ਸਰਕਾਰੀ ਸੰਸਥਾ IBBI ਨੇ IIM ਅਹਿਮਦਾਬਾਦ ਦੀ ਰਿਸਰਚ ਦੇ ਆਧਾਰ 'ਤੇ ਹਾਲ ਹੀ 'ਚ (ਮਾਰਚ 2026) ਆਪਣੀ ਪ੍ਰੈੱਸ ਰਿਲੀਜ਼ 'ਚ ਇਹ ਜਾਣਕਾਰੀ ਸਾਂਝੀ ਕੀਤੀ ਹੈ। ਇਹ ਅਧਿਐਨ 2023 'ਚ ਕੀਤੇ ਗਏ ਇਕ ਪੁਰਾਣੇ ਅਧਿਐਨ 'ਤੇ ਆਧਾਰਿਤ ਹੈ, ਜਿਸ ਵਿੱਚ 2013-2022 ਦੀ ਮਿਆਦ ਦੌਰਾਨ ਮੁੜ ਗਠਨ ਤੋਂ ਬਾਅਦ ਕੰਪਨੀਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਸੀ।

'ਪਾਰਸ ਪੱਥਰ ਜਿਸ ਨੂੰ ਛੂਹ ਲਵੇ, ਉਹ ਸੋਨਾ ਬਣ ਜਾਂਦਾ ਹੈ।' ਭਾਰਤੀ ਕਾਰਪੋਰੇਟ ਜਗਤ 'ਚ ਟਾਟਾ ਗਰੁੱਪ (Tata Group) ਅਤੇ ਮੁਕੇਸ਼ ਅੰਬਾਨੀ (Mukesh Ambani) ਕਿਸੇ ਪਾਰਸ ਪੱਥਰ ਤੋਂ ਘੱਟ ਨਹੀਂ ਹਨ। ਜ਼ਰਾ ਸੋਚੋ, ਜੋ ਕੰਪਨੀਆਂ ਹਜ਼ਾਰਾਂ ਕਰੋੜਾਂ ਦੇ ਕਰਜ਼ੇ 'ਚ ਡੁੱਬ ਕੇ ਪੂਰੀ ਤਰ੍ਹਾਂ 'ਕੰਗਾਲ' ਹੋ ਚੁੱਕੀਆਂ ਸਨ, ਜਿਨ੍ਹਾਂ ਦੇ ਕਾਰਖਾਨਿਆਂ ਨੂੰ ਤਾਲੇ ਲੱਗਣ ਵਾਲੇ ਸਨ ਅਤੇ ਜੋ ਕੌਡੀਆਂ ਦੇ ਭਾਅ ਨੀਲਾਮ ਹੋ ਰਹੀਆਂ ਸਨ... ਉਨ੍ਹਾਂ ਦਾ ਕੀ ਹੋਇਆ ਹੋਵੇਗਾ?
ਜਵਾਬ ਹੈ ਕਿ ਟਾਟਾ ਅਤੇ ਰਿਲਾਇੰਸ ਵਰਗੇ ਦਿੱਗਜਾਂ ਨੇ ਇਨ੍ਹਾਂ ਡੁੱਬਦੀਆਂ ਕੰਪਨੀਆਂ ਦਾ ਹੱਥ ਫੜਿਆ ਤੇ ਇਨ੍ਹਾਂ ਦੀ ਕਿਸਮਤ ਅਜਿਹੀ ਪਲਟੀ ਕਿ ਅੱਜ ਇਹ ਸ਼ੇਅਰ ਬਾਜ਼ਾਰ 'ਤੇ ਰਾਜ ਕਰ ਰਹੀਆਂ ਹਨ। ਹਾਲ ਹੀ 'ਚ ਦੇਸ਼ ਦੇ ਵੱਕਾਰੀ ਸੰਸਥਾਨ IIM ਅਹਿਮਦਾਬਾਦ (IIM-A) ਅਤੇ ਸਰਕਾਰੀ ਸੰਸਥਾ IBBI ਨੇ ਇਕ ਰਿਸਰਚ ਰਿਪੋਰਟ ਜਾਰੀ ਕੀਤੀ ਹੈ ਜਿਸ ਨੇ ਪੂਰੇ ਬਾਜ਼ਾਰ ਨੂੰ ਹੈਰਾਨ ਕਰ ਦਿੱਤਾ ਹੈ। ਰਿਪੋਰਟ ਮੁਤਾਬਕ, ਦਿਵਾਲੀਆ ਕਾਨੂੰਨ (IBC) ਤਹਿਤ ਨੀਲਾਮ ਹੋਈਆਂ 1,194 ਕੰਪਨੀਆਂ ਦੀ ਵੈਲਿਊ ਮਹਿਜ਼ 5 ਸਾਲਾਂ 'ਚ 2.8 ਲੱਖ ਕਰੋੜ ਰੁਪਏ ਤੋਂ ਉਛਲ ਕੇ ਸਿੱਧੀ 9 ਲੱਖ ਕਰੋੜ ਰੁਪਏ ਦੇ ਪਾਰ ਪਹੁੰਚ ਗਈ ਹੈ।
ਆਖਿਰ ਕਿਵੇਂ ਭਾਰੀ ਕਰਜ਼ੇ 'ਚ ਡੁੱਬੀ 'ਭੂਸ਼ਣ ਸਟੀਲ' 'ਚ ਟਾਟਾ ਨੇ ਨਵੀਂ ਜਾਨ ਫੂਕੀ? ਕਿਵੇਂ ਬੰਦ ਹੋਣ ਦੀ ਕਗਾਰ 'ਤੇ ਖੜ੍ਹੀ 'ਆਲੋਕ ਇੰਡਸਟਰੀਜ਼' ਨੂੰ ਮੁਕੇਸ਼ ਅੰਬਾਨੀ ਨੇ ਮੁਨਾਫੇ ਦੀ ਮਸ਼ੀਨ ਬਣਾ ਦਿੱਤਾ? ਅਤੇ ਕਿਵੇਂ ਰਾਮਦੇਵ ਦੀ ਪਤੰਜਲੀ ਨੇ ਡੁੱਬਦੀ 'ਰੁਚੀ ਸੋਇਆ' ਨੂੰ ਸ਼ੇਅਰ ਬਾਜ਼ਾਰ ਦਾ ਬਾਹੁਬਲੀ ਬਣਾ ਦਿੱਤਾ? ਆਓ ਜਾਣਦੇ ਹਾਂ ਦਿਵਾਲੀਆ ਕੰਪਨੀਆਂ ਦੀ ਕਿਸਮਤ ਬਦਲਣ ਵਾਲੀ ਇਸ ਸਭ ਤੋਂ ਵੱਡੀ 'ਟਰਨਅਰਾਊਂਡ (Turnaround) ਸਟੋਰੀ' ਦਾ ਪੂਰਾ ਸੱਚ...
Essar ਸਟੀਲ: ਦਿਵਾਲੀਆ ਹੋਣ ਤੋਂ ਬਾਅਦ ਇਸ ਨੂੰ ਆਰਸੇਲਰਮਿੱਤਲ ਅਤੇ ਨਿੱਪਨ ਸਟੀਲ (AM/NS) ਨੇ ਖਰੀਦਿਆ ਤੇ ਇਹ ਇਕ ਬਹੁਤ ਵੱਡੀ ਸਫਲਤਾ ਦੀ ਕਹਾਣੀ ਬਣੀ।
ਭੂਸ਼ਣ ਸਟੀਲ: ਭਾਰੀ ਕਰਜ਼ੇ 'ਚ ਡੁੱਬਣ ਤੋਂ ਬਾਅਦ ਟਾਟਾ ਸਟੀਲ (Tata Steel BSL) ਨੇ ਇਸ ਨੂੰ ਖਰੀਦਿਆ ਤੇ ਇਸ ਦੇ ਕੰਮਕਾਜ ਨੂੰ ਮੁੜ ਮੁਨਾਫੇ 'ਚ ਲਿਆਂਦਾ।
ਰੁਚੀ ਸੋਇਆ: ਕੰਗਾਲੀ ਦੀ ਕਗਾਰ 'ਤੇ ਪਹੁੰਚ ਚੁੱਕੀ ਇਸ ਕੰਪਨੀ ਨੂੰ ਪਤੰਜਲੀ (Patanjali) ਨੇ ਖਰੀਦਿਆ। ਅੱਜ ਇਹ ਸ਼ੇਅਰ ਬਾਜ਼ਾਰ ਦੀਆਂ ਮਜ਼ਬੂਤ ਕੰਪਨੀਆਂ ਵਿੱਚ ਗਿਣੀ ਜਾਂਦੀ ਹੈ।
DHFL: ਵਿੱਤੀ ਸੰਕਟ 'ਚ ਫਸੀ ਇਸ ਦਿੱਗਜ ਹਾਊਸਿੰਗ ਫਾਇਨਾਂਸ ਕੰਪਨੀ ਨੂੰ ਪੀਰਾਮਲ ਗਰੁੱਪ (Piramal Group) ਨੇ ਖਰੀਦਿਆ ਤੇ ਡੁੱਬਣ ਤੋਂ ਬਚਾਇਆ।
ਆਲੋਕ ਇੰਡਸਟਰੀਜ਼: ਰਿਲਾਇੰਸ ਇੰਡਸਟਰੀਜ਼ (RIL) ਅਤੇ JM ਫਾਇਨਾਂਸ਼ੀਅਲ ਨੇ ਮਿਲ ਕੇ ਇਸ ਟੈਕਸਟਾਈਲ ਕੰਪਨੀ ਦਾ ਸਫਲ ਹੱਲ ਕੱਢਿਆ।
ਜੇਪੀ ਇੰਫਰਾਟੈਕ (Jaypee Infratech): ਰੀਅਲ ਅਸਟੇਟ ਸੈਕਟਰ ਦਾ ਇਹ ਇਕ ਬਹੁਤ ਵੱਡਾ ਮਾਮਲਾ ਸੀ, ਜਿਸ ਵਿਚ ਹਜ਼ਾਰਾਂ ਘਰ ਖਰੀਦਦਾਰਾਂ ਦੇ ਪੈਸੇ ਫਸੇ ਹੋਏ ਸਨ। ਇਸ ਦਾ ਹੱਲ ਸੁਰੱਖਿਆ ਗਰੁੱਪ (Suraksha Group) ਦੇ ਐਕਵਾਇਰ ਨਾਲ ਹੋਇਆ।
ਇਨਸੌਲਵੈਂਸੀ ਐਂਡ ਬੈਂਕਰਪਸੀ ਕੋਡ (IBC) ਤਹਿਤ ਪਟੜੀ 'ਤੇ ਆਈਆਂ ਕੰਪਨੀਆਂ ਦੇ ਵਿੱਤੀ ਤੇ ਸੰਚਾਲਨ ਪ੍ਰਦਰਸ਼ਨ 'ਚ ਸੁਧਾਰ ਦੇਖਿਆ ਗਿਆ ਹੈ। ਇਨ੍ਹਾਂ ਕੰਪਨੀਆਂ ਦੀ ਵਿਕਰੀ ਤੇ ਜਾਇਦਾਦ ਕਾਰੋਬਾਰ 'ਚ ਮਜ਼ਬੂਤ ਵਾਧਾ ਹੋਇਆ ਹੈ। ਆਈਆਈਐਮ ਅਹਿਮਦਾਬਾਦ ਦੇ ਇਕ ਅਧਿਐਨ 'ਚ ਇਹ ਗੱਲ ਸਾਹਮਣੇ ਆਈ ਹੈ। ਸਰਕਾਰੀ ਸੰਸਥਾ IBBI ਨੇ IIM ਅਹਿਮਦਾਬਾਦ ਦੀ ਰਿਸਰਚ ਦੇ ਆਧਾਰ 'ਤੇ ਹਾਲ ਹੀ 'ਚ (ਮਾਰਚ 2026) ਆਪਣੀ ਪ੍ਰੈੱਸ ਰਿਲੀਜ਼ 'ਚ ਇਹ ਜਾਣਕਾਰੀ ਸਾਂਝੀ ਕੀਤੀ ਹੈ। ਇਹ ਅਧਿਐਨ 2023 'ਚ ਕੀਤੇ ਗਏ ਇਕ ਪੁਰਾਣੇ ਅਧਿਐਨ 'ਤੇ ਆਧਾਰਿਤ ਹੈ, ਜਿਸ ਵਿੱਚ 2013-2022 ਦੀ ਮਿਆਦ ਦੌਰਾਨ ਮੁੜ ਗਠਨ ਤੋਂ ਬਾਅਦ ਕੰਪਨੀਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਸੀ।
ਇਕ ਬਿਆਨ 'ਚ ਕਿਹਾ ਗਿਆ ਹੈ ਕਿ ਅਧਿਐਨ ਤਹਿਤ ਨਵੀਆਂ ਘਟਨਾਵਾਂ ਨੂੰ ਸ਼ਾਮਲ ਕਰਨ ਲਈ 2025 ਤਕ ਇਸ ਦਾ ਵਿਸਥਾਰ ਕਰ ਕੇ ਵਿਸ਼ਲੇਸ਼ਣ ਨੂੰ ਅਪਡੇਟ ਅਤੇ ਵਿਆਪਕ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਪੁਨਰਗਠਨ ਪ੍ਰਕਿਰਿਆ (Restructuring Process) 'ਚੋਂ ਲੰਘੀਆਂ ਕੁੱਲ 1,194 ਕੰਪਨੀਆਂ ਇਸ ਅਧਿਐਨ ਦਾ ਹਿੱਸਾ ਸਨ। ਅਧਿਐਨ 'ਚ ਪਾਇਆ ਗਿਆ ਕਿ ਪੁਨਰਗਠਨ ਤੋਂ ਬਾਅਦ ਦੇ ਪੰਜ ਸਾਲਾਂ 'ਚ ਇਨ੍ਹਾਂ ਕੰਪਨੀਆਂ ਦੀ ਔਸਤ ਵਿਕਰੀ 'ਚ 89 ਫੀਸਦੀ ਦਾ ਵਾਧਾ ਹੋਇਆ, ਜੋ ਵਪਾਰਕ ਗਤੀਵਿਧੀਆਂ 'ਚ ਮਹੱਤਵਪੂਰਨ ਸੁਧਾਰ ਦਾ ਸੰਕੇਤ ਹੈ। ਸੰਪਤੀ ਦੀ ਵਰਤੋਂ (Asset Utilization) 'ਚ ਵੀ ਸ਼ਲਾਘਾਯੋਗ ਸੁਧਾਰ ਹੋਇਆ ਹੈ। ਇਸੇ ਮਿਆਦ ਦੌਰਾਨ ਸੰਪਤੀ ਕਾਰੋਬਾਰ ਅਨੁਪਾਤ (Asset Turnover Ratio) 'ਚ ਲਗਪਗ 131 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ।
ਅਧਿਐਨ ਅਨੁਸਾਰ, ਇਨ੍ਹਾਂ ਕੰਪਨੀਆਂ ਦੇ ਪੂੰਜੀਗਤ ਖਰਚੇ (Capital Expenditure) 'ਚ ਪੰਜ ਸਾਲਾਂ 'ਚ ਲਗਪਗ 106 ਫੀਸਦੀ ਦਾ ਮਹੱਤਵਪੂਰਨ ਵਾਧਾ ਹੋਇਆ ਹੈ, ਜੋ ਨਿਵੇਸ਼ ਗਤੀਵਿਧੀਆਂ 'ਚ ਸੁਧਾਰ ਅਤੇ ਆਰਥਿਕ ਸਮਰੱਥਾ 'ਚ ਵਾਧੇ ਨੂੰ ਦਰਸਾਉਂਦਾ ਹੈ। ਭਾਰਤੀ ਇਨਸੌਲਵੈਂਸੀ ਐਂਡ ਬੈਂਕਰਪਸੀ ਬੋਰਡ (IBBI) ਨੇ ਦੱਸਿਆ ਕਿ ਔਸਤ ਸੰਪਤੀ ਅਧਾਰ (Asset Base) 'ਚ ਵੀ ਵਿਸਥਾਰ ਹੋਇਆ ਹੈ। ਇਹ ਹੱਲ ਦੇ ਪਹਿਲੇ ਸਾਲ 'ਚ 228.33 ਕਰੋੜ ਰੁਪਏ ਸੀ, ਜੋ ਪੰਜਵੇਂ ਸਾਲ ਵਿੱਚ ਲਗਪਗ 11.5 ਫੀਸਦੀ ਵਧ ਕੇ 254.60 ਕਰੋੜ ਰੁਪਏ ਹੋ ਗਿਆ। ਹੱਲ ਹੋਣ ਵਾਲੀਆਂ ਕੰਪਨੀਆਂ ਦੇ ਮਾਰਕੀਟ ਕੈਪ (Market Cap) 'ਚ ਵੀ ਤੇਜ਼ੀ ਨਾਲ ਵਾਧਾ ਦਰਜ ਕੀਤਾ ਗਿਆ।
ਅਧਿਐਨ ਅਨੁਸਾਰ, ਕਰਜ਼ਦਾਤਿਆਂ ਦੇ ਨਾਲ ਸਫਲ ਹੱਲ ਤੋਂ ਬਾਅਦ ਕੁੱਲ ਬਾਜ਼ਾਰ ਮੁਲਾਂਕਣ ਪੰਜ ਸਾਲਾਂ ਦੀ ਮਿਆਦ 'ਚ ਲਗਪਗ 2.8 ਲੱਖ ਕਰੋੜ ਰੁਪਏ ਤੋਂ ਵਧ ਕੇ 9 ਲੱਖ ਕਰੋੜ ਰੁਪਏ ਹੋ ਗਿਆ। ਇਹ ਨਿਵੇਸ਼ਕਾਂ ਦੇ ਵਧਦੇ ਭਰੋਸੇ ਅਤੇ ਵਿਕਾਸ ਦੀਆਂ ਸੰਭਾਵਨਾਵਾਂ ਨੂੰ ਦਰਸਾਉਂਦਾ ਹੈ।
ਅਧਿਐਨ 'ਚ ਪਾਇਆ ਗਿਆ ਕਿ IBC ਵਿਵਸਥਾ ਤਹਿਤ ਸੰਕਟਗ੍ਰਸਤ ਕੰਪਨੀਆਂ ਨੂੰ ਮੁੜ ਲੀਹ 'ਤੇ ਲਿਆਉਣ ਨਾਲ ਸਬੰਧਤ ਕੰਪਨੀਆਂ ਦੇ ਪ੍ਰਮੁੱਖ ਵਿੱਤੀ ਅਤੇ ਸੰਚਾਲਨ ਸੂਚਕਾਂ 'ਚ ਸੁਧਾਰ ਹੋਇਆ ਹੈ। ਇਸ ਹੱਲ ਪ੍ਰਕਿਰਿਆ ਨੇ ਕੰਪਨੀਆਂ ਨੂੰ ਲੰਬੇ ਸਮੇਂ ਦੀ ਸਥਿਰਤਾ ਬਹਾਲ ਕਰਨ, ਨਵੇਂ ਨਿਵੇਸ਼ ਆਕਰਸ਼ਿਤ ਕਰਨ ਅਤੇ ਕੁੱਲ ਮਿਲਾ ਕੇ ਉਤਪਾਦਕਤਾ ਵਧਾਉਣ ਦੇ ਯੋਗ ਬਣਾਇਆ ਹੈ।
ਭਾਸ਼ਾ ਇਨਪੁੱਟ ਦੇ ਨਾਲ