ਟਾਟਾ ਸੰਨਜ਼ ਨੇ ਚੁੱਕਿਆ ਵੱਡਾ ਕਦਮ, ਬੰਬੇ ਹਾਈ ਕੋਰਟ ਤੇ SC 'ਚ ਦਾਇਰ ਕੀਤੀ ਕੈਵੀਐਟ; ਜਾਣੋ ਕੀ ਹੈ ਪੂਰਾ ਮਾਮਲਾ
ਸਰ ਦੋਰਾਬਜੀ ਟਾਟਾ ਟਰੱਸਟ ਅਤੇ ਆਰ.ਡੀ. ਟਾਟਾ ਟਰੱਸਟ ਨੇ 30 ਨਵੰਬਰ ਨੂੰ ਹੋਣ ਵਾਲੀ ਟਾਟਾ ਸੰਨਜ਼ ਦੀ ਬੋਰਡ ਮੀਟਿੰਗ ਮੁਲਤਵੀ ਕਰਨ ਜਾਂ ਉਸ ’ਤੇ ਰੋਕ ਲਾਉਣ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਟਾਟਾ ਸੰਨਜ਼ ਦੇ ਚੇਅਰਮੈਨ ਚੰਦਰਸ਼ੇਖਰਨ ਨੂੰ ਮੀਟਿੰਗ ਵਿਚ ਫ਼ੈਸਲਾਕੁਨ ਵੋਟ ਦੀ ਵਰਤੋਂ ਕਰਨ ਤੋਂ ਰੋਕਣ ਦੀ ਵੀ ਬੇਨਤੀ ਕੀਤੀ ਸੀ।
Publish Date: Sun, 29 Nov 2026 10:29 AM (IST)
Updated Date: Sun, 29 Nov 2026 10:31 AM (IST)
ਮੁੰਬਈ (ਪੀਟੀਆਈ) : ਟਾਟਾ ਸੰਨਜ਼ ਨੇ ਸ਼ਨੀਵਾਰ ਨੂੰ ਬੰਬੇ ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿਚ ਕੈਵੀਐਟ ਦਾਇਰ ਕੀਤੀ। ਦੋ ਟਾਟਾ ਟਰੱਸਟਾਂ ਨੂੰ ਬੰਬੇ ਹਾਈ ਕੋਰਟ ਤੋਂ ਤੁਰੰਤ ਰਾਹਤ ਨਾ ਮਿਲਣ ਮਗਰੋਂ ਟਾਟਾ ਸਮੂਹ ਦੀ ਹੋਲਡਿੰਗ ਕੰਪਨੀ ਨੇ ਇਹ ਕਦਮ ਚੁੱਕਿਆ ਹੈ। ਇਸ ਨਾਲ ਜੇ ਦੋਵੇਂ ਟਰੱਸਟ ਅਪੀਲ ਕਰਦੇ ਹਨ ਤਾਂ ਕੰਪਨੀ ਦਾ ਪੱਖ ਵੀ ਸੁਣਿਆ ਜਾਵੇਗਾ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਸਰ ਦੋਰਾਬਜੀ ਟਾਟਾ ਟਰੱਸਟ ਅਤੇ ਆਰ.ਡੀ. ਟਾਟਾ ਟਰੱਸਟ ਨੇ 30 ਨਵੰਬਰ ਨੂੰ ਹੋਣ ਵਾਲੀ ਟਾਟਾ ਸੰਨਜ਼ ਦੀ ਬੋਰਡ ਮੀਟਿੰਗ ਮੁਲਤਵੀ ਕਰਨ ਜਾਂ ਉਸ ’ਤੇ ਰੋਕ ਲਾਉਣ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਟਾਟਾ ਸੰਨਜ਼ ਦੇ ਚੇਅਰਮੈਨ ਚੰਦਰਸ਼ੇਖਰਨ ਨੂੰ ਮੀਟਿੰਗ ਵਿਚ ਫ਼ੈਸਲਾਕੁਨ ਵੋਟ ਦੀ ਵਰਤੋਂ ਕਰਨ ਤੋਂ ਰੋਕਣ ਦੀ ਵੀ ਬੇਨਤੀ ਕੀਤੀ ਸੀ।
ਜਸਟਿਸ ਅਭੈ ਆਹੂਜਾ ਦੀ ਅਗਵਾਈ ਵਾਲੇ ਬੈਂਚ ਨੇ ਸ਼ੁੱਕਰਵਾਰ ਨੂੰ ਰਾਹਤ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਮੀਟਿੰਗ ਤੈਅ ਪ੍ਰੋਗਰਾਮ ਮੁਤਾਬਕ ਹੋ ਸਕਦੀ ਹੈ, ਪਰ ਇਹ ਅਦਾਲਤ ਦੇ ਆਖ਼ਰੀ ਹੁਕਮਾਂ ਦੇ ਅਧੀਨ ਰਹੇਗੀ। ਬੈਂਚ ਨੇ ਟਾਟਾ ਸੰਨਜ਼, ਬੋਰਡ ਮੈਂਬਰਾਂ ਅਤੇ ਹੋਰ ਜਵਾਬਦੇਹ ਧਿਰਾਂ ਨੂੰ 26 ਨਵੰਬਰ ਨੂੰ ਦਾਇਰ ਦੋਵਾਂ ਮੁਕੱਦਮਿਆਂ ਬਾਰੇ ਜਵਾਬੀ ਹਲਫ਼ਨਾਮੇ ਦਾਇਰ ਕਰਨ ਦੇ ਨਿਰਦੇਸ਼ ਦਿੱਤੇ। ਅਗਲੀ ਸੁਣਵਾਈ 18 ਜਨਵਰੀ 2027 ਨੂੰ ਹੋਵੇਗੀ।
ਦੋਵਾਂ ਟਰੱਸਟਾਂ ਨੇ ਟਾਟਾ ਸੰਨਜ਼ ਅਤੇ ਉਸ ਦੇ ਛੇ ਡਾਇਰੈਕਟਰਾਂ ਖ਼ਿਲਾਫ਼ ਮੁਕੱਦਮੇ ਦਾਇਰ ਕਰਕੇ ਚੰਦਰਸ਼ੇਖਰਨ ਦੀ ਤੀਜੇ ਕਾਰਜਕਾਲ ਲਈ ਕਾਰਜਕਾਰੀ ਚੇਅਰਮੈਨ ਵਜੋਂ ਮੁੜ ਨਿਯੁਕਤੀ ਨੂੰ ਚੁਣੌਤੀ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 17 ਸਤੰਬਰ ਦਾ ਬੋਰਡ ਪ੍ਰਸਤਾਵ ਅਵੈਧ ਸੀ, ਕਿਉਂਕਿ ਇਸ ਨੂੰ ਕੰਪਨੀ ਦੇ ਆਰਟੀਕਲਜ਼ ਆਫ਼ ਐਸੋਸੀਏਸ਼ਨ ਦੀ ਧਾਰਾ 121 ਤਹਿਤ ਲੋੜੀਂਦੀਆਂ ਹਮਾਇਤੀ ਵੋਟਾਂ ਨਹੀਂ ਮਿਲੀਆਂ ਸਨ।