇਹੱਦ ਗਰੀਬ ਸੀ ਬੋਤਸਵਾਨਾ
ਬੋਤਸਵਾਨਾ ਨੂੰ ਬ੍ਰਿਟੇਨ ਤੋਂ 1966 'ਚ ਆਜ਼ਾਦੀ ਮਿਲੀ ਸੀ ਅਤੇ 1967 'ਚ ਇੱਥੇ ਪਹਿਲੀ ਵਾਰ ਹੀਰਾ ਮਿਲਿਆ ਸੀ। ਉਸ ਸਮੇਂ ਦੇਸ਼ ਦੀ ਅਰਥਵਿਵਸਥਾ ਬਹੁਤ ਛੋਟੀ ਸੀ ਅਤੇ ਪ੍ਰਤੀ ਵਿਅਕਤੀ ਆਮਦਨ ਵੀ ਬਹੁਤ ਘੱਟ ਸੀ। ਵਿਸ਼ਵ ਬੈਂਕ ਮੁਤਾਬਕ, ਆਜ਼ਾਦੀ ਦੇ ਸਮੇਂ ਬੋਤਸਵਾਨਾ ਦੁਨੀਆ ਦੇ ਸਭ ਤੋਂ ਗਰੀਬ ਦੇਸ਼ਾਂ 'ਚ ਸ਼ਾਮਲ ਸੀ। ਇਸ ਤੋਂ ਬਾਅਦ ਦੇਸ਼ 'ਚ ਵੱਡੇ ਪੱਧਰ 'ਤੇ ਹੀਰਿਆਂ ਦੇ ਭੰਡਾਰ ਮਿਲਣੇ ਸ਼ੁਰੂ ਹੋਏ ਅਤੇ ਆਰਥਿਕ ਤਸਵੀਰ ਤੇਜ਼ੀ ਨਾਲ ਬਦਲਣ ਲੱਗੀ।
ਬੋਤਸਵਾਨਾ ਦੀਆਂ ਖਾਣਾਂ 'ਚੋਂ ਨਿਕਲੇ ਹਨ ਦੁਨੀਆ ਦੇ ਵੱਡੇ ਹੀਰੇ
ਬੋਤਸਵਾਨਾ ਦੀ ਅਰਥਵਿਵਸਥਾ 'ਚ ਹੀਰਿਆਂ ਦੀ ਬਹੁਤ ਵੱਡੀ ਭੂਮਿਕਾ ਹੈ। ਇਹ ਦੇਸ਼ ਦੇ ਰਾਸ਼ਟਰੀ ਮਾਲੀਏ ਦਾ ਕਰੀਬ ਇੱਕ-ਤਿਹਾਈ ਤੇ ਵਿਦੇਸ਼ੀ ਮੁਦਰਾ ਭੰਡਾਰ ਦਾ ਲਗਪਗ ਤਿੰਨ-ਚੌਥਾਈ ਹਿੱਸਾ ਲਿਆਉਂਦੇ ਹਨ। ਇੱਥੋਂ ਦੀਆਂ ਖਾਣਾਂ ਦਾ ਇਤਿਹਾਸ ਬੇਹੱਦ ਅਮੀਰ ਰਿਹਾ ਹੈ, ਜਿੱਥੋਂ ਦੁਨੀਆ ਦੇ ਸਭ ਤੋਂ ਵੱਡੇ ਅਤੇ ਕੀਮਤੀ ਹੀਰੇ ਕੱਢੇ ਗਏ ਹਨ। ਬੋਤਸਵਾਨਾ ਦੀ ਧਰਤੀ ਤੋਂ ਨਿਕਲੇ ਇਨ੍ਹਾਂ ਦੁਰਲੱਭ ਹੀਰਿਆਂ ਨੇ ਕਈ ਰਾਜਿਆਂ-ਮਹਾਰਾਜਿਆਂ ਦੇ ਤਾਜਾਂ ਦੀ ਰੌਣਕ ਵੀ ਵਧਾਈ ਹੈ।
ਬੀਬੀਸੀ ਦੀ ਰਿਪੋਰਟ ਮੁਤਾਬਕ, ਹੁਣ ਤਕ ਦਾ ਦੂਜਾ ਸਭ ਤੋਂ ਵੱਡਾ ਹੀਰਾ 2024 'ਚ ਬੋਤਸਵਾਨਾ ਦੀਆਂ ਖਾਣਾਂ 'ਚੋਂ ਹੀ ਕੱਢਿਆ ਗਿਆ ਸੀ। 2,492 ਕੈਰਟ ਦਾ ਕੱਚਾ ਹੀਰਾ ਬੋਤਸਵਾਨਾ 'ਚ ਕੈਨੇਡੀਅਨ ਕੰਪਨੀ ਲੁਕਾਰਾ ਡਾਇਮੰਡ ਦੀ ਮਲਕੀਅਤ ਵਾਲੀ ਇੱਕ ਖਾਣ 'ਚੋਂ ਮਿਲਿਆ ਸੀ। ਇਹ 1905 'ਚ ਦੱਖਣੀ ਅਫਰੀਕਾ 'ਚ ਮਿਲੇ 3,106 ਕੈਰਟ ਦੇ ਕਲਿਨਨ ਹੀਰੇ ਤੋਂ ਬਾਅਦ ਸਭ ਤੋਂ ਵੱਡੀ ਖੋਜ ਸੀ। ਕਲਿਨਨ ਹੀਰੇ ਨੂੰ ਨੌਂ ਵੱਖ-ਵੱਖ ਪੱਥਰਾਂ 'ਚ ਕੱਟਿਆ ਗਿਆ ਸੀ, ਜਿਨ੍ਹਾਂ 'ਚੋਂ ਕਈ ਬ੍ਰਿਟਿਸ਼ ਕ੍ਰਾਊਨ ਜਵੈਲਜ਼ ਦਾ ਹਿੱਸਾ ਹਨ।
ਦੂਜਾ ਸਭ ਤੋਂ ਵੱਡਾ ਹੀਰਾ ਬੋਤਸਵਾਨਾ ਦੀ ਰਾਜਧਾਨੀ ਗੈਬੋਰੋਨ ਤੋਂ ਲਗਭਗ 500 ਕਿਲੋਮੀਟਰ (300 ਮੀਲ) ਉੱਤਰ 'ਚ ਸਥਿਤ ਕਾਰੋਵੇ ਖਾਣ 'ਚੋਂ ਮਿਲਿਆ ਸੀ। ਬੋਤਸਵਾਨਾ 'ਚ ਇਸ ਤੋਂ ਪਹਿਲਾਂ ਸਭ ਤੋਂ ਵੱਡੀ ਖੋਜ 2019 'ਚ ਇਸੇ ਖਾਣ 'ਚ ਹੋਈ ਸੀ, ਜਦੋਂ 1,758 ਕੈਰਟ ਦਾ ਹੀਰਾ ਮਿਲਿਆ ਸੀ।
ਕਿੰਨੀ ਹੁੰਦੀ ਹੈ ਇਕ ਹੀਰੇ ਦੀ ਕੀਮਤ?
ਰਿਪੋਰਟ ਮੁਤਾਬਕ, ਇਸ ਹੀਰੇ ਦੀ ਕੀਮਤ ਕਰੀਬ 40 ਮਿਲੀਅਨ ਡਾਲਰ, ਯਾਨੀ ਲਗਭਗ 3.6 ਅਰਬ ਰੁਪਏ ਸੀ। ਬ੍ਰਿਟੇਨ ਦੇ ਅਖ਼ਬਾਰ ਫਾਇਨੈਂਸ਼ੀਅਲ ਟਾਈਮਜ਼ ਮੁਤਾਬਕ, 2019 'ਚ ਮਿਲੇ 1,758 ਕੈਰਟ ਦੇ ਇਸ ਹੀਰੇ ਨੂੰ ਫਰਾਂਸੀਸੀ ਫੈਸ਼ਨ ਬ੍ਰਾਂਡ ਲੂਈ ਵੁਈਟਨ ਨੇ ਇੱਕ ਅਣਦੱਸੀ ਰਕਮ 'ਚ ਖਰੀਦਿਆ ਸੀ।
2016 'ਚ ਇਸੇ ਖਾਣ 'ਚੋਂ ਮਿਲੇ 1,109 ਕੈਰਟ ਦੇ ਹੀਰੇ ਨੂੰ 2017 'ਚ ਲੰਡਨ ਦੇ ਜੌਹਰੀ ਲਾਰੈਂਸ ਗ੍ਰਾਫ ਨੇ 63 ਮਿਲੀਅਨ ਡਾਲਰ 'ਚ ਖਰੀਦਿਆ ਸੀ। ਲਾਰੈਂਸ ਗ੍ਰਾਫ, ਗ੍ਰਾਫ ਡਾਇਮੰਡਜ਼ ਦੇ ਚੇਅਰਮੈਨ ਹਨ।